ਮੁਹੰਮਦ ਅੱਬਾਸ ਧਾਲੀਵਾਲ
ਆਖ਼ਰ ਅੱਬਾ (ਹਾਜੀ ਮੁਸ਼ਤਾਕ ਉਰਫ਼ ਸੂਬਾ) ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਪਚਾਨਵੇਂ ਸਾਲਾ ਜੀਵਨ ’ਚ ਅੱਬਾ ਨੇ ਬਹੁਤ ਸਾਰੇ ਉਤਰਾਅ ਚੜ੍ਹਾਅ ਵੇਖੇ। ਅੱਬਾ ਦੇ ਜੀਵਨ ਨੂੰ ਬਹੁਤ ਨੇੜਿਓਂ ਵੇਖਣ ਵਾਲੇ ਮਾਲੇਰਕੋਟਲਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਾਬਰ ਅਲੀ ਢਿੱਲੋਂ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਕਿਹਾ ਕਿ ਇਹ ਇਕੱਲੀ ਉਨ੍ਹਾਂ ਦੀ ਮੌਤ ਨਹੀਂ ਸਗੋਂ ਇੱਕ ਯੁਗ ਦਾ ਅੰਤ ਹੋਇਆ ਏ। ਉਨ੍ਹਾਂ ਅਨੁਸਾਰ ਅੱਬਾ ਆਪਣੇ ਆਪ ਵਿੱਚ ਇੱਕ ਤਹਿਰੀਕ ਸਨ। ਦੁਨੀਆਦਾਰੀ ਦੀਆਂ ਰਸਮਾਂ ਤੋਂ ਅਣਜਾਣ ਅੱਬਾ ਨੇ ਸਾਰੀ ਉਮਰ ਸਾਦਗੀ ’ਚ ਗੁਜ਼ਾਰੀ। ਮੈਂ ਆਪਣੀ ਪੰਜਾਹ ਸਾਲ ਉਮਰ ’ਚ ਅੱਬਾ ਨੂੰ ਕਦੇ ਆਪਣੇ (ਖ਼ੁਦ) ਲਈ ਕੱਪੜਾ ਖ੍ਰੀਦਦੇ ਨਹੀਂ ਵੇਖਿਆ। ਉਨ੍ਹਾਂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਮੇਰੇ ਦਾਦਾ ਜੀ ਉਨ੍ਹਾਂ ਲਈ ਕੱਪੜੇ ਲਿਆਉਂਦੇ। ਦਾਦਾ ਦੇ ਸਵਰਗਵਾਸ ਹੋਣ ਪਿੱਛੋਂ ਮੇਰੇ ਮਾਤਾ ਲਿਆਉਂਦੇ ਸਨ ਅਤੇ ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਅਸੀਂ ਉਨ੍ਹਾਂ ਦੇ ਪਹਿਨਣ ਲਈ ਕੱਪੜਾ ਲਿਆਂਦੇ ਸਾਂ। ਆਪਾ (ਮੇਰੀ ਵੱਡੀ ਭੈਣ) ਦੱਸਦੇ ਹਨ ਕਿ ਇੱਕ ਵਾਰ ਮੇਰੇ ਦਾਦਾ ਈਦ ਮੌਕੇ ਅੱਬਾ ਲਈ ਨਵਾਂ ਸੂਟ ਬਣਵਾ ਲਿਆਏ ਤਾਂ ਇਸ ’ਤੇ ਅੱਬਾ ਨੇ ਦਾਦਾ ਨੂੰ ਆਖਿਆ ਕਿ ਜਦੋਂ ਪਹਿਲੇ ਕੱਪੜੇ ਹੀ ਹਾਲੇ ਤੱਕ ਨਹੀਂ ਫਟੇ ਤਾਂ ਨਵੇਂ ਲਿਆਉਣ ਦੀ ਕੀ ਲੋੜ ਸੀ। ਦਰਅਸਲ, ਫਜ਼ੂਲ ਖਰਚੀ ਕਰਨਾ ਅੱਬਾ ਨੂੰ ਉੱਕਾ ਪਸੰਦ ਨਹੀਂ ਸੀ ਪਰ ਦਾਨ ਕਰਨ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਹ ਅਕਸਰ ਆਪਣੇ ਕੰਬਲ ਚਾਦਰਾਂ ਤੇ ਨਕਦੀ ਆਦਿ ਲੋੜਵੰਦ ਗ਼ਰੀਬਾਂ ਵਿੱਚ ਵੰਡ ਦਿਆ ਕਰਦੇ ਸਨ।
ਉਨ੍ਹਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕੀ ਅਫ਼ਸੋਸ ਕਰਨ ਆਏ ਜਿਨ੍ਹਾਂ ’ਚੋਂ ਹਰ ਇੱਕ ਪਾਸ ਕਹਿਣ ਲਈ ਅੱਬਾ ਨਾਲ ਜੁੜਿਆ ਇੱਕ ਨਵਾਂ ਕਿੱਸਾ ਸੀ। ਅੱਬਾ ਦੇ ਮਿਲਣ ਵਾਲਿਆਂ ਨੇ ਉਨ੍ਹਾਂ ਦੀਆਂ ਕੁਝ ਅਜਿਹੀਆਂ ਅਣਸੁਣੀਆਂ ਕਹਾਣੀਆਂ ਦੱਸੀਆਂ ਜੋ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਹੋਣ ਦੀ ਹਾਮੀ ਭਰਦੀਆਂ ਹਨ।
ਇੱਕ ਵਾਰ ਸ਼ਹਿਰ ਦੇ ਬਸ ਸਟੈਂਡ ਨੇੜੇ ਸਥਿਤ ਕਰਬਲਾ ’ਚੋਂ ਨਿੰਮ ਦੀਆਂ ਨਮੋਲੀਆਂ ਇੱਕਠੀਆਂ ਕਰਨ ਗਏ ਤਾਂ ਨਮੋਲੀਆਂ ਝਾੜੂ ਨਾਲ ਇੱਕਠੀਆਂ ਕਰਨ ਉਪਰੰਤ ਝੋਲਾ ਭਰ ਕੇ ਘਰ ਲੈ ਆਏ। ਘਰੇ ਜਦ ਝੋਲਾ ਖੋਲ੍ਹ ਕੇ ਵੇਖਿਆ ਤਾਂ ਨਮੋਲੀਆਂ ਵਿਚ ਕੀੜੇ ਫਿਰਨ। ਇਸ ’ਤੇ ਆਖਣ ਲੱਗੇ: ਮਖਾਂ ਕੀੜੇ ਆਪਣੇ ਘਰਾਂ ਤੇ ਆਪਣੇ ਸਾਥੀਆਂ ਤੋਂ ਵਿਛੜ ਗਏ ਹਨ ਤੇ ਫੌਰਨ ਝੋਲਾ ਮੁੜ ਸਾਈਕਲ ’ਤੇ ਟੰਗ ਕਰਬਲਾ ਚਲੇ ਗਏ ਤਾਂ ਕਿ ਉਨ੍ਹਾਂ ਕੀੜਿਆਂ ਨੂੰ ਉੱਥੇ ਵਾਪਸ ਛੱਡ ਕੇ ਆ ਸਕਣ।
ਇਸੇ ਤਰ੍ਹਾਂ ਇੱਕ ਵਾਰ ਉਹ ਘਰੋਂ ਨਮਾਜ਼ ਪੜ੍ਹਨ ਲਈ ਚੱਲੇ ਤਾਂ ਵਿਹੜੇ ਵਿਚੋਂ ਵਾਪਸ ਆ ਗਏ ਅਤੇ ਚੀਨੀ ਦੇ ਡੱਬੇ ਵਿਚੋਂ ਚੀਨੀ ਦੀ ਮੁੱਠੀ ਭਰੀ ਤੇ ਵਿਹੜੇ ’ਚ ਲੱਗੇ ਤੂਤ ਨੇੜੇ ਢੇਰੀ ਕਰ ਦਿੱਤੀ। ਪੁੱਛਣ ’ਤੇ ਕਹਿਣ ਲੱਗੇ, ‘‘ਜਦੋਂ ਤੂਤ ਦੇ ਹੇਠੋਂ ਦੀ ਲੰਘਣ ਲੱਗਾ ਤਾਂ ਇਕ ਕੀੜਾ ਚੀਨੀ ਦਾ ਟੁਕੜਾ ਲਈ ਜਾ ਰਿਹਾ ਸੀ। ਮੇਰਾ ਪੈਰ ਉਸ ਵਿੱਚ ਵੱਜਾ ਤੇ ਉਸ ਦੇ ਮੂੰਹੋਂ ਉਹ ਟੁਕੜਾ ਡਿੱਗ ਗਿਆ। ਇਸ ਲਈ ਚੀਨੀ ਇੱਥੇ ਲਿਆ ਕੇ ਪਾ ਦਿੱਤੀ ਹੈ ਤਾਂ ਜੋ ਕੀੜਾ ਇੱਥੇ ਬੈਠ ਕੇ ਖਾ ਲਵੇ।’’ ਸਾਡੇ ਘਰ ਬੇਰੀ ਹੁੰਦੀ ਸੀ। ਅਕਸਰ ਤੋਤਿਆਂ ਨੇ ਆ ਜਾਣਾ ਤੇ ਬੇਰਾਂ ਦੀ ਹਿੜਕ ਵਿਚਲਾ ਗੁੱਦਾ ਹਾਸਲ ਕਰਨ ਲਈ ਬਹੁਤ ਸਾਰੇ ਬੇਰਾਂ ਨੂੰ ਕੁਤਰ ਕੁਤਰ ਖਰਾਬ ਕਰ ਵਿਹੜੇ ’ਚ ਕੂੜਾ ਖਿੰਡਾ ਦੇਣਾ। ਮੇਰੀ ਮਾਤਾ ਨੇ ਖੜਕਾ ਕਰ ਕੇ ਉਨ੍ਹਾਂ ਤੋਤਿਆਂ ਨੂੰ ਭਜਾਉਣਾ ਤੇ ਅਵਾ-ਤਵਾ ਬੋਲਣਾ ਤਾਂ ਅੱਬਾ ਨੇ ਮਾਤਾ ਨੂੰ ਅਜਿਹਾ ਕਰਨ ਤੋਂ ਰੋਕਣਾ ਤੇ ਆਖਣਾ ਇਨ੍ਹਾਂ ਦਾ ਰਿਜ਼ਕ ਆਪਣੇ ਘਰੋਂ ਲਿਖਿਆ ਹੈ। ਉਹ ਅਕਸਰ ਕਿਹਾ ਕਰਦੇ ਸਨ ਕਿ ਜੇਕਰ ਕੋਈ ਜਨੌਰ ਪਸ਼ੂ ਕਿਸੇ ਖੇਤ ਜਾਂ ਬਾਗ਼ ’ਚੋਂ ਕੁਝ ਖਾਂਦਾ ਹੈ ਤਾਂ ਉਸ ਖੇਤ ਜਾਂ ਬਾਗ ਦੇ ਮਾਲਕ ਨੂੰ ਸਦਕਾ ਖੈਰਾਤ (ਦਾਨ ਪੁੰਨ) ਕਰਨ ਦਾ ਸਵਾਬ ਮਿਲਦਾ ਹੈ।
ਅੱਬਾ ਜੀ ਕਈ ਤਰ੍ਹਾਂ ਦੀਆਂ ਦੇਸੀ ਦਵਾਈਆਂ ਬਣਾਇਆ ਕਰਦੇ ਸਨ। ਅਕਸਰ ਜੜੀਆਂ-ਬੂਟੀਆਂ ਕੂੰਡੇ ਵਿਚ ਪੀਸਣ ਤੋਂ ਪਹਿਲਾਂ ਥਾਲ ਵਿਚ ਉਨ੍ਹਾਂ ਨੂੰ ਧੁੱਪ ਲਵਾਉਣ ਲਈ ਰੱਖ ਦਿੰਦੇ। ਕਈ ਵਾਰ ਅਜਿਹਾ ਹੋਣਾ ਕਿ ਘਰ ਵਿਚ ਮੌਜੂਦ ਬੱਕਰੇ ਬੱਕਰੀਆਂ ਨੇ ਕਿੱਲੇ ਤੋਂ ਖੁੱਲ੍ਹ ਕੇ ਉਨ੍ਹਾਂ ਦੀ ਦਵਾਈ ਖਾ ਜਾਣੀ ਤਾਂ ਇਸ ’ਤੇ ਅੱਬਾ ਕਦੇ ਵੀ ਨਾਰਾਜ਼ ਨਾ ਹੁੰਦੇ ਸਗੋਂ ਆਖਦੇ, ਚਲੋ ਇਹ ਦਵਾਈ ਇਨ੍ਹਾਂ ਦੀ ਕਿਸਮਤ ’ਚ ਈ ਖਾਣੀ ਲਿਖੀ ਸੀ।
ਹੱਕ ਸੱਚ ਦੀ ਲੜਾਈ, ਉਹ ਆਪਣੀ ਹੋਵੇ ਭਾਵੇਂ ਬੇਗਾਨੀ, ਅੱਬਾ ਹਮੇਸ਼ਾਂ ਮਜ਼ਬੂਤੀ ਅਤੇ ਗੰਭੀਰਤਾ ਨਾਲ ਲੜਦੇ। ਉਨ੍ਹਾਂ ਕਦੇ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਸੀ ਕੀਤਾ। ਹਿੰਢੀ ਇੰਨੇ ਕਿ ਇੱਕ ਵਾਰੀ ਜੋ ਫ਼ੈਸਲਾ ਲੈ ਲਿਆ ਫੇਰ ਦੁਨੀਆ ਭਾਵੇਂ ਇਧਰਲੀ ਉਧਰ ਹੋ ਜਾਵੇ ਉਹ ਪਿੱਛੇ ਨਈਂ ਸਨ ਹਟਦੇ।
ਆਪਣੇ ਬਚਪਨ ਦੇ ਮੁੱਢਲੇ ਦਿਨਾਂ ਵਿਚ ਅੱਬਾ ਭਾਵੇਂ ਪੰਜ ਚਾਰ ਦਿਨ ਹੀ ਸਕੂਲ ਗਏ ਸਨ ਪਰ ਇਸ ਦੇ ਬਾਵਜੂਦ ਉਹ ਉਰਦੂ, ਹਿੰਦੀ, ਪੰਜਾਬੀ ਅਤੇ ਅਰਬੀ ਭਾਸ਼ਾ ਪੜ੍ਹ ਲੈਂਦੇ ਸਨ। ਪੰਜਾਬੀ ਲਿਖ ਵੀ ਲੈਂਦੇ ਸਨ। ਆਪਣੇ ਹਾਸਲ ਗਿਆਨ ਦੇ ਸੰਦਰਭ ਵਿਚ ਉਹ ਅਕਸਰ ਆਖਿਆ ਕਰਦੇ ਸਨ ਕਿ ਉਨ੍ਹਾਂ ਪੰਜਾਬੀ ਤੇ ਉਰਦੂ ਤੁਰਦੇ ਫਿਰਦਿਆਂ ਤੇ ਸਮਾਜ ਵਿਚ ਵਿਚਰਦਿਆਂ ਸਿੱਖ ਲਈਆਂ ਸਨ। ਪੰਜ ਭੈਣਾਂ ਦੇ ਇਕੱਲੇ ਭਰਾ ਅੱਬਾ ਨੂੰ ਸ਼ਾਇਦ ਲਾਡਲੇ ਘੋਲ ’ਚ ਪੜ੍ਹਨੋਂ ਹਟਾ ਲਿਆ ਸੀ। ਕਹਿੰਦੇ ਹਨ ਕਿ ਸਾਡੇ ਦਾਦਾ ਖੁਦਾ ਬਖਸ਼ ਦਾ ਲੱਕੜੀ ਦਾ ਵੱਡਾ ਕਾਰੋਬਾਰ ਸੀ ਤੇ ਉਨ੍ਹੀਂ ਦਿਨੀਂ ਘਰੇ ਦੌਲਤ ਦੀ ਖ਼ੂਬ ਰੇਲਪੇਲ ਸੀ। ਸ਼ਾਇਦ ਇਸੇ ਲਈ ਅੱਬਾ ਨੂੰ ਪੜ੍ਹਾਉਣ ਵੱਲ ਬਹੁਤੀ ਤਵੱਜੋ ਨਹੀਂ ਦਿੱਤੀ ਗਈ ਸੀ ਕਿ ਬਾਅਦ ਵਿਚ ਵੱਡੇ ਹੋ ਕੇ ਘਰ ਦਾ ਕਾਰੋਬਾਰ ਹੀ ਸੰਭਾਲਣਾ ਹੈ।
ਦਾਦੇ ਦੇ ਸਵਰਗਵਾਸ ਮਗਰੋਂ ਅੱਬਾ ਮੁਕੱਦਮੇਬਾਜ਼ੀ ’ਚ ਅਜਿਹੇ ਪਏ ਕਿ ਲੱਕੜੀ ਦਾ ਕਾਰੋਬਾਰ ਹੌਲੀ-ਹੌਲੀ ਖ਼ਤਮ ਹੋਣ ਦੀ ਕਗਾਰ ’ਤੇ ਆ ਗਿਆ ਤੇ ਨਾਲੇ ਘਰ ਵਿਚ ਪਹਿਲਾਂ ਤੋਂ ਮੌਜੂਦ ਜਮ੍ਹਾ ਪੂੰਜੀ ਵੀ ਵਕੀਲਾਂ ਦੀਆਂ ਮੋਟੀਆਂ ਫੀਸਾਂ ਵਿਚ ਖੁਰਦੀ ਚਲੀ ਗਈ। ਦਰਅਸਲ, ਅੱਬਾ ਨੂੰ ਜਦ ਵੀ ਆਪਣੇ ਕਿਸੇ ਵਕੀਲ ’ਤੇ ਮੁਖਾਲਫ਼ ਪਾਰਟੀ ਨਾਲ ਮਿਲਣ ਦਾ ਸ਼ੱਕ ਹੁੰਦਾ ਤਾਂ ਉਹ ਫੌਰਨ ਉਸ ਨੂੰ ਛੱਡ ਕੇ ਨਵਾਂ ਵਕੀਲ ਕਰ ਲੈਂਦੇ। ਮੇਰੇ ਖਿਆਲ ’ਚ ਜਿੰਨੇ ਵਕੀਲ ਅੱਬਾ ਨੇ ਬਦਲੇ ਸ਼ਾਇਦ ਹੀ ਕਿਸੇ ਨੇ ਬਦਲੇ ਹੋਣਗੇ। ਅਖੀਰ ਉਨ੍ਹਾਂ ਪਾਸ ਜਦੋਂ ਵਕੀਲਾਂ ਨੂੰ ਦੇਣ ਲਈ ਪੈਸੇ ਨਾ ਬਚੇ ਤਾਂ ਖ਼ੁਦ ਹੀ ਆਪਣੇ ਕੇਸਾਂ ਪੈਰਵੀ ਕਰਨ ਲੱਗੇ।
1970ਵਿਆਂ ਦੇ ਆਖ਼ਰੀ ਸਾਲਾਂ ਵਿਚ ਅੱਬਾ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਬਰ ਢਿੱਲੋਂ ਕਿਹਾ ਕਿ ਕੇਸ ਦੇ ਸਿਲਸਿਲੇ ਵਿਚ ਚੰਡੀਗੜ੍ਹ ਪਹੁੰਚ ਸੈਕਟਰ 20 ਦੀ ਮਸਜਿਦ ’ਚ ਉਨ੍ਹਾਂ ਦੋਵਾਂ ਨੇ ਕਈ ਰਾਤਾਂ ਕੱਟੀਆਂ ਤੇ ਕੇਸ ਦੀ ਪੈਰਵੀ ਦੀ ਖ਼ੁਦ ਹੀ ਤਿਆਰੀ ਕੀਤੀ। ਅੰਗਰੇਜ਼ੀ ’ਚ ਦਰਜ ਵੱਖ-ਵੱਖ ਨੰਬਰਾਂ ਦੀ ਪੰਜਾਬੀ ਕਰਵਾਈ ਤੇ ਫਿਰ ਉਨ੍ਹਾਂ ’ਤੇ ਜਿਰਾਹ (ਬਹਿਸ) ਕਰਨ ਦੀ ਖ਼ੁਦ ਹੀ ਤਿਆਰੀ ਕੀਤੀ। ਪੇਸ਼ੀ ਵਾਲੇ ਦਿਨ ਜਦੋਂ ਹਾਕ ਪਈ ਤਾਂ ਅੱਬਾ ਹਾਈਕੋਰਟ ’ਚ ਬਿਨਾਂ ਕਿਸੇ ਵਕੀਲ ਤੋਂ ਜੱਜ ਦੇ ਸਾਹਮਣੇ ਜਾ ਖੜ੍ਹੇ ਹੋਏ। ਉਸ ਵੇਲੇ ਅਦਾਲਤ ਵਿਚ ਚੀਫ ਜਸਟਿਸ ਨਰੂਲਾ ਸਨ। ਉਨ੍ਹਾਂ ਅੱਬਾ ਨੂੰ ਪੁੱਛਿਆ ਕਿ ਮੁਸ਼ਤਾਕ ਤੇਰਾ ਵਕੀਲ ਕੌਣ ਹੈ? ਅੱਬਾ ਨੇ ਆਪਣੇ ਸੱਜੇ ਹੱਥ ਦੀ ਪਹਿਲੀ ਅਰਥਾਤ (ਸ਼ਹਾਦਤ ਵਾਲੀ) ਉਂਗਲ ਆਸਮਾਨ ਵੱਲ ਕਰਦਿਆਂ ਕਿਹਾ ਕਿ ਮੇਰਾ ਵਕੀਲ “ਅੱਲ੍ਹਾ’’ ਹੈ। ਇਸ ’ਤੇ ਜੱਜ ਨੇ ਆਖਿਆ, ‘‘ਕੀ “ਅੱਲ੍ਹਾ’’ ਇੱਥੇ ਖ਼ੁਦ ਆ ਕੇ ਗੱਲ ਕਰੇਗਾ?’’ ਤਾਂ ਅੱਬਾ ਨੇ ਕਿਹਾ, ‘‘ਨਹੀਂ, ਉਸ ਦੀ ਇਮਦਾਦ ਨਾਲ ਮੈਂ ਖ਼ੁਦ ਬਹਿਸ ਕਰਾਂਗਾ।’’ ਇਸ ’ਤੇ ਮੁਖਾਲਫ਼ ਪਾਰਟੀ ਦੇ ਦੋ ਚੋਟੀ ਦੇ ਵਕੀਲ ਉਨ੍ਹਾਂ ਦਾ ਹੱਸ ਕੇ ਮਜ਼ਾਕ ਉਡਾਉਣ ਲੱਗੇ। ਜੱਜ ਨੇ ਵਕੀਲਾਂ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਅਤੇ ਅੱਬਾ ਤੋਂ ਹੇਠਲੀਆਂ ਅਦਾਲਤਾਂ ਦੇ ਫ਼ੈਸਲੇ ਦੀ ਕਾਪੀ ਮੰਗੀ ਜੋ ਉਨ੍ਹਾਂ ਤੁਰੰਤ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿੱਤੀ। ਇਸ ਉਪਰੰਤ ਜੱਜ ਨੇ ਅੱਬਾ ਨੂੰ ਸੀਟ ’ਤੇ ਬੈਠਣ ਇਸ਼ਾਰਾ ਕਰਦਿਆਂ ਆਖਿਆ ਕਿ ਮੁਸ਼ਤਾਕ ਤੇਰਾ ਵਕੀਲ ਵੀ ਮੈਂ ਹਾਂ ਤੇ ਜੱਜ ਵੀ ਮੈਂ ਹਾਂ। ਇਸ ਉਪਰੰਤ ਜੱਜ ਨੇ ਕਰੀਬ ਪੌਣਾ ਘੰਟਾ ਦੋਵਾਂ ਵਕੀਲਾਂ ਨਾਲ ਬਹਿਸ ਕੀਤੀ ਤੇ ਅੱਬਾ ਅੰਗਰੇਜ਼ੀ ਵਿੱਚ ਹੁੰਦੀ ਬਹਿਸ ਨੂੰ ਨਾ ਸਮਝਦੇ ਹੋਏ ਵੀ ਧਿਆਨ ਨਾਲ ਸੁਣਦੇ ਰਹੇ। ਅੱਬਾ ਆਖਿਆ ਕਰਦੇ ਸਨ ਕਿ ਮੇਰੇ ਭਾਵੇਂ ਉਨ੍ਹਾਂ ਦੀ ਬਹਿਸ ਉੱਕਾ ਹੀ ਸਮਝ ਨਹੀਂ ਆ ਰਹੀ ਸੀ ਪਰ ਜਦੋਂ ਜੱਜ ਨੇ ‘‘ਡਿਸਮਿਸ’’ ਕਿਹਾ ਤਾਂ ਇਸ ਉਪਰੰਤ ਦੋਵੇਂ ਵਕੀਲ ਟਿਕ ਕੇ ਬੈਠ ਗਏ। ਮੈਂ ਸਮਝ ਗਿਆ ਕਿ ਹੁਣ ਫ਼ੈਸਲਾ ਹੋ ਚੁੱਕਿਆ ਹੈ। ਉਸ ਤੋਂ ਬਾਅਦ ਜੱਜ ਸਾਹਿਬ ਆਪਣੇ ਸਟੈਨੋ ਨੂੰ ਫ਼ੈਸਲਾ ਲਿਖਵਾਉਣ ਲੱਗੇ ਤੇ ਮੈਨੂੰ ਮੁਖਾਤਬਿ ਹੁੰਦਿਆਂ ਬੋਲੇ, ‘‘ਮੁਸ਼ਤਾਕ, ਮੈਨੇ ਇਨ ਕੋ ਬਮਾਏ ਖਰਚਾ ਖਾਰਿਜ ਕੀਆ ਹੈ ਵਹਾਂ ਜਾ ਕਰ ਇਨ ਸੇ ਖਰਚਾ ਵਸੂਲ ਕਰ ਲੇਨਾ।’’ ਜਦੋਂ ਅੱਬਾ ਅਦਾਲਤ ਤੋਂ ਬਾਹਰ ਆਏ ਤਾਂ ਸ਼ੁਕਰਾਨੇ ਵਜੋਂ ਰੱਬ ਦੇ ਹਜ਼ੂਰ ਸਿਜਦੇ ਵਿਚ ਪੈ ਗਏ। ਜਦੋਂ ਉਹ ਉੱਠੇ ਤਾਂ ਕਈ ਪੱਤਰਕਾਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਸਨ।
ਅੱਬਾ ਨਾਲ ਜੁੜੇ ਹੋਰ ਬਹੁਤ ਸਾਰੇ ਵਾਕਿਆਤ ਹਨ ਜਿਨ੍ਹਾਂ ਤੋਂ ਸਾਨੂੰ ਨਵੀਂ ਸੇਧ ਤੇ ਜੀਵਨ ’ਚ ਹਮੇਸ਼ਾ ਅਡੋਲ ਰਹਿਣ ਦੀ ਪ੍ਰੇਰਨਾ ਮਿਲਦੀ ਹੈ।
ਸੰਪਰਕ: 98552-59650