ਅਨੰਤ ਦਾ ਜਾਣਕਾਰ ਸ੍ਰੀਨਿਵਾਸ ਰਾਮਾਨੁਜਨ : The Tribune India

ਅਨੰਤ ਦਾ ਜਾਣਕਾਰ ਸ੍ਰੀਨਿਵਾਸ ਰਾਮਾਨੁਜਨ

ਅਨੰਤ ਦਾ ਜਾਣਕਾਰ ਸ੍ਰੀਨਿਵਾਸ ਰਾਮਾਨੁਜਨ

ਹਿਮਾਂਸ਼ੂ ਗਰਗ

ਸੰਨ 1962 ਵਿੱਚ ਪੋਸਟ-ਗ੍ਰੈਜੂਏਟ ਡਿਗਰੀ ਦੇ ਵਿਦਿਆਰਥੀਆਂ ਨੂੰ ‘ਗਿਆਨ ਦਾ ਬ੍ਰਹਿਮੰਡ: ਇਸ ਦਾ ਵਿਕਾਸ ਅਤੇ ਢਾਂਚਾ’ ਵਿਸ਼ੇ ’ਤੇ ਲੈਕਚਰ ਦਿੰਦਿਆਂ ਐੱਸ.ਆਰ. ਰੰਗਨਾਥਨ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਅੱਧੇ ਵਿਦਿਆਰਥੀ ਰਾਮਾਨੁਜਨ ਬਾਰੇ ਨਹੀਂ ਜਾਣਦੇ ਸਨ। ਇਹ ਲੈਕਚਰ ਸ੍ਰੀਨਿਵਾਸ ਰਾਮਾਨੁਜਨ ਦੇ 75ਵੇਂ ਜਨਮਦਿਨ ਮੌਕੇ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਦੀ ਸਰਪ੍ਰਸਤੀ ਹੇਠ ਡਾਕੂਮੈਂਟੇਸ਼ਨ ਰਿਸਰਚ ਐਂਡ ਟ੍ਰੇਨਿੰਗ ਸੈਂਟਰ, ਬੰਗਲੌਰ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹੀਵੀਂ ਸਦੀ ਦੇ ਸਾਡੇ ਉੱਘੇ ਵਿਗਿਆਨੀਆਂ ਬਾਰੇ ਵੀ ਅਜਿਹੀ ਹੀ ਅਗਿਆਨਤਾ ਸਾਡੇ ਬਹੁਤੇ ਨੌਜਵਾਨ ਯੂਨੀਵਰਸਿਟੀ ਗ੍ਰੈਜੂਏਟਾਂ ਵਿੱਚ ਅੱਜ ਤੱਕ ਵੀ ਪਾਈ ਜਾ ਸਕਦੀ ਹੈ ਪਰ ਨਿਸ਼ਚਿਤ ਤੌਰ ’ਤੇ ਪ੍ਰਾਇਮਰੀ ਸਕੂਲਾਂ ਦੇ ਜ਼ਿਆਦਾਤਰ ਬੱਚਿਆਂ ਨੂੰ ਵੀ ਕਿਸੇ ਰਾਜਨੇਤਾ ਜਾਂ ਕਿਸੇ ਬੌਲੀਵੁੱਡ ਸਿਤਾਰੇ ਦਾ ਨਾਂ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ। ਸਦੀਆਂ ਤੋਂ ਵਿਗਿਆਨ ਦੀਆਂ ਕਹਾਣੀਆਂ ਨੂੰ ਪੜ੍ਹਨਾ ਵਿਦਿਆਰਥੀਆਂ ਨੂੰ ਇਹ ਸਮਝਣ ਦੇ ਯੋਗ ਬਣਾਉਂਦਾ ਹੈ ਕਿ ਖੋਜ ਨਿਰੰਤਰ ਪ੍ਰਕਿਰਿਆ ਹੈ। ਉਹ ਸਿੱਖ ਸਕਦੇ ਹਨ ਕਿ ਉਹ ਜਿਹੜੇ ਸਿਧਾਂਤ ਅਤੇ ਸਮੀਕਰਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਤਦੇ ਹਨ, ਉਹ ਲੰਬੇ ਅਤੇ ਕਈ ਵਾਰ ਦਰਦਨਾਕ ਪ੍ਰਕਿਰਿਆਵਾਂ ਦੁਆਰਾ ਖੋਜੇ ਗਏ ਸਨ।

ਭਾਰਤ ਦੇ ਮਹਾਨ ਗਣਿਤ ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੀ ਜੀਵਨ ਕਹਾਣੀ ਕਈ ਤਰੀਕਿਆਂ ਨਾਲ ਹੈਰਾਨ ਕਰਨ ਵਾਲੀ ਹੈ। ਬਿਨਾਂ ਕਿਸੇ ਰਸਮੀ ਯੂਨੀਵਰਸਿਟੀ ਦੀ ਸਿਖਲਾਈ ਦੇ ਉਸ ਨੇ ਸ਼ਾਨਦਾਰ ਡੂੰਘਾਈ ਵਾਲੇ ਬਿਹਤਰੀਨ ਨਤੀਜੇ ਪੇਸ਼ ਕੀਤੇ ਜਿਨ੍ਹਾਂ ਨੇ ਪਿਛਲੀ ਸਦੀ ਦੇ ਸ਼ੁਰੂ ਵਿੱਚ ਦੁਨੀਆ ਭਰ ਦੇ ਕੁਝ ਉੱਤਮ ਦਿਮਾਗ਼ਾਂ ਨੂੰ ਚੁਣੌਤੀ ਦਿੱਤੀ ਸੀ। ਆਪਣੇ ਜੀਵਨ ਦੌਰਾਨ ਉਸ ਨੇ ਆਪਣੇ ਹਜ਼ਾਰਾਂ ਫਾਰਮੂਲੇ ਵਿਕਸਿਤ ਕੀਤੇ; ਇਨ੍ਹਾਂ ਵਿੱਚੋਂ ਕਈ ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾ ਰਹੇ ਹਨ। ਅਸਲ ਵਿੱਚ ਉਸ ਦੇ ਫਾਰਮੂਲੇ ਸਟ੍ਰਿੰਗ ਥਿਊਰੀ ਵਿੱਚ ਅਤੇ ਬਲੈਕ ਹੋਲਜ਼ ਦੇ ਕੰਮਕਾਜ ਨੂੰ ਸਮਝਣ ਲਈ ਵੀ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਦੁਨੀਆ ਭਰ ਦੇ ਗਣਿਤ ਮਾਹਿਰ ਉਸ ਦੇ ਸ਼ਾਨਦਾਰ ਕੰਮ ਨੂੰ ਯੋਗ ਮੰਨਦੇ ਹਨ। ਸਭ ਤੋਂ ਪ੍ਰਭਾਵਸ਼ਾਲੀ ਗੱਲ ਇਹ ਹੈ ਕਿ ਰਾਮਾਨੁਜਨ ਨੇ ਉਸ ਸਮੇਂ ਆਪਣੇ ਦੇਸ਼ ਦਾ ਮਾਣ ਵਧਾਇਆ ਜਦੋਂ ਭਾਰਤ ਅਜੇ ਵੀ ਬ੍ਰਿਟਿਸ਼ ਕਬਜ਼ੇ ਹੇਠ ਸੀ।

ਰਾਮਾਨੁਜਨ ਦਾ ਜਨਮ 22 ਦਸੰਬਰ 1887 ਨੂੰ ਇੱਕ ਰੂੜ੍ਹੀਵਾਦੀ ਗ਼ਰੀਬ ਦੱਖਣੀ ਭਾਰਤੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਕਸਬੇ ਕੁੰਬਕੋਨਮ ਵਿੱਚ ਰਹਿੰਦੇ ਸਨ ਜੋ ਕਈ ਸਾਲਾਂ ਤੋਂ ਬੇਔਲਾਦ ਸਨ। ਉਨ੍ਹਾਂ ਨੇ ਗੁਆਂਢੀ ਸ਼ਹਿਰ ਨਮਕਕਲ, ਦੇਵੀ ਨਾਮਗਿਰੀ ਦੀ ਪ੍ਰਾਰਥਨਾ ਕੀਤੀ ਅਤੇ ਇੱਕ ਪੁੱਤਰ ਰਾਮਾਨੁਜਨ ਨਾਲ ਬਖਸ਼ਿਸ਼ ਹੋਈ। ਆਪਣੇ ਬਚਪਨ ਤੋਂ ਹੀ ਰਾਮਾਨੁਜਨ ਇੱਕ ਹੁਸ਼ਿਆਰ ਵਿਦਿਆਰਥੀ ਸੀ। ਜ਼ਿਆਦਾਤਰ ਸਮਾਂ ਉਹ ਆਪਣੀ ਸਲੇਟ ’ਤੇ ਸੰਖਿਆਵਾਂ ਅਤੇ ਸਮੀਕਰਨਾਂ ਨੂੰ ਲਿਖਣ ਵਿੱਚ ਰੁੱਝਿਆ ਰਹਿੰਦਾ ਸੀ, ਜੇਕਰ ਕੋਈ ਉਸ ਦੁਆਰਾ ਵਰਤੇ ਗਏ ਸੰਕਲਪਾਂ ਬਾਰੇ ਜਾਂ ਉਸ ਦੁਆਰਾ ਪ੍ਰਾਪਤ ਕੀਤੀ ਪ੍ਰਤਿਭਾ ਬਾਰੇ ਪੁੱਛਦਾ ਦਾ ਇੱਕੋ ਜਵਾਬ ਮਿਲਦਾ ਸੀ ਕਿ ਉਸ ਦੀ ਘਸਮੈਲੀ ਕੂਹਣੀ ਨੇ ਉਸ ਵਿੱਚੋਂ ਪ੍ਰਤਿਭਾ ਪੈਦਾ ਕੀਤੀ ਸੀ ਜਿਸ ਨੂੰ ਉਹ ਅਕਸਰ ਸਲੇਟ ਨੂੰ ਪੂੰਝਣ ਲਈ ਵਰਤਦਾ ਸੀ। ‘‘ਜਦੋਂ ਭੋਜਨ ਹੀ ਇੱਕ ਸਮੱਸਿਆ ਹੈ, ਮੈਂ ਕਾਪੀ ਲਈ ਪੈਸੇ ਦਾ ਕਿਵੇਂ ਇੰਤਜ਼ਾਮ ਕਰ ਸਕਦਾ ਹਾਂ?’’ ਉਹ ਅਕਸਰ ਕਹਿੰਦਾ ਸੀ। ਰਾਮਾਨੁਜਨ ਨੇ ਛੋਟੀ ਉਮਰ ਵਿੱਚ ਹੀ ਆਪਣੀ ਵਿਸ਼ੇਸ਼ ਗਣਿਤਕ ਪ੍ਰਤਿਭਾ ਦੇ ਲੱਛਣ ਦਿਖਾਏ। ਉਸ ਨੂੰ ਗਣਿਤ ਲਈ ਕੇ. ਰੰਗਨਾਥ ਰਾਓ ਇਨਾਮ ਅਤੇ ਸਰਕਾਰੀ ਆਰਟਸ ਕਾਲਜ, ਕੁੰਬਕੋਨਮ ਵਿੱਚ ਪੜ੍ਹਨ ਲਈ ਇੱਕ ਵਜ਼ੀਫ਼ਾ ਵੀ ਦਿੱਤਾ ਗਿਆ ਸੀ। ਉਸ ਨੇ 13 ਸਾਲ ਦੀ ਉਮਰ ਵਿੱਚ ਐੱਸ.ਐਲ. ਲੋਨੀ ਦੀ ਪਲੇਨ ਤਿਕੋਣਮਿਤੀ ਨੂੰ ਹੱਲ ਕੀਤਾ ਅਤੇ ਜੀ.ਐੱਸ. ਕਾਰ ਦੁਆਰਾ ਲਿਖੀ ‘ਏ ਸਿਨੋਪਸਿਸ ਆਫ ਐਲੀਮੈਂਟਰੀ ਰਿਜ਼ਲਟਸ ਇਨ ਪਿਓਰ ਐਂਡ ਅਪਲਾਇਡ ਮੈਥੇਮੈਟਿਕਸ ਦਾ ਸਵੈ-ਅਧਿਐਨ ਕੀਤਾ। ਕਾਰ ਦੀ ਕਿਤਾਬ, 5000 ਪ੍ਰਮੇਯਾਂ (ਥਿਊਰਮਸ) ਦਾ ਇੱਕ ਵਿਸ਼ਾਲ ਸੰਗ੍ਰਹਿ (ਬਿਨਾਂ ਸਬੂਤ, ਆਮ ਤੌਰ ’ਤੇ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਵਰਤਿਆ ਜਾਂਦਾ ਹੈ), ਨੇ ਉਸ ਦੀ ਗਣਿਤ ਦੀ ਉਤਸੁਕਤਾ ਨੂੰ ਹੁਲਾਰਾ ਦਿੱਤਾ। ਉਸ ਨੇ ਇਸ ਕਿਤਾਬ ਦਾ ਡੂੰਘਾਈ ਨਾਲ ਅਧਿਐਨ ਕੀਤਾ, ਆਪਣੇ ਆਪ ਕੁਝ ਨਤੀਜੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਆਪਣੀਆਂ ਨੋਟਬੁੱਕਾਂ ਵਿੱਚ ਲਿਖ ਦਿੱਤਾ। ਅਜੇ ਵੀ ਇੱਕ ਰਹੱਸ ਬਣਿਆ ਹੋਇਆ ਹੈ ਕਿ ਉਹ ਨਤੀਜੇ ਕਿਵੇਂ ਲੈ ਕੇ ਆਉਂਦਾ। ਉਹ ਅਕਸਰ ਅੱਧੀ ਰਾਤ ਨੂੰ ਅਚਾਨਕ ਉੱਠ ਜਾਂਦਾ ਅਤੇ ਸਮੀਕਰਨਾਂ ਨੂੰ ਤੁਰੰਤ ਲਿਖ ਲੈਂਦਾ ਸੀ। ਰਾਮਾਨੁਜਨ ਆਪਣੇ ਸੁਪਨਿਆਂ ਵਿੱਚ ਪ੍ਰਗਟ ਹੋਣ ਵਾਲੀ ਨਮਕਕਲ ਦੀ ਦੇਵੀ ਦਾ ਜ਼ਿਕਰ ਕਰਦੇ ਸਨ ਕਿ ਇਹ ਸਭ ਦੇਵੀ ਨੇ ਉਸ ਦੀ ਜ਼ੁਬਾਨ ’ਤੇ ਲਿਖ ਦਿੱਤੇ ਸਨ।

‘ਦਿ ਮੈਨ ਹੂ ਨਿਊ ਇਨਫਿਨਟੀ’ ਨਾਮਕ ਕਿਤਾਬ ਦੇ ਲੇਖਕ ਰੌਬਰਟ ਕੈਨਿਗੇਲ ਨੇ ਰਾਮਾਨੁਜਨ ਵੱਲੋਂ ਵਿੱਤੀ ਸਹਾਇਤਾ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਮਹੱਤਵਪੂਰਨ ਲੋਕਾਂ ਤੱਕ ਪਹੁੰਚ ਕਰਨ ਵਿੱਚ ਕੀਤੇ ਗਏ ਯਤਨਾਂ ਦਾ ਵਰਣਨ ਕੀਤਾ ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਖੋਜ ਨੂੰ ਅੱਗੇ ਵਧਾ ਸਕੇ। ਉਹ ਅਸਲ ਵਿੱਚ ਇੱਕ ਪ੍ਰਮੁੱਖ ਗਣਿਤ ਸ਼ਾਸਤਰੀ ਦਾ ਧਿਆਨ ਚਾਹੁੰਦਾ ਸੀ। ਉਸ ਨੇ ਉਸ ਸਮੇਂ ਦੇ ਕੁਝ ਪ੍ਰਸਿੱਧ ਗਣਿਤ ਸ਼ਾਸਤਰੀਆਂ ਨੂੰ ਕੁਝ ਪੱਤਰ ਲਿਖੇ ਪਰ ਸ਼ੁਰੂ ਵਿੱਚ ਕਿਸੇ ਨੇ ਜਵਾਬ ਨਹੀਂ ਦਿੱਤਾ ਅਤੇ ਇੱਥੋਂ ਤੱਕ ਕਿ ਉਸ ਦੀ ਵਿਆਕਰਣ ਨੂੰ ਵੀ ਠੀਕ ਕੀਤਾ। ਇਹ ਹਾਰਡੀ ਸੀ ਜਿਸ ਨੇ ਅਨੁਕੂਲ ਜਵਾਬ ਦਿੱਤਾ ਸੀ।

“...ਗ਼ਰੀਬ ਹੋਣ ਦੇ ਨਾਤੇ, ਜੇਕਰ ਤੁਹਾਨੂੰ ਯਕੀਨ ਹੈ ਕਿ ਕੋਈ ਵੀ ਸਿਧਾਂਤ ਵੱਡਮੁੱਲਾ ਹੈ ਤਾਂ ਮੈਂ ਆਪਣੇ ਸਿਧਾਂਤ ਪ੍ਰਕਾਸ਼ਿਤ ਕਰਵਾਉਣਾ ਚਾਹਾਂਗਾ... ਤੁਹਾਡੇ ਤਜਰਬੇਕਾਰ ਹੋਣ ਦੇ ਨਾਤੇ, ਮੈਂ ਤੁਹਾਡੇ ਦੁਆਰਾ ਦਿੱਤੀ ਗਈ ਕਿਸੇ ਵੀ ਸਲਾਹ ਦੀ ਬਹੁਤ ਜ਼ਿਆਦਾ ਕਦਰ ਕਰਾਂਗਾ। ਮੈਂ ਤੁਹਾਨੂੰ ਦਿੱਤੀ ਗਈ ਤਕਲੀਫ਼ ਲਈ ਮੁਆਫ਼ੀ ਚਾਹੁੰਦਾ ਹਾਂ।’’

ਰਾਮਾਨੁਜਨ ਨੇ 1913 ਵਿੱਚ ਹਾਰਡੀ ਨੂੰ ਆਪਣਾ ਪਹਿਲਾ ਪੱਤਰ ਲਿਖਿਆ ਜਿਸ ਵਿੱਚ ਗਣਿਤ ਦੇ ਵੱਖ-ਵੱਖ ਖੇਤਰਾਂ ਦੇ ਲਗਭਗ 120 ਪ੍ਰਮੇਅ (ਥਿਊਰਮਸ) ਸ਼ਾਮਲ ਸਨ। ਪੱਤਰ ਨੂੰ ਦੇਖ ਕੇ ਹਾਰਡੀ ਦੀ ਸ਼ੁਰੂਆਤੀ ਪ੍ਰਤੀਕਿਰਿਆ ਇਹ ਸੀ ਕਿ ਰਾਮਾਨੁਜਨ ਇੱਕ ਧੋਖੇਬਾਜ਼ ਸੀ ਕਿਉਂਕਿ ਬਹੁਤ ਸਾਰੇ ਫਾਰਮੂਲੇ ਜਾਣੇ ਜਾਂਦੇ ਸਨ, ਕੁਝ ਗ਼ਲਤ ਸਨ ਅਤੇ ਸਬੂਤ ਦੇ ਕੋਈ ਸੰਕੇਤ ਨਹੀਂ ਸਨ। ਕੋਈ ਨਤੀਜਾ ਇੱਕ ਗਣਿਤ ਸ਼ਾਸਤਰੀ ਲਈ ਰਹੱਸਮਈ ਹੁੰਦਾ ਹੈ ਜੇਕਰ ਉਹ ਇਸ ਨੂੰ ਜਾਣੇ ਜਾਂਦੇ ਪ੍ਰਮੇਯਾਂ ਅਤੇ ਫਾਰਮੂਲਿਆਂ ਦੇ ਰੂਪ ਵਿੱਚ ਸਮਝਣ ਦੇ ਯੋਗ ਨਹੀਂ ਹੁੰਦਾ ਜਾਂ ਇਸ ਨੂੰ ਇੱਕ ਆਮ ਥਿਊਰੀ ਦੇ ਹਿੱਸੇ ਵਜੋਂ ਨਹੀਂ ਦੇਖ ਪਾਉਂਦਾ, ਅਤੇ ਇਹੋ ਜਿਹੀ ਸਥਿਤੀ ਹਾਰਡੀ ਦੀ ਸੀ। ਪਰ ਫਿਰ ਕਈ ਸੁੰਦਰ ਫਾਰਮੂਲੇ ਸਨ ਜੋ ਹਾਰਡੀ ਲਈ ਸਹੀ ਅਤੇ ਬਹੁਤ ਡੂੰਘੇ ਸਨ। ਦੂਜੇ ਵਿਚਾਰ ’ਤੇ ਹਾਰਡੀ ਨੇ ਸਿੱਟਾ ਕੱਢਿਆ ਕਿ ਉਹ ਇੱਕ ਪ੍ਰਤਿਭਾਸ਼ਾਲੀ ਸੀ, ਨਹੀਂ ਤਾਂ ਕੋਈ ਵੀ ਅਜਿਹੇ ਅਸਾਧਾਰਨ ਨਤੀਜਿਆਂ ਦੀ ਕਲਪਨਾ ਨਹੀਂ ਕਰ ਸਕਦਾ ਸੀ, ਪਰ ਸਿਰਫ਼ ਉੱਚ ਸ਼੍ਰੇਣੀ ਦਾ ਇੱਕ ਗਣਿਤ ਵਿਗਿਆਨੀ ਹੀ ਉਨ੍ਹਾਂ ਨੂੰ ਲਿਖ ਸਕਦਾ ਹੈ। ਮਹਾਨ ਦਾਰਸ਼ਨਿਕ ਬਰਟਰੰਡ ਰਸਲ ਦੱਸਦਾ ਹੈ ਕਿ ਇਕ ਸ਼ਾਮ ਟ੍ਰਿਨਿਟੀ ਕਾਲਜ ਵਿਚ ਉਸ ਨੇ ਸ਼ਾਂਤ ਹਾਰਡੀ ਨੂੰ ਭਾਰਤ ਤੋਂ ਆਏ ਇਕ ਯੂਲਰ ਜਾਂ ਜੈਕੋਬੀ ਦੇ ਦਰਜੇ ਦੇ ਗਣਿਤ ਵਿਗਿਆਨੀ ਬਾਰੇ ਗੱਲ ਕਰਦੇ ਹੋਏ ਉਤਸ਼ਾਹ ਭਰੀ ਸਥਿਤੀ ਵਿਚ ਪਾਇਆ!

ਹਾਲਾਂਕਿ ਉਸ ਦੀ ਗਣਿਤਿਕ ਬੁੱਧੀ ਬਹੁਤ ਵਧੀਆ ਸੀ, ਰਾਮਾਨੁਜਨ ਕਦੇ ਵੀ ਬ੍ਰਿਟਿਸ਼ ਜੀਵਨ ਢੰਗ ਨਾਲ ਸਮਤੋਲ ਨਹੀਂ ਬਣਾ ਸਕਿਆ। ਇਹ 1917 ਦੀ ਸਿਆਲ ਦੀ ਰੁੱਤ ਸੀ ਜਦੋਂ ਰਾਮਾਨੁਜਨ ਪਹਿਲੀ ਵਾਰ ਬਿਮਾਰ ਦਿਖਾਈ ਦਿੱਤਾ; ਫਿਰ ਉਸ ਨੂੰ ਡੇਢ ਸਾਲ ਲਈ ਹਸਪਤਾਲ ਵਿਚ ਭਰਤੀ ਕੀਤਾ ਗਿਆ, ਤਪਦਿਕ (ਟਿਊਬਰਕਲੋਸਿਸ) ਦਾ ਪਤਾ ਲੱਗਾ। ਇਹ ਉਹ ਸਮਾਂ ਸੀ ਜਦੋਂ ਹਾਰਡੀ 1729 ਨੰਬਰ ਵਾਲੀ ਕੈਬ ਵਿੱਚ ਰਾਮਾਨੁਜਨ ਨੂੰ ਹਸਪਤਾਲ ਵਿੱਚ ਦੇਖਣ ਗਿਆ, ਹਾਰਡੀ ਲਈ ਇਹ ਨੰਬਰ ਸੁਸਤ ਪਰ ਰਾਮਾਨੁਜਨ ਨੂੰ ਹੈਰਾਨੀਜਨਕ ਤੌਰ ’ਤੇ ਕਲਿੱਕ ਕੀਤਾ ਜੋ ਦੋ ਵੱਖ-ਵੱਖ ਤਰੀਕਿਆਂ ਨਾਲ ਦੋ ਕਿਊਬ ਦੇ ਜੋੜ ਵਜੋਂ ਸਭ ਤੋਂ ਛੋਟੀ ਸੰਖਿਆ ਸੀ। ਇਸ ਨੰਬਰ ਨੂੰ ‘ਹਾਰਡੀ-ਰਾਮਾਨੁਜਨ ਨੰਬਰ’ ਜਾਂ ‘ਟੈਕਸੀ-ਕੈਬ ਨੰਬਰ’ ਵਜੋਂ ਵੀ ਜਾਣਿਆ ਜਾਂਦਾ ਹੈ। ਨੰਬਰਾਂ ਨਾਲ ਖੇਡਣ ਦੀ ਇਸ ਅਸਾਧਾਰਨ ਘਟਨਾ ਤੋਂ ਲਿਟਲਵੁੱਡ ਨੇ ਅੰਦਾਜ਼ਾ ਲਗਾਇਆ ਕਿ ‘‘ਹਰ ਨੰਬਰ ਰਾਮਾਨੁਜਨ ਦਾ ਨਿੱਜੀ ਦੋਸਤ ਹੈ।’’ ਰਾਮਾਨੁਜਨ ਨੂੰ ਰਾਇਲ ਸੁਸਾਇਟੀ ਦਾ ਫੈਲੋ, ਟ੍ਰਿਨਿਟੀ ਕਾਲਜ ਦਾ ਫੈਲੋ ਚੁਣਿਆ ਗਿਆ ਅਤੇ ਬੀ.ਏ. ਖੋਜ ਦੇ ਨਾਲ ਡਿਗਰੀ ਵਜੋਂ ਨਿਵਾਜਿਆ ਗਿਆ।

ਯਕੀਨਨ ਰਾਮਾਨੁਜਨ ਨੇ ਆਪਣੇ ਸਿਧਾਂਤਾਂ ਦੀ ਕਲਪਨਾ ਆਪਣੇ ਵਿਲੱਖਣ ਤਰੀਕੇ ਨਾਲ ਕੀਤੀ ਹੋਵੇਗੀ। ਗਣਿਤਕ ਭਾਈਚਾਰਾ ‘ਲੌਸਟ ਨੋਟਬੁੱਕ ਆਫ ਵਿੱਚ ਰਾਮਾਨੁਜਨ’ ਦੇ ਯੋਗਦਾਨ ਅਤੇ ਨਤੀਜਿਆਂ ਨੂੰ ਸਮਝਣ ਵਿੱਚ ਘੱਟੋ-ਘੱਟ ਕਈ ਦਹਾਕੇ ਬਿਤਾਏਗਾ। ਇੱਕ ਸੂਝਵਾਨ ਗਣਿਤ-ਵਿਗਿਆਨੀ ਲਈ ਕੋਈ ਸਵਾਲ ਅਲੱਗ-ਥਲੱਗ ਰੂਪ ਵਿੱਚ ਨਹੀਂ ਹੁੰਦਾ ਸਗੋਂ ਦੂਜੇ ਸਵਾਲਾਂ ਨਾਲ ਇਸ ਦੇ ਸਬੰਧ ਦੇ ਰੂਪ ਵਿੱਚ ਕਿਸੇ ਵਿਸ਼ੇਸ ਰਣਨੀਤੀ ਦੀ ਪਹੁੰਚ ਹੁੰਦੀ ਹੈ। ਕਈ ਵਾਰ ਜਦੋਂ ਅਜਿਹੀਆਂ ਪਹੁੰਚਾਂ ਨੇ ਆਧਾਰ ਪ੍ਰਾਪਤ ਨਹੀਂ ਕੀਤਾ ਹੁੰਦਾ, ਅਚਾਨਕ ਕਿਸੇ ਮੁਕਾਬਲਤਨ ਭੋਲੇ ਖੋਜਕਰਤਾ ਦਾ ਇੱਕ ਮੂਲ ਰੂਪ ਵਿੱਚ ਨਵਾਂ ਵਿਚਾਰ ਇੱਕ ਸਫ਼ਲਤਾ ਪੈਦਾ ਕਰਦਾ ਹੈ। ਇੱਕ ਰੂਸੀ ਗਣਿਤ ਸ਼ਾਸਤਰੀ ਗ੍ਰਿਗੋਰੀ ਪੇਰੇਲਮੈਨ ਦੁਆਰਾ 2002 ਅਤੇ 2003 ਵਿੱਚ ਆਰਕਾਈਵ ਵੈੱਬਸਾਈਟ ਉੱਤੇ ਪੋਸਟ ਕੀਤੇ ਗਏ ਪੇਪਰਾਂ ਨੇ ‘ਪੌਇਨਕੇਰੇ ਅਨੁਮਾਨ’ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਆਪਣਾ ਕੰਮ ਪੇਸ਼ ਕੀਤਾ ਜੋ ਲਗਭਗ ਇੱਕ ਸਦੀ ਪੁਰਾਣੀ ਸਮੱਸਿਆ ਸੀ। ਅਗਲੇ ਕਈ ਸਾਲਾਂ ਵਿੱਚ ਕਈ ਗਣਿਤ ਵਿਗਿਆਨੀਆਂ ਨੇ ਉਸ ਦੇ ਪੇਪਰਾਂ ਦਾ ਅਧਿਐਨ ਕੀਤਾ ਅਤੇ ਉਸ ਦੇ ਕੰਮ ਦੇ ਵਿਸਤ੍ਰਿਤ ਫਾਰਮੂਲੇ ਤਿਆਰ ਕੀਤੇ; ਜਿਓਮੈਟ੍ਰਿਕ ਟੋਪੋਲੋਜੀ ਦੇ ਅਧਿਐਨ ਵਿੱਚ ਇੱਕ ਨਵੀਂ ਸਫ਼ਲਤਾ ਪੈਦਾ ਕੀਤੀ ਗਈ ਸੀ ਜਿਸ ਵਿੱਚ ਇਹ ਅਨੁਮਾਨ ਸਿਰਫ਼ ਇੱਕ ਵਿਸ਼ੇਸ਼ ਕੇਸ ਸੀ। ਲਿਓਨਾਰਡ ਜੇਮਜ਼ ਰੋਜਰਜ਼ ਨੇ 1894 ਤਕ ਕਿਊ-ਸੀਰੀਜ਼, ਇਨਵੇਰੀਐਂਟ ਥਿਊਰੀ ਅਤੇ ਐਲਿਪਟਿਕ ਫੰਕਸ਼ਨ ਥਿਊਰੀ ਆਦਿ ’ਤੇ 35 ਖੋਜ ਪੱਤਰ ਪ੍ਰਕਾਸ਼ਿਤ ਕੀਤੇ। ਇਹ ਖੋਜ ਪੱਤਰ ਅਗਲੇ ਦਹਾਕਿਆਂ ਵਿੱਚ ਬਹੁਤ ਸਾਰੇ ਵਿਕਾਸ ਦੇ ਬੀਜ ਵਜੋਂ ਕੰਮ ਕਰਦੇ ਰਹੇ। 1919 ਵਿੱਚ ਉਸ ਨੇ ਰਾਮਾਨੁਜਨ ਦੇ ਨਾਲ ਮਸ਼ਹੂਰ ਰੋਜਰ-ਰਾਮਾਨੁਜਨ ਆਈਡੈਂਟਿਟੀਜ਼ ਉੱਤੇ ਇੱਕ ਖੋਜ ਪੱਤਰ ਲਿਖਿਆ। ਇਹ ਕਹਿਣਾ ਉਚਿਤ ਹੋਵੇਗਾ ਕਿ ਜੇਕਰ ਰਾਮਾਨੁਜਨ ਨੇ 1893-1895 ਦੇ ਰੋਜਰਜ ਦੇ ਪੇਪਰਾਂ ਦਾ ਪਤਾ ਨਾ ਲਗਾਇਆ ਹੁੰਦਾ ਤਾਂ ਰੋਜਰਸ ਨੂੰ 1924 ਵਿੱਚ ਦਿ ਰਾਇਲ ਸੋਸਾਇਟੀ ਦਾ ਫੈਲੋ ਨਾ ਚੁਣਿਆ ਗਿਆ ਹੁੰਦਾ। ਭਾਰਤ ਕੈਂਬਰਿਜ ਯੂਨੀਵਰਸਿਟੀ ਅਤੇ ਵਿਸ਼ੇਸ਼ ਤੌਰ ’ਤੇ ਰਾਮਾਨੁਜਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਫ਼ੈਸਰ ਹਾਰਡੀ ਦਾ ਬਹੁਤ ਵੱਡਾ ਕਰਜ਼ਦਾਰ ਸੀ। ਰਾਮਾਨੁਜਨ ਵੱਲੋਂ ਰੋਜਰਜ਼ ਦੇ ਕੰਮ ਦੀ ਮੁੜ ਖੋਜ ਦੇ ਨਾਲ ਇਹ ਕਰਜ਼ਾ ਚੁਕਾਇਆ ਗਿਆ ਸੀ ਜਿਸ ਨਾਲ ਬ੍ਰਿਟਿਸ਼ ਗਣਿਤਕ ਭਾਈਚਾਰੇ ਨੂੰ ਦਿਖਾਇਆ ਗਿਆ ਕਿ ਉਨ੍ਹਾਂ ਵਿੱਚ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸੀ ਜਿਸ ਨੂੰ ਉਨ੍ਹਾਂ ਨੂੰ ਪਛਾਣਨ ਦੀ ਲੋੜ ਸੀ।

ਰਾਮਾਨੁਜਨ ਸਕੂਲ ਦੀ ਪੜ੍ਹਾਈ ਛੱਡ ਚੁੱਕਿਆ ਸੀ ਅਤੇ ਮਦਰਾਸ ਪੋਰਟ ਟਰੱਸਟ ਵਿੱਚ ਕੰਮ ਕਰਦਾ ਸੀ। ਆਪਣੇ ਹਾਲਾਤ ਦੇ ਬਾਵਜੂਦ ਉਸ ਨੇ ਆਪਣਾ ਗਣਿਤ ਜਾਰੀ ਰੱਖਿਆ। ਕੀ ਹੁੰਦਾ ਜੇ ਉਹ ਗਣਿਤ ਨੂੰ ਛੱਡ ਦਿੰਦਾ? ਬਹੁਤ ਸਾਰੇ ਔਖੇ ਹਾਲਾਤ ਵਿੱਚੋਂ ਇੱਕ ਨੌਜਵਾਨ ਉਭਰਿਆ ਜਿਸ ਦੇ ਵਿਚਾਰ, ਪ੍ਰਗਟਾਵੇ ਅਤੇ ਫਾਰਮੂਲੇ ਇੰਨੇ ਸਿਰਜਣਾਤਮਕ ਸਨ ਕਿ ਉਸ ਸਮੇਂ ਦੇ ਸੰਸਾਰ ਦੇ ਗਣਿਤ ਵਿਗਿਆਨੀਆਂ ਨੂੰ ਉਨ੍ਹਾਂ ਦਾ ਅਰਥ ਕੱਢਣ ਲਈ ਵੀ ਸੰਘਰਸ਼ ਕਰਨਾ ਪਿਆ। ਇਤਿਹਾਸ ਦੱਸਦਾ ਹੈ ਕਿ ਇਹ ਔਖਾ ਸਮਾਂ ਸੀ ਜਿਸ ਨੇ ਖ਼ੁਸ਼ੀਆਂ ਨਾਲੋਂ ਵੱਧ ਸਿਖਾਇਆ, ਇਹ ਗ਼ਰੀਬੀ ਸੀ ਜਿਸ ਨੇ ਐਸ਼ੋ-ਆਰਾਮ ਤੋਂ ਵੱਧ ਸਿਖਾਇਆ, ਪ੍ਰਸ਼ੰਸਾ ਨਾਲੋਂ ਇਹ ਉਹ ਨਮੋਸ਼ੀ ਦੇ ਹਾਲਾਤ ਸਨ ਜਿਨ੍ਹਾਂ ਨੇ ਉਸ ਦੇ ਅੰਦਰ ਦੀ ਅੱਗ ਨੂੰ ਬਾਹਰ ਕੱਢਿਆ ਸੀ। ਸਾਡੇ ਕੋਲ ਵਿਭਿੰਨ ਖੇਤਰਾਂ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਹੋ ਸਕਦੀਆਂ ਹਨ। ਇੱਕ ਔਸਤ ਮੱਧ ਵਰਗ ਉੱਤਰੀ ਭਾਰਤੀ ਪਰਿਵਾਰ ਨਾਲ ਸਬੰਧਿਤ ਤਿੰਨ ਛੋਟੇ ਭੈਣਾਂ-ਭਰਾਵਾਂ ਦੀ ਸਭ ਤੋਂ ਵੱਡੀ ਭੈਣ ਦੀਪਿਕਾ ਨੇ ਗਣਿਤ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਵਿੱਚ ਯੂਨੀਵਰਸਿਟੀ ਵਿੱਚ ਟਾਪ ਕੀਤਾ। ਹੋ ਸਕਦਾ ਹੈ ਕਿ ਉਸ ਨੇ ਹਰ ਰੋਜ਼ 6 ਰੁਪਏ ਬਚਾਉਣ ਲਈ ਹੋਸਟਲ ਦਾ ਖਾਣਾ ਜਾਂ ਸ਼ਾਮ ਦੀ ਚਾਹ ਛੱਡ ਦਿੱਤੀ ਹੋਵੇ ਪਰ ਔਖੀਆਂ ਘੜੀਆਂ ਉਸ ਨੂੰ ਇੱਕ ਪੇਸ਼ੇਵਰ ਖੋਜਕਰਤਾ ਵਜੋਂ ਵਿਕਸਤ ਹੋਣ ਤੋਂ ਨਹੀਂ ਰੋਕ ਸਕਦੀਆਂ ਸਨ। ਇੱਕ ਧੀ ਦੀ ਬਹਾਦਰ ਮਾਂ, ਜਿਸ ਨੇ ਪੀ.ਐੱਚਡੀ. ਦੇ ਵਿਭਿੰਨ ਮੌਕਿਆਂ ਅਤੇ ਚੁਣੌਤੀਪੂਰਨ ਜੀਵਨ ਵਿੱਚ ਵਧ ਰਹੀ ਨਿਰਾਸ਼ਾ ਨੂੰ ਪਾਰ ਕੀਤਾ ਅਤੇ ਯੂਸੀਐੱਲ, ਇੰਗਲੈਂਡ ਵਿੱਚ ਫੈਲੋਸ਼ਿਪ ਹਾਸਲ ਕਰ ਵਿਖਾਈ। ਉਹ ਦਾਅਵਾ ਕਰਦੀ ਹੈ ਕਿ ਉਹ ਆਪਣੇ ਪਤੀ, ਇੱਕ ਅਦੁੱਤੀ ਸਲਾਹਕਾਰ, ਨੂੰ ਆਪਣੇ ਕੰਮਕਾਜੀ ਜੀਵਨ ਵਿੱਚ ਆਪਣਾ ਰੋਲ ਮਾਡਲ ਮੰਨਦੀ ਹੈ। ਵਿਦਿਆਰਥੀਆਂ ਨੂੰ ਕੁਝ ਖ਼ਾਸ ਪੱਧਰਾਂ ’ਤੇ ਰੋਲ ਮਾਡਲਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਬਾਰੇ ਉਹ ਸੋਚ ਸਕਣ। ਇਸ ਲਈ ਇੱਕ ਨੌਜਵਾਨ ਵਿਦਿਆਰਥੀ ਲਈ ਰਾਮਾਨੁਜਨ ਰੋਲ ਮਾਡਲ ਹੈ। ਰਾਮਾਨੁਜਨ ਦੀ ਸੱਚੀ ਕਹਾਣੀ ਵਿਦਿਆਰਥੀਆਂ ਨੂੰ ਜੀਵਨ ਦੀਆਂ ਰੁਕਾਵਟਾਂ ਵਿੱਚੋਂ ਲੰਘਣ ਦੀ ਉਮੀਦ ਦਿੰਦੀ ਹੈ ਅਤੇ ਇਹ ਸਲਾਹਕਾਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦੀ ਹੈ।

ਪ੍ਰਸਿੱਧ ਨੰਬਰ ਸਿਧਾਂਤਕਾਰ ਕੇਨ ਓਨੋ ਰਾਮਾਨੁਜਨ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ; ਉਹ ਸੋਲਾਂ ਸਾਲਾਂ ਦਾ ਸੀ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਰਾਮਾਨੁਜਨ ਦੀ ਕਹਾਣੀ ਸੁਣਾਈ। ਐਟਲੇ ਸੇਲਬਰਗ, ਜੋ ਕਿ ਪ੍ਰਿੰਸਟਨ ਵਿਖੇ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਵਿੱਚ ਲੰਬੇ ਸਮੇਂ ਤੋਂ ਪ੍ਰੋਫੈਸਰ ਸੀ, ਨੇ ਹਾਈ ਸਕੂਲ ਵਿੱਚ ਰਾਮਾਨੁਜਨ ਬਾਰੇ ਜਾਣਿਆ ਸੀ। ਉਸ ਦਾ ਪਹਿਲਾ ਪੇਪਰ ਰਾਮਾਨੁਜਨ ਬਾਰੇ ਸੀ ਅਤੇ ਆਟੋਮੋਰਫਿਕ ਫਾਰਮਾਂ ਦੇ ਸਿਧਾਂਤ ਵਿੱਚ ਉਸ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਰਾਮਾਨੁਜਨ ਦੇ ਪੇਪਰਾਂ ਤੋਂ ਪੈਦਾ ਹੋਇਆ ਅਤੇ ਸੰਬੰਧਿਤ ਹੈ। ਇਸੇ ਤਰ੍ਹਾਂ ਦੀ ਕਹਾਣੀ ਭਾਰਤੀ ਮੂਲ ਨਾਲ ਸੰਬੰਧਿਤ ਫੀਲਡ ਮੈਡਲ ਜੇਤੂ ਮੰਜੁਲ ਭਾਰਗਵ ਦੀ ਹੈ ਜੋ ਕਿ ਇੱਕ ਛੋਟੇ ਬੱਚੇ ਵਜੋਂ ਰਾਮਾਨੁਜਨ ਦੀ ਕਹਾਣੀ ਤੋਂ ਪ੍ਰੇਰਿਤ ਸੀ।

ਸ੍ਰੀਨਿਵਾਸ ਰਾਮਾਨੁਜਨ ਅਚਾਨਕ ਗਣਿਤਿਕ ਸੰਸਾਰ ਵਿੱਚ ਪ੍ਰਗਟ ਹੋਇਆ ਅਤੇ ਆਪਣੇ ਜੀਵਨ ਦੇ ਥੋੜ੍ਹੇ ਸਮੇਂ ਵਿੱਚ ਅਚਾਨਕ ਅਲੋਪ ਹੋ ਗਿਆ। 1920 ਵਿੱਚ 32 ਸਾਲ ਦੀ ਉਮਰ ਵਿੱਚ ਹੀ ਉਸ ਦੀ ਮੌਤ ਤੋਂ ਬਾਅਦ ਉਸ ਦੀ ਗਣਿਤ ਦੀ ਪ੍ਰਤਿਭਾ, ਉਸ ਦੇ ਕੰਮ ਅਤੇ ਉਸ ਦੀਆਂ ਪ੍ਰਾਪਤੀਆਂ ਨੂੰ ਮਰਨ ਉਪਰੰਤ ਮਾਨਤਾ ਦਿੱਤੀ ਗਈ ਸੀ। ਹਾਰਡੀ ਅਨੁਸਾਰ ਕਿਸੇ ਵੀ ਖੇਤਰ ਵਿੱਚ ਸਭ ਤੋਂ ਵਧੀਆ ਮੌਲਿਕ ਕੰਮ ਆਮ ਤੌਰ ’ਤੇ 30 ਸਾਲ ਦੀ ਉਮਰ ਤੋਂ ਪਹਿਲਾਂ ਕੀਤਾ ਜਾਂਦਾ ਹੈ ਅਤੇ ਇਹ ਗਣਿਤ ਵਿੱਚ ਖ਼ਾਸ ਤੌਰ ’ਤੇ ਸੱਚ ਹੈ। ਉਦਾਹਰਨ ਲਈ ਏਬਲ ਦੀ 26 ਸਾਲ ਦੀ ਉਮਰ ਵਿੱਚ ਅਤੇ ਗੈਲਵਾ ਸਿਰਫ਼ 22 ਸਾਲ ਦੀ ਉਮਰ। ਭਾਵੇਂ ਕਿ ਰਾਮਾਨੁਜਨ ਜ਼ਿਆਦਾ ਸਮਾਂ ਜਿਊਂਦਾ ਰਹਿੰਦਾ ਤਾਂ ਉਸ ਨੇ ਇੱਕ ਚੰਗਾ ਹੋਰ ਆਵਿਸ਼ਕਾਰ ਪੈਦਾ ਕੀਤਾ ਹੁੰਦਾ, ਹਾਰਡੀ ਨੇ ਦਲੀਲ ਦਿੱਤੀ ਕਿ ਉਸ ਦੇ ਕੰਮ ਦੀ ਗੁਣਵੱਤਾ ਜ਼ਿਆਦਾ ਨਹੀਂ ਹੋਣੀ ਸੀ। ਇਸ ਦੇ ਉਲਟ ਕ੍ਰਿਸ਼ਨਾਸਵਾਮੀ ਅਲਾਦੀ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਰਾਮਾਨੁਜਨ ਆਪਣੇ ਪਿਛਲੇ ਕੁਝ ਮਹੀਨਿਆਂ ਦੌਰਾਨ ਜਦੋਂ ਉਹ ਮਦਰਾਸ ਵਿੱਚ ਬਿਸਤਰੇ ’ਤੇ ਸੀ, ਉਦੋਂ ਵੀ ਉਸ ਦੀ ਚੜ੍ਹਤ ਹੋ ਰਹੀ ਸੀ। ਇਸ ਸਮੇਂ ਦੌਰਾਨ ਰਾਮਾਨੁਜਨ ਨੇ ਹਾਰਡੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਮੌਕ ਥੀਟਾ ਫੰਕਸ਼ਨਾਂ ਦੀ ਖੋਜ ਦਾ ਜ਼ਿਕਰ ਕੀਤਾ ਗਿਆ। ਕੁਝ ਦਹਾਕਿਆਂ ਬਾਅਦ ਉਸ ਦੀਆਂ ਗੁੰਮੀਆਂ ਨੋਟਬੁੱਕਾਂ ਦੀ ਖੋਜ ਨੇ ਵੱਖ-ਵੱਖ ਗਣਿਤ ਸ਼ਾਸਤਰੀਆਂ ਦੇ ਕਰੀਅਰ ਲਈ ਮਹੱਤਵਪੂਰਨ ਮਾਰਗ ਖੋਲ੍ਹ ਦਿੱਤੇ। ‘...ਅਤੇ ਅਸੀਂ ਸਿਰਫ਼ ਕਲਪਨਾ ਕਰ ਸਕਦੇ ਹਾਂ ਕਿ ਜੇ ਉਹ ਲੰਬਾ ਸਮਾਂ ਰਹਿੰਦਾ ਤਾਂ ਉਹ ਕਿੰਨੀਆਂ ਉਚਾਈਆਂ ’ਤੇ ਪਹੁੰਚ ਗਿਆ ਹੁੰਦਾ।’ ਹਾਲਾਂਕਿ, ਰਾਮਾਨੁਜਨ ਦੀ ਮੌਤ ਨਾਲ ਜੁੜੀ ਇੱਕ ਹੋਰ ਤਰਕਸ਼ੀਲ ਕਹਾਣੀ ਹੈ। ਮਾਰਚ 1920 ਵਿੱਚ ਰਾਮਾਨੁਜਨ ਦੀ ਮਾਂ ਨੇ ਖ਼ੁਦ ਅਤੇ ਇੱਕ ਨਾਮਵਰ ਜੋਤਸ਼ੀ, ਨਰਾਇਣਸਵਾਮੀ ਅਈਅਰ ਨਾਲ ਉਸ ਦੀ ਕੁੰਡਲੀ ਦਾ ਵਿਸ਼ਲੇਸ਼ਣ ਕੀਤਾ। ਉਸ ਨੇ ਦੱਸਿਆ, “ਕੁੰਡਲੀ ਵਿੱਚ ਇੱਕ ਅਸਾਧਾਰਨ ਸੰਕੇਤ ਹੈ। ਉਸ ਦੇ ਵਿਸ਼ਵ-ਵਿਆਪੀ ਪ੍ਰਸਿੱਧੀ ਪ੍ਰਾਪਤ ਕਰਨ ਅਤੇ ਆਪਣੀ ਵੱਕਾਰ ਦੀ ਸਿਖਰ ’ਤੇ ਮਰਨ ਦੀ ਸੰਭਾਵਨਾ ਹੈ ਅਤੇ ਜੇ ਉਹ ਲੰਬੇ ਸਮੇਂ ਤੱਕ ਜੀਉਂਦਾ ਹੈ ਤਾਂ ਉਸ ਨੂੰ ਇੱਕ ਅਪ੍ਰਸਿੱਧ ਆਦਮੀ ਮੰਨਿਆ ਜਾਵੇਗਾ।’’ ਖ਼ੈਰ! ਰਾਮਾਨੁਜਨ ਦੀ ਮੌਤ 26 ਅਪ੍ਰੈਲ 1920 ਨੂੰ ਹੋਈ।

ਸਾਲ 2011 ਵਿੱਚ ਭਾਰਤ ਸਰਕਾਰ ਨੇ ਗਣਿਤ ਵਿੱਚ ਉਸਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨ ਲਈ ਉਸ ਦੇ ਜਨਮ ਦਿਨ ਨੂੰ ਰਾਸ਼ਟਰੀ ਗਣਿਤ ਦਿਵਸ ਐਲਾਨਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ 2012 ਨੂੰ ਰਾਸ਼ਟਰੀ ਗਣਿਤ ਸਾਲ ਵਜੋਂ ਮਨਾਇਆ ਜਾਵੇਗਾ। ਰਾਮਾਨੁਜਨ ਨੇ ਇੱਕ ਬਾਲ ਉੱਦਮੀ, ਇੱਕ ਪ੍ਰਤਿਭਾਸ਼ਾਲੀ ਗਣਿਤ ਸ਼ਾਸਤਰੀ ਦੇ ਰੂਪ ਵਿੱਚ ਮਹਾਨ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਦੀ ਸਾਖ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਸੀ। ਇਹ

ਦੁਨੀਆ ਭਰ ਵਿੱਚ ਫੈਲ ਗਈ ਜਿੱਥੇ ਵੀ ਗਣਿਤ ਦੀ ਕਦਰ ਕੀਤੀ ਜਾਂਦੀ ਸੀ। ਉਸ ਦੀ ਸਾਖ ਕਮਜ਼ੋਰ ਨਹੀਂ ਸਗੋਂ ਉਦੋਂ ਤੱਕ ਰਹੇਗੀ ਜਦੋਂ ਤੱਕ ਗਣਿਤ ਵਿੱਚ ਦਿਲਚਸਪੀ ਰਹੇਗੀ।
ਸੰਪਰਕ: 98038-22613

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All