DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖੇਤੀ ਸੰਕਟ: ਕੌਣ ਜਾਣੇ ਪੀੜ ਪਰਾਈ...

ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ ਅਤੇ ਪੰਜਾਬ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵਧ ਯੋਗਦਾਨ ਪਾਉਂਦਾ ਹੈ। ਪਰ ਅੱਜ ਅੰਨਦਾਤੇ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਮੀਡੀਆ, ਸੋਸ਼ਲ ਮੀਡੀਆ ਜਾਂ ਖੇਤੀਬਾੜੀ ਦੇ ਪਿਛੋਕੜ ਤੋਂ ਸੱਖਣੇ...

  • fb
  • twitter
  • whatsapp
  • whatsapp
Advertisement

ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ ਅਤੇ ਪੰਜਾਬ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵਧ ਯੋਗਦਾਨ ਪਾਉਂਦਾ ਹੈ। ਪਰ ਅੱਜ ਅੰਨਦਾਤੇ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਮੀਡੀਆ, ਸੋਸ਼ਲ ਮੀਡੀਆ ਜਾਂ ਖੇਤੀਬਾੜੀ ਦੇ ਪਿਛੋਕੜ ਤੋਂ ਸੱਖਣੇ ਕੁਝ ਲੋਕ ਅਕਸਰ ਇਹ ਦੋਸ਼ ਲਾਉਂਦੇ ਹਨ ਕਿ ਕਿਸਾਨ ਬੇਲੋੜੇ ਖਰਚੇ ਕਰਦੇ ਹਨ ਜਾਂ ਕਰਜ਼ੇ ਚੁੱਕ ਕੇ ਐਸ਼ ਕਰਦੇ ਹਨ। ਪਰ ਇਹ ਸਿਰਫ਼ ਭਰਮ ਹੈ। ਅਸਲੀਅਤ ਇਹ ਹੈ ਕਿ ਖੇਤੀ ਹੁਣ ਲਾਹੇਵੰਦ ਧੰਦਾ ਨਹੀਂ ਰਹੀ ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੁਣ ਖੇਤੀਬਾੜੀ ਦੇ ਸੰਦਾਂ, ਬੀਜਾਂ, ਖਾਦਾਂ, ਕੀਟਨਾਸ਼ਕਾਂ ਆਦਿ ’ਤੇ ਹੋ ਚੁੱਕਿਆ ਹੈ। ਉਹ ਆਪਣੀ ਵਸਤੂ ਮਨਮਰਜ਼ੀ ਦੇ ਰੇਟ ’ਤੇ ਵੇਚਦੇ ਹਨ।

ਕਿਸਾਨੀ ਦਾ ਅੰਦਰੂਨੀ ਸੰਕਟ, ਕੁਦਰਤ ਦੀ ਮਾਰ, ਪਾਣੀ ਦਾ ਡਿੱਗਦਾ ਪੱਧਰ ਅਤੇ ਖੜ੍ਹੇ ਪੈਰ ਹੋਣ ਵਾਲੇ ਅਣਕਿਆਸੇ ਖਰਚੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਰਹੇ ਹਨ। ਝੋਨੇ ਦੀ ਲੁਆਈ ਵੇਲੇ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਪਰ ਪਿਛਲੇ ਕੁਝ ਦਹਾਕਿਆਂ ਵਿੱਚ ਬਾਰਿਸ਼ਾਂ ਦੇ ਬਦਲਦੇ ਮਿਜ਼ਾਜ ਅਤੇ ਘੱਟ ਮੀਂਹ ਪੈਣ ਕਾਰਨ ਧਰਤੀ ਹੇਠਲਾ ਪਾਣੀ ਸੈਂਕੜੇ ਫੁੱਟ ਡੂੰਘਾ ਚਲਾ ਗਿਆ ਹੈ। ਇਹ ਸਮੱਸਿਆ ਕਿਸਾਨਾਂ ਲਈ ਮੁਸੀਬਤ ਬਣ ਚੁੱਕੀ ਹੈ ਕਿਉਂਕਿ ਉਨ੍ਹਾਂ ਨੂੰ ਹਰ ਤੀਜੇ-ਚੌਥੇ ਸਾਲ ਨਵੇਂ ਅਤੇ ਡੂੰਘੇ ਬੋਰ ਕਰਵਾਉਣੇ ਪੈਂਦੇ ਹਨ, ਜਿਸ ’ਤੇ ਲੱਖਾਂ ਰੁਪਏ ਖਰਚ ਹੁੰਦੇ ਹਨ। ਜਦੋਂ ਟਿਊਬਵੈੱਲ ਦੀ ਮੋਟਰ ਸੜਦੀ ਹੈ ਤਾਂ ਸਿਰਫ਼ ਮਿਸਤਰੀ ਦੀ ਫੀਸ ਨਹੀਂ ਹੁੰਦੀ, ਸਗੋਂ ਹੋਰ ਖਰਚੇ ਵੀ ਹੁੰਦੇ ਹਨ। ਮੋਟਰ ਨੂੰ ਸੈਂਕੜੇ ਫੁੱਟ ਬੋਰ ’ਚੋਂ ਬਾਹਰ ਕੱਢਣਾ, ਪੱਖੇ ਦੀ ਮੁਰੰਮਤ ਕਰਵਾਉਣੀ, ਅਤੇ ਜੇਕਰ 400-500 ਫੁੱਟ ਤਾਰ ਸੜ ਜਾਵੇ ਤਾਂ ਤੁਰੰਤ 40,000 ਤੋਂ 50,000 ਰੁਪਏ ਦਾ ਖਰਚਾ ਸਿਰਫ਼ ਤਾਰ ’ਤੇ ਆ ਜਾਂਦਾ ਹੈ। ਜੇਕਰ ਮੋਟਰ ਠੀਕ ਵੀ ਹੋ ਜਾਵੇ, ਤਾਂ ਪਾਣੀ ਦਾ ਪੱਧਰ ਹੋਰ ਨੀਵਾਂ ਹੋਣ ਕਾਰਨ ਕਈ ਵਾਰ ਮੋਟਰ ਚੱਲਣ ਤੋਂ ਬਾਅਦ ਪਾਣੀ ਤੋੜ ਦਿੰਦੀ ਹੈ। ਫਿਰ ਦੁਬਾਰਾ ਬਾਜ਼ਾਰ ਜਾਣਾ, ਵਾਧੂ ਪਾਈਪਾਂ (ਡਿਲਿਵਰੀ ਪਾਈਪ) ਲਿਆਉਣੀਆਂ ਅਤੇ ਮਿਸਤਰੀ ਨੂੰ ਦੁਬਾਰਾ ਸੱਦਣਾ- ਇਹ ਸਭ ਕਿਸਾਨ ਦੇ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਦੀ ਜਿਊਂਦੀ-ਜਾਗਦੀ ਮਿਸਾਲ ਹੈ।

Advertisement

ਖੇਤੀ ਲਾਗਤਾਂ ਵਿੱਚ ਬੇਤਹਾਸ਼ਾ ਵਾਧਾ: ਖੇਤੀਬਾੜੀ ’ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਦਿਨ-ਬ-ਦਿਨ ਆਸਮਾਨ ਨੂੰ ਛੂਹ ਰਹੀਆਂ ਹਨ, ਜਦੋਂ ਕਿ ਫ਼ਸਲਾਂ ਦੇ ਭਾਅ (ਐੱਮ ਐੱਸ ਪੀ) ਖੇਤੀ ਲਾਗਤਾਂ ਦੇ ਅਨੁਪਾਤ ਵਿੱਚ ਨਹੀਂ ਵਧਦੇ ਜਿਸ ਕਾਰਨ ਕਿਸਾਨ ਨੂੰ ਆਰਥਿਕ ਮਾਰ ਝੱਲਣੀ ਪੈ ਰਹੀ ਹੈ। ਟਰੈਕਟਰ ਚਲਾਉਣ ਅਤੇ ਬਿਜਲੀ ਨਾ ਆਉਣ ’ਤੇ ਜੈਨਰੇਟਰ ਚਲਾਉਣ ਲਈ ਡੀਜ਼ਲ ਦੀ ਲੋੜ ਹੁੰਦੀ ਹੈ। ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨ ਸਮੇਤ ਹਰ ਵਰਗ ਦਾ ਲੱਕ ਤੋੜ ਦਿੱਤਾ ਹੈ।

Advertisement

ਖਾਦਾਂ ਅਤੇ ਕੀਟਨਾਸ਼ਕ ਯੂਰੀਆ, ਡੀ ਏ ਪੀ ਅਤੇ ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮਹਿੰਗੀਆਂ ਕੀਟਨਾਸ਼ਕ ਦਵਾਈਆਂ (Pesticides) ਖ਼ਰੀਦਣੀਆਂ ਪੈਂਦੀਆਂ ਹਨ। ਨਕਲੀ ਦਵਾਈਆਂ ਕਾਰਨ ਕਈ ਵਾਰ ਫ਼ਸਲ ਵੀ ਬਰਬਾਦ ਹੁੰਦੀ ਹੈ ਅਤੇ ਪੈਸਾ ਵੀ। ਇਸੇ ਤਰ੍ਹਾਂ ਮਸ਼ੀਨਰੀ ਅਤੇ ਖੇਤੀ ਸੰਦ, ਟਰੈਕਟਰ, ਹਲ, ਕੰਬਾਈਨਾਂ ਅਤੇ ਸੀਡਰਾਂ ਦੀਆਂ ਕੀਮਤਾਂ ਲੱਖਾਂ ਵਿੱਚ ਹਨ। ਛੋਟਾ ਕਿਸਾਨ ਇਹ ਮਸ਼ੀਨਰੀ ਖ਼ਰੀਦ ਨਹੀਂ ਸਕਦਾ ਅਤੇ ਜੇਕਰ ਕਿਰਾਏ ’ਤੇ ਲੈਂਦਾ ਹੈ ਤਾਂ ਕਿਰਾਇਆ ਹੀ ਉਸ ਦੀ ਅੱਧੀ ਕਮਾਈ ਖਾ ਜਾਂਦਾ ਹੈ।

ਕੁਦਰਤੀ ਆਫ਼ਤਾਂ ਅਤੇ ਮੌਸਮ ਦੀ ਮਾਰ: ਕਿਸਾਨ ਦੀ ਫ਼ਸਲ ਖੁੱਲ੍ਹੇ ਆਸਮਾਨ ਹੇਠ ਹੁੰਦੀ ਹੈ। ਜਦੋਂ ਤੱਕ ਫ਼ਸਲ ਮੰਡੀ ਵਿੱਚ ਵਿਕ ਕੇ ਪੈਸੇ ਜੇਬ ’ਚ ਨਹੀਂ ਆ ਜਾਂਦੇ, ਉਦੋਂ ਤੱਕ ਕਿਸਾਨ ਸੁਰੱਖਿਅਤ ਨਹੀਂ ਹੁੰਦਾ। ਬੇਮੌਸਮੀ ਬਾਰਿਸ਼ ਅਤੇ ਗੜੇ ਫ਼ਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਕਦੇ ਹੜ੍ਹਾਂ ਕਾਰਨ ਫ਼ਸਲ ਬਰਬਾਦ ਹੋ ਜਾਂਦੀ ਅਤੇ ਕਦੇ ਸੋਕੇ ਵਰਗੇ ਹਾਲਾਤ ’ਚ ਫ਼ਸਲਾਂ ਪਾਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ। ਸਰਕਾਰਾਂ ਵੱਲੋਂ ਮਿਲਣ ਵਾਲਾ ਮੁਆਵਜ਼ਾ ਬਹੁਤ ਨਿਗੂਣਾ ਹੁੰਦਾ ਹੈ। ਫ਼ਸਲ ਪਾਲਣ ਤੋਂ ਬਾਅਦ ਜਦੋਂ ਕਿਸਾਨ ਮੰਡੀ ਵਿੱਚ ਜਾਂਦਾ ਹੈ, ਉੱਥੇ ਵੀ ਉਸ ਦਾ ਸੰਘਰਸ਼ ਖ਼ਤਮ ਨਹੀਂ ਹੁੰਦਾ। ਨਮੀ (Moisture) ਦੇ ਨਾਂ ’ਤੇ ਕੱਟ ਲੱਗਦੇ ਹਨ। ਕਿਸਾਨ ਨੂੰ ਮੰਡੀਆਂ ਵਿੱਚ ਨਮੀ ਦੇ ਬਹਾਨੇ ਕਈ-ਕਈ ਦਿਨ ਰੋਲਿਆ ਜਾਂਦਾ ਹੈ ਜਾਂ ਘੱਟ ਰੇਟ ’ਤੇ ਫ਼ਸਲ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬਾਰਦਾਨਾ (ਬੋਰੀਆਂ) ਨਾ ਮਿਲਣਾ ਅਤੇ ਤੋਲ ਵਿੱਚ ਹੇਰਾਫੇਰੀ ਹੋਣਾ ਆਮ ਗੱਲ ਹੈ। ਖ਼ਰਾਬ ਮੌਸਮ ਦੌਰਾਨ ਮੰਡੀਆਂ ਵਿੱਚ ਸ਼ੈੱਡਾਂ ਦੀ ਘਾਟ ਕਾਰਨ ਖੁੱਲ੍ਹੇ ਵਿੱਚ ਪਈ ਫ਼ਸਲ ਮੀਂਹ ਕਾਰਨ ਭਿੱਜ ਜਾਂਦੀ ਹੈ, ਜਿਸ ਦਾ ਹਰਜਾਨਾ ਵੀ ਕਿਸਾਨ ਨੂੰ ਹੀ ਭੁਗਤਣਾ ਪੈਂਦਾ ਹੈ।

ਕਰਜ਼ੇ ਅਤੇ ਖੁਦਕੁਸ਼ੀਆਂ: ਜਦੋਂ ਖੜ੍ਹੇ ਪੈਰ ਅਣਕਿਆਸੇ ਖਰਚੇ ਆਉਂਦੇ ਹਨ ਅਤੇ ਜੇਬ ਵਿੱਚ ਪੈਸੇ ਨਹੀਂ ਹੁੰਦੇ, ਤਾਂ ਕਿਸਾਨ ਕੋਲ ਦੋ ਹੀ ਰਸਤੇ ਬਚਦੇ ਹਨ- ਬੈਂਕ ਜਾਂ ਆੜ੍ਹਤੀ (ਸ਼ਾਹੂਕਾਰ)। ਛੋਟੇ ਕਿਸਾਨਾਂ ਨੂੰ ਬੈਂਕਾਂ ਤੋਂ ਆਸਾਨੀ ਨਾਲ ਕਰਜ਼ਾ ਨਹੀਂ ਮਿਲਦਾ, ਇਸ ਲਈ ਉਹ ਆੜ੍ਹਤੀਆਂ ਤੋਂ ਮਹਿੰਗੇ ਵਿਆਜ ’ਤੇ ਪੈਸੇ ਚੁੱਕਦੇ ਹਨ। ਇਹ ਕਰਜ਼ਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ। ਜਦੋਂ ਫ਼ਸਲ ਦੀ ਵਿਕਰੀ ਤੋਂ ਬਾਅਦ ਵੀ ਕਰਜ਼ਾ ਨਹੀਂ ਉਤਰਦਾ ਤਾਂ ਕਿਸਾਨ ਮਾਨਸਿਕ ਤੌਰ ’ਤੇ ਟੁੱਟ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ ਅਤੇ ਦੇਸ਼ ਵਿੱਚ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ। ਪਰ ਸਮਾਜ ਦਾ ਇੱਕ ਹਿੱਸਾ ਕਿਸਾਨ ਦੀ ਮਿਹਨਤ ਨੂੰ ਸਮਝਣ ਦੀ ਬਜਾਏ ਉਸ ਦੀ ਆਲੋਚਨਾ ਕਰਦਾ ਹੈ। ‘‘ਕਿਸਾਨਾਂ ਕੋਲ ਤਾਂ ਬਹੁਤ ਪੈਸਾ ਹੈ, ਇਹ ਸਿਰਫ਼ ਸਬਸਿਡੀਆਂ ’ਤੇ ਪਲਦੇ ਹਨ’’ ਕਹਿਣਾ ਬਹੁਤ ਆਸਾਨ ਹੈ, ਪਰ ਕੋਈ ਇਹ ਨਹੀਂ ਦੇਖਦਾ ਕਿ ਸਰਕਾਰ ਜੋ ਸਬਸਿਡੀਆਂ ਦਿੰਦੀ ਹੈ, ਉਹ ਖੇਤੀਬਾੜੀ ਦੇ ਨਾਮ ’ਤੇ ਇਕੱਲੇ ਕਿਸਾਨਾਂ ਲਈ ਨਹੀਂ ਸਗੋਂ ਖ਼ਪਤਕਾਰਾਂ ਲਈ ਹਨ। ਜੇਕਰ ਸਰਕਾਰ ਸਬਸਿਡੀ ਨਾ ਦੇਵੇ ਤਾਂ ਅਨਾਜ ਹੋਰ ਮਹਿੰਗਾ ਹੋਵੇਗਾ ਜਿਸਦਾ ਸਿੱਧਾ ਅਸਰ ਖ਼ਪਤਕਾਰਾਂ ’ਤੇ ਪਵੇਗਾ ਪ੍ਰੰਤੂ ਇੱਥੇ ਭੁਲੇਖਾ ਇਹ ਹੈ ਕਿ ਸਬਸਿਡੀਆਂ ਕਿਸਾਨਾਂ ਲਈ ਹਨ ਜਦਕਿ ਇਹ ਅਨਾਜ ਮਹਿੰਗਾ ਹੋਣ ਤੋਂ ਰੋਕਣ ਲਈ ਹਨ। ਸੋ, ਕਿਸਾਨ ਦਾ ਜੀਵਨ ਨਿਰੰਤਰ ਸੰਘਰਸ਼ ਹੈ। ਖੇਤੀਬਾੜੀ ’ਚ ਕਦੋਂ, ਕਿੱਥੇ ਅਤੇ ਕਿੰਨਾ ਖਰਚਾ ਅਚਾਨਕ ਆ ਜਾਵੇ, ਇਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿਸਾਨ ਦੁਆਰਾ ਕੀਤੇ ਜਾਣ ਵਾਲੇ ਖਰਚੇ ਉਸ ਦੀ ਐਸ਼ਪ੍ਰਸਤੀ ਨਹੀਂ, ਸਗੋਂ ਆਪਣੀ ਹੋਂਦ ਅਤੇ ਦੇਸ਼ ਵਾਸੀਆਂ ਦੇ ਢਿੱਡ ਭਰਨ ਲਈ ਕੀਤੀ ਜਾਂਦੀ ਜੱਦੋ-ਜਹਿਦ ਹੈ। ਸਮਾਜ ਨੂੰ ਕਿਸਾਨਾਂ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ ਅਤੇ ਸਰਕਾਰਾਂ ਨੂੰ ਸਿਰਫ਼ ਕਾਗਜ਼ੀ ਦਾਅਵਿਆਂ ਤੋਂ ਉੱਪਰ ਉੱਠ ਕੇ ਜ਼ਮੀਨੀ ਪੱਧਰ ’ਤੇ ਕਿਸਾਨ ਦੀ ਬਾਂਹ ਫੜਨੀ ਪਵੇਗੀ, ਤਾਂ ਹੀ ‘ਜੈ ਕਿਸਾਨ’ ਦੇ ਨਾਅਰੇ ਦਾ ਅਸਲ ਮਕਸਦ ਪੂਰਾ ਹੋ ਸਕੇਗਾ।

ਸੰਪਰਕ: 98766-76915

Advertisement
×