ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਟਵਿੰਕਲ ਖੰਨਾ ਨੇ ਲਿਖਿਆ, ‘‘ਪਿਆਰ, ਸਮਰਥਨ ਅਤੇ ਪਹਾੜਾਂ ਤੋਂ ਛਾਲ ਮਾਰਨ ਦੇ 25 ਸਾਲ ਪੂਰੇ ਹੋਣ ’ਤੇ ਵਧਾਈ।’’...
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਟਵਿੰਕਲ ਖੰਨਾ ਨੇ ਲਿਖਿਆ, ‘‘ਪਿਆਰ, ਸਮਰਥਨ ਅਤੇ ਪਹਾੜਾਂ ਤੋਂ ਛਾਲ ਮਾਰਨ ਦੇ 25 ਸਾਲ ਪੂਰੇ ਹੋਣ ’ਤੇ ਵਧਾਈ।’’ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਅਕਸ਼ੈ ਕੁਮਾਰ ਨਾਲ ਪੈਰਾਗਲਾਈਡਿੰਗ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਨਾਲ ਉਸ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਵਿਆਹ ਦਾ ਸਭ ਤੋਂ ਚੰਗਾ ਹਿੱਸਾ ਹੈ ਕਿ ਅਸੀਂ ਹਮੇਸ਼ਾ ਇੱਕ-ਦੂਜੇ ਨੂੰ ਉੱਡਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਾਂ। ਕਦੇ ਕਦੇ ਲੱਗਦਾ ਹੈ ਕਿ ਵਿਆਹ ਅੱਜ ਦੀ ਹੀ ਗੱਲ ਹੋਵੇ। ਅਕਸ਼ੈ ਅਤੇ ਟਵਿੰਕਲ ਨੇ 17 ਜਨਵਰੀ 2001 ਨੂੰ ਮੁੰਬਈ ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਇੱਕ ਪੁੱਤਰ ਆਰਵ (23) ਅਤੇ ਇੱਕ ਧੀ ਨਿਤਾਰਾ (13) ਹੈ। ਇਸ ਸਬੰਧੀ ਅਦਾਕਾਰ ਅਕਸ਼ੈ ਨੇ ਵੀ ਸੋਸ਼ਲ ਮੀਡੀਆ ’ਤੇ ਇੱਕ ਮਜ਼ਾਕੀਆ ਅੰਦਾਜ਼ ਵਾਲੀ ਪੋਸਟ ਸਾਂਝੀ ਕੀਤੀ ਹੈ। ਅਦਾਕਾਰ ਨੇ ਲਿਖਿਆ ਕਿ ਉਸ ਦੀ ਸੱਸ ਡਿੰਪਲ ਕਪਾਡੀਆ ਨੇ ਵਿਆਹ ਵਾਲੇ ਦਿਨ ਉਸ ਨੂੰ ਚਿਤਾਵਨੀ ਦਿੱਤੀ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਟਵਿੰਕਲ ਦੀ ਮਾਂ ਨੇ ਕਿਹਾ ਸੀ,‘‘ਪੁੱਤਰ ਸਭ ਤੋਂ ਅਜੀਬ ਹਾਲਤ ਵਿੱਚ ਜ਼ੋਰ ਨਾਲ ਹੱਸਣ ਲਈ ਤਿਆਰ ਰਹੀਂ ਕਿਉਂਕਿ ਟਵਿੰਕਲ ਅਜਿਹਾ ਹੀ ਕਰਦੀ ਹੈ।’’ ਉਸ ਨੇ ਕਿਹਾ ਕਿ 25 ਸਾਲ ਹੋ ਗਏ ਹਨ ਅਤੇ ਮੈਨੂੰ ਯਕੀਨ ਹੋ ਗਿਆ ਹੈ ਕਿ ਮੇਰੀ ਸੱਸ ਕਦੇ ਝੂੁਠ ਨਹੀਂ ਬੋਲਦੀ।

