ਜਗਵਿੰਦਰ ਜੋਧਾ
‘ਨਿਊਯਾਰਕ ਡੇਲੀ ਟ੍ਰਿਬਿਊਨ’ ਦੇ ਪ੍ਰਧਾਨ ਇਮਾਨੁਅਲ ਓਲਵਿਸ ਨੇ ਕਾਰਲ ਮਾਰਕਸ ਦੇ ਲੇਖਾਂ ਦੀ ਲੜੀ ਛਾਪਣ ਤੋਂ ਪਹਿਲਾਂ ਅਖ਼ਬਾਰ ਵਿਚ ਇੱਕ ਸੰਦੇਸ਼ ਦਿੱਤਾ, ਜਿਸ ਵਿਚ ਉਸ ਨੇ ਲਿਖਿਆ, ‘‘ਨਵੇਂ ਯੁੱਗ ਵਿਚ ਪੁਰਾਣੀਆਂ ਜੁੱਤੀਆਂ ਨਾਲ ਨਹੀਂ ਤੁਰਿਆ ਜਾ ਸਕਦਾ। ਅਮਰੀਕਨਾਂ ਦੀ ਵਿਸ਼ਵ ਉੱਪਰ ਚੌਧਰ ਲਈ ਪੁਰਾਣੇ ਚੌਧਰੀਆਂ (ਬਰਤਾਨਵੀ ਸਾਮਰਾਜ) ਦਾ ਮੂਧੇ ਮੂੰਹ ਡਿੱਗਣਾ ਜ਼ਰੂਰੀ ਹੈ। ਇਸ ਲਈ ਐਸੇ ਵਿਅਕਤੀ ਦਾ ਨਜ਼ਰੀਆ ਅਸੀਂ ਲੜੀਵਾਰ ਛਾਪਾਂਗੇ, ਜਿਸ ਨੂੰ ਅੱਜ ਇਕ ਸੰਤ ਦਾ ਦਰਜਾ ਦਿੱਤਾ ਜਾ ਰਿਹਾ ਹੈ।’’
ਜਦੋਂ ਲੰਡਨ ਵਿਚ ਦੁਨੀਆਂ ਦਾ ਇਕ ਮਹਾਨ ਦਾਰਸ਼ਨਿਕ ਅਤੇ ਚਿੰਤਕ ਇਤਿਹਾਸ ਵਿਚ ਹੁੰਦੀ ਕਿਰਤ ਦੀ ਲੁੱਟ ਤੋਂ ਸਾਰੇ ਸੰਸਾਰ ਦੇ ਕਿਰਤੀਆਂ ਦੀ ਬੰਦਖ਼ਲਾਸੀ ਦਾ ਮੰਤਰ ਤਲਾਸ਼ ਰਿਹਾ ਸੀ, ਭਾਰਤ ਉਸੇ ਵੇਲੇ ਬਸਤੀਵਾਦ ਵਿਰੁੱਧ ਆਪਣੀ ਜੱਦੋ-ਜਹਿਦ ਕਰ ਰਿਹਾ ਸੀ। ਸੱਭਿਅਤਾ ਦੇ ਇਸ ਮੁੱਢਲੇ ਕੇਂਦਰ ’ਤੇ ਪੂੰਜੀਵਾਦੀ ਧਾਵੇ ਤੇ ਵਿਨਾਸ਼ ਦਾ ਇਹ ਮੰਜ਼ਰ ਫਿਰ ਮਾਰਕਸ ਦੀਆਂ ਅੱਖਾਂ ਤੋਂ ਓਹਲੇ ਕਿਵੇਂ ਰਹਿ ਸਕਦਾ ਸੀ। ਮਾਰਕਸ ਬ੍ਰਿਟਿਸ਼ ਇੰਪੀਰੀਅਲ ਲਾਇਬਰੇਰੀ ਜਾ ਕੇ ਸਰੋਤਾਂ ਦੀ ਪੁਣ-ਛਾਣ ਵਿਚ ਜੁੱਟ ਗਿਆ। ਇਸੇ ਦੌਰਾਨ ਮਾਰਕਸ ਦਾ ਪੁਰਾਣਾ ਮਿੱਤਰ ਐਡੋਲਫ਼ ਕਲੱਸ (1825-1905) ਜੋ ਕਮਿਊਨਿਸਟ ਲੀਗ ਦਾ ਮੈਂਬਰ ਸੀ, ਅਮਰੀਕਾ ਵਿਚ ਚਲਾ ਗਿਆ ਤੇ ਉੱਥੇ ਉਸ ਨੇ ਮਜ਼ਦੂਰ ਸੰਗਠਨਾਂ ਲਈ ਕੰਮ ਕੀਤਾ। ਕਲੱਸ ਨੇ ਕੁਝ ਸਾਲਾਂ ਬਾਅਦ ਜਥੇਬੰਦਕ ਅਤੇ ਰਾਜਨੀਤਕ ਕੰਮ ਤਿਆਗ ਦਿੱਤੇ ਤੇ ਅਮਰੀਕਾ ਦਾ ਪ੍ਰਸਿੱਧ ਇਮਾਰਤਸਾਜ਼ ਬਣਿਆ। ਉਸ ਨੇ ਮਾਰਕਸ ਦੀ ਆਰਥਿਕ ਦੁਸ਼ਵਾਰੀ ਵਿਚ ਸਹਾਇਤਾ ਕੀਤੀ ਤੇ ‘ਨਿਊਯਾਰਕ ਡੇਲੀ ਟ੍ਰਿਬਿਊਨ’ ਲਈ ਲੇਖ ਲਿਖਣ ਦਾ ਇਕਰਾਰ ਕਰਵਾ ਦਿੱਤਾ। ਪਰ ਇਹ ਸ਼ਰਤ ਤੈਅ ਕੀਤੀ ਗਈ ਕਿ ਇਨ੍ਹਾਂ ਲੇਖਾਂ ਦੀ ਸੁਰ ਬਸਤੀਵਾਦੀ ਆਰਥਿਕਤਾ ਦੇ ਖ਼ਿਲਾਫ਼ ਹੋਵੇਗੀ। ਉਂਜ ਮਜ਼ਦੂਰਾਂ ਦੀ ਸੰਗਠਨਾਤਮਕ ਲੋੜ ਜਾਂ ਪੂੰਜੀ ਦੇ ਲੋਟੂ ਵਿਹਾਰ ਬਾਰੇ ਪ੍ਰਚੱਲਿਤ ਮਾਰਕਸੀ ਪਹੁੰਚ ਵਾਲੇ ਲੇਖ ਛਾਪਣ ਤੋਂ ਟਾਲਾ ਹੀ ਵੱਟਿਆ ਜਾਂਦਾ ਸੀ ਕਿਉਂਕਿ ਇਹ ਸਾਰਾ ਕਾਰਜ ਅਮਰੀਕੀ ਮਜ਼ਦੂਰਾਂ ਨੂੰ ਵੀ ਚੇਤਨਸ਼ੀਲ ਬਣਾ ਕੇ ਉੱਥੇ ਦੇ ਉਦਯੋਗਪਤੀਆਂ ਦੇ ਖ਼ਿਲਾਫ਼ ਖੜ੍ਹਾ ਕਰ ਸਕਦਾ ਸੀ। ਨਿਊਯਾਰਕ ਡੇਲੀ ਟ੍ਰਿਬਿਊਨ ਦਾ ਪ੍ਰਧਾਨ ਉਨ੍ਹਾਂ ਦਿਨਾਂ ਵਿਚ ਅਮਰੀਕਾ ਦਾ ਪ੍ਰਸਿੱਧ ਉਦਯੋਗਪਤੀ ਅਤੇ ਨਵੇਂ ਆਰਥਿਕ ਸੁਧਾਰਾਂ ਦਾ ਕੱਟੜ ਹਮਾਇਤੀ ਇਮਾਨੁਅਲ ਓਲਵਿਸ ਸੀ। ਇਨ੍ਹਾਂ ਲੇਖਾਂ ਦੀ ਲੜੀ ਛਾਪਣ ਤੋਂ ਪਹਿਲਾਂ 16 ਨਵੰਬਰ 1851 ਨੂੰ ਉਸ ਦਾ ਇਕ ਸੰਦੇਸ਼ ਅਖ਼ਬਾਰ ਵਿਚ ਛਪਿਆ, ਜਿਸ ਵਿਚ ਉਸ ਨੇ ਕਿਹਾ, ‘‘ਨਵੇਂ ਯੁੱਗ ਵਿਚ ਪੁਰਾਣੀਆਂ ਜੁੱਤੀਆਂ ਨਾਲ ਨਹੀਂ ਤੁਰਿਆ ਜਾ ਸਕਦਾ। ਅਮਰੀਕਨਾਂ ਦੀ ਵਿਸ਼ਵ ਉੱਪਰ ਚੌਧਰ ਲਈ ਪੁਰਾਣੇ ਚੌਧਰੀਆਂ (ਬਰਤਾਨਵੀ ਸਾਮਰਾਜ) ਦਾ ਮੂਧੇ ਮੂੰਹ ਡਿੱਗਣਾ ਜ਼ਰੂਰੀ ਹੈ। ਇਸ ਲਈ ਐਸੇ ਵਿਅਕਤੀ ਦਾ ਨਜ਼ਰੀਆ ਅਸੀਂ ਲੜੀਵਾਰ ਛਾਪਾਂਗੇ, ਜਿਸ ਨੂੰ ਅੱਜ ਇਕ ਸੰਤ ਦਾ ਦਰਜਾ ਦਿੱਤਾ ਜਾ ਰਿਹਾ ਹੈ।’’
ਇਨ੍ਹਾਂ ਦਸ ਸਾਲਾਂ (1852-1862) ਵਿਚ ਮਾਰਕਸ ਨੇ ਸੌ ਦੇ ਕਰੀਬ ਲੇਖ ਅਖ਼ਬਾਰ ਲਈ ਲਿਖੇ। ਇਸ ਤੋਂ ਬਿਨਾਂ ਮਾਰਕਸ ਦੇ ਨਾਂ ਹੇਠ ਕੁਝ ਲੇਖ ਅਖ਼ਬਾਰ ਨੇ ਆਪ ਲਿਖਵਾ ਕੇ ਵੀ ਪ੍ਰਕਾਸ਼ਿਤ ਕਰਵਾ ਦਿੱਤੇ। ਇਨ੍ਹਾਂ ਵਿੱਚੋਂ ਬਹੁਤੇ ਲੇਖਾਂ ਉੱਪਰ ਵਿਸ਼ਵ ਦੇ ਬਹੁਤ ਸਾਰੇ ਮਾਰਕਸੀ ਚਿੰਤਕਾਂ ਨੇ ਗਾਹੇ-ਬਗਾਹੇ ਵਿਚਾਰ ਕੀਤੀ। ਇਨ੍ਹਾਂ ਲੇਖਾਂ ਵਿਚ ਪੇਸ਼ ਵਿਚਾਰਾਂ ਦਾ ਤੱਤਸਾਰ ਵੀ ਮਾਰਕਸ ਦੀ ਵਿਚਾਰਧਾਰਾ ਨਾਲ ਮੇਲ ਹੀ ਨਹੀਂ ਖਾਂਦਾ ਸਗੋਂ ਉਲਟ ਵੀ ਹੈ। ਇਹ ਹੀ ਨਹੀਂ ਮਾਰਕਸ ਖ਼ੁਦ ਵੀ ਇਨ੍ਹਾਂ ਲੇਖਾਂ ਨਾਲ ਹੋ ਰਹੀ ਛੇੜ-ਛਾੜ ਤੋਂ ਦੁਖੀ ਸੀ। ਐਡੋਲਫ ਕਲੱਸ ਨੂੰ 18 ਅਕਤੂਬਰ 1853 ਨੂੰ ਲਿਖੇ ਇਕ ਖ਼ਤ ਵਿਚ ਮਾਰਕਸ ਨੇ ਲਿਖਿਆ, ‘‘ਚੀਨ ਬਾਰੇ ਮੇਰੀ ਸਮੱਗਰੀ ਨੂੰ ਲਗਪਗ ਅੱਖਰ-ਅੱਖਰ ਚੋਰੀ ਕਰ ਲਿਆ, ਭਾਰਤ ਬਾਰੇ ਮੇਰੇ ਲੇਖ ਵਿਚ ਵੀ ਕੁਝ ਫੇਰ ਬਦਲ ਕੀਤੀ।’’ ਇੱਥੋਂ ਤਕ ਕਿ ਕੁਝ ਲੇਖਾਂ ਵਿਚ ਮਾਰਕਸ ਦਾ ਨਾਂ ਵੀ ਨਹੀਂ ਦਿੱਤਾ ਗਿਆ ਸੀ।
ਮਾਰਕਸ ਨੇ 1862 ਵਿਚ ਆ ਕੇ ਇਹ ਲੇਖ ਬੰਦ ਕਰਨ ਦਾ ਫ਼ੈਸਲਾ ਕੀਤਾ। ਪਹਿਲੇ ਦੌਰ ਦੇ ਲੇਖਾਂ ਵਿਚ ਮਾਰਕਸ ਤੱਥਾਂ ’ਤੇ ਜ਼ਿਆਦਾ ਨਿਰਭਰ ਕਰਦਾ ਹੈ ਅਤੇ ਤੱਥ ਉਸ ਨੂੰ ਦੁਜੈਲੇ ਸਰੋਤਾਂ ਦੇ ਰੂਪ ਵਿਚ ਬਸਤੀਵਾਦ ਅਫ਼ਸਰਸ਼ਾਹਾਂ ਅਤੇ ਈਸਟ ਇੰਡੀਆ ਕੰਪਨੀ ਦੀਆਂ ਰਿਪੋਰਟਾਂ ਤੋਂ ਮਿਲਦੇ ਹਨ। ਜਿਵੇਂ-ਜਿਵੇਂ ਉਹ ਇਨ੍ਹਾਂ ਤੱਥਾਂ ਦੀ ਤਾਰਕਿਕਤਾ ਪਛਾਣਦਾ ਗਿਆ, ਉਸ ਦੀਆਂ ਧਾਰਨਾਵਾਂ ਪੁਖ਼ਤਾ ਹੁੰਦੀਆਂ ਗਈਆਂ। ਮਾਰਕਸ ਦੀਆਂ ਭਾਰਤ ਬਾਰੇ ਇਨ੍ਹਾਂ ਲਿਖਤਾਂ ਵਿਚ ਈਸਟ ਇੰਡੀਆ ਕੰਪਨੀ ਦੀਆਂ ਸਾਲਾਨਾ ਰਿਪੋਰਟਾਂ, ਬਰਤਾਨਵੀ ਸੰਸਦ ਦੀਆਂ ਕਾਰਵਾਈਆਂ ਦੇ ਦਸਤਾਵੇਜ਼ਾਂ ਅਤੇ ਇੰਗਲੈਂਡ ਦੀਆਂ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਮੁੱਢਲੇ ਸਰੋਤਾਂ ਦੇ ਰੂਪ ਵਿਚ ਨਜ਼ਰ ਆਉਂਦੀਆਂ ਹਨ। ਅੰਗਰੇਜ਼ ਸੁਧਾਰਵਾਦੀਆਂ ਦੀਆਂ ਕੁਝ ਕਿਤਾਬਾਂ, ਜੋ ਭਾਰਤ ਬਾਰੇ ਇਤਿਹਾਸ ਦੇ ਨਜ਼ਰੀਏ ਤੋਂ ਲਿਖੀਆਂ ਸਨ, ਉਸ ਨੇ ਵਿਸ਼ੇਸ਼ ਤੌਰ ’ਤੇ ਪੜ੍ਹੀਆਂ ਅਤੇ ਉਨ੍ਹਾਂ ਬਾਰੇ ਕਾਟਵੇਂ ਵਿਚਾਰ ਪੇਸ਼ ਕੀਤੇ। ਵਿਲੀਅਮ ਜੋਨਜ਼ ਵਲੋਂ ਕੀਤਾ ‘ਮਨੂ ਸਮ੍ਰਿਤੀ’ ਦਾ ਅਨੁਵਾਦ ਅਤੇ ਫਰੈਂਕੋਇਸ ਬਰਨੀਅਰ ਦੀਆਂ ਯਾਤਰਾਵਾਂ ਦੇ ਹਵਾਲੇ ਵੀ ਉਸ ਨੇ ਵਿਸ਼ੇਸ਼ ਤੌਰ ’ਤੇ ਪੜ੍ਹੇ ਅਤੇ ਆਪਣੇ ਹਵਾਲਿਆਂ ਵਜੋਂ ਕੁਝ ਸਮੱਗਰੀ ਨੂੰ ਵਰਤਿਆ। ਇਨ੍ਹਾਂ ਵਿਚੋਂ ਕੁਝ ਸਮੱਗਰੀ ਸਰਮਾਇਆ ਦੀ ਪਹਿਲੀ ਸੈਂਚੀ ਵਿਚ ਇਸਤੇਮਾਲ ਕੀਤੀ। ਉਸ ਦੇ ਸਮਕਾਲ ਵਿਚ ਬਸਤੀਵਾਦੀ ਚਿੰਤਨ ਵਿਚ ਦੋ ਧੁਨੀਆਂ ਖ਼ਾਸ ਤੌਰ ’ਤੇ ਸਾਹਮਣੇ ਆਉਂਦੀਆਂ ਹਨ। ਪਹਿਲੇ ਵਰਗ ਵਿਚ ਉਹ ਚਿੰਤਕ ਹਨ, ਜਿਹੜੇ ਬਸਤੀਵਾਦੀ ਪੂੰਜੀਵਾਦ ਨੂੰ ਪੱਛੜੇ ਦੇਸ਼ਾਂ ਲਈ ਇਕ ਵਰਦਾਨ ਵਜੋਂ ਪੇਸ਼ ਕਰਦੇ ਸਨ। ਉਨ੍ਹਾਂ ਦਾ ਪੂਰਾ ਜ਼ੋਰ ਇਸ ਗੱਲ ’ਤੇ ਸੀ ਕਿ ਭਾਰਤ ਸਮੇਤ ਸਾਰੀਆਂ ਬਸਤੀਆਂ ਅੰਗਰੇਜ਼ਾਂ ਦੇ ਉੱਥੇ ਆਉਣ ਤੋਂ ਪਹਿਲਾਂ ਅਸੱਭਿਅਕ ਕਸ਼ਮਕਸ਼ ਵਿਚੋਂ ਗੁਜ਼ਰ ਰਹੀਆਂ ਸਨ। ਉਨ੍ਹਾਂ ਦਾ ਕੋਈ ਇਤਿਹਾਸ ਜਾਂ ਸੱਭਿਆਚਾਰ ਵਿਰਸਾ ਤਾਂ ਸੀ ਹੀ ਨਹੀਂ ਅਤੇ ਉਹ ਪਿਛਾਂਹ ਖਿੱਚੂ ਜੀਵਨ ਮੁੱਲਾਂ ਵਾਲੀ ਰਾਜਾਸ਼ਾਹੀ ਅਧੀਨ ਪਿਸ ਰਹੀ ਲੋਕਾਈ ਵਾਲੇ ਦੇਸ਼ ਸਨ, ਜਿਨ੍ਹਾਂ ’ਤੇ ਹਮਲਾਵਰ ਹਮਲੇ ਕਰਕੇ ਉਨ੍ਹਾਂ ਨੂੰ ਲੁੱਟਦੇ ਰਹਿੰਦੇ ਸਨ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਨਵੀਆਂ/ਆਧੁਨਿਕ/ਸੱਭਿਅਕ ਕੀਮਤਾਂ ਤੋਂ ਜਾਣੂ ਕਰਾਇਆ। ਪੱਛਮੀ ਦੁਨੀਆਂ ਨੂੰ ਆਪਣੀ ਇਸ ‘ਨੇਕਨੀਤੀ’ ਤੋਂ ਜਾਣੂ ਕਰਾਉਣ ਲਈ ਅੰਗਰੇਜ਼ ਇਤਿਹਾਸਕਾਰਾਂ ਦਾ ਇਹ ਵਰਗ ਭਾਰਤ ਦੇ ਇਤਿਹਾਸ ਅਤੇ ਸਮਾਜਿਕ ਸੰਰਚਨਾ ਦੀ ਅਣਘੜ ਤਸਵੀਰ ਆਪਣੀਆਂ ਲਿਖਤਾਂ ਵਿਚ ਪੇਸ਼ ਕਰਦਾ ਹੈ। ਦੂਜਾ ਵਰਗ ਉਨ੍ਹਾਂ ਲੋਕਾਂ ਦਾ ਸੀ ਜਿਹੜੇ ਬਰਤਾਨਵੀ ਸੰਸਦ ਵਿਚ ਵਿਰੋਧੀ ਮਤ ਦੀ ਭੂਮਿਕਾ ਵਿਚ ਸਨ। ਇਨ੍ਹਾਂ ਵਿਚ ਵਧੇਰੇ ਕਰਕੇ ਉਹ ‘ਲਾਰਡ’ ਸਨ ਜਿਨ੍ਹਾਂ ਦੀ ਰਾਠਸ਼ਾਹੀ ਨੂੰ ਸਤਾਰਵੀਂ ਸਦੀ ਦੇ ਅੱਧ ਤੋਂ ਹੀ ਸਨਅਤੀ ਵਿਕਾਸ ਦੇ ਸਿੱਟੇ ਵਜੋਂ ਪੈਦਾ ਹੋਈ ਪ੍ਰਭਾਵਸ਼ਾਲੀ ਬੁਰਜੁਆਜ਼ੀ ਸੀਮਤ ਕਰ ਰਹੀ ਸੀ। ਭਾਰਤ ਸਬੰਧੀ ਬਰਤਾਨਵੀ ਸੰਸਦ ਵਿਚ ਪੇਸ਼ ਹੁੰਦੇ ਬਿੱਲ, ਸੁਧਾਰਾਂ ਦੇ ਮਸੌਦੇ ਅਤੇ ਤਜਵੀਜ਼ਾਂ ਇਨ੍ਹਾਂ ਸੁਧਾਰਵਾਦੀਆਂ ਦੇ ਮੱਤ ਨੂੰ ਪੇਸ਼ ਕਰਦੀਆਂ ਹਨ। ਇਹ ਵਰਗ ਵਧ ਰਹੀ ਸਨਅਤੀ ਪੂੰਜੀ ਦੇ ਹਿੱਤਾਂ ਲਈ ਬਸਤੀਆਂ ਦੇ ਸ਼ੋਸ਼ਣ ਦੇ ਵਿਰੋਧੀ ਸਨ ਪਰ ਇਨ੍ਹਾਂ ਦਾ ਮੰਤਵ ਭਾਰਤੀ ਲੋਕਾਂ ਦੀ ਮੁਕਤੀ ਹਰਗਿਜ਼ ਨਹੀਂ ਸੀ।
ਭਾਰਤੀ ਇਤਿਹਾਸ ਦਾ ਅਧਿਐਨ ਮਾਰਕਸ ਉਤਪਾਦਨ ਦੀਆਂ ਚਾਰ ਵਿਧੀਆਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਨ੍ਹਾਂ ਨੇ ਸਮੁੱਚੇ ਸਮਾਜ ਦੇ ਵਿਕਾਸ ਨੂੰ ਨਿਰਧਾਰਤ ਕੀਤਾ। ਇਹ ਵਿਧੀਆਂ ਸਨ: (1) ਏਸ਼ਿਆਈ ਉਤਪਾਦਨ ਵਿਧੀ (2) ਦਾਸ ਪ੍ਰਥਾ (3) ਸਾਮੰਤੀ ਅਤੇ (4) ਪੂੰਜੀਵਾਦੀ ਉਤਪਾਦਨ ਵਿਧੀ। ਇੱਥੇ ਮਾਰਕਸ ਦਾ ਏਸ਼ਿਆਈ ਵਿਧੀ ਤੋਂ ਭਾਵ ਸਮਾਜ ਦੇ ਉਤਪਾਦਨੀ ਵਿਕਾਸ ਦੀ ਉਹ ਮੁੱਢਲੀ ਅਵਸਥਾ ਸੀ, ਜਿਹੜੀ ਭਾਰਤ ਤੋਂ ਆਇਰਲੈਂਡ ਤਕ ਫੈਲੀ ਹੋਈ ਸੀ ਤੇ ਆਦਿਮ ਸਾਮਵਾਦੀ ਸਮਾਜ ਦੇ ਅਵਸ਼ੇਸ਼ਾਂ ਤੋਂ ਲੈ ਕੇ ਕਬੀਲਾ ਸਮਾਜ ਅਤੇ ਨਿੱਜੀ ਸੰਪਤੀ ਦੇ ਰੁਝਾਨ ਦੀਆਂ ਕਈ ਰਲੀਆਂ-ਮਿਲੀਆਂ ਧੁਨੀਆਂ ਸਨ। ਮਾਰਕਸ ਸਪੱਸ਼ਟ ਕਰਦਾ ਹੈ ਕਿ ਸਾਰੇ ਸਮਾਜਾਂ ਦੀ ਪਹਿਲੀ ਅਵਸਥਾ ਵਿਚ ਮਾੜੇ-ਮੋਟੇ ਫ਼ਰਕ ਨਾਲ ਇਹ ਉਤਪਾਦਨੀ ਵਿਧੀ ਕਾਰਜਸ਼ੀਲ ਰਹਿੰਦੀ ਹੈ। ਮਾਰਕਸ ਇਸ ਵਿਧੀ ਦੇ ਲੱਛਣਾਂ ਦੀ ਵਿਆਖਿਆ ਕਰਦਿਆਂ ਦੱਸਦਾ ਹੈ ਕਿ ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਤਕ ਇਹ ਵਿਧੀ ਪ੍ਰਭਾਵੀ ਸੀ। ਜ਼ਮੀਨ ਪੂਰੇ ਪਿੰਡ ਦੀ ਸਾਂਝੀ ਮਲਕੀਅਤ ਹੁੰਦੀ ਸੀ ਤੇ ਇਸ ਉੱਪਰ ਸਮੂਹਿਕ ਤਰਜ਼ ਦੀ ਖੇਤੀ ਹੁੰਦੀ ਸੀ। ਨਿੱਜੀ ਸੰਪਤੀ ਦੀ ਅਣਹੋਂਦ ਵਿਚ ਕਿਰਤ ਦਾ ਸ਼ੋਸ਼ਣੀ ਸਰੂਪ ਸਮੂਹਿਕ ਹਿੱਤਾਂ ਨਾਲ ਨਹੀਂ ਜੁੜ ਸਕਿਆ। ਇਸ ਲਈ ਭਾਰਤੀ ਲੋਕਾਂ ਵਿਚ ਆਮ ਤੌਰ ’ਤੇ ਜਮਾਤੀ ਸੰਘਰਸ਼ ਦਾ ਸਿੱਧਾ ਹਿੱਸਾ ਬਣਨ ਦੀ ਭਾਵਨਾ ਪੈਦਾ ਨਹੀਂ ਹੋਈ। ਨਿੱਜੀ ਸੰਪਤੀ ਅਤੇ ਸਮੂਹਿਕਤਾ ਦਾ ਇਹ ਸੰਕਲਪ ਜਿਸ ਦੇ ਆਧਾਰ ’ਤੇ ਮਾਰਕਸ ਅਤੇ ਏਂਗਲਜ਼ ਨੇ ਏਸ਼ਿਆਈ ਉਤਪਾਦਨ ਵਿਧੀ ਦੇ ਵਿਧਾਨ ਨੂੰ ਉਸਾਰਿਆ ਬਹੁਤ ਪੇਚੀਦਾ ਮਸਲਾ ਹੈ। ਏਂਗਲਜ਼ ਅਨੁਸਾਰ ਜਦੋਂ ਸਮੂਹਿਕ ਸੰਪਤੀ ਦੀ ਥਾਂ ਨਿੱਜੀ ਭਾਂਤ ਦੀ ਮਾਲਕੀ ਲੈ ਲੈਂਦੀ ਹੈ ਤਾਂ ਵਰਗਹੀਣ ਸਮਾਜ ਦੀ ਜਗ੍ਹਾ ਵਰਗ ਯੁਕਤ ਸਮਾਜ ਆ ਜਾਂਦਾ ਹੈ। ਰਾਜਸੱਤਾ ਦੀ ਉਤਪਤੀ ਉਸੇ ਵਿਚੋਂ ਹੁੰਦੀ ਹੈ। ਕਿਉਂਕਿ ਭਾਰਤ ਵਿਚ ਪਿੰਡ ਦੀ ਇਕਾਈ ਖੇਤੀਯੋਗ ਜ਼ਮੀਨ ਦੀ ਸਮੂਹਿਕ ਮਾਲਕੀ ਨਾਲ ਜੁੜੀ ਸੀ ਇਸ ਲਈ ਉਸ ਨੇ ਰਾਜ ਪੱਧਰ ’ਤੇ ਹਰ ਕਾਬਜ਼ ਧਿਰ ਨੂੰ ਸਵੀਕਾਰਿਆ। ਮਾਰਕਸ ਨੇ ਭਾਰਤੀ ਕਿਰਤ ਪ੍ਰਬੰਧ ਦੀ ਤਹਿ ਵਿਚ ਗਤੀਸ਼ੀਲ ਵਰਣ-ਵਿਵਸਥਾ ਦੀ ਪਛਾਣ ਕੀਤੀ, ਜਿਸ ਆਧਾਰ ’ਤੇ ਉਹ ਪੇਂਡੂ-ਵਿਵਸਥਾ ਵਿਚ ਕਿਰਤ ਵੰਡ ਦੀ ਵਿਆਖਿਆ ਕਰਦਾ ਹੈ ਪਰ ਇਹ ਪਹੁੰਚ ਦੀ ਕਮਜ਼ੋਰੀ ਇਹ ਰਹੀ ਕਿ ਸਮੁੱਚੇ ਭਾਰਤ ਨੂੰ ਇਸ ਦ੍ਰਿਸ਼ਟੀ ਤੋਂ ਇੱਕੋ ਰੱਸੇ ਬੰਨ੍ਹਣ ਦੀ ਕੋਸ਼ਿਸ਼ ਹੋਈ। ਉੱਤਰ-ਪੱਛਮੀ ਭਾਰਤ ਦੀ ਭੂਗੋਲਿਕਤਾ ਦੇ ਮੱਦੇਨਜ਼ਰ ਹਰ ਸਮੇਂ ਵਿਦੇਸ਼ੀ ਧਾੜਵੀਆਂ ਦੇ ਖ਼ਤਰੇ ਹੇਠ ਜੀਣ ਕਾਰਨ ਉੱਥੋਂ ਦੇ ਸਭਿਆਚਾਰ ਵਿਚ ਜੋ ਸਹਿਚਾਰ ਪੈਦਾ ਹੋਇਆ ਅਤੇ ਇਸਲਾਮ ਦੀ ਆਮਦ ਦੇ ਬਾਅਦ ਧਰਮ ਪਰਿਵਰਤਨ ਦੀ ਜੋ ਪ੍ਰਕਿਰਿਆ ਚੱਲੀ ਅਤੇ ਮੱਧਯੁਗੀ ਭਗਤੀ ਲਹਿਰਾਂ ਦੇ ਪ੍ਰਭਾਵ ਵੱਸ ਹਾਸ਼ੀਆਗਤ ਧਿਰਾਂ ਵਿਚ ਉਪਜੇ ਆਤਮ ਵਿਸ਼ਵਾਸ ਨਾਲ ਸਮਾਜ ਦੇ ਅੰਤਰਿਕ ਸੰਘਰਸ਼ ਦਾ ਜੋ ਸਰੂਪ ਬਣਿਆ, ਉਸ ਨੇ ਦੱਖਣੀ ਭਾਰਤ ਦੇ ਮੁਕਾਬਲੇ ਇੱਥੋਂ ਦੀ ਸਮਾਜਿਕ-ਵਿਵਸਥਾ ਨੂੰ ਰਤਾ ਮੋਕਲੀ ਹੀ ਕੀਤਾ। ਇਨ੍ਹਾਂ ਤੱਥਾਂ ਤਕ ਮਾਰਕਸ/ਏਂਗਲਜ਼ ਦੀ ਰਸਾਈ ਨਾ ਹੋ ਸਕੀ। ਸਿੱਟੇ ਵਜੋਂ ਉਸ ਨੇ ਭਾਰਤੀ ਪੇਂਡੂ-ਸਮਾਜ ਦਾ ਜੋ ਖ਼ਾਕਾ ਉਸਾਰਿਆ ਉਹ ਅੰਸ਼ਿਕ ਤੌਰ ’ਤੇ ਸਹੀ ਸੀ।
ਮਾਰਕਸ ਦੇ ਭਾਰਤ ਬਾਰੇ ਲੇਖਾਂ ਵਿਚ ਉਸ ਦਾ ਵਧੇਰੇ ਧਿਆਨ ਪੂੰਜੀਵਾਦ ਦੇ ਬਸਤੀਵਾਦੀ ਸਰੂਪ ਦੀ ਕਰੂਰਤਾਂ ਉੱਪਰ ਕੇਂਦਰਿਤ ਰਹਿੰਦਾ ਹੈ। ਉਹ ਭਾਰਤ ਦੇ ਸਮਾਜ ਨੂੰ ਪੂਰਵ ਬਸਤੀਵਾਦ ਅਤੇ ਬਸਤੀਵਾਦੀ ਵਿਹਾਰ ਦੋ ਭਾਗਾਂ ਵਿਚ ਵੰਡ ਕੇ ਦੇਖਦਾ ਹੈ ਅਤੇ ਉਨ੍ਹਾਂ ਸ਼ੋਸ਼ਣੀ ਚਿੰਨ੍ਹਾਂ ਨੂੰ ਉਜਾਗਰ ਕਰਦਾ ਹੈ, ਜਿਨ੍ਹਾਂ ਨੇ ਇਨ੍ਹਾਂ ਸਵੈ-ਨਿਰਭਰ ਬਸਤੀਆਂ ਨੂੰ ਬਰਤਾਨਵੀ ਪੂੰਜੀਵਾਦ ਲਈ ਕਰ ਉਤਪਾਦਨ ਕਰਨ ਵਾਲੀਆਂ ਇਕਾਈਆਂ ਵਿਚ ਤਬਦੀਲ ਕਰ ਦਿੱਤਾ ਹੈ। ਪੂੰਜੀਵਾਦ ਦੀ ਅੰਤਰਰਾਸ਼ਟਰੀ ਮੁਨਾਫ਼ਾਖੋਰੀ ਨਾਲ ਜੁੜਨ ਪਿੱਛੋਂ ਇਨ੍ਹਾਂ ਪੇਂਡੂ ਇਕਾਈਆਂ ਵਿਚ ਨਾਂਹਪੱਖੀ ਤਬਦੀਲੀਆਂ ਦਾ ਜੋ ਸਰੂਪ ਪ੍ਰਗਟ ਹੋਇਆ, ਉਸ ਦੀ ਤਹਿ ਵਿਚ ਇੱਥੋਂ ਦੀ ਖੇਤੀਬਾੜੀ ਨੂੰ ਮਨਚੈਸਟਰ ਦੀਆਂ ਮਿੱਲਾਂ ਲਈ ਕੱਚੇ ਮਾਲ ਦੇ ਉਤਪਾਦਨੀ ਸਰੋਤਾਂ ਵਿਚ ਵਟਾ ਦੇਣਾ ਅਤੇ ਉਦਯੋਗਾਂ ਦੀ ਤਬਾਹੀ ਕਰਕੇ ਬਰਤਾਨਵੀ ਤਿਆਰ ਮਾਲ ਦੀ ਵਿਕਰੀ ਦੀਆਂ ਸੰਭਾਵਨਾਵਾਂ ਵਧਾਉਣਾ ਸ਼ਾਮਿਲ ਸੀ। ਭਾਰਤ ਦੀ ਲੁੱਟ ਦੀਆਂ ਬਸਤੀਵਾਦੀ ਤਰਕੀਬਾਂ ਜਿਵੇਂ ਖੇਤੀ ਸੁਧਾਰਾਂ ਦੇ ਨਾਂ ’ਤੇ ਕੀਤਾ ਗਿਆ ਟੈਕਸਾਂ ਦਾ ਕੇਂਦਰੀਕਰਨ ਅਤੇ ਨਵਾਂ ਨਕਦ ਪ੍ਰਬੰਧ ਵਿਸ਼ੇਸ਼ ਤੌਰ ’ਤੇ ਮਾਰਕਸ ਦੇ ਧਿਆਨ ਦਾ ਕੇਂਦਰ ਰਹੀਆਂ। ਮਾਰਕਸ ਨੇ ਇਸ ਨੂੰ ਕਿਸੇ ਖ਼ਾਸ ਖਿੱਤੇ ਦੇ ਜੀਵਨ ਦੀ ਤਰਜ਼ ਵਿਚ ਨਾਂਹਮੁਖੀ ਪੂੰਜੀਵਾਦੀ ਦਖ਼ਲ ਕਿਹਾ। ਇਨ੍ਹਾਂ ਸਭ ਤਰਕੀਬਾਂ ਦੇ ਸਿੱਟੇ ਵਜੋਂ ‘ਸਭਿਅਕ’ ਹੋ ਰਹੀ ਭਾਰਤੀ ਲੋਕਾਈ ਜਿਵੇਂ ਗ਼ਰੀਬੀ, ਭੁੱਖਮਰੀ, ਅਕਾਲ ਅਤੇ ਹੈਜੇ ਦਾ ਸ਼ਿਕਾਰ ਬਣੇ ਉਹ ਸਭ ਸਰੋਕਾਰ ਮਾਰਕਸ ਦੇ ਭਾਰਤ ਬਾਰੇ ਚਿੰਤਨ ਦੇ ਉੱਭਰਵੇਂ ਸੂਤਰ ਹਨ।
ਮਾਰਕਸ ਬਸਤੀਵਾਦ ਦੀ ਇਸ ਲੁੱਟ ਵਿਚੋਂ ਹੀ ਭਾਰਤੀ ਸਮਾਜ ਦੀ ਮੁਕਤੀ ਦੀਆਂ ਸੰਭਾਵਨਾਵਾਂ ਦੇਖ ਰਿਹਾ ਸੀ। ਵਿਸ਼ੇਸ਼ ਕਰਕੇ ਭਾਰਤੀ ਰਾਠਸ਼ਾਹੀ ਦੇ ਅਧਿਕਾਰਾਂ ਨੂੰ ਖੋਹਣ ਬਾਰੇ ਉਸ ਦਾ ਨਜ਼ਰੀਆ ਹਾਂਵਾਦੀ ਆਸ਼ਾਵਾਦ ਨਾਲ ਭਰਿਆ ਪਿਆ ਸੀ। ਨਾਲ ਹੀ ਪੂੰਜੀਵਾਦੀ ਵਿਰੋਧਤਾਵਾਂ ਦੇ ਉਜਾਗਰ ਹੋਣ ਲਈ ਉਹ ਭਾਰਤ ਵਿਚ ਰੇਲਵੇ ਦੇ ਪਸਾਰ ਨੂੰ ਮਹੱਤਵਪੂਰਨ ਮੰਨਦਾ ਸੀ। 1857 ਦੇ ਗ਼ਦਰ ਸਮੇਂ ਉਹ ਭਾਰਤੀ ਰਾਜਾਸ਼ਾਹੀ ਦੀ ਭੂਮਿਕਾ ਨੂੰ ਵਧੇਰੇ ਹਮਦਰਦੀ ਨਾਲ ਦੇਖਦਾ ਸੀ ਅਤੇ ਭਾਰਤੀ ਸਨਅਤਾਂ ਦੀ ਸਥਾਪਨਾ ਨੂੰ ਪ੍ਰੋਲੇਤਾਰੀ ਚੇਤਨਾ ਦੀ ਉਤਪਤੀ ਦੇ ਕਾਰਨ ਮੰਨਦਾ ਸੀ।
ਸੰਪਰਕ: 94654-64502