ਕਲਾ ਜੁਗਤ

ਅੰਮ੍ਰਿਤ ਅਤੇ ਰਬਿੰਦਰ ਕੇ.ਡੀ. ਸਿੰਘ ਕੌਰ ਦੀ ਕ੍ਰਿਤ ਟਿਊਲਿਪ

ਅੰਮ੍ਰਿਤ ਅਤੇ ਰਬਿੰਦਰ ਕੇ.ਡੀ. ਸਿੰਘ ਕੌਰ ਦੀ ਕ੍ਰਿਤ ਟਿਊਲਿਪ

ਜਗਤਾਰਜੀਤ ਸਿੰਘ

ਜਗਤਾਰਜੀਤ ਸਿੰਘ

ਅੰਮ੍ਰਿਤ ਕੇ.ਡੀ. ਸਿੰਘ ਕੌਰ ਅਤੇ ਰਬਿੰਦਰ ਕੇ.ਡੀ. ਸਿੰਘ ਕੌਰ ਕੌਣ ਹਨ? ਇਹ ਪ੍ਰਸ਼ਨ ਆਮ ਲੋਕ ਹੀ ਨਹੀਂ ਸਗੋਂ ਕਲਾਕਾਰ ਵੀ ਪੁੱਛ ਲੈਂਦੇ ਹਨ। ਇਨ੍ਹਾਂ ਨੂੰ ਕੰਮ ਕਰਦਿਆਂ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜਾਣਨ ਵਾਲਿਆਂ ਵਿੱਚ ਇਹ ਟਵਿਨ ਸਿਸਟਰਜ਼, ਕੌਰ ਸਿਸਟਰਜ਼ ਅਤੇ ਸਿੰਘ ਟਵਿਨਜ਼ ਵਜੋਂ ਪ੍ਰਸਿੱਧ ਹਨ।

ਇਹ ਜੌੜੀਆਂ ਭੈਣਾਂ ਬਰਤਾਨੀਆ ਰਹਿੰਦੀਆਂ ਹਨ। ਇਨ੍ਹਾਂ ਦਾ ਜਨਮ ਵੀ ਉੱਥੋਂ ਦਾ ਹੈ। ਇਨ੍ਹਾਂ ਦੇ ਜੀਵਨ ਨਾਲ ਜੁੜੀ ਜਾਣਕਾਰੀ ਬਹੁਤ ਵਿਰਲੀ ਹੈ। ਇਨ੍ਹਾਂ ਦੇ ਪਿਤਾ ਡਾਕਟਰ ਹਨ ਅਤੇ ਅੰਮ੍ਰਿਤਸਰੋਂ ਚੱਲ ਬਰਤਾਨੀਆ ਜਾ ਵਸੇ।

ਜੌੜੀਆਂ ਭੈਣਾਂ ਅਕਾਦਮਿਕ ਖੇਤਰ ਵੱਲ ਜਾਂਦੀਆਂ-ਜਾਂਦੀਆਂ ਕਲਾ ਖੇਤਰ ਅੰਦਰ ਆ ਗਈਆਂ। ਇਨ੍ਹਾਂ ਦੇ ਕੰਮ ਕਰਨ ਦਾ ਆਪਣਾ ਅੰਦਾਜ਼ ਹੈ। ਬੁਰਸ਼ ਥੱਲੇ ਆਉਣ ਵਾਲੇ ਵਿਸ਼ਿਆਂ ਦਾ ਵੇਰਵਾ ਵਸੀਹ ਹੈ। ਕਿਸੇ ਹੋਰ ਆਧੁਨਿਕ ਚਿੱਤਰਕਾਰ ਦੇ ਕੰਮ ਵਿੱਚ ਨਾ ਤਾਂ ਅਜਿਹੀ ਵੰਨ-ਸੁਵੰਨਤਾ ਹੈ ਅਤੇ ਨਾ ਹੀ ਪਹੁੰਚ। ਮਿਸਾਲ ਵਜੋਂ ਅਸੀਂ ਜੌੜੀਆਂ ਭੈਣਾਂ ਦਾ ਬਣਾਇਆ ‘ਟਿਊਲਿਪ’ ਨਾਂ ਦਾ ਚਿੱਤਰ ਲੈ ਸਕਦੇ ਹਾਂ। ਟਿਊਲਿਪ ਇੱਕ ਫੁੱਲ ਹੁੰਦਾ ਹੈ। ਜਿੰਨੀ ਬਾਰੀਕਬੀਨੀ ਨਾਲ ਦ੍ਰਿਸ਼ ਰਚਿਆ ਹੈ, ਓਨੀਂ ਹੀ ਸ਼ਿੱਦਤ ਨਾਲ ਫੁੱਲ ਦੇ ਇਤਿਹਾਸਕ ਵੇਰਵਿਆਂ ਨੂੰ ਇਹਦੇ ਅੰਦਰ ਸਮਾਉਣ ਦੀ ਹਿੰਮਤ ਵੀ ਕੀਤੀ ਹੈ।

2005 ਵਿੱਚ ਬਣੇ ਲੰਬੇ ਰੁਖ਼ ਵਾਲੇ ਇਸ ਚਿੱਤਰ ਦਾ ਆਕਾਰ ਤੇਰਾਂ ਇੰਚ ਗੁਣਾ ਅੱਠ ਇੰਚ ਹੈ! ਨਿਸ਼ਚਿਤ ਹੈ ਇਹ ਕੋਈ ਵੱਡਾ ਆਕਾਰ ਨਹੀਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੂਲ ਦ੍ਰਿਸ਼ ਲਾਲ ਚੌੜੇ ਬਾਰਡਰ ਦੇ ਬਾਅਦ ਬਚੇ ਸਪੇਸ ਅੰਦਰ ਚਿਤਰਿਆ ਹੋਇਆ ਹੈ। ਅਸੀਂ ਸਹਿਜੇ ਹੀ ਇਸ ਨੂੰ ਲਘੂ ਚਿੱਤਰ ਸ਼੍ਰੇਣੀ ਵਿੱਚ ਰੱਖ ਸਕਦੇ ਹਾਂ। ਟਿਊਲਿਪ ਚਿੱਤਰ ਵਿੱਚ ਭਾਰਤੀ ਲਘੂ ਚਿੱਤਰ ਸ਼ੈਲੀਆਂ ਦੇ ਤੱਤ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਬਾਵਜੂਦ ਵੱਡੇ ਪੱਧਰ ਉਪਰ ਯਥਾਰਥਕ ਰਵਾਇਤ ਨੂੰ ਮਹੱਤਵ ਦਿੱਤਾ ਜਾ ਸਕਦਾ ਹੈ। ਇਹ ਦੋਵਾਂ ਭੈਣਾਂ ਦੇ ਕੰਮ ਦਾ ਗੁਣ ਹੈ।

ਸਿੰਘ ਟਵਿਨਜ਼ ਵਜੋਂ ਪ੍ਰਸਿੱਧ ਚਿੱਤਰਕਾਰ ਭੈਣਾਂ ਅੰਮ੍ਰਿਤ ਅਤੇ ਰਬਿੰਦਰ ਕੇ.ਡੀ. ਸਿੰਘ ਕੌਰ।

‘ਟਿਊਲਿਪ’ ਫੁੱਲ ਦਾ ਨਾਂ ਲੈਂਦਿਆਂ ਹੀ ਹਾਲੈਂਡ ਦੇਸ਼ ਦਾ ਚੇਤਾ ਆ ਜਾਂਦਾ ਹੈ ਕਿਉਂਕਿ ਇਨ੍ਹਾਂ ਫੁੱਲਾਂ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਉੱਥੇ ਹੁੰਦੀ ਹੈ। ਹੋਰ ਥਾਈਂ ਵੀ ਹੁੰਦੀ ਹੈ ਐਪਰ ਘੱਟ। ਓਦਾਂ ਤਾਂ ਜੰਮੂ ਕਸ਼ਮੀਰ ਵਿੱਚ ਵੀ ਇਹ ਫੁੱਲ ਉਗਾਇਆ ਜਾਂਦਾ ਹੈ।

ਸਿੰਘ ਟਵਿਨਜ਼ ਨੇ ਜਾਣਨਾ ਚਾਹਿਆ ਕਿ ਟਿਊਲਿਪ ਦਾ ਮੂਲ ਜਨਮ ਸਥਾਨ ਕਿਹੜਾ ਹੈ। ਚਿੱਤਰ ਦਾ ਆਧਾਰ-ਪਸਾਰ ਨਿਰੋਲ ਫੁੱਲ ਨਹੀਂ ਹੈ ਸਗੋਂ ਇਹਦੇ ਨਾਲ ਜੁੜੇ ਹੋਰ ਵੇਰਵੇ ਵੀ ਹਨ ਜਿਨ੍ਹਾਂ ਵੱਲ ਆਮ ਤੌਰ ’ਤੇ ਧਿਆਨ ਨਹੀਂ ਦਿੱਤਾ ਜਾਂਦਾ। ਚਿੱਤਰਕਾਰਾਂ ਨੇ ਇਸ ਫੁੱਲ ਦੇ ਮੂਲ ਸਥਾਨ ਦਾ ਪਤਾ ਕਰਨ ਦੇ ਨਾਲ ਉਸ ਦੇ ਹਾਲੈਂਡ ਪਹੁੰਚਣ ਦੀ ਕਥਾ ਵੀ ਜਾਣਨੀ ਚਾਹੀ। ਇਨ੍ਹਾਂ ਡੇਜ਼ੀ, ਡੈਫੋਡਿਲ ਤੋਂ ਇਲਾਵਾ ਰਸੋਈ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਪ੍ਰਤੀ ਵੀ ਇਹੋ ਪਹੁੰਚ ਅਪਣਾਈ ਹੈ। ਇਸ ਸਬੰਧ ਵਿੱਚ ਉਨ੍ਹਾਂ ਵਿਆਪਕ, ਪ੍ਰਭਾਵਸ਼ਾਲੀ ਚਿੱਤਰ ਲੜੀ ਤਿਆਰ ਕੀਤੀ ਹੈ।

ਟਿਊਲਿਪ ਦਾ ਅੱਖਰੀ ਅਰਥ ਹੈ ਪੂਰੀ ਤਰ੍ਹਾਂ ਪਿਆਰ ਵਿੱਚ ਲੱਥਿਆ ਹੋਇਆ। ਬਿਨਾਂ ਕਿਸੇ ਲਾਭ-ਹਾਨ ਦੀ ਪਛਾਣ ਕੀਤਿਆਂ ਪਿਆਰ ਕਰਨਾ।

ਇਹ ਫੁੱਲ ਪ੍ਰੇਮੀ-ਪ੍ਰੇਮਿਕਾ ਵੱਲੋਂ ਇੱਕ ਦੂਜੇ ਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਨ ਹਿੱਤ ਦਿੱਤਾ ਜਾਂਦਾ ਰਿਹਾ ਹੈ। ਮੂਲ ਰੂਪ ਵਿੱਚ ਇਹ ਲਾਲ ਹੀ ਹੁੰਦਾ ਸੀ। ਅੱਜਕੱਲ੍ਹ ਤਾਂ ਕਈ ਰੰਗਾਂ ਵਿੱਚ ਪ੍ਰਾਪਤ ਹੁੰਦੇ ਹਨ। ਫੁੱਲ ਦੇਣ ਵਾਲੇ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪ੍ਰੇਮੀ ਉਸ ਪ੍ਰਤੀ ਪੂਰਾ ਸਮਰਪਿਤ ਭਾਵ ਰੱਖੇ। ਇਸ ਨੂੰ ਦਿੰਦੇ ਜਾਂ ਲੈਂਦੇ ਸਮੇਂ ਇੱਕ ਦੂਜੇ ਪ੍ਰਤੀ ਵਫ਼ਾਦਾਰ ਰਹਿਣ ਦਾ ਪ੍ਰਣ ਵੀ ਲੈਣਾ ਪੈਂਦਾ ਹੈ। ਪਰਸ਼ੀਆ ਵਿੱਚ ਫੁੱਲ ਦਾ ਨਾਂ ‘ਦੁਲਬੰਧ’ ਸੀ ਜਿਸ ਦਾ ਅਰਥ ਸਿਰ ਬੱਧੀ ਪੱਗ ਹੈ। ਯੂਰੋਪ ਪਹੁੰਚਣ ਤੋਂ ਬਾਅਦ ਇਸ ਦਾ ਬਦਲਿਆ ਨਾਂ ਟਿਊਲਿਪ ਹੋ ਗਿਆ। ਉਹਦੇ ਬਾਅਦ ਹੁਣ ਸਾਰੇ ਸੰਸਾਰ ਵਿੱਚ ਇਹ ਆਪਣੇ ਨਵੇਂ ਨਾਂ ਨਾਲ ਪ੍ਰਸਿੱਧ ਹੈ।

ਮੂਲ ਚਿੱਤਰ ਅਨੁਸਾਰ ਅਤਿ ਸੁੰਦਰ ਇਸਤਰੀ ਦੇ ਪਿੱਛੇ ਖੜ੍ਹਾ ਮਰਦ ਖੱਬੇ ਹੱਥ ਨਾਲ ਉਸ ਨੂੰ ਟਿਊਲਿਪ ਫੁੱਲ ਪੇਸ਼ ਕਰਨ ਦੇ ਨਾਲ ਨਾਲ ਸੱਜੇ ਹੱਥ ਦੀਆਂ ਉਂਗਲਾਂ ਨਾਲ ਪ੍ਰੇਮਿਕਾ ਦੀ ਠੋਡੀ ਛੋਹ ਰਿਹਾ ਹੈ। ਪ੍ਰੇਮਿਕਾ ਦੀਆਂ ਬੰਦ ਅੱਖਾਂ ਉਸ ਅੰਦਰ ਜਾਗਰਿਤ ਹੋਏ ਅਕਹਿ ਸੁਖ ਨੂੰ ਦਰਸਾ ਰਹੀਆਂ ਹਨ ਜਦੋਂਕਿ ਪ੍ਰੇਮੀ ਦੀਆਂ ਖੁੱਲ੍ਹੀਆਂ ਅੱਖਾਂ ਉਸ ਨੂੰ ਦੇਖ ਕੇ ਦੂਸਰੀ ਤਰ੍ਹਾਂ ਦਾ ਸਕੂਨ ਮਹਿਸੂਸ ਕਰ ਰਹੀਆਂ ਹਨ। ਇਹ ਬਾਹਰੀ ਛੋਹ ਦਾ ਅੰਤਰੀਵ ਪ੍ਰਗਟਾਵਾ ਹੈ। ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਛੂਹ ਨਹੀਂ ਰਹੀ। ਉਸ ਦੇ ਹੱਥ ਖ਼ਾਸ ਮੁਦਰਾ ਬਣਾਉਂਦੇ ਹੋਏ ਉਪਰ ਵੱਲ ਨੂੰ ਹਨ। ਓਦਾਂ ਉਹ ਸਥਿਰ ਹੈ। ਪਰਸ਼ੀਆ ਰਹਿਣ ਵਾਲੇ ਜੋੜੇ ਦਾ ਮੇਲ ਕਿੱਥੇ ਜਾਂ ਕਿਸ ਵੇਲੇ ਹੋ ਰਿਹਾ ਹੈ, ਕੁਝ ਪਤਾ ਨਹੀਂ ਚੱਲ ਰਿਹਾ। ਹਾਂ, ਦੋਵੇਂ ਜਣੇ ਅਤਿ ਉੱਚ ਵਰਗ ਦੀ ਪ੍ਰਤੀਨਿਧਤਾ ਕਰ ਰਹੇ ਹਨ। ਦੋਵਾਂ ਦਾ ਲਿਬਾਸ ਬਾਰੀਕ, ਕਲਾਤਮਕ ਕਢਾਈ ਦੇ ਵਿਚ-ਵਿਚਾਲੇ ਮਹਿੰਗੇ ਹੀਰੇ-ਮੋਤੀਆਂ ਨਾਲ ਜੜਿਆ ਹੈ। ਪ੍ਰੇਮੀ ਜੋੜਾ, ਉਨ੍ਹਾਂ ਦੀ ਪੁਸ਼ਾਕ ਅਤੇ ਟਿਊਲਿਪ ਫੁੱਲ ਸਾਧਾਰਨ ਵਰਗ ਵੱਲ ਦੇ ਨਹੀਂ। ਬਾਹਾਂ, ਹੱਥ, ਪੈਰ ਵੰਨ-ਸੁਵੰਨੇ ਗਹਿਣਿਆਂ ਨਾਲ ਭਰਪੂਰ ਹਨ। ਮਰਦ ਦੇ ਕੰਨ-ਬਾਹਾਂ ਗਹਿਣਿਆਂ ਨਾਲ ਸਜੇ ਹਨ। ਦੇਖਣ ਵਾਲੇ ਨੂੰ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਪਾਈਆਂ ਵਸਤਾਂ ਭਾਰੀਆਂ-ਭਾਰੀਆਂ ਹਨ ਪਰ ਪ੍ਰੇਮ ਅਤੇ ਪ੍ਰੇਮ ਪ੍ਰਗਟਾਵਾ ਏਨਾ ਵਜ਼ਨੀ ਨਹੀਂ ਹੁੰਦਾ। ਪੇਸ਼ ਕੀਤਾ ਜਾ ਰਿਹਾ ਟਿਊਲਿਪ ਵੀ ਹੋਰ ਸਭ ਵਸਤਾਂ ਦੇ ਮੁਕਾਬਲੇ ਅਤਿ ਦਾ ਹਲਕਾ, ਪਰ ਮਹਿੰਗਾ ਹੈ।

ਪਰਸ਼ੀਅਨ ਪ੍ਰੇਮੀ-ਪ੍ਰੇਮਿਕਾ ਕਿੱਥੇ ਖੜ੍ਹੇ ਹਨ? ਇਹ ਨਾ ਘਰ ਹੈ ਨਾ ਬਾਹਰ, ਪਰ ਇਨ੍ਹਾਂ ਦੇ ਪੈਰਾਂ ਥੱਲੇ ਕਾਲੇ ਬਾਰਡਰ ਵਾਲਾ ਪੀਲਾ ਗਲੀਚਾ ਵੀ ਸੂਹੇ ਟਿਊਲਿਪ ਫੁੱਲਾਂ ਨਾਲ ਸਜਿਆ ਹੈ। ਗਲੀਚੇ ਦੇ ਉੱਪਰਲੇ ਕੋਨਿਆਂ ਤੋਂ ਉਸਰੇ ਦੋ ਥੰਮ੍ਹਾਂ ਵਿਚਾਲੇ ਪ੍ਰੇਮੀ ਜੋੜਾ ਹੈ। ਐਨ ਸਿਖ਼ਰ ਥੰਮ੍ਹਾਂ ਉੱਪਰ ਵੱਲ ਨੂੰ ਨੁਕੀਲੀ ਡਿਜ਼ਾਈਨਦਾਰ ਮਹਿਰਾਬ ਹੈ। ਇੱਥੇ ਵੀ ਮਹਿਰਾਬ ਦੇ ਦੋਵੇਂ ਕੋਨੇ ਪੰਜ-ਪੰਜ ਟਿਊਲਿਪਾਂ ਨਾਲ ਸਜੇ ਹਨ। ਮਹਿਰਾਬ ਦੇ ਥੱਲੇ ਘੁੱਗੀਆਂ ਦੇ ਚੁੰਝੀਂ ਪੀਲੇ ਰੰਗ ਦੀ ਟਿਊਲਿਪ ਜੜਿਤ ਮਾਲਾ ਹੈ। ਪੀਲੇ ਰੰਗ ਦਾ ਟਿਊਲਿਪ ਬੇਵਫ਼ਾਈ ਦਾ ਪ੍ਰਤੀਕ ਮੰਨਦੇ ਹਨ।

ਪ੍ਰੇਮੀ ਦੇ ਸਿਰ ਉੱਪਰ ਵੱਡੇ (ਉਲਟਾ ਕੇ ਰੱਖੇ ਹੋਏ) ਵੱਡੇ ਸਾਰੇ ਕੱਪ ਜਿਹੀ ਪੱਗ ਹੈ ਜਿਹੜੀ ਫੁੱਲ ਦੇ ਮੂਲ ਵੱਲ ਸੰਕੇਤ ਕਰਦੀ ਹੈ। ਪਰਸ਼ੀਅਨ ਵਿੱਚ ਪੱਗ ਨੂੰ ‘ਦੁਲਬੰਧ’ ਕਿਹਾ ਜਾਂਦਾ ਹੈ ਜਦੋਂਕਿ ਤੁਰਕੀ ਭਾਸ਼ਾ ਵਿੱਚ ਇਸ ਨੂੰ ‘ਦੁਲੀਬੰਧ’ ਨਾਂ ਨਾਲ ਜਾਣਿਆ ਜਾਂਦਾ ਹੈ। ਸੋਲ੍ਹਵੀਂ ਸਦੀ ਵੇਲੇ ਪਰਸ਼ੀਆ ਦੇ ਅਮੀਰ ਲੋਕ ਹੀ ਆਪਣੇ ਸਿਰਾਂ ਉੱਪਰ ਪੱਗ ਬੰਨ੍ਹ ਸਕਦੇ ਸਨ, ਕੋਈ ਹੋਰ ਨਹੀਂ। ਇਹ ਮਾਣ-ਸਤਿਕਾਰ ਦਾ ਚਿੰਨ੍ਹ ਹੋਣ ਦੇ ਨਾਲ ਸਮਾਜ ਅੰਦਰ ਦਰਜਾਬੰਦੀ ਨਿਸ਼ਚਿਤ ਕਰ ਰਹੀ ਹੈ। ਪ੍ਰੇਮੀ ਦੀ ਪੱਗ ਵੀ ਟਿਊਲਿਪ ਜਿਹੀ ਸੁਰਖ਼ ਹੈ। ਇਵੇਂ ਇਹ ਵਰਗ ਖ਼ਾਸ ਅਤੇ ਅਮੀਰੀ ਦਾ ਚਿੰਨ੍ਹ ਬਣ ਗਿਆ। ਸਤਾਰ੍ਹਵੀਂ ਸਦੀ ਵਿਚ ਜਦ ਇਹ ਫੁੱਲ ਹਾਲੈਂਡ ਪਹੁੰਚਿਆ ਤਾਂ ਉੱਥੇ ਇਸ ਪ੍ਰਤੀ ਅਜੀਬ ਵਿਹਾਰ ਦੇਖਣ ਨੂੰ ਮਿਲਿਆ। ਉੱਥੇ ਇਹ ਬੇਸ਼ਕੀਮਤੀ ਹੋ ਗਿਆ। ਕੁਝ ਨੇ ਤਾਂ ਇਸ ਦਾ ਇਕ ਬਲਬ (ਪਿਆਜ਼ ਦੇ ਆਕਾਰ ਜਿਹਾ ਬੀਜ) ਪ੍ਰਾਪਤ ਕਰਨ ਲਈ ਆਪਣੇ ਘਰ ਤੱਕ ਵੇਚ ਦਿੱਤੇ। ਪਿਆਰ ਦੇ ਪ੍ਰਤੀਕ ਨੇ ਹਾਲੈਂਡ ਵਿਚ ਤਰਥੱਲੀ ਮਚਾ ਦਿੱਤੀ।

ਪ੍ਰੇਮ ਵਿਗੁੱਚਾ ਪ੍ਰਾਣੀ ਆਪਣੇ ਸਾਥੀ ਪਾਸੋਂ ਪੂਰਨ ਸਮਰਪਣ ਦੀ ਆਸ ਰੱਖਦਾ ਹੈ। ਜੇ ਸਮਰਪਣ ਵਿੱਚ ਢਿੱਲ ਹੈ ਤਾਂ ਉਹ ਪ੍ਰੇਮ ਵੀ ਅੱਧ-ਅਧੂਰਾ ਹੀ ਕਿਹਾ/ਮੰਨਿਆ ਜਾਵੇਗਾ। ਪ੍ਰੇਮ ਵਿਚਲਾ ‘ਉਤਸ਼ਾਹ’ ਵਿਅਕਤੀ ਅੰਦਰ ਊਰਜਾ ਜਗਾਉਂਦਾ ਹੈ। ਲਾਲ ਰੰਗ ਇਸ ਦੀ ਗਤੀ, ਪ੍ਰਭਾਵ ਨੂੰ ਉਤੇਜਿਤ ਕਰਦਾ ਹੈ। ਜੌੜੀਆਂ ਭੈਣਾਂ ਨੇ ਤਦੇ ਦੋਹਾਂ ਦੇ ਵਸਤਰ ਸੂਹੇ ਬਣਾਏ ਹਨ। ਧਿਆਨਯੋਗ ਹੈ ਕਿ ਇਨ੍ਹਾਂ ਦੇ ਪੈਰਾਂ ਥੱਲੇ ਆਉਣ ਵਾਲਾ ਗਲੀਚੇ ਦਾ ਟੁਕੜਾ ਵੀ ਸੂਹਾ ਹੈ। ਇਉਂ ਪੈਰਾਂ ਦੇ ਥੱਲੇ ਤੋਂ ਲੈ ਕੇ ਪੱਗ ਦੇ ਅੰਤਿਮ ਸਿਰੇ ਤੱਕ ਲਾਲ ਅਤੇ ਸਿਰਫ਼ ਲਾਲ ਦੀ ਪ੍ਰਭੁੱਤਾ ਹੈ। ਇੱਕੋ ਰੰਗ ਅਤੇ ਉਸ ਦੀ ਰੰਗਤ ਆਸਰੇ ਕਿਰਤ ਨੂੰ ਰਚਣਾ ਔਖਾ ਕਾਰਜ ਹੈ। ਚਿੱਤਰ ਦਾ ਪਿਛੋਕੜ ਵੀ ਸੰਧੂਰੀ ਤੋਂ ਉੱਪਰ ਵੱਲ ਜਾਂਦਾ ਸੁਰਖ਼ ਹੋ ਜਾਂਦਾ ਹੈ।

ਚਿੱਤਰਕਾਰ ਭੈਣਾਂ ਨੇ ਲਾਲ ਚੌਖਟੇ ਦਰਮਿਆਨ ਜੋ ਆਕਾਰ ਰਚੇ ਇਹ ਸਭ ਇੱਕ ਕਿਸਮ ਦੀ ਵਾਤਾਵਰਨ ਦੀ ਉਸਾਰੀ ਹੈ, ਜਿੱਥੇੇ ਉਹਸ਼ਾਹ, ਊਰਜਾ ਤੇ ਗਤੀ ਹੈ। ਕਿਸੇ ਵੇਲੇ ਮਹਿਸੂਸ ਹੁੰਦਾ ਹੈ ਕਿ ਰਚਨਾ ਵਿੱਚੋਂ ਸੇਕ ਨਿਕਲ ਰਿਹਾ ਹੈ। ਇਹਦੇੇ ਅੰਦਰ ਸਦੀਵਤਾ ਹੈ। ਇਹ ਜੀਵਨ ਦਾ ਪਸਾਰ ਹੈ।

ਭਾਰਤ ਦੇ ਪਹਾੜੀ ਚਿੱਤਰਾਂ ਦੀ ਛਾਂ ਉਨ੍ਹਾਂ ਦੇ ਰਚੇ ਚਿੱਤਰਾਂ ਵਿੱਚੋਂ ਮਿਲ ਜਾਂਦੀ ਹੈ। ਉਹ ਯਥਾਰਥ ਦਾ ਅਨੁਸਰਨ ਵੀ ਕਰਦੀਆਂ ਹਨ। ਕੰਮ ਕਰ-ਕਰ ਕੇ ਉਨ੍ਹਾਂ ਆਪਣੀ ਕਾਰਜ ਸ਼ੈਲੀ ਘੜ ਲਈ ਹੈ।

ਉਹ ਆਪਣਾ ਕੰਮ ਸ਼ੁਰੂ ਕਿਵੇਂ ਕਰਦੀਆਂ ਹਨ, ਇਸ ਪ੍ਰਤੀ ਉਨ੍ਹਾਂ ਇੱਕ ਨੇਮ ਬਣਾ ਲਿਆ ਹੈ। ਰੰਗ ਭਰਨ ਦੀ ਪ੍ਰਕਿਰਿਆ, ਪਿਛੋਕੜ (ਪਿੱਠਭੂਮੀ) ਤੋਂ ਸ਼ੁਰੂ ਕੀਤੀ ਜਾਂਦੀ ਹੈ, ਐਪਰ ਹਮੇਸ਼ਾ ੲੇਦਾਂ ਨਹੀਂ ਹੁੰਦਾ। ਰੰਗ ਉੱਪਰ ਜਦ ਦੂਜੇ ਰੰਗ ਦੀ ਪਰਤ ਲਾਈ ਜਾਂਦੀ ਹੈ ਤਾਂ ਰੂਪ/ਆਕਾਰ ਨਿਖਰਨ ਲੱਗਦੇ ਹਨ। ਮੋਟੇ-ਵੱਡੇ ਕੰਮ ਤੋਂ ਬਾਅਦ ਬਾਰੀਕ ਕੰਮ/ਛੋਹਾਂ ਵੱਲ ਵਧਿਆ ਜਾਂਦਾ ਹੈ। ਸਾਰਾ ਕੰਮ ਪੂਰਾ ਹੋ ਜਾਣ ਬਾਅਦ ਉਹ ਥਾਵਾਂ ਚੁਣੀਆਂ ਜਾਂਦੀਆਂ ਹਨ ਜਿੱਥੇ ਸੁਨਹਿਰੀ ਜਾਂ ਚਾਂਦੀ ਰੰਗ ਲਗਾਉਣਾ ਹੈ ਜਾਂ ਜ਼ਰੂਰਤ ਮਹਿਸੂਸ ਹੁੰਦੀ ਹੈ। ਇਹ ਬਿਲਕੁਲ ਅੰਤ ’ਤੇ ਵਰਤੇ ਜਾਂਦੇ ਹਨ ਕਿਉਂਕਿ ਇਨ੍ਹਾਂ ਨੂੰ (ਧੂੜ ਗੂੰਦ, ਪਾਣੀ) ਤਿਆਰ ਕਰਨ ਵਿੱਚ ਖ਼ਾਸੀ ਮਿਹਨਤ ਅਤੇ ਸਮਾਂ ਲੱਗਦਾ ਹੈ। ਛੇਕੜ ਕੰਪੋਜ਼ੀਸ਼ਨ ਦੇ ਬਾਰੀਕ ਤੋਂ ਬਾਰੀਕ ਵੇਰਵੇ ਨੂੰ ਉਭਾਰ ਅਤੇ ਉਛਾਲ ਦੇਣ ਲਈ ਉਹਦੇ ਦੁਆਲੇ ਅਤਿ ਮਹੀਨ ਲਕੀਰ ਵਾਹੀ ਜਾਂਦੀ ਹੈ। ਇਉਂ ਇਹ ਸਮਾਂ ਲੈਣ ਵਾਲਾ ਧੀਮੀ ਗਤੀ ਦਾ ਕੰਮ ਹੈ। ਇਸ ਰਚਨਾ ਨੂੰ ਪੂਰਾ ਹੋਣ ਵਿੱਚ ਦੋ ਸੌ ਘੰਟੇ ਲੱਗੇ।

ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All