ਕਰਮਜੀਤ ਕੌਰ ‘ਮੁਕਤਸਰ’
ਆਪ ਬੀਤੀ
ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਔਰਤਾਂ ਦੀ ਆਜ਼ਾਦੀ ਤੇ ਹਰ ਖੇਤਰ ਵਿਚ ਬਰਾਬਰੀ ਸਬੰਧੀ ਭਾਸ਼ਣ ਵੀ ਦਿੱਤੇ ਜਾਂਦੇ ਹਨ ਅਤੇ ਦੁਨੀਆਂ ਦੀਆਂ ਮਹਾਨ ਔਰਤਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਤਾਂ ਔਰਤਾਂ ਦੇ ਹੱਕ ਵਿਚ ਸਦੀਆਂ ਪਹਿਲਾਂ ਆਵਾਜ਼ ਉਠਾਈ।
ਇਸ ਸਭ ਕੁਝ ਦੇ ਬਾਵਜੂਦ ਵਿਹਾਰਕ ਤੌਰ ’ਤੇ ਅਜੋਕੇ ਆਧੁਨਿਕ ਯੁੱਗ ਦੇ ਵਿਕਸਿਤ ਸਮਾਜ ਵਿਚ ਔਰਤਾਂ ਨੂੰ ਵਿਤਕਰੇ, ਸਮਾਜ ਦੀ ਬੇਰੁਖ਼ੀ ਅਤੇ ਮਰਦ ਪ੍ਰਧਾਨ ਸਮਾਜ ਅੰਦਰ ਪਨਪੀਆਂ ਗਲੀਆਂ ਸੜੀਆਂ ਧਾਰਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਦੇ ਹਰ ਵਰਗ ਵਿਚ ਔਰਤ ਕਿਸੇ ਨਾ ਕਿਸੇ ਪੱਧਰ ’ਤੇ ਵਿਤਕਰੇ ਅਤੇ ਸ਼ੋਸ਼ਣ ਦਾ ਸ਼ਿਕਾਰ ਜ਼ਰੂਰ ਹੁੰਦੀ ਹੈ।
ਕਈ ਵਰ੍ਹੇ ਪਹਿਲਾਂ ਆਪਣੇ ਨਾਲ ਬੀਤੀ ਘਟਨਾ ਮੈਨੂੰ ਅੱਜ ਵੀ ਯਾਦ ਆਉਂਦੀ ਹੈ ਤਾਂ ਰੂਹ ਕੰਬ ਜਾਂਦੀ ਹੈ। ਇਕ ਦਿਨ ਗਰਮੀਆਂ ਦੀਆਂ ਛੁੱਟੀਆਂ ਵਿਚ ਮੇਰਾ ਪੂਰਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਮੇਰੀ ਤਬੀਅਤ ਖਰਾਬ ਹੋਣ ਕਰਕੇ ਮੈਂ ਜਾ ਨਾ ਸਕੀ ਅਤੇ ਘਰ ਵਿਚ ਹੀ ਰਹੀ। ਬੁਖ਼ਾਰ ਹੋਣ ਕਾਰਨ ਮੈਨੂੰ ਗਰਮੀਆਂ ਵਿਚ ਵੀ ਠੰਢ ਮਹਿਸੂਸ ਹੋ ਰਹੀ ਸੀ। ਆਸਮਾਨ ਵਿਚ ਕਾਲੀ ਘਟਾ ਛਾਈ ਹੋਈ ਸੀ। ਹਲਕੀ ਹਲਕੀ ਭੂਰ, ਆਉਣ ਵਾਲੇ ਸਮੇਂ ਵਿਚ ਭਾਰੀ ਮੀਂਹ ਵਰ੍ਹਨ ਦਾ ਸੰਕੇਤ ਦੇ ਰਹੀ ਸੀ। ਸ਼ਾਮ ਸਾਢੇ ਕੁ ਸੱਤ ਵਜੇ ਹੋਣਗੇ ਕਿ ਬੈੱਡ ’ਤੇ ਲੇਟੀ ਨੂੰ ਪਤੀ ਦਾ ਫੋਨ ਆਇਆ ਕਿ ਅਸੀਂ ਕੱਲ੍ਹ ਦੁਪਹਿਰ ਤੱਕ ਵਾਪਸ ਆਵਾਂਗੇ। ਉਨ੍ਹਾਂ ਆਖਿਆ ਕਿ ਜੇ ਬੁਖ਼ਾਰ ਨਹੀਂ ਉਤਰਿਆ ਤਾਂ ਆਪਣੀ ਦਵਾਈ ਜ਼ਰੂਰ ਲੈ ਲਵਾਂ। ਨਾਲ ਹੀ ਦੱਸਿਆ ਕਿ ਆਪਣੇ ਸ਼ਹਿਰ ਦੇ ਇਕ ਹਸਪਤਾਲ ਵਿਚ ਜਾਣਕਾਰ ਸੱਜਣ ਦੀ ਬੇਟੀ ਸੜਕ ਦੁਰਘਟਨਾ ਉਪਰੰਤ ਗੰਭੀਰ ਜ਼ਖ਼ਮੀ ਹਾਲਤ ਵਿਚ ਦਾਖ਼ਲ ਹੈ। ਉਨ੍ਹਾਂ ਨੂੰ ਕੁਝ ਜ਼ਰੂਰੀ ਸਾਮਾਨ ਅਤੇ ਰੁਪਏ ਪਹੁੰਚਦੇ ਕਰਨੇ ਹਨ, ਇਸ ਲਈ ਹਿੰਮਤ ਕਰਕੇ ਜਾਓ ਅਤੇ ਨਾਲੇ ਆਪਣੀ ਦਵਾਈ ਵੀ ਲੈ ਆਉਣਾ।
ਫੋਨ ’ਤੇ ਗੱਲ ਮੁਕਾ ਮੈਂ ਬੜੀ ਮੁਸ਼ਕਲ ਨਾਲ ਬੈੱਡ ਤੋਂ ਉੱਠੀ ਅਤੇ ਕੰਧ ਦਾ ਸਹਾਰਾ ਲੈ ਲੈ ਕੇ ਉਨ੍ਹਾਂ ਲਈ ਕੁਝ ਲੋੜੀਂਦਾ ਸਾਮਾਨ ਪੈਕ ਕਰ ਕੇ ਇਕ ਵੱਡੇ ਥੈਲੇ ਵਿਚ ਪਾ ਲਿਆ। ਉਨ੍ਹਾਂ ਦੀ ਮਦਦ ਲਈ ਕੁਝ ਰੁਪਏ ਪਰਸ ਵਿਚ ਪਾ ਲਏ। ਕੋਸ਼ਿਸ਼ ਸੀ ਕਿ ਜ਼ਿਆਦਾ ਹਨੇਰਾ ਹੋਣ ਤੋਂ ਪਹਿਲਾਂ ਘਰ ਵਾਪਸ ਆ ਜਾਵਾਂ। ਆਸਮਾਨ ਵੱਲ ਵੇਖਿਆ, ਬਿਜਲੀ ਲਿਸ਼ਕ ਰਹੀ ਸੀ। ਕਿਣਮਿਣ ਜਾਰੀ ਸੀ। ਮੈਂ ਸਾਮਾਨ ਚੁੱਕਿਆ ਅਤੇ ਘਰ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਲਾ ਕੇ ਬਾਹਰ ਸੜਕ ਕਿਨਾਰੇ ਆਟੋ ਰਿਕਸ਼ਾ ਦੀ ਉਡੀਕ ਕਰਨ ਲੱਗੀ। ਖਰਾਬ ਮੌਸਮ ਕਰਕੇ ਸਮੇਂ ਤੋਂ ਪਹਿਲਾਂ ਹੀ ਹਨੇਰਾ ਹੋਣ ਲੱਗਿਆ ਸੀ। ਮੇਰੇ ਇਕ ਹੱਥ ਵਿਚ ਸਾਮਾਨ ਵਾਲਾ ਥੈਲਾ ਅਤੇ ਦੂਜੇ ਹੱਥ ਵਿਚ ਪਰਸ ਫੜਿਆ ਹੋਇਆ ਸੀ। ਬੁਖ਼ਾਰ ਹੋਣ ਕਰਕੇ ਮੇਰੇ ਤੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ। ਆਖ਼ਰ ਕੁਝ ਮਿੰਟਾਂ ਦੀ ਉਡੀਕ ਮਗਰੋਂ ਮੈਨੂੰ ਆਟੋ ਮਿਲ ਗਿਆ ਅਤੇ ਮੈਂ ਉਸ ਨੂੰ ਸ਼ਹਿਰ ਦਾ ਹਸਪਤਾਲ ਦੱਸਦਿਆਂ ਜਲਦੀ ਚੱਲਣ ਲਈ ਆਖਿਆ।
ਆਟੋ ਦੇ 2-4 ਮਿੰਟ ਚੱਲਣ ਮਗਰੋਂ ਮੈਨੂੰ ਲੱਗਿਆ ਜਿਵੇਂ ਕੋਈ ਮੋਟਰਸਾਈਕਲ ਸਵਾਰ ਮੇਰਾ ਪਿੱਛਾ ਕਰ ਰਿਹਾ ਹੋਵੇ। ਹਸਪਤਾਲ ਪਹੁੰਚਣ ਲਈ ਮੈਨੂੰ ਕੋਈ 20-25 ਮਿੰਟ ਲੱਗਣੇ ਸਨ। ਸੜਕ ’ਤੇ ਟ੍ਰੈਫਿਕ ਬਹੁਤ ਸੀ, ਅੱਗੋਂ ਲਾਲ ਬੱਤੀਆਂ ਵੀ ਪੈ ਰਹੀਆਂ ਸਨ। ਜਦੋਂ ਵੀ ਆਟੋ ਟ੍ਰੈਫਿਕ ਵਿਚ ਹੌਲੀ ਹੁੰਦਾ ਜਾਂ ਰੁਕਦਾ ਤਾਂ ਉਹ ਮੋਟਰਸਾਈਕਲ ਸਵਾਰ ਥੋੜ੍ਹਾ ਪਿੱਛੇ ਹੋ ਜਾਂਦਾ ਅਤੇ ਆਟੋ ਦੇ ਤੁਰਨ ਸਾਰ ਫਿਰ ਬਰਾਬਰ ਚੱਲਣ ਲੱਗਦਾ। ਮੈਂ ਹੈਰਾਨ ਸੀ ਕਿ ਕੋਈ ਅਜਨਬੀ ਸ਼ਖ਼ਸ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ? ਉਹ ਵੀ ਇੰਨੇ ਖਰਾਬ ਮੌਸਮ ਵਿਚ! ਮੈਂ ਸੋਚਿਆ ਕਿ ਸ਼ਾਇਦ ਮੇਰਾ ਵਹਿਮ ਹੋਵੇ, ਕੀ ਪਤਾ ਇਸ ਸ਼ਖ਼ਸ ਨੇ ਵੀ ਇਸੇ ਪਾਸੇ ਜਾਣਾ ਹੋਵੇ। ਮੈਂ ਆਪਣੀ ਖ਼ਰਾਬ ਤਬੀਅਤ ਦੇ ਨਾਲ ਨਾਲ ਆਪਣੇ ਖ਼ਿਆਲਾਂ ਨਾਲ ਵੀ ਦੋ-ਚਾਰ ਹੋਈ ਜਾ ਰਹੀ ਸੀ। ਕਈ ਤਰ੍ਹਾਂ ਦੀਆਂ ਗੱਲਾਂ ਸੋਚ ਸੋਚ ਮੈਂ ਘਬਰਾ ਗਈ। ਇਕ ਪਲ ਉਸ ਸ਼ਖ਼ਸ ਨੂੰ ਲੁਟੇਰਾ ਸਮਝ ਮੈਂ ਆਪਣਾ ਪਰਸ ਦੋਵੇਂ ਹੱਥਾਂ ਨਾਲ ਘੁੱਟ ਕੇ ਫੜ ਲਿਆ। ਉਹ ਵਿਅਕਤੀ 45 ਕੁ ਸਾਲਾਂ ਦਾ ਸ਼ਕਲੋਂ ਸਿਆਣਾ ਲੱਗਦਾ ਸੀ, ਪਰ ਫਿਰ ਉਹ ਮੇਰਾ ਪਿੱਛਾ ਕਿਉਂ ਕਰ ਰਿਹਾ ਸੀ। ਮੈਂ ਪ੍ਰੇਸ਼ਾਨ ਹੁੰਦਿਆਂ ਸਹਿਮ ਗਈ ਸੀ। ਆਖ਼ਰ ਮੈਂ ਹੌਸਲਾ ਕਰਕੇ ਆਟੋ ਵਾਲੇ ਨੂੰ ਦੱਸ ਦਿੱਤਾ ਕਿ ਕੋਈ ਮੇਰਾ ਪਿੱਛਾ ਕਰ ਰਿਹਾ ਹੈ। ਆਟੋ ਵਾਲੇ ਨੇ ਤਾੜਦਿਆਂ ਕਿਹਾ, ‘‘ਜੀ ਮੈਡਮ, ਉਹ ਵਾਕਈ ਪਿੱਛਾ ਕਰ ਰਿਹੈ।’’ ਆਟੋ ਵਾਲੇ ਨੇ ਮੈਨੂੰ ਸੁਝਾਅ ਦਿੱਤਾ ਕਿ ਕੋਲ ਕੋਈ ਕੀਮਤੀ ਸਾਮਾਨ ਹੈ ਤਾਂ ਚੌਕਸ ਹੋ ਕੇ ਬੈਠ ਜਾਓ।
“ਨਹੀਂ ਨਹੀਂ, ਮੇਰੇ ਕੋਲ ਕੋਈ ਕੀਮਤੀ ਸਾਮਾਨ ਨਹੀਂ, ਮੈਂ ਤਾਂ ਹਸਪਤਾਲ ਜਾ ਰਹੀ ਹਾਂ।” ਮੈਂ ਆਖਿਆ। ਹੁਣ ਮੈਨੂੰ ਆਟੋ ਵਾਲੇ ਤੋਂ ਵੀ ਡਰ ਜਿਹਾ ਲੱਗਣ ਲੱਗਿਆ ਸੀ। ਹਸਪਤਾਲ ਪੁੱਜਣ ਲਈ ਅਜੇ ਦਸ ਕੁ ਮਿੰਟ ਲੱਗਣੇ ਸਨ। ਆਟੋ ਵਾਲੇ ਨੂੰ ਕਿਰਾਇਆ ਦੇਣ ਲਈ ਮੈਂ ਪਹਿਲਾਂ ਹੀ ਪੈਸੇ ਪਰਸ ਵਿਚੋਂ ਕੱਢ ਕੇ ਹੱਥ ਵਿਚ ਫੜ ਲਏ। ਮੈਂ ਸੋਚਿਆ ਕਿ ਉਤਰਨ ਲੱਗਿਆਂ ਕਾਹਲੀ ਨਾਲ ਪੈਸੇ ਫੜਾ ਕੇ ਭੱਜ ਕੇ ਹਸਪਤਾਲ ਵਿਚ ਵੜ ਜਾਂਵਾਗੀ। ਹੁਣ ਮੀਂਹ ਬਹੁਤ ਤੇਜ਼ ਹੋ ਚੁੱਕਾ ਸੀ। ਜਾਪਦਾ ਸੀ ਕਿ ਸ਼ਹਿਰ ’ਚ ਹਰ ਪਾਸੇ ਪਾਣੀ ਪਾਣੀ ਹੋ ਗਿਆ ਹੋਵੇਗਾ। ਸਾਹਮਣੇ ਸੜਕ ’ਤੇ ਹੀ ਬਹੁਤ ਪਾਣੀ ਖੜ੍ਹ ਗਿਆ ਸੀ। ਆਸਮਾਨੀ ਬਿਜਲੀ ਦੀ ਗਰਜ ਮੈਨੂੰ ਹੋਰ ਡਰਾਈ ਜਾ ਰਹੀ ਸੀ। ਪਰ ਉਹ ਸ਼ਖ਼ਸ ਹਾਲੇ ਵੀ ਮੇਰਾ ਪਿੱਛਾ ਕਰ ਰਿਹਾ ਸੀ। ਆਖ਼ਰ ਹਸਪਤਾਲ ਪੁੱਜ ਕੇ ਮੈਂ ਆਟੋ ਵਿਚੋਂ ਉੱਤਰੀ। ਆਟੋ ਵਾਲੇ ਨੂੰ ਪੈਸੇ ਫੜਾਏ ਅਤੇ ਚੱਕਰ ਖਾ ਕੇ ਉੱਥੇ ਹੀ ਡਿੱਗ ਪਈ। ਮੈਂ ਪਿੱਛਾ ਕਰਨ ਵਾਲੇ ਸ਼ਖ਼ਸ ਤੋਂ ਘਬਰਾ ਕੇ ਭੱਜਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ, ਪਰ ਸਿਹਤ ਖਰਾਬ ਹੋਣ ਕਰਕੇ ਤੁਰਨਾ ਵੀ ਔਖਾ ਜਾਪਦਾ ਸੀ। ਆਟੋ ਵਾਲੇ ਨੇ ਮੈਨੂੰ ਸਹਾਰਾ ਦੇ ਕੇ ਉਠਾਇਆ। ਮੇਰਾ ਸਾਮਾਨ ਚੁੱਕਿਆ ਤੇ ਹਸਪਤਾਲ ਅੰਦਰ ਛੱਡ ਆਇਆ। ਮੈਂ ਥੋੜ੍ਹੀ ਦੇਰ ਹਸਪਤਾਲ ਦੀਆਂ ਖਾਲੀ ਪਈਆਂ ਕੁਰਸੀਆਂ ’ਤੇ ਆਪਣਾ ਸਾਮਾਨ ਰੱਖ ਉੱਥੇ ਹੀ ਬੈਠ ਗਈ।
ਏਨੇ ਨੂੰ ਉਸ ਲੜਕੀ ਦੇ ਮਾਪੇ ਰੋਂਦੇ ਰੋਂਦੇ ਮੇਰੇ ਕੋਲ ਆਏ। ਮੈਨੂੰ ਦੇਖ ਕੇ ਲੜਕੀ ਦੀ ਮਾਂ ਜ਼ੋਰ ਜ਼ੋਰ ਦੀ ਰੋਣ ਲੱਗੀ। ਉਸ ਨੇ ਦੱਸਿਆ ਕਿ ਡਾਕਟਰ ਛੁੱਟੀ ’ਤੇ ਹੋਣ ਕਾਰਨ ਸਟਾਫ਼ ਨੇ ਲੁਧਿਆਣਾ ਦੇ ਕਿਸੇ ਹਸਪਤਾਲ ਵਿਚ ਜਾਣ ਲਈ ਕਿਹਾ ਹੈ। ਉਸ ਨੇ ਰੋਂਦਿਆਂ ਨੇ ਆਖਿਆ ਕਿ ਸਾਡੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ। ਮੈਂ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਸਾਮਾਨ ਤੇ ਪੈਸੇ ਫੜਾ ਦਿੱਤੇ। ਓਨੇ ਨਾਲ ਹੀ ਉਨ੍ਹਾਂ ਨੂੰ ਕੁਝ ਆਸ ਬੱਝੀ ਅਤੇ ਉਹ ਐਂਬੂਲੈਂਸ ਰਾਹੀਂ ਆਪਣੀ ਬੱਚੀ ਨੂੰ ਲੈ ਕੇ ਲੁਧਿਆਣੇ ਚਲੇ ਗਏ।
ਮੈਂ ਹਸਪਤਾਲ ਵਿਚ ਬੁਖ਼ਾਰ ਚੈੱਕ ਕਰਾ ਕੇ ਦਵਾਈ ਲਈ। ਕਾਫ਼ੀ ਹਨੇਰਾ ਹੋ ਗਿਆ ਸੀ। ਮੈਂ ਹਸਪਤਾਲ ਦੇ ਗੇਟ ’ਚੋਂ ਬਾਹਰ ਦੇਖਿਆ। ਉਹ ਸ਼ਖ਼ਸ ਸਾਹਮਣੇ ਦਵਾਈਆਂ ਦੀ ਦੁਕਾਨ ’ਤੇ ਬੈਠਾ ਸੀ। ਮੀਂਹ ਫਿਰ ਤੇਜ਼ ਹੋ ਗਿਆ ਤਾਂ ਮੈਂ ਕੁਝ ਸਮਾਂ ਉੱਥੇ ਹੀ ਬੈਠਣਾ ਠੀਕ ਸਮਝਿਆ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਤਕਰੀਬਨ ਬੰਦ ਹੋ ਚੁੱਕੀਆਂ ਸਨ। ਮੈਂ ਸੋਚ ਰਹੀ ਸੀ ਕਿ ਅੱਜ ਪਹਿਲੀ ਵਾਰ ਕੁਵੇਲੇ ਇਕੱਲੀ ਘਰੋਂ ਨਿਕਲੀ ਤੇ ਅੱਜ ਹੀ ਇਉਂ ਹੋ ਗਿਆ। ਮੀਂਹ ਰੁਕੀ ਤਾਂ ਮੈਂ ਬਾਹਰ ਸੜਕ ’ਤੇ ਫਿਰ ਕਿਸੇ ਦੀ ਮਦਦ ਦੀ ਆਸ ’ਤੇ ਖੜ੍ਹ ਗਈ। ਹੁਣ ਕੋਈ ਆਟੋ ਰਿਕਸ਼ਾ ਵੀ ਨਹੀਂ ਆ ਰਿਹਾ ਸੀ। ਫਿਰ ਵੀ ਮੈਂ ਬਾਹਰ ਖੜ੍ਹੀ ਸੱਜੇ ਖੱਬੇ ਦੇਖੀ ਜਾ ਰਹੀ ਸੀ। ਉਹ ਸ਼ਖ਼ਸ ਦੁਕਾਨ ’ਚੋਂ ਬਾਹਰ ਆਇਆ ਅਤੇ ਮੇਰੇ ਇਰਦ-ਗਿਰਦ ਚੱਕਰ ਜਿਹੇ ਕੱਢਣ ਲੱਗਾ। ਮੈਂ ਚੁੱਪ-ਚਾਪ ਨਿਡਰ ਜਿਹੀ ਹੋਣ ਦਾ ਦਿਖਾਵਾ ਕਰਦੀ ਖੜ੍ਹੀ ਰਹੀ, ਪਰ ਅੰਦਰੋਂ ਘਬਰਾਹਟ ਨਾਲ ਮਨ ਕਾਹਲਾ ਪੈ ਰਿਹਾ ਸੀ। ਉਹ ਮੇਰੇ ਆਸੇ-ਪਾਸੇ ਇਉਂ ਘੁੰਮ ਰਿਹਾ ਸੀ ਜਿਵੇਂ ਮੈਂ ਕੋਈ ਵੱਡੀ ਅਪਰਾਧੀ ਹੋਵਾਂ। ਹੁਣ ਰਾਤ ਸਾਢੇ ਨੌਂ ਵਜੇ ਦਾ ਸਮਾਂ ਸੀ। ਅਚਾਨਕ ਦਵਾਈਆਂ ਦੀ ਦੁਕਾਨ ’ਤੇ ਸਾਡੇ ਪਰਿਵਾਰ ਦੀ ਜਾਣ-ਪਛਾਣ ਵਾਲਾ ਇਕ ਵਿਅਕਤੀ ਨਜ਼ਰ ਪਿਆ। ਮੈਂ ਹੌਸਲਾ ਕਰਕੇ ਉਸ ਨੂੰ ਬੁਲਾ ਲਿਆ। ਮੈਨੂੰ ਕੁਵੇਲੇ ਹਸਪਤਾਲ ਦੇ ਬਾਹਰ ਵੇਖ ਉਸ ਨੇ ਹੈਰਾਨ ਹੋ ਕੇ ਪੁੱਛਿਆ, “ਭੈਣ ਜੀ ਤੁਸੀਂ ਏਥੇ, ਸੁਖ ਤਾਂ ਹੈ?” ਮੈਂ ਹਾਂ ਵਿਚ ਸਿਰ ਹਿਲਾਇਆ ਤੇ ਦੱਸਿਆ ਕਿ ਇਹ ਸ਼ਖ਼ਸ ਕਾਫ਼ੀ ਦੇਰ ਤੋਂ ਮੇਰਾ ਪਿੱਛਾ ਕਰ ਰਿਹਾ ਹੈ। ਉਸ ਨੇ ਚੌਕੰਨਾ ਜਿਹਾ ਹੋ ਕੇ ਆਖਿਆ, ‘‘ਭੈਣ ਜੀ, ਜ਼ਮਾਨਾ ਬਹੁਤ ਖ਼ਰਾਬ ਹੈ, ਅੱਜਕੱਲ੍ਹ ਤਾਂ ਇਕੱਲਿਆਂ ਘਰੋਂ ਨਿਕਲਣ ਦਾ ਸਮਾਂ ਨਹੀਂ ਰਿਹਾ।’’
ਉਸ ਵੀਰ ਨੇ ਝੱਟ ਮੋਟਰਸਾਈਕਲ ਵੱਲ ਇਸ਼ਾਰਾ ਕਰਦਿਆਂ ਆਖਿਆ, ‘‘ਚਲੋ ਭੈਣ ਜੀ, ਮੈਂ ਘਰ ਛੱਡ ਕੇ ਆਉਨਾ।’’ ਮੈਂ ਮੋਟਰਸਾਈਕਲ ਦੇ ਪਿੱਛੇ ਬੈਠ ਗਈ। ਮੇਰਾ ਪਿੱਛਾ ਕਰਨ ਵਾਲੇ ਵਿਅਕਤੀ ਨੇ ਫਿਰ ਮੋਟਰਸਾਈਕਲ ਸਾਡੇ ਪਿੱਛੇ ਲਾ ਲਿਆ। ਮੇਰਾ ਘਰ ਕਾਫ਼ੀ ਦੂਰ ਸੀ। ਹੁਣ ਮੈਨੂੰ ਇਕੱਲੀ ਨੂੰ ਘਰ ਜਾਣਾ ਵੀ ਡਰਾਉਣ ਲੱਗਿਆ ਸੀ। ਰਸਤੇ ਵਿਚ ਮੇਰੀ ਇਕ ਸਹੇਲੀ ਦਾ ਘਰ ਪੈਂਦਾ ਸੀ। ਮੈਂ ਉਸ ਨੂੰ ਕਿਹਾ, ‘‘ਵੀਰ ਜੀ, ਤੁਸੀਂ ਮੈਨੂੰ ਇੱਥੇ ਹੀ ਉਤਾਰ ਦੇਵੋ।’’ ਸੜਕ ’ਤੇ ਪਾਣੀ ਬਹੁਤ ਖੜ੍ਹਾ ਸੀ। ਸਟਰੀਟ ਲਾਈਟਾਂ ਵੀ ਤਕਰੀਬਨ ਬੰਦ ਹੋਈਆਂ ਪਈਆਂ ਸਨ। ਮੇਰੀ ਬੇਨਤੀ ’ਤੇ ਉਹ ਮੈਨੂੰ ਮੇਰੀ ਸਹੇਲੀ ਦੇ ਘਰ ਛੱਡ ਕੇ ਚਲੇ ਗਏ। ਪਿੱਛਾ ਕਰਨ ਵਾਲਾ ਸ਼ਖ਼ਸ ਫਿਰ ਵੀ ਮੇਰੀ ਸਹੇਲੀ ਦੇ ਘਰ ਅੱਗੇ ਕਿੰਨਾ ਚਿਰ ਗੇੜੇ ਕੱਢਦਾ ਰਿਹਾ। ਉਹ ਰਾਤ ਮੈਂ ਬੇਹੱਦ ਤਣਾਅ ਵਿਚ ਕੱਟੀ।
ਅਗਲੇ ਦਿਨ ਮੈਂ ਆਪਣੇ ਘਰ ਵਾਪਸ ਆਈ। ਸ਼ਾਮ ਤੱਕ ਮੇਰਾ ਪਰਿਵਾਰ ਵੀ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਪਸ ਆ ਗਿਆ ਸੀ। ਮੈਂ ਸਾਰੀ ਘਟਨਾ ਆਪਣੇ ਪਤੀ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ, ‘‘ਜੋ ਹੋ ਗਿਆ ਉਸ ਨੂੰ ਛੱਡੋ, ਰਾਤ ਗਈ ਬਾਤ ਗਈ।’’ ਪਰ ਜੋ ਮਾਨਸਿਕ ਪੀੜ ਮੈਂ ਝੱਲੀ ਸੀ ਉਸ ਨੇ ਮੈਨੂੰ ਚੁੱਪ ਨਹੀਂ ਬੈਠਣ ਦਿੱਤਾ। ਮੇਰੇ ਜ਼ੋਰ ਦੇਣ ’ਤੇ ਮੇਰੇ ਪਤੀ ਇਸ ਘਟਨਾ ਦੀ ਪੜਤਾਲ ਲਈ ਰਾਜ਼ੀ ਹੋ ਗਏ। ਉਹ ਥਾਣੇ ਪੁੱਜੇ ਅਤੇ ਉੱਥੋਂ ਦੇ ਇੰਸਪੈਕਟਰ ਨੂੰ ਮਿਲ ਕੇ ਸਾਰੀ ਕਹਾਣੀ ਬਿਆਨ ਕੀਤੀ। ਜਦੋਂ ਪੜਤਾਲ ਰਾਹੀਂ ਸੱਚ ਸਾਹਮਣੇ ਆਇਆ ਤਾਂ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ।
ਹੈਰਾਨੀ ਉਸ ਸਮੇਂ ਹੋਈ ਜਦੋਂ ਇੰਸਪੈਕਟਰ ਸਾਹਿਬ ਆਪਣਾ ਪੂਰਾ ਸਟਾਫ਼ ਲੈ ਕੇ ਸਾਡੇ ਘਰ ਆ ਗਏ। ਅਸੀਂ ਉਨ੍ਹਾਂ ਨੂੰ ਡਰਾਇੰਗ ਰੂਮ ਵਿਚ ਬਿਠਾ ਚਾਹ ਪਰੋਸੀ ਅਤੇ ਮੈਂ ਵੀ ਕੋਲ ਹੀ ਬੈਠ ਗਈ। ਇੰਸਪੈਕਟਰ ਸਾਹਿਬ ਨੇ ਮੈਨੂੰ ਆਖਿਆ, ‘‘ਬੀਬਾ ਜੀ, ਹੁਣ ਸਾਰੀ ਕਹਾਣੀ ਬਿਆਨ ਕਰੋ।” ਮੈਂ ਉਸ ਰਾਤ ਵਾਲੀ ਸਾਰੀ ਘਟਨਾ ਬਿਆਨ ਕੀਤੀ। ਸਾਰਿਆਂ ਨੇ ਬੜੀ ਗਹਿਰਾਈ ਨਾਲ ਸੁਣਿਆ। ਕਈ ਸਟਾਫ਼ ਮੁਲਾਜ਼ਮਾਂ ਨੇ ਮੇਰੇ ਨਾਲ ਹਮਦਰਦੀ ਵੀ ਜਤਾਈ। ਮੈਂ ਮੁਲਾਜ਼ਮਾਂ ਨੂੰ ਪੁੱਛਿਆ ਕਿ ਆਖ਼ਰ ਮੇਰੀ ਗ਼ਲਤੀ ਕੀ ਸੀ? ਉਸ ਨੇ ਮੇਰਾ ਪਿੱਛਾ ਕਰਕੇ ਡਰਾਇਆ ਕਿਉਂ? ਇੰਸਪੈਕਟਰ ਨੇ ਸਾਰੇ ਮੁਲਾਜ਼ਮਾਂ ਵੱਲ ਗੁੱਸੇ ਨਾਲ ਦੇਖਿਆ। ਫਿਰ ਗਰਜ ਕੇ ਬੋਲੇ, “ਤੁਹਾਡੇ ਵਿਚੋਂ ਇਕ ਸ਼ਖ਼ਸ ਨੇ ਇਹ ਕਰਤੂਤ ਕੀਤੀ ਹੈ, ਸ਼ਰਮ ਕਰੋ! ਸ਼ਰਮ!”
ਇੰਸਪੈਕਟਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਾਰੇ ਇਕ ਦੂਜੇ ਵੱਲ ਵੇਖਣ ਲੱਗੇ। ਇੰਸਪੈਕਟਰ ਨੇ ਇਕ ਮੁਲਾਜ਼ਮ ਦਾ ਨਾਂ ਲੈਂਦਿਆਂ ਆਖਿਆ, ‘‘ਹਾਂ ਬਈ … ਸਿੰਹਾ ਤੂੰ ਉਸ ਰਾਤ ਇਸ ਔਰਤ ਦਾ ਪਿੱਛਾ ਕਿਉਂ ਕੀਤਾ?’’ ਸਟਾਫ ਨੂੰ ਮਾਰੇ ਇਸ ਦਬਕੇ ਤੋਂ ਬਾਅਦ ਹੁਣ ਮੈਂ ਵੀ ਉਸ ਵਿਅਕਤੀ ਦਾ ਚਿਹਰਾ ਪਛਾਣਨ ਲੱਗੀ। ਇੰਨੇ ਨੂੰ ਉੱਥੇ ਹੀ ਬੈਠਾ ਇਕ ਮੁਲਾਜ਼ਮ ਬੋਲਿਆ, “ਨਹੀਂ ਜੀ, ਮੈਂ ਤਾਂ ਇਨ੍ਹਾਂ ਨੂੰ ਜਾਣਦਾ ਹੀ ਨਹੀਂ।” ਇਹ ਪਿੱਛਾ ਕਰਨ ਵਾਲਾ ਸ਼ਖ਼ਸ ਹੀ ਸੀ ਜੋ ਹੁਣ ਸਾਫ਼ ਮੁੱਕਰ ਗਿਆ।
“ਬੀਬਾ ਤੋਂ ਮੁਆਫ਼ੀ ਮੰਗੋ” ਇੰਸਪੈਕਟਰ ਨੇ ਫਿਰ ਗਰਜ ਕੇ ਕਿਹਾ।
“ਬੀਬਾ ਜੀ, ਜੇ ਇਸ ਨੇ ਆਪਣੀ ਕਰਤੂਤ ਲਈ ਮੁਆਫ਼ ਨਾ ਮੰਗੀ ਤਾਂ ਐੱਸ.ਐੱਸ.ਪੀ. ਸਾਹਬ ਕੋਲ ਸ਼ਿਕਾਇਤ ਦਰਜ ਕਰਵਾਓ,” ਇੰਸਪੈਕਟਰ ਦਾ ਗੁੱਸਾ ਹੋਰ ਵਧ ਗਿਆ ਸੀ।
ਮੈਂ ਫਿਰ ਬੋਲ ਪਈ, “ਭਾਈ ਸਾਹਿਬ, ਮੈਨੂੰ ਏਨਾ ਦੱਸੋ ਕਿ ਤੁਸੀਂ ਮੈਨੂੰ ਉਸ ਰਾਤ ਪ੍ਰੇਸ਼ਾਨ ਕਿਉਂ ਕੀਤਾ?’’ ਮੇਰਾ ਉਸ ਵੱਲ ਪਹਿਲਾ ਤੇ ਆਖ਼ਰੀ ਸਵਾਲ ਸੀ। ਥੋੜ੍ਹੀ ਦੇਰ ਦੀ ਚੁੱਪ ਤੋਂ ਬਾਅਦ ਉਹ ਬੋਲਿਆ, “ਮੈਂ ਸੋਚਿਆ ਇੰਨੇ ਖਰਾਬ ਮੌਸਮ ਵਿਚ ਇਕੱਲੀ ਔਰਤ ਕਿੱਥੇ ਜਾ ਰਹੀ ਹੈ ਬਸ… ਹੁਣ ਮੈਨੂੰ ਮੁਆਫ਼ ਕਰ ਦਿਓ ਭੈਣ ਜੀ!’’ ਭਾਵੇਂ ਅਸੀਂ ਪ੍ਰੇਸ਼ਾਨੀ ਦੀ ਜੜ੍ਹ ਤੱਕ ਪੁੱਜ ਕੇ ਉਸ ਨੂੰ ਮੁਆਫ਼ ਵੀ ਕਰ ਦਿੱਤਾ, ਪਰ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਮੇਰੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ।
ਸੰਪਰਕ: 89685-94379