ਅੰਮ੍ਰਿਤਾ ਪ੍ਰੀਤਮ ਦਾ ਕੋਈ ਸਾਨੀ ਨਹੀਂ

ਅੰਮ੍ਰਿਤਾ ਪ੍ਰੀਤਮ ਦਾ ਕੋਈ ਸਾਨੀ ਨਹੀਂ

ਕੁਲਵੰਤ ਸਿੰਘ ਸੂਰੀ
ਸਾਹਿਤਕ ਯਾਦ

ਮੈਂ ਉਦੋਂ ਮਸਾਂ ਪੰਦਰਾਂ ਕੁ ਵਰ੍ਹਿਆਂ ਦਾ ਹੋਵਾਂਗਾ ਜਦੋਂ ਮੈਂ ਅੰਮ੍ਰਿਤਾ ਪ੍ਰੀਤਮ (ਉਦੋਂ ਉਹ ਆਪਣਾ ਨਾਮ ਅੰਮ੍ਰਿਤ ਕੌਰ ਲਿਖਦੀ ਸੀ) ਨੂੰ ਮਿਲਿਆ। ਉਦੋਂ ਅੰਮ੍ਰਿਤਾ ਦੀ ਇਸ ਕਵਿਤਾ ਦੀਆਂ ਸਤਰਾਂ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੀਆਂ ਹੋਈਆਂ ਸਨ:

ਵੇ ਲੋਕੋ ਅੱਜ ਮੈਨੂੰ ਰੋਕੋ ਨਾ

ਮੈਨੂੰ ਜੀ ਭਰ ਖ਼ੁਸ਼ੀ ਮਨਾਣ ਦਿਉ

ਮਨ ਆਈਆਂ ਕਰਨ ਕਰਾਣ ਦਿਉ

ਹੌਲੀ ਹੌਲੀ ਮੈਂ ਅੰਮ੍ਰਿਤਾ ਦੀ ਕਵਿਤਾ ਦਾ ਉਪਾਸ਼ਕ ਹੁੰਦਾ ਰਿਹਾ। ਕਿੱਤੇ ਵਜੋਂ ਮੈਂ ਪ੍ਰਕਾਸ਼ਕ ਸਾਂ ਅਤੇ ਕੁਝ 

ਸਮਾਂ ਪੰਜਾਬੀ ਪਬਲਿਸ਼ਰਜ਼ ਐਸੋਸੀਏਸ਼ਨ (ਰਜਿਸਟਰਡ) ਦਾ ਪ੍ਰਧਾਨ ਵੀ ਰਿਹਾ, ਪਰ ਪ੍ਰਕਾਸ਼ਕ ਹੋਣ ਨਾਲੋਂ 

ਇਕ ਪਾਠਕ ਵਧੇਰੇ ਸਾਂ। ਪੰਜਾਬੀ ਦੀ ਕੋਈ ਵੀ ਨਵੀਂ ਕਿਤਾਬ ਛਪਦੀ ਤਾਂ ਮੇਰਾ ਯਤਨ ਹੁੰਦਾ ਕਿ ਉਹ ਮੇਰੇ ਕੋਲ ਪਹੁੰਚੇ ਤੇ ਮੈਂ ਉਸ ਨੂੰ ਪੜ੍ਹਾਂ। ਪੜ੍ਹਨ ਪਿੱਛੋਂ ਲੇਖਕ ਨਾਲ ਨਿੱਜੀ ਸਾਂਝ ਬਣਾਉਣੀ ਮੇਰੀ ਰੁਚੀ ਸੀ। ਮੇਰੀ ਇੱਛਾ ਸੀ ਕਿ ਮੈਂ ਅੰਮ੍ਰਿਤਾ ਦੀਆਂ ਕੁਝ ਕਿਤਾਬਾਂ ਸੁੰਦਰ ਰੂਪ ਵਿਚ ਛਾਪਾਂ। ਜਦੋਂ ਮੈਂ ਅੰਮ੍ਰਿਤਾ ਨੂੰ ਆਪਣੀ ਇੱਛਾ ਦੱਸੀ ਤਾਂ ਉਹ ਬਹੁਤ ਖ਼ੁਸ਼ ਹੋਈ। ਦਿੱਲੀ ਹੌਜ਼ ਖ਼ਾਸ ਵਿਚ ਅੰਮ੍ਰਿਤਾ ਦੇ ਘਰ 

ਸ਼ਾਮ ਵੇਲੇ ਇਹ ਗੱਲਬਾਤ ਹੋ ਰਹੀ ਸੀ। ਕੋਲ ਇਮਰੋਜ਼ ਬੈਠਾ ਸੀ। ਉਦੋਂ ਇਮਰੋਜ਼ ਦਾ ਨਾਂ ਇੰਦਰਜੀਤ ਸੀ ਤੇ ਅੰਮ੍ਰਿਤਾ ਉਸ ਨੂੰ ਜੀਤੀ ਕਹਿ ਕੇ ਬੁਲਾਉਂਦੀ ਸੀ।

ਫਿਰ ਅੰਮ੍ਰਿਤਾ ਦੀਆਂ ਕਿਤਾਬਾਂ ਛਾਪਣ ਦੀ ਗੱਲ ਹੋਈ। ਉਸ ਦਾ ਸ਼ਿਕਵਾ ਸੀ ਕਿ ਪ੍ਰਕਾਸ਼ਕ ਪੈਸੇ ਨਹੀਂ ਦੇਂਦੇ। ਮੈਂ ਉਹਦਾ ਭਰਮ ਦੂਰ ਕਰਨ ਲਈ ਉਸ ਨੂੰ ਕੁਝ ਪੈਸੇ ਉਸੇ ਸਮੇਂ ਦੇ ਦਿੱਤੇ ਤੇ ਪਿੱਛੋਂ ਕੁਝ ਸਮੇਂ ਬਾਅਦ ਮੈਂ ਉਸ ਦੀਆਂ ਚਾਰ ਕਿਤਾਬਾਂ ‘ਪੱਥਰ ਗੀਟੇ’, ‘ਅਸ਼ੋਕਾ ਚੇਤੀ’, ‘ਲੰਮੀਆਂ ਵਾਟਾਂ’ ਅਤੇ ‘ਸਰਘੀ ਵੇਲਾ’ ਅਤਿ ਖ਼ੂਬਸੂਰਤ ਛਾਪੀਆਂ। ਅੰਮ੍ਰਿਤਾ ਕਿਤਾਬਾਂ ਦੀ ਦਿੱਖ ਦੇਖ ਕੇ ਨਿਹਾਲ ਹੋ ਗਈ ਅਤੇ ਉਸਨੇ ਮੈਨੂੰ ਲਿਖਿਆ:

ਕੁਲਵੰਤ ਜੀ,

ਮੇਰੀਆਂ ਕਿਤਾਬਾਂ ਨੂੰ ਜਿਸ ਖ਼ੂਬਸੂਰਤੀ ਨਾਲ ਤੁਸੀਂ ਛਾਪਿਆ ਹੈ, ਮੈਨੂੰ ਇਉਂ ਲੱਗਾ ਜਿਵੇਂ ਮੇਰਾ ਸਾਹਿਤਕ ਕੱਦ ਅੱਧੀ ਇੰਚ ਹੋਰ ਵਧ ਗਿਆ ਹੈ।

- ਅੰਮ੍ਰਿਤਾ

ਅੰਮ੍ਰਿਤਾ ਦਲੇਰ ਔਰਤ ਸੀ। ਕਵਿਤਾ ਉਸਦੇ ਰਗੋ ਰੇਸ਼ੇ ਵਿਚ ਸਮਾਈ ਹੋਈ ਸੀ। ਪਰ ਉਸਦੇ ਪਤੀ ਦਾ ਕਵਿਤਾ ਨਾਲ ਦੂਰ-ਨੇੜੇ ਦਾ ਕੋਈ ਰਿਸ਼ਤਾ ਨਹੀਂ ਸੀ। ਜਦੋਂ ਕਦੀ ਵੀ ਉਸਨੇ ਸ਼ਾਮ ਨੂੰ ਯਤਨ ਕਰਨਾ ਕਿ ਆਪਣੇ ਪ੍ਰੀਤਮ (ਪ੍ਰੀਤਮ ਸਿੰਘ ਕਵਾਤੜਾ) ਨੂੰ ਨਵੀਂ ਲਿਖੀ ਕਵਿਤਾ ਸੁਣਾਵੇ ਤਾਂ ਕਵਿਤਾ ਸੁਣਨ ਤੋਂ ਪਹਿਲਾਂ ਹੀ ਉਸ ਨੇ ਜੇਬ੍ਹ ਵਿਚੋਂ ਉੱਨ ਦਾ ਧਾਗਾ ਕੱਢ ਕੇ ਦੱਸਣਾ ਸ਼ੁਰੂ ਕਰ ਦੇਣਾ ਕਿ ਇਹ ਵੂਲ ਆਸਟਰੇਲੀਆ ਤੋਂ ਆਈ ਹੈ। ਇਸ ਦੀ ਪਹਿਲੀ ਕਨਸਾਈਨਮੈਂਟ ਵਿਚ ਹੀ ਹਜ਼ਾਰਾਂ ਰੁਪਏ ਬਚ ਜਾਣਗੇ। ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਇਕ ਕਵੀ ਮਨ ’ਤੇ ਕਵਿਤਾ ਦੇ ਉਤਰ ਵਿਚ ਮਿਲੇ ਇਸ ਜਵਾਬ ਦਾ ਕੀ ਅਸਰ ਪੈ ਸਕਦਾ ਹੈ। ...ਤੇ ਇਕ ਦਿਨ ਉਸ ਨੇ ਸਪਸ਼ਟ ਸ਼ਬਦਾਂ ਵਿਚ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਸਾਡੇ ਦੋਹਾਂ ਦੇ ਰਸਤੇ ਵੱਖੋ-ਵੱਖ ਹਨ। ਵੱਖ ਹੋਣ ਸਮੇਂ ਉਸ ਨੇ ਇਹ ਤੁਕ ਲਿਖੀ:

ਅੱਜ ਅਸਾਂ ਇਕ ਦੁਨੀਆ ਵੇਚੀ

ਤੇ ਦੀਨ ਵਿਹਾਜ ਲਿਆਏ, ਗੱਲ ਕੁਫ਼ਰ ਦੀ ਕੀਤੀ

ਤੇ ਤੀਸਰੇ ਦਿਨ ਬੋਰੀਆ ਬਿਸਤਰਾ ਬੰਨ੍ਹ ਕੇ ਉਹ ਇੰਦਰਜੀਤ ਕੋਲ ਪਹੁੰਚ ਗਈ। ਇਸ ਤੋਂ ਦੂਸਰੇ ਦਿਨ ਹੀ ਉਹ ਅੰਦਰੇਟਾ (ਪਾਲਮਪੁਰ) ਚਲੇ ਗਏ। ਉੱਥੇ ਮਹਾਨ ਕਲਾਕਾਰ ਸੋਭਾ ਸਿੰਘ ਆਰਟਿਸਟ ਰਹਿੰਦੇ ਸਨ। ਮੈਂ ਹੀ ਚਾਚਾ ਜੀ (ਸੋਭਾ ਸਿੰਘ ਆਰਟਿਸਟ) ਨੂੰ ਫੋਨ ਕੀਤਾ ਸੀ ਕਿ ਦੋ ਕਲਾਕਾਰ ਤੁਹਾਡੇ ਪਾਸ ਆ ਰਹੇ ਹਨ। ਸੋਭਾ ਸਿੰਘ ਜੀ ਆਰਟਿਸਟ ਆਪ ’ਕੱਲੇ-ਕਾਰੇ ਰਹਿੰਦੇ ਸਨ। ਉਨ੍ਹਾਂ ਨੇ ਕਿਸੇ ਦੀ ਕੀ ਆਓ ਭਗਤ ਕਰਨੀ ਸੀ। ਅੰਮ੍ਰਿਤਾ ਤੇ ਇੰਦਰਜੀਤ ਕੁਝ ਦਿਨ ਅੰਦਰੇਟੇ ਘੁੰਮ ਫਿਰ ਕੇ ਵਾਪਸ ਦਿੱਲੀ ਆ ਗਏ।

ਇਮਰੋਜ਼ ਬਹੁਤ ਉੱਚ ਪੱਧਰ ਦਾ ਆਰਟਿਸਟ ਹੈ। ਉਸ ਦੀ ਗੱਲਬਾਤ ਵਿਚੋਂ ਵੀ ਕਈ ਪ੍ਰਕਾਰ ਦੀ ਕਲਾ ਝਲਕਦੀ ਹੈ। ਮੈਨੂੰ ਇਕ ਦਿਨ ਦੱਸਣ ਲੱਗਾ ਕਿ ਉਹ ਤੇ ਅੰਮ੍ਰਿਤਾ ਇਕ ਦਿਨ ਕਾਰ ਵਿਚ ਜਾ ਰਹੇ ਸਨ ਕਿ ਪੁਲੀਸ ਨੇ ਉਨ੍ਹਾਂ ਦੀ ਕਾਰ ਰੋਕ ਲਈ ਤੇ ਮੈਨੂੰ ਆਖਣ ਲੱਗੇ ਕਿ ਬਾਹਰ ਨਿਕਲ ਕੇ ਕਾਰ ਦੀ ਡਿੱਗੀ ਖੋਲ੍ਹੋ। ਮੈਂ ਬਾਹਰ ਨਿਕਲ ਕੇ ਕਾਰ ਦੀ ਡਿੱਗੀ ਖੋਲ੍ਹ ਦਿੱਤੀ। ਸਾਰੀ ਡਿੱਗੀ ਵਿਚ ਨਜ਼ਰ ਮਾਰ ਕੇ ਆਖਣ ਲੱਗੇ ਕਿ ਹੁਣ ਇਹ ਡਿੱਗੀ ਬੰਦ ਕਰ ਦੇਵੋ। ਇਮਰੋਜ਼ ਨੇ ਪੁਲੀਸ ਵਾਲਿਆਂ ਨੂੰ ਪੁੱਛਿਆ ਕਿ ਡਿੱਗੀ ਕਿਸ ਕਰਕੇ ਖੁਲ੍ਹਵਾਈ ਸੀ। ਪੁਲੀਸ ਨੇ ਦੱਸਿਆ ਕਿ ਕਈ ਲੋਕ ਨਸ਼ੇ ਵਾਲੀਆਂ ਚੀਜ਼ਾਂ ਡਿੱਗੀ ਵਿਚ ਰੱਖ ਕੇ ਲੈ ਜਾਂਦੇ ਹਨ। ਉਸ ਮੂਰਖ ਨੂੰ ਇਹ ਨਹੀਂ ਪਤਾ ਲੱਗਾ ਕਿ ਨਸ਼ਾ ਤਾਂ ਮੇਰੀ ਕਾਰ ਦੀ ਨਾਲ ਵਾਲੀ ਸੀਟ ’ਤੇ ਬੈਠਾ ਹੋਇਆ ਹੈ।

ਭਾਰਤ ਪਾਕਿਸਤਾਨ ਦੀ ਵੰਡ ਪਿੱਛੋਂ ਵਾਰਿਸ ਸ਼ਾਹ ਨੂੰ ਯਾਦ ਕਰਦਿਆਂ ਅੰਮ੍ਰਿਤਾ ਦੀ ਕਵਿਤਾ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਦੋਹਾਂ ਦੇਸ਼ਾਂ ਦੇ ਦਿਲਾਂ ਦੀ ਧੜਕਣ ਬਣ ਗਈ। ਇਸ ਦੇ ਕੁਝ ਅੰਸ਼:

ਇਕ ਰੋਈ ਸੀ ਧੀ ਪੰਜਾਬ ਦੀ

ਤੂੰ ਲਿਖ ਲਿਖ ਮਾਰੇ ਵੈਣ।

ਅੱਜ ਲੱਖਾਂ ਧੀਆਂ ਰੋਂਦੀਆਂ

ਤੈਨੂੰ ਵਾਰਸ ਸ਼ਾਹ ਨੂੰ ਕਹਿਣ।

ਉੱਠ ਦਰਦਮੰਦਾਂ ਦਿਆ ਦਰਦੀਆ

ਉੱਠ ਤੱਕ ਆਪਣਾ ਪੰਜਾਬ।

ਅੱਜ ਬੇਲੇ ਲਾਸ਼ਾਂ ਵਿਛੀਆਂ

ਤੇ ਲਹੂ ਦੀ ਭਰੀ ਚਨਾਬ।

ਅੱਜ ਸਭੇ ਕੈਦੋਂ ਬਣ ਗਏ

ਹੁਸਨ ਇਸ਼ਕ ਦੇ ਚੋਰ।

ਅੱਜ ਕਿੱਥੋਂ ਲਿਆਈਏ ਲੱਭ ਕੇ

ਵਾਰਿਸ ਸ਼ਾਹ ਇਕ ਹੋਰ।

ਸੱਚਮੁੱਚ ਅੰਮ੍ਰਿਤਾ ਦਾ ਕੋਈ ਸਾਨੀ ਨਹੀਂ। ਪੰਜਾਬ ਦੀ ਵੰਡ ਸਮੇਂ ਹੋਈ ਕਤਲੋਗਾਰਤ ਤੇ ਲਹੂ-ਲੁਹਾਣ ਹੋਏ ਪੰਜਾਬ ਦੇ ਦਰਦ ਨੂੰ ਇਸ ਤੋਂ ਵੱਧ ਦਰਦੀਲੇ ਸ਼ਬਦਾਂ ਨਾਲ ਕੌਣ ਚਿਤਰ ਸਕਿਆ ਹੈ?

ਅੰਮ੍ਰਿਤਾ! ਤੈਨੂੰ ਅਦਾਬ! ਤੇਰੀ ਅਨੁਪਮ ਕਲਾ ਨੂੰ ਪ੍ਰਣਾਮ! ਤੈਨੂੰ ਸੌ ਵਾਰ ਸਿਜਦਾ!

ਸੰਪਰਕ: 98141-90504

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਓਲੰਪਿਕ ਮਹਿਲਾ ਹਾਕੀ: ਭਾਰਤ ਲਈ ਸੋਨ ਤਗਮੇ ਦੀ ਉਮੀਦ ਟੁੱਟੀ

ਅਰਜਨਟੀਨਾ ਦੀ ਟੀਮ ਨੇ 2-1 ਨਾਲ ਹਰਾਇਆ; ਕਾਂਸੀ ਦੇ ਤਗਮੇ ਲਈ ਭਾਰਤੀ ਖਿਡ...

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕੇਂਦਰ ਨੇ ਪੰਜਾਬ ਦੇ ਹੱਕਾਂ ’ਤੇ ਦੋਹਰਾ ਡਾਕਾ ਮਾਰਿਆ: ਸਿੱਧੂ

ਕਿਸਾਨਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਕੀਤਾ ਦਾਅਵਾ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਓਲੰਪਿਕ ਕੁਸ਼ਤੀ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਫਾਈਨਲ ਵਿੱਚ

ਚਾਂਦੀ ਦਾ ਤਗਮਾ ਪੱਕਾ ਕੀਤਾ, ਸੈਮੀ-ਫਾਈਨਲ ਵਿੱਚ ਕਜ਼ਾਖਸਤਾਨ ਦੇ ਸਾਨਾਯੇ...

ਸ਼ਹਿਰ

View All