ਇਤਿਹਾਸ

ਮਾਲਵੇ ਦਾ ਪੁਰਾਤਨ ਸ਼ਹਿਰ: ਬਠਿੰਡਾ

ਮਾਲਵੇ ਦਾ ਪੁਰਾਤਨ ਸ਼ਹਿਰ: ਬਠਿੰਡਾ

ਬਠਿੰਡੇ ਦਾ ਇਤਿਹਾਸਕ ਕਿਲ੍ਹਾ।

ਸੁਭਾਸ਼ ਪਰਿਹਾਰ

ਸੁਭਾਸ਼ ਪਰਿਹਾਰ

ਠਿੰਡਾ ਪੰਜਾਬ ਦੇ ਮਾਲਵਾ ਖਿੱਤੇ ਦੇ ਪ੍ਰਾਚੀਨਤਮ ਸ਼ਹਿਰਾਂ ਵਿਚੋਂ ਇਕ ਹੈ। ਇਹ ਦਿੱਲੀ ਦੇ ਤਿੰਨ ਸੌ ਕਿਲੋਮੀਟਰ ਉੱਤਰ-ਪੱਛਮ ਵੱਲ ਸਥਿਤ ਹੈ। ਮੁਲਤਾਨ ਇੱਥੋਂ 330 ਕਿਲੋਮੀਟਰ ਪੱਛਮ ਵੱਲ ਹੈ। ਪੁਰਾਣੇ ਸਮਿਆਂ ਵਿਚ ਮੁਲਤਾਨ ਤੋਂ ਦਿੱਲੀ ਜਾਣ ਵਾਲਾ ਇਕ ਰਾਹ ਬਠਿੰਡੇ ਵਿਚਦੀ ਹੋ ਕੇ ਜਾਂਦਾ ਸੀ ਅਤੇ ਮੋਟੇ ਤੌਰ ’ਤੇ ਇਹ ਸਥਾਨ ਇਸ ਰਾਹ ਦੇ ਲਗਭਗ ਵਿਚਾਲੇ ਪੈਂਦਾ ਸੀ। ਸੋ ਇਸ ਦੀ ਭੂਗੋਲਿਕ ਸਤਿਥੀ ਨੇ ਹੀ ਇਸ ਸਥਾਨ ਲਈ ਇਕ ਮਹੱਤਵਪੂਰਣ ਰੋਲ ਨਿਰਧਾਰਿਤ ਕਰ ਦਿੱਤਾ ਸੀ। ਅਸੀਂ ਇਸ ਸ਼ਹਿਰ ਦੇ ਇਤਿਹਾਸ ਵਿਚ ਲਗਭਗ ਸਤਾਰਾਂ ਸੌ ਵਰ੍ਹੇ ਪਹਿਲਾਂ ਤੀਕ ਝਾਤੀ ਮਾਰ ਸਕਦੇ ਹਾਂ। ਨਜ਼ਰੀਂ ਪੈਂਦਾ ਦ੍ਰਿਸ਼ ਹਜ਼ਾਰ ਕੁ ਵਰ੍ਹੇ ਪਹਿਲਾਂ ਤੀਕ ਸਪਸ਼ਟ ਹੈ ਅਤੇ ਉਸ ਤੋਂ ਪਹਿਲਾਂ ਕੁਝ ਧੁੰਦਲਾ ਜਿਹਾ।

ਸਾਰੇ ਹੀ ਇਤਿਹਾਸਕ ਸ਼ਹਿਰਾਂ ਦੇ ਜਨਮ ਬਾਰੇ ਆਮ ਤੌਰ ’ਤੇ ਅਨੇਕਾਂ ਕਹਾਣੀਆਂ ਪ੍ਰਚਲਿਤ ਹੁੰਦੀਆਂ ਹਨ ਜਿਨ੍ਹਾਂ ਵਿਚੋਂ ਕੁਝ ਨਿਰੀਆਂ ਕਲਪਿਤ ਹੁੰਦੀਆਂ ਹਨ, ਪਰ ਕੁਝ ਵਿਚ ਸਚਾਈ ਦਾ ਅੰਸ਼ ਵੀ ਹੁੰਦਾ ਹੈ। ਬਠਿੰਡੇ ਦੇ ਜਨਮ ਬਾਰੇ ਇਨ੍ਹਾਂ ਸਾਰੀਆਂ ਦਾ ਜ਼ਿਕਰ ਇੱਥੇ ਸੰਭਵ ਨਹੀਂ ਹੈ। ਉਂਜ, ਇਸ ਸ਼ਹਿਰ ਦੇ ਪੁਰਾਣੇ ਨਾਂ ‘ਭਟਿੰਡਾ’ ਅਤੇ ਨੇੜਲੀਆਂ ਹੋਰ ਕਈ ਥਾਵਾਂ ਦੇ ਨਾਵਾਂ (ਜਿਵੇਂ ਭਾਟਨੇਰ, ਭੱਟੂ, ਕਾਸਿਮ ਭੱਟੀ, ਭੈਰੋਂ ਭੱਟੀ ਆਦਿ) ਤੋਂ ਇਹ ਲੱਗਦਾ ਜ਼ਰੂਰ ਹੈ ਕਿ ਇਸ ਦੇ ਨਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਰਾਜਪੂਤਾਂ ਦੇ ਗੋਤ ਭੱਟੀ ਨਾਲ ਕੋਈ ਸਬੰਧ ਜ਼ਰੂਰ ਹੈ। ਕਿਹਾ ਜਾਂਦਾ ਹੈ ਕਿ ਇਸ ਥਾਂ ਦਾ ਅਸਲ ਨਾਂ ‘ਭੱਟਰਿੰਦ’ ਸੀ ਜਿਸ ਦਾ ਸ਼ਾਬਦਿਕ ਅਰਥ ਬਣਦਾ ਹੈ- ਭੱਟੀਆਂ ਦਾ ਜੰਗਲ ਜਾਂ ਅਜਿਹਾ ਥਾਂ ਜਿੱਥੇ ਬਹੁਗਿਣਤੀ ਵਿਚ ਭੱਟੀ ਰਹਿੰਦੇ ਹੋਣ। ਇਕ ਹੋਰ ਵਿਸ਼ਵਾਸ ਅਨੁਸਾਰ ਬਠਿੰਡੇ ਦੀ ਨੀਂਹ ਬਾਲਾ ਨੰਦ ਦੇ ਪੁੱਤਰ ਭੱਟੀ ਰਾਓ ਨੇ ਰੱਖੀ ਸੀ ਜੋ ਕਿ 279 ਈਸਵੀ ਵਿਚ ਪੰਜਾਬ ਦਾ ਹਾਕਮ ਬਣਿਆ। ਇਹ ਵਿਸ਼ਵਾਸ ਵੀ ਬਹੁਤਾ ਠੀਕ ਨਹੀਂ ਲੱਗਦਾ ਕਿਉਂਕਿ ਇਸ ਇਲਾਕੇ ਵਿਚ ਰਾਜਪੂਤਾਂ ਦਾ ਉਭਾਰ ਨੌਵੀਂ ਅਤੇ ਦਸਵੀਂ ਸਦੀ ਵਿਚ ਹੁੰਦਾ ਹੈ। ਸੋ ਇਹ ਨਾਂ ਇੰਨਾ ਪੁਰਾਣਾ ਨਹੀਂ ਹੋ ਸਕਦਾ।

ਲਾਹੌਰ ਮਿਊਜ਼ੀਅਮ ਵਿਚ ਹਾਲੇ ਵੀ ਇਕ ਪੱਥਰ ਦਾ ਆਲੇਖ ਮਿਲਦਾ ਹੈ ਜੋ ਕਿ 1880 ਵਿਚ ਪੰਜਾਬ ਦੇ ਤਤਕਾਲੀਨ ਲੈਫਟੀਨੈਂਟ ਗਵਰਨਰ ਰੌਬਰਟ ਇਗਰਟਨ ਨੂੰ ਹਾਜੀ ਰਤਨ ਦੀ ਦਰਗਾਹ ਤੋਂ ਪ੍ਰਾਪਤ ਹੋਇਆ ਸੀ। ਨਾਗਰੀ ਲਿਪੀ ਵਿਚ ਸੰਸਕ੍ਰਿਤ ਭਾਸ਼ਾ ਦੀਆਂ ਉੱਨੀ ਲਾਈਨਾਂ ਵਿਚ ਲਿਖੇ ਇਸ ਆਲੇਖ ਦਾ ਖੱਬੇ ਪਾਸੇ ਦਾ ਲਗਭਗ ਤੀਸਰਾ ਹਿੱਸਾ ਟੁੱਟਿਆ ਹੋਇਆ ਹੈ ਜਿਸ ਕਾਰਨ ਇਹ ਪੂਰੀ ਤਰ੍ਹਾਂ ਪੜ੍ਹਨਾ ਤਾਂ ਮੁਸ਼ਕਿਲ ਹੈ। ਫਿਰ ਵੀ 1931-1932 ਵਿਚ ਭਾਰਤੀ ਪੁਰਾਤੱਤਵ ਵਿਗਿਆਨੀ ਰਾਏ ਬਹਾਦਰ ਦਯਾ ਰਾਮ ਸਾਹਨੀ ਨੇ ਇਹ ਕਾਫ਼ੀ ਹੱਦ ਤੀਕ ਪੜ੍ਹ ਦਿੱਤਾ ਸੀ। ਉਨ੍ਹਾਂ ਅਨੁਸਾਰ ਇਸ ਆਲੇਖ ਵਿਚ ਕਿਸੇ ਅਣਪਛਾਤੇ ਰਾਜੇ ਸ਼ਤਰੂਘਨ ਦੇਵ ਦਾ ਨਾਂ ਆਉਂਦਾ ਹੈ। ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਮਿਲਦੀ ਹੈ ਕਿ ਇਸ ਵਿਚ ਸ਼ਹਿਰ ਦਾ ਨਾਂ ‘ਤ੍ਰਿਭਾਂਡਨਪੁਰ’ ਲਿਖਿਆ ਹੋਇਆ ਹੈ ਜੋ ਕਿ ਨਿਰਸੰਦੇਹ ਬਠਿੰਡੇ ਦਾ ਪੁਰਾਣਾ ਨਾਂ ਸੀ। ਅੱਖਰਾਂ ਦੀ ਬਣਾਵਟ ਤੋਂ ਲੱਗਦਾ ਹੈ ਕਿ ਇਹ ਆਲੇਖ ਦਸਵੀਂ ਸਦੀ ਦਾ ਹੈ। ਸੋ ਇਹੋ ਨਾਂ ਸਮੇਂ ਨਾਲ ਬਦਲਦਾ ਬਦਲਦਾ ਵਰਤਮਾਨ ‘ਬਠਿੰਡਾ’ ਬਣ ਗਿਆ।

ਦਰਗਾਹ ਬਾਬਾ ਹਾਜੀ ਰਤਨ ਦੀ ਅਸਲ ਪੁਰਾਤਨ ਇਮਾਰਤ। ਫ਼ੋਟੋਆਂ: ਸੁਭਾਸ਼ ਪਰਿਹਾਰ

ਅੰਗਰੇਜ਼ਾਂ ਤੋਂ ਪਹਿਲਾਂ ਹਿੰਦੋਸਤਾਨ ਵਿਚ ਪ੍ਰਵੇਸ਼ ਕਰਨ ਵਾਲੇ ਸਾਰੇ ਕਬੀਲੇ ਅਤੇ ਹਮਲਾਵਰ ਇਸ ਦੇ ਉੱਤਰ-ਪੱਛਮ ਵੱਲੋਂ ਹੀ ਆਉਂਦੇ ਰਹੇ ਹਨ। ਇਸ ਲਈ ਦਿੱਲੀ ਦੀ ਗੱਦੀ ’ਤੇ ਬੈਠਣ ਵਾਲੇ ਹਰ ਹਾਕਮ ਲਈ ਇੱਧਰ ਸੁਰੱਖਿਆ ਦਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਸੀ। ਇਸੇ ਕਾਰਨ ਇਤਿਹਾਸ ਵਿਚ ਬਹੁਤ ਪਹਿਲਾਂ ਹੀ ਇੱਥੇ ਕਿਲ੍ਹੇ ਦੀ ਉਸਾਰੀ ਕਰ ਦਿੱਤੀ ਗਈ ਹੋਵੇਗੀ। ਇਸ ਦਾ ਇਕ ਸਬੂਤ ਕਿਲ੍ਹੇ ਦਾ ਉੱਚਾ ਥੇਹ ਵੀ ਹੈ ਜਿਸ ਦੀ ਵਿਧੀਵਤ ਪੁਰਾਤੱਤਵੀ ਖੁਦਾਈ ਇਸ ਦੇ ਇਤਿਹਾਸ ਦੇ ਕਈ ਹੋਰ ਪੰਨੇ ਰੌਸ਼ਨ ਕਰ ਸਕਦੀ ਹੈ। ਬਠਿੰਡੇ ਦੇ ਨਾਲ ਲੱਗਦੇ ਮਾਨਸਾ ਜ਼ਿਲ੍ਹੇ ਵਿਚ ਘੱਟੋ-ਘੱਟ 25 ਪੂਰਵ-ਹੜੱਪਾ ਕਾਲੀਨ, ਹੜੱਪਾ ਕਾਲੀਨ ਅਤੇ ਉੱਤਰ-ਹੜੱਪਾ ਕਾਲੀਨ ਥਾਵਾਂ ਦੀ ਖੁਦਾਈ ਹੋ ਵੀ ਚੁੱਕੀ ਹੈ। ਇਹ ਸਭ ਥਾਵਾਂ ਘੱਗਰ ਦਰਿਆ ਦੀ ਸਹਾਇਕ ਨਦੀ ਦੇ ਕੰਢੇ ’ਤੇ ਵੱਸੀਆਂ ਹੋਈਆਂ ਸਨ। ਇਨ੍ਹਾਂ ਖੁਦਾਈਆਂ ਦੇ ਆਧਾਰ ’ਤੇ ਹੀ ਇਹ ਕਿਹਾ ਜਾ ਸਕਦਾ ਹੈ ਕਿ ਪੂਰਵ-ਹੜੱਪਾ ਅਤੇ ਹੜੱਪਾ ਕਾਲ ਦੌਰਾਨ ਸਿੰਧ ਦੇ ਇਲਾਕੇ ਨੂੰ ਪੂਰਬੀ ਮੈਦਾਨਾਂ ਨਾਲ ਮਿਲਾਉਣ ਵਾਲਾ ਇਕ ਪ੍ਰਮੁੱਖ ਰਾਹ ਹਨੂਮਾਨਗੜ੍ਹ (ਪ੍ਰਾਚੀਨ ਭਾਟਨੇਰ) ਤੋਂ ਸ਼ੁਰੂ ਹੋ ਕੇ ਬਠਿੰਡੇ ਹੁੰਦਾ ਹੋਇਆ ਹਿਸਾਰ ਇਲਾਕੇ ਵਿਚ ਪਹੁੰਚਦਾ ਸੀ। ਹੜੱਪਾ ਕਾਲ ਦੌਰਾਨ ਤਾਂਬਾ, ਚਾਂਦੀ ਅਤੇ ਅਰਧ-ਕੀਮਤੀ ਪੱਥਰਾਂ ਵਰਗੀ ਕੱਚੀ ਸਾਮਗਰੀ ਹਿਸਾਰ, ਬਠਿੰਡਾ, ਸੰਗਰੂਰ ਅਤੇ ਲੁਧਿਆਣੇ ਹੁੰਦੀ ਹੋਈ ਪੂਰਬੀ ਪੰਜਾਬ ਪਹੁੰਚਦੀ ਸੀ।

ਮੱਧਕਾਲੀ ਫ਼ਾਰਸੀ ਇਤਿਹਾਸਕ ਗ੍ਰੰਥਾਂ ਵਿਚ ਵੀ ਬਠਿੰਡੇ ਦੇ ਨਾਂ ਦੇ ਕਈ ਭੁਲੇਖੇ ਪੈਂਦੇ ਹਨ। ਕਾਫ਼ੀ ਅਰਸਾ ਇਤਿਹਾਸਕਾਰ 1004-05 ਵਿਚ ਮਹਿਮੂਦ ਗਜ਼ਨੀ ਦੇ ਜਿੱਤੇ ਸ਼ਹਿਰ ‘ਭਾਟੀਆ’ ਨੂੰ ‘ਬਠਿੰਡਾ’ ਸਮਝਦੇ ਰਹੇ। ਮੱਧਕਾਲੀ ਫ਼ਾਰਸੀ ਗ੍ਰੰਥਾਂ ਵਿਚ ਇਕ ਹੋਰ ਥਾਂ ‘ਤਬਰਹਿੰਦ’ ਦਾ ਆਮ ਜ਼ਿਕਰ ਆਉਂਦਾ ਹੈ। ਇਸ ਨੂੰ ਇਤਿਹਾਸਕਾਰ ਬਹੁਤ ਸਮਾਂ ‘ਸਰਹਿੰਦ’ ਸਮਝਦੇ ਰਹੇ, ਪਰ ਹੁਣ ਇਹ ਸਿੱਧ ਹੋ ਚੁੱਕਿਆ ਹੈ ਕਿ ਅਸਲ ਵਿਚ ਇਹ ਨਾਂ ਬਠਿੰਡੇ ਦਾ ਸੀ। ਇਸ ਨਾਂ ਅਧੀਨ ਬਠਿੰਡੇ ਦਾ ਸਭ ਤੋਂ ਪਹਿਲਾ ਜ਼ਿਕਰ ਤੇਰ੍ਹਵੀਂ ਸਦੀ ਦੇ ਸ਼ੁਰੂ ਵਿਚ ਰਚੀ ਗਈ ਕਿਤਾਬ ‘ਜਾਮੀ-ਉਲ-ਹਿਕਾਇਤ’ ਵਿਚ ਆਉਂਦਾ ਹੈ। ਇਸ ਤੋਂ ਬਾਅਦ ਇਸੇ ਨਾਂ ਨਾਲ ਇਸ ਦਾ ਜ਼ਿਕਰ ਇਤਿਹਾਸਕਾਰ ਮਿਨਹਾਜ਼-ਉਲ-ਸਿਰਾਜ਼ ਦੀ ਰਚਨਾ ‘ਤਬਕਾਤ-ਉਲ-ਨਾਸਿਰੀ’, ਯਾਹਯਾ ਸਰਹੰਦੀ ਦੀ ਕਿਤਾਬ ‘ਤਾਰੀਖ-ਏ-ਮੁਬਾਰਕਸ਼ਾਹੀ’, ਅਬੁਲ ਫਜ਼ਲ ਦੀ ‘ਅਕਬਰਨਾਮਾ’ ਅਤੇ ਨਿਜ਼ਾਮੂਦੀਨ ਅਹਿਮਦ ਦੀ ਰਚਨਾ ‘ਤਬਕਾਤ-ਏ ਅਕਬਰੀ’ ਵਿਚ ਆਉਂਦਾ ਹੈ। ਨਾਂ ‘ਤਬਰਹਿੰਦ’ ਲਿਖਿਆ ਜਾਣ ਦਾ ਕਾਰਨ ਸ਼ਾਇਦ ਇਹ ਹੋਇਆ ਕਿ ਫ਼ਾਰਸੀ ਵਿਚ ਲਿਖਣ ਦੌਰਾਨ ਕਿਸੇ ਅਰੰਭਿਕ ਲੇਖਕ ਜਾਂ ਕਲਮਨਵੀਸ ਤੋਂ ‘ਬੇ’ ਅਤੇ ‘ਤੇ’ ਅੱਖਰਾਂ ਦੇ ਨੁਕਤੇ ਬਦਲ ਗਏ ਹੋਣੇ।

ਸੁਲਤਾਨ ਮੁਈਜ਼ੁਦੀਨ ਮੁਹੰਮਦ ਬਿਨ ਸੈਮ (ਮੁਹੰਮਦ ਗੌਰੀ) ਨੇ 1191 ਵਿਚ ਇਸ ’ਤੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਨੂੰ ਮਲਿਕ ਜ਼ਿਆਉੱਦੀਨ ਨਿਸਾਵੀ ਤੁਲਾਕੀ ਦੇ ਅਧੀਨ ਕਰ ਕੇ ਆਪ ਅਫ਼ਗਾਨਿਸਤਾਨ ਮੁੜ ਗਿਆ। ਪਿੱਛੋਂ ਰਾਏ ਪਿਥੌਰਾ (ਪ੍ਰਿਥਵੀ ਰਾਜ ਚੌਹਾਨ) ਨੇ ਇਸ ਨੂੰ ਫੇਰ ਜਿੱਤ ਲਿਆ। ਇਸ ਸਮੇਂ ਤੋਂ ਢਾਈ ਸੌ ਸਾਲ ਬਾਅਦ ਤੀਕ ਬਠਿੰਡਾ ਇਤਿਹਾਸ ਦੀ ਤੇਜ਼ ਰੌਸ਼ਨੀ ਵਿਚ ਰਿਹਾ। ਇਸ ਸਮੇਂ ਦੌਰਾਨ ਇਸ ਨਾਲ ਸਬੰਧਿਤ ਨਿਮਨ ਦੋ ਘਟਨਾਵਾਂ ਪ੍ਰਮੁੱਖ ਹਨ:

ਦਿੱਲੀ ਦੀ ਹੁਕਮਰਾਨ ਰਜ਼ੀਆ ਸੁਲਤਾਨਾ ਦੇ ਰਾਜ ਦੌਰਾਨ 1239 ਵਿਚ ਬਠਿੰਡੇ ਦੇ ਗਵਰਨਰ ਮਲਿਕ ਇਖਤਿਆਰੁੱਦੀਨ ਅਲਤੂਨੀਆ ਨੇ ਵਿਦਰੋਹ ਦਾ ਝੰਡਾ ਚੁੱਕ ਲਿਆ। ਰਜ਼ੀਆ ਨੇ ਇਹ ਵਿਦਰੋਹ ਦਬਾਉਣ ਲਈ ਆਪਣੇ ਤੁਰਕ ਸਰਦਾਰਾਂ ਨੂੰ ਨਾਲ ਲੈ ਕੇ ਇੱਧਰ ਨੂੰ ਕੂਚ ਕਰ ਦਿੱਤਾ। ਰਸਤੇ ਵਿਚ ਹੀ ਤੁਰਕ ਸਰਦਾਰਾਂ ਨੇ ਵੀ ਵਿਦਰੋਹ ਦਾ ਐਲਾਨ ਕਰ ਦਿੱਤਾ ਅਤੇ ਰਜ਼ੀਆ ਦੇ ਹਬਸ਼ੀ ਪ੍ਰੇਮੀ ਯਾਕੂਤ ਨੂੰ ਕਤਲ ਕਰ ਦਿੱਤਾ। ਰਜ਼ੀਆ ਨੂੰ ਕੈਦ ਕਰ ਕੇ ਅਲਤੂਨੀਆ ਦੇ ਹਵਾਲੇ ਕਰ ਦਿੱਤਾ ਜਿਸ ਨੇ ਉਸ ਨੂੰ ਬਠਿੰਡੇ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਲਿਆ। ਖ਼ੈਰ! ਅਲਤੂਨੀਆ ਦੇ ਕਹਿਣ ’ਤੇ ਉਸ ਨੇ ਉਸ ਨਾਲ ਨਿਕਾਹ ਕਰ ਲਿਆ। ਦੋਵਾਂ ਨੇ ਮਿਲ ਕੇ ਦਿੱਲੀ ਦੀ ਗੱਦੀ ਦੁਬਾਰਾ ਹਾਸਿਲ ਕਰਨ ਲਈ ਦਿੱਲੀ ’ਤੇ ਚੜ੍ਹਾਈ ਕੀਤੀ, ਪਰ ਹਾਰ ਗਏ। ਜਦ ਉਹ ਹਾਰ ਕੇ ਕੈਥਲ ਕੋਲ ਪਹੁੰਚੇ ਤਾਂ ਇੱਥੋਂ ਦੇ ਜਾਟਾਂ ਨੇ ਦੋਵਾਂ ਨੂੰ ਕਤਲ ਕਰ ਦਿੱਤਾ। ਕਈ ਬਠਿੰਡੇ ਵਾਲਿਆਂ ਦਾ ਇਹ ਕਥਨ ਠੀਕ ਨਹੀਂ ਹੈ ਕਿ ਰਜ਼ੀਆ ਨੇ ਬਠਿੰਡੇ ਦੇ ਕਿਲ੍ਹੇ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ।

ਦੂਸਰੀ ਘਟਨਾ ਸੀ ਜੂਨ 1430 ਵਿਚ ਸੁਲਤਾਨ ਖਿਜ਼ਰ ਖਾਨ ਦੇ ਇਕ ਪੁਰਾਣੇ ਸਰਦਾਰ ਸੱਯਦ ਸਲੀਮ ਦੇ ਗ਼ੁਲਾਮ ਫੌਲਾਦ ਤੁਰਕਬਚਾ ਦਾ ਵਿਦਰੋਹ। ਹੋਇਆ ਇੰਜ ਕਿ ਸੱਯਦ ਸਲੀਮ ਨੇ ਆਪਣੇ ਜੀਵਨ ਕਾਲ ਦੌਰਾਨ ਬਠਿੰਡੇ ਦੇ ਕਿਲੇ ਵਿਚ ਅਥਾਹ ਦੌਲਤ, ਅਨਾਜ ਅਤੇ ਹੋਰ ਚੀਜ਼ਾਂ ਜਮ੍ਹਾਂ ਕਰ ਲਈਆਂ ਸਨ। 1430 ਵਿਚ ਉਸ ਦੀ ਮੌਤ ਤੋਂ ਬਾਅਦ ਸੁਲਤਾਨ ਮੁਬਾਰਕ ਸ਼ਾਹ ਸੱਯਦ ਨੇ ਉਸ ਦੀ ਜਾਗੀਰ ਉਸ ਦੇ ਮੁੰਡਿਆਂ ਵਿਚ ਵੰਡ ਦਿੱਤੀ, ਪਰ ਮੁੰਡਿਆਂ ਦੀ ਤਸੱਲੀ ਨਾ ਹੋਈ। ਉਨ੍ਹਾਂ ਦੇ ਉਕਸਾਉਣ ’ਤੇ ਫੌਲਾਦ ਨੇ ਬਠਿੰਡੇ ਵਿਖੇ ਵਿਦਰੋਹ ਕਰ ਦਿੱਤਾ ਅਤੇ ਚਲਾਕੀ ਨਾਲ ਇਸ ਨੂੰ ਸਾਢੇ ਤਿੰਨ ਸਾਲ ਜਾਰੀ ਰੱਖਿਆ, ਪਰ ਅੰਤ ਨਵੰਬਰ 1433 ਵਿਚ ਮਾਰਿਆ ਗਿਆ।

ਇਸ ਘਟਨਾ ਤੋਂ ਬਾਅਦ ਬਠਿੰਡੇ ਦਾ ਜ਼ਿਕਰ ਬਹੁਤ ਘੱਟ ਆਉਂਦਾ ਹੈ ਜਿਸ ਦੇ ਕਾਰਨ ਭੂਗੋਲਿਕ ਅਤੇ ਰਾਜਨੀਤਿਕ ਦੋਹੇਂ ਸਨ। ਪੰਦਰ੍ਹਵੀਂ ਸਦੀ ਦੇ ਸ਼ੁਰੂ ਵਿਚ ਤੈਮੂਰ ਨੇ ਮੁਲਤਾਨ ਤੋਂ ਦਿੱਲੀ ਤੀਕ ਦਾ ਸਾਰਾ ਇਲਾਕਾ ਉਜਾੜ ਦਿੱਤਾ। ਮੁਲਤਾਨ ਦਿੱਲੀ ਦੇ ਸੁਲਤਾਨਾਂ ਦੀ ਹਕੂਮਤ ਤੋਂ ਆਜ਼ਾਦ ਹੋ ਗਿਆ। ਭਾਟਨੇਰ (ਹੁਣ ਹਨੂੰਮਾਨਗੜ੍ਹ) ਤੋਂ ਟੋਹਾਣੇ ਤੀਕ ਦੇ ਇਲਾਕੇ ਵਿਚ ਭੱਟੀਆਂ ਦਾ ਜ਼ੋਰ ਹੋ ਗਿਆ। ਲਗਾਤਾਰ ਫੈਲ ਰਹੇ ਰਾਜਸਥਾਨ ਦੇ ਰੇਗਿਸਤਾਨ ਨੇ ਵੀ ਦਿੱਲੀ-ਮੁਲਤਾਨ ਦਾ ਇਹ ਰਸਤਾ ਔਖਾ ਕਰ ਦਿੱਤਾ। ਨਵਾਂ ਰਾਹ ਉੱਤਰ ਵੱਲ ਨੂੰ, ਸਰਹਿੰਦ ਵਿਚਦੀ ਸ਼ਿਫਟ ਹੋ ਗਿਆ ਅਤੇ ਬਠਿੰਡਾ ਪਾਸੇ ਰਹਿ ਗਿਆ।

ਸ਼ਾਇਦ ਇਸੇ ਕਾਰਨ ਹੀ ਜਦ ਅਕਬਰ ਦੇ ਰਾਜ ਦੌਰਾਨ ਬੈਰਮ ਖਾਨ ਨੇ ਵਿਦਰੋਹ ਕੀਤਾ ਤਾਂ ਉਹ ਆਪਣਾ ਪਰਿਵਾਰ ਅਤੇ ਧਨ-ਦੌਲਤ ਬਠਿੰਡੇ ਦੇ ਜਾਗੀਰਦਾਰ ਸ਼ੇਰ ਮੁਹੰਮਦ ਦੀਵਾਨੇ ਦੇ ਹਵਾਲੇ ਕਰ ਕੇ ਆਪ ਅੱਗੇ ਵਧਿਆ। ਸ਼ੇਰ ਮੁਹੰਮਦ ਨੇ ਬੈਰਮ ਖਾਨ ਦਾ ਪਰਿਵਾਰ ਅਤੇ ਸਾਰਾ ਸਾਮਾਨ ਅਕਬਰ ਦੇ ਹਵਾਲੇ ਕਰ ਦਿੱਤਾ। ਕੁਝ ਹੀ ਦੇਰ ਬਾਅਦ ਬੈਰਮ ਖਾਂ ਆਪ ਵੀ ਹਾਰ ਗਿਆ।

ਇਸ ਤੋਂ ਬਾਅਦ ਲਗਭਗ ਦੋ ਸਦੀਆਂ ਤੀਕ ਬਠਿੰਡਾ ਇਤਿਹਾਸਕਾਰਾਂ ਦੀ ਨਜ਼ਰ ਤੋਂ ਓਝਲ ਰਿਹਾ। ਫਿਰ ਇਸ ਦਾ ਜ਼ਿਕਰ 1754 ਵਿਚ ਆਉਂਦਾ ਹੈ ਜਦ ਆਲਾ ਸਿੰਘ ਨੇ ਇਹ ਇਲਾਕਾ ਜਿੱਤ ਲਿਆ। ਦਸਮ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖ ਦਿੱਤਾ। ਆਲਾ ਸਿੰਘ ਦੇ ਵਾਰਸਾਂ ਕੋਲ ਇਸ ਦਾ ਕਬਜ਼ਾ 1948 ਤੀਕ ਰਿਹਾ ਜਦ ਪੰਜਾਬ ਦੀਆਂ ਸਿੱਖ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਬਣਾ ਦਿੱਤਾ ਗਿਆ।

ਸੰਖੇਪ ਵਿਚ ਬਠਿੰਡੇ ਦੇ ਦੋ ਸਭ ਤੋਂ ਮਹੱਤਵਪੂਰਨ ਇਤਿਹਾਸਕ ਸਮਾਰਕਾਂ ਦਾ ਜ਼ਿਕਰ ਕਰਨਾ ਬਣਦਾ ਹੈ। ਇਹ ਸਮਾਰਕ ਹਨ: ਦਰਗਾਹ ਬਾਬਾ ਹਾਜੀ ਰਤਨ ਅਤੇ ਬਠਿੰਡੇ ਦਾ ਕਿਲ੍ਹਾ।

ਸ਼ਾਇਦ ਬਠਿੰਡੇ ਦੇ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਬਾਬਾ ਹਾਜੀ ਰਤਨ ਦਾ ਜ਼ਿਕਰ ਸਾਰੇ ਮੁਸਲਿਮ ਜਗਤ ਵਿਚ ਹੁੰਦਾ ਹੈ। ਉਨ੍ਹਾਂ ਨੂੰ ਸਹਾਬੀ ਸਮਝਿਆ ਜਾਂਦਾ ਹੈ ਜਿਸ ਦਾ ਅਰਥ ਹੈ ਉਹ ਵਿਅਕਤੀ ਜਿਸ ਨੇ ਆਪਣੇ ਅੱਖੀਂ ਹਜ਼ਰਤ ਮੁਹੰਮਦ ਸਾਹਿਬ ਦਾ ਦੀਦਾਰ ਕੀਤਾ ਹੋਵੇ। ਹਾਲਾਂਕਿ ਇਹ ਠੀਕ ਨਹੀਂ ਹੋ ਸਕਦਾ ਕਿਉਂਕਿ ਬਾਬਾ ਹਾਜੀ ਰਤਨ ਬਾਰ੍ਹਵੀਂ ਸਦੀ ਦੇ ਅਖੀਰ ਜਾਂ ਤੇਰ੍ਹਵੀਂ ਸਦੀ ਦੇ ਸ਼ੁਰੂ ਜਿਹੇ ਵਿਚ ਹੋਏ ਸਨ ਅਤੇ ਹਜ਼ਰਤ ਮੁਹਮੰਦ ਦਾ ਦੇਹਾਂਤ 8 ਜੂਨ 632 ਨੂੰ ਹੋ ਗਿਆ ਸੀ। ਇਸ ਹਿਸਾਬ ਨਾਲ ਬਾਬਾ ਦੀ ਉਮਰ ਤਕਰੀਬਨ ਛੇ ਸੌ ਸਾਲ ਹੋਣੀ ਚਾਹੀਦੀ ਸੀ ਜੋ ਕਿ ਅਸੰਭਵ ਹੈ, ਪਰ ਧਰਮ ਅਤੇ ਵਿਸ਼ਵਾਸ ਦੇ ਖੇਤਰ ਵਿਚ ਕੁਝ ਵੀ ਅਸੰਭਵ ਨਹੀਂ ਮੰਨਿਆ ਜਾਂਦਾ। ਸਿੱਖ ਧਰਮ ਸਬੰਧੀ ਰਚਨਾਵਾਂ ਵਿਚ ਵੀ ਬਾਬਾ ਹਾਜੀ ਰਤਨ ਦੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਦਾ ਜ਼ਿਕਰ ਆਉਂਦਾ ਹੈ।

ਬਾਬਾ ਹਾਜੀ ਰਤਨ ਦੀ ਦਰਗਾਹ ਪੰਜਾਬ ਦੀਆਂ ਸਭ ਤੋਂ ਪ੍ਰਾਚੀਨ ਦਰਗਾਹਾਂ ਵਿਚੋਂ ਹੈ। ਇਸ ਦੀ ਇਮਾਰਤ ਮੂਲ ਰੂਪ ਵਿਚ ਤਾਂ ਪੁਰਾਣੀ ਹੀ ਹੈ, ਪਰ ਹੁਣ ਸੰਗਮਰਮਰ ਚੜ੍ਹਾ ਦਿੱਤਾ ਗਿਆ ਹੈ। ਇਸ ਦਰਗਾਹ ਦਾ ਸਭ ਤੋਂ ਮਹੱਤਵਪੂਰਨ ਪੱਖ ਹੈ ਇਸ ਦੀ ਪੂਰਬੀ ਕੰਧ ਉੱਪਰ ਚੂਨੇ ਨਾਲ ਉੱਕਰੇ ਮਕਬਰੇ ’ਤੇ ਸਫ਼ੈਦੀ ਕਰਵਾਉਣ ਦੇ ਕੁਝ ਇਤਿਹਾਸਕ ਆਲੇਖ। ਸਭ ਤੋਂ ਪੁਰਾਣਾ ਆਲੇਖ ਹੈ 25 ਰਮਜ਼ਾਨ 1011/26 ਫਰਵਰੀ 1603 ਦਾ ਜਦ ਨਵਾਬ ਜ਼ੱਬਾਰੀ ਖਾਨ ਦੀ ਗਵਰਨਰਸ਼ਿਪ ਦੌਰਾਨ ਸ਼ੇਖ ਦਾਊਦ ਦੇ ਹੱਥੀਂ ਇਸ ’ਤੇ ਕਲੀ ਕਰਵਾਈ ਗਈ। ਦੂਸਰਾ ਆਲੇਖ 1 ਮੁਹੱਰਮ 1023/1 ਫਰਵਰੀ 1614 ਦਾ ਹੈ ਜਦ ਗਿਰਧਰ ਲਾਲ ਉੱਪਲ ਦੇ ਪੁੱਤਰ ਬਿਧ ਚੰਦ ਨੇ ਕਲੀ ਕਰਵਾਈ। ਇਕ ਹੋਰ ਆਲੇਖ ਜੋ ਸ਼ਾਇਦ 1 ਜ਼ਿਲਹਿਜ਼ਾ 1052/10 ਫਰਵਰੀ 1643 ਦਾ ਹੈ, ਅਨੁਸਾਰ ਰਾਏ ਟੋਡਰ ਮੱਲ ਦੀ ਵਜ਼ਾਰਤ ਵਿਚ ਜੋਗੀ ਦਾਸ ਸ਼ਿਕਦਾਰ ਦੀ ਨਿਗਰਾਨੀ ਵਿਚ ਇਸ ’ਤੇ ਕਲੀ ਕਰਵਾਈ ਗਈ। ਆਖ਼ਰੀ ਆਲੇਖ ਮੁਤਾਬਿਕ ਜੋ ਕਿ ਜ਼ਿਲਹਿਜ਼ਾ 1131 ਹਿਜ਼ਰੀ/ਅਕਤੂਬਰ-ਨਵੰਬਰ 1719 ਦਾ ਹੈ, ਨਵਾਬ ਸ਼ਾਹਦਾਦ ਖਾਨ ਦੇ ਹੁਕਮ ਨਾਲ ਮੁਹੰਮਦ ਅਫ਼ਜ਼ਲ ਨੇ ਇਸ ’ਤੇ ਕਲੀ ਕਰਵਾਈ।

1883-84 ਵਿਚ ਬਠਿੰਡੇ ਆਇਆ ਭਾਰਤੀ ਪੁਰਾਤਤਵ ਸਰਵੇਖਣ ਦਾ ਅਸਿਸਟੈਂਟ ਸਰਵੇਅਰ ਐਚ.ਬੀ. ਡਬਲਯੂ ਗੈਰਿਕ ਇਨ੍ਹਾਂ ਆਲੇਖਾਂ ਨੂੰ ਇਸ ਲਈ ਵਿਸ਼ੇਸ਼ ਤੌਰ ’ਤੇ ਰੋਚਕ ਗਿਣਦਾ ਹੈ ਕਿ ਮੁਸਲਿਮ ਮਕਬਰਾ ਹੋਣ ਦੇ ਬਾਵਜੂਦ ਕਲੀ ਕਰਵਾਉਣ ਵਾਲਿਆਂ ਵਿਚ ਹਿੰਦੂਆਂ ਦੇ ਨਾਂ ਵੀ ਹਨ। ਇਹ ਕੋਈ ਵਿਸ਼ੇਸ਼ ਅਚੰਭੇ ਵਾਲੀ ਗੱਲ ਨਹੀਂ ਹੈ। ਇਸ ਤਰ੍ਹਾਂ ਅੱਜ ਵੀ ਆਮ ਹੁੰਦਾ ਹੈ। ਗ਼ੈਰ-ਮੁਸਲਿਮ ਮਲਵਈ ਧਰਮ ਦੇ ਮਾਮਲੇ ਵਿਚ ਕੱਟੜ ਨਹੀਂ ਹਨ। ਬਾਕੀ ਮੁਲਕ ਵਿਚ ਵੀ ਸ਼ਾਇਦ ਹੀ ਕੋਈ ਅਜਿਹਾ ਪਿੰਡ, ਕਸਬਾ ਜਾਂ ਸ਼ਹਿਰ ਹੋਵੇ ਜਿੱਥੇ ਕਿਸੇ ਮੁਸਲਿਮ ਪੀਰ ਦੀ ਮਾਨਤਾ ਨਾ ਹੁੰਦੀ ਹੋਵੇ। ਉੱਥੇ ਭਾਵੇਂ ਕੋਈ ਮੁਸਲਮਾਨ ਰਹਿੰਦਾ ਹੋਵੇ ਭਾਵੇਂ ਨਾ, ਪਰ ਹਿੰਦੂ-ਸਿੱਖ ਇਨ੍ਹਾਂ ਨੂੰ ਪੂਰਾ ਸਤਿਕਾਰ ਦਿੰਦੇ ਹਨ। ਇਸ ਸਬੰਧ ਵਿਚ ਇਕ ਉਦਾਹਰਣ ਦਿੱਤੀ ਜਾ ਸਕਦੀ ਹੈ: ਫ਼ਰੀਦਕੋਟ ਦੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਸ਼ਹਿਰ ਬਾਬਾ ਫ਼ਰੀਦ (1175-1265) ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ। ਭਾਵੇਂ ਫ਼ਰੀਦਕੋਟ ਵਿਚ ਮੁਸਲਿਮ ਵਸੋਂ ਨਾਂ-ਬਰਾਬਰ ਹੈ, ਪਰ ਦਰਗਾਹ ’ਤੇ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਵਿਸ਼ੇਸ਼ ਤੌਰ ’ਤੇ ਵੀਰਵਾਰ ਦੇ ਦਿਨ, ਇਲਾਕੇ ਦੇ ਕਿਸੇ ਵੀ ਮੰਦਰ ਜਾਂ ਗੁਰਦੁਆਰੇ ਵਿਚ ਮੱਥਾ ਟੇਕਣ ਵਾਲਿਆਂ ਨਾਲੋਂ ਵੱਧ ਹੁੰਦੀ ਹੈ। ਇਹ ਸਾਂਝ ਲੋਕ-ਧਰਮ ਦੀ ਵਿਸ਼ੇਸ਼ਤਾ ਹੈ। ਪੀਰ-ਫ਼ਕੀਰ ਕਿਸੇ ਇਕ ਧਰਮ ਜਾਂ ਫ਼ਿਰਕੇ ਦੇ ਨਹੀਂ ਹੁੰਦੇ, ਸਭਨਾਂ ਦੇ ਸਾਂਝੇ ਹੁੰਦੇ ਹਨ।

ਵਰਤਮਾਨ ਕਿਲ੍ਹੇ ਬਾਰੇ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਭਾਵੇਂ ਇਸ ਥਾਂ ’ਤੇ ਬਹੁਤ ਲੰਮੇ ਸਮੇਂ ਤੋਂ ਕੋਈ ਕਿਲ੍ਹਾ ਰਿਹਾ ਹੈ, ਪਰ ਵਰਤਮਾਨ ਕਿਲ੍ਹੇ ਦਾ ਬਹੁਤਾ ਹਿੱਸਾ ਇਸ ਦੇ ਪਟਿਆਲਾ ਰਾਜ ਦੇ ਅਧੀਨ ਆਉਣ ਸਮੇਂ ਦਾ ਹੀ ਹੈ ਵਿਸ਼ੇਸ਼ ਤੌਰ ’ਤੇ ਇਸ ਦਾ ਮੁੱਖ ਦਰਵਾਜ਼ਾ ਜੋ ਕਿ ਇਨ੍ਹਾਂ ਦੀ ਨਿਰਮਾਣ ਸ਼ੈਲੀ ਤੋਂ ਸਪਸ਼ਟ ਹੈ। ਕਿਸੇ ਸਮੇਂ ਕਿਲ੍ਹੇ ਵਿਚ ਇਕ ਮੁਗ਼ਲ ਤੋਪ ਹੁੰਦੀ ਸੀ ਜਿਸ ਉੱਪਰ ਫ਼ਾਰਸੀ ਦੀਆਂ ਦੋ ਲਿਖਤਾਂ ਸਨ। ਇਨ੍ਹਾਂ ਲਿਖਤਾਂ ਤੋਂ ਇਹ ਪਤਾ ਲੱਗਦਾ ਸੀ ਕਿ ਇਹ ਤੋਪ ਪਹਿਲਾਂ ਗਵਾਲੀਅਰ ਦੇ ਕਿਲ੍ਹੇ ਵਿਚ ਸੀ ਜਿੱਥੋਂ ਦਾ ਕਮਾਂਡਰ ਮੁਤਮਿਦ ਖਾਨ ਸੀ। ਬਾਅਦ ਵਿਚ ਇਹ ਬਠਿੰਡੇ ਲਿਆਂਦੀ ਗਈ। ਕਿਲ੍ਹੇ ਵਿਚ ਹੁਣ ਰੱਖੀਆਂ ਹੋਈਆਂ ਤੋਪਾਂ ਵਿਚੋਂ ਕਿਸੇ ’ਤੇ ਇਹ ਲਿਖਤਾਂ ਨਹੀਂ ਹਨ।

ਹਾਲ ਦੀ ਘੜੀ ਬਠਿੰਡੇ ਬਾਰੇ ਠੋਸ ਇਤਿਹਾਸਕ ਜਾਣਕਾਰੀ ਇੰਨੀ ਹੀ ਹੈ। ਸ਼ਾਇਦ ਆਉਣ ਵਾਲਾ ਸਮਾਂ ਇਸ ਦੇ ਹੋਰ ਪਹਿਲੂ ਉਜਾਗਰ ਕਰ ਦੇਵੇ। ਆਸਵੰਦ ਹਾਂ।

ਸੰਪਰਕ: 98728-22417

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All