ਸੱਤ ਸਮੁੰਦਰ ਦੂਰ ਪਿਆ ਲੱਕੜ ਦਾ ਹੱਥ

ਸੱਤ ਸਮੁੰਦਰ ਦੂਰ ਪਿਆ ਲੱਕੜ ਦਾ ਹੱਥ

ਬਾਬਾ ਹਰਨਾਮ ਸਿੰਘ ਟੁੰਡੀਲਾਟ

ਹੀਦਾਂ ਦੀਆਂ ਨਿਸ਼ਾਨੀਆਂ ਅਣਮੋਲ ਹੁੰਦੀਆਂ ਨੇ; ਸਮਾਂ, ਜਬਰ, ਅਨਿਆਂ ਵਿਰੁੱਧ ਲੜਨ ਦਾ ਜਜ਼ਬਾ, ਕੌਮਾਂ ਦੇ ਦੁੱਖ-ਦੁਸ਼ਵਾਰੀਆਂ, ਮਜਬੂਰੀਆਂ, ਸੰਘਰਸ਼, ਇਮਤਿਹਾਨ, ਕੁਰਬਾਨੀਆਂ, ਸਭ ਉਨ੍ਹਾਂ ਨਿਸ਼ਾਨੀਆਂ ਵਿਚ ਥਿਰ ਹੋ ਜਾਂਦੀਆਂ ਨੇ; ਜਿਵੇਂ ਸਾਹਿਰ ਲੁਧਿਆਣਵੀ ਨੇ ਲਿਖਿਆ ਹੈ, ‘‘ਖ਼ੂਨ ਫਿਰ ਖ਼ੂਨ ਹੈ, ਟਪਕੇਗਾ ਤੋ ਜਮ ਜਾਏਗਾ।’’ ਖ਼ੂਨ, ਲਹੂ ਲਿਬੜੀਆਂ ਯਾਦਾਂ, ਜਿਊਣ ਲਈ ਲਲ੍ਹਕ, ਮੌਤ, ਉਨ੍ਹਾਂ ਨਿਸ਼ਾਨੀਆਂ ਵਿਚ ਸਭ ਕੁਝ ਜੰਮ ਜਾਂਦਾ ਹੈ। ਉੱਪਰ ਕਾਂਗੋ ਦੀ ਆਜ਼ਾਦੀ ਦੇ ਨਾਇਕ ਸ਼ਹੀਦ ਪੈਟਰਿਸ ਲੰਮੂਬਾ ਦੇ ਦੰਦ ਦੀ ਕਥਾ ਦੱਸੀ ਗਈ ਹੈ।

ਬਾਬਾ ਟੁੰਡੀਲਾਟ ਦਾ ਹੱਥ ਫ਼ੋਟੋਆਂ: ਅ.ਚੰਦਨ

ਸੱਤ ਸਮੁੰਦਰ ਪਾਰ ਅਮਰੀਕਾ ਦੇ ਸ਼ਹਿਰ ‘ਸਾਨ ਫ੍ਰੈਂਸਿਸਕੋ’ ਦੇ ਯੁਗਾਂਤਰ ਆਸ਼ਰਮ ਵਿਚ ਸਾਡੇ ਗ਼ਦਰੀ ਬਾਬੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਲੱਕੜ ਦਾ ਹੱਥ ਪਿਆ ਹੈ। ਟੁੰਡੀਲਾਟ ਨਾਮ ਕਿਉਂ? ਇਸ ਲਈ ਕਿ ਸਟੌਕਟਨ ਸ਼ਹਿਰ ’ਚ ਬਾਬਾ ਜਵਾਲਾ ਸਿੰਘ ਠੱਠੀਆਂ ਦੇ ਵੱਡੇ ਖੇਤ-ਘਰ (ਫਾਰਮ ਹਾਊਸ) ‘ਹੌਲਟ ਫਾਰਮ ਉਰਫ਼ ਭਾਈਆਂ ਦਾ ਡੇਰਾ’ ਵਿਚ ਬੰਬ ਬਣਾਉਣ ਦੀ ਕੋਸ਼ਿਸ਼ ਕਰਦਿਆਂ ਬਾਬਾ ਜੀ ਦੀ ਖੱਬੀ ਬਾਂਹ ਉੱਡ ਗਈ ਸੀ। ਇਤਿਹਾਸਕਾਰ ਹਰੀਸ਼ ਪੁਰੀ ਅਨੁਸਾਰ ਗ਼ਦਰ ਪਾਰਟੀ ਦੇ ਬਾਨੀਆਂ ’ਚੋਂ ਬਾਬਾ ਹਰਨਾਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਡੂੰਘੀ ਸਮਝ ਵਾਲੇ ਇਨਕਲਾਬੀ ਸਨ; ਬਾਬਾ ਹਰਨਾਮ ਸਿੰਘ ਇਹ ਸਮਝਦੇ ਸਨ ਕਿ ਗ਼ਦਰ 1920 ਵਿਚ ਜਾਂ ਘੱਟੋ ਘੱਟ 1917 ਵਿਚ, ਪੂਰੀ ਤਿਆਰੀ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ ਹੈ। ਅਮਰਜੀਤ ਚੰਦਨ ਅਨੁਸਾਰ ਗ਼ਦਰ ਅਖ਼ਬਾਰ ਦੇ ਸ਼ੁਰੂਆਤੀ ਦੌਰ ਦੇ ਪਰਚੇ ਬਾਬਾ ਹਰਨਾਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੀ ਹੱਥ ਲਿਖਤ ਵਿਚ ਹਨ, ਉਹ ਸਾਈਕਲੋਸਟਾਈਲ ਕਰਨ ਵਾਲੀਆਂ ਸ਼ੀਟਾਂ ’ਤੇ ਲਿਖਦੇ, ਸਾਈਕਲੋਸਟਾਈਲ ਵਾਲੀ ਮਸ਼ੀਨ ਚਲਾਉਂਦੇ, ਅਖ਼ਬਾਰ ਬਣਾਉਂਦੇ। ਜਦ ਬਾਬਾ ਜੀ ਦਾ ਹੱਥ ਬੰਬ ਨਾਲ ਉੱਡ ਗਿਆ ਤਾਂ ਗ਼ਦਰੀਆਂ ਦਾ ਬਹੁਤਾ ਫ਼ਿਕਰ ਇਸ ਗੱਲ ਦਾ ਸੀ ਕਿ ਅਮਰੀਕੀ ਸਰਕਾਰ ਨੂੰ ਇਹ ਪਤਾ ਨਾ ਲੱਗ ਜਾਵੇ ਕਿ ਬਾਂਹ ਬੰਬ ਬਣਾਉਣ ਦੀਆਂ ਕੋਸ਼ਿਸ਼ਾਂ ਕਾਰਨ ਉੱਡ ਗਈ ਹੈ। ਬਾਬਾ ਜੀ ਨੇ ਲੱਕੜ ਦਾ ਹੱਥ ਬਣਵਾਇਆ। ਲੱਕੜ ਦਾ ਉਹ ਹੱਥ ਸਾਨ ਫ੍ਰੈਂਸਿਸਕੋ ਦੇ ਯੁਗਾਂਤਰ ਆਸ਼ਰਮ ਵਿਚ ਪਿਆ ਏ। ਅਮਰਜੀਤ ਚੰਦਨ ਨੇ ਬਾਬਾ ਜੀ ਦੇ ਹੱਥ ਨੂੰ ਵੇਖ ਕੇ ਕਵਿਤਾ ‘‘ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਯੁਗਾਂਤਰ ਆਸ਼ਰਮ ਸਾਨ ਫ਼੍ਰੈਂਸਿਸਕੋ ’ਚ ਪਿਆ ਲੱਕੜ ਦਾ ਹੱਥ’’ ਲਿਖੀ। ਇਸ ਕਵਿਤਾ ਵਿਚ ਚੰਦਨ ਲਿਖਦਾ ਹੈ:

ਬਾਬਾ

ਮੈਂ ਆਪਣਾ ਹੱਥ ਤੇਰੇ ਹੱਥ ਨਾਲ ਕਿਵੇਂ ਮਿਲਾਵਾਂ

ਮੈਨੂੰ ਅੱਖਾਂ ਨਾਲ਼ ਅਪਣਾ ਹੱਥ ਚੁੰਮਣ ਦੇ।

ਤੇਰਾ ਹੱਥ ਸ਼ੀਸ਼ੇ ’ਚ ਮੜ੍ਹਿਆ

ਹਜ਼ਾਰਾਂ ਮੀਲ ਦੂਰ ਸਮੁੰਦਰਾਂ ਪਾਰ

5 ਵੁੱਡ ਸਟ੍ਰੀਟ ਸਾਨ ਫ਼੍ਰੈਂਸਿਸਕੋ ’ਚ

ਉਸ ਮੁਲਕ ਦੇ ਸਾਹਿਲ ’ਤੇ ਪਿਆ ਹੈ

ਜਿੱਥੇ ਆਜ਼ਾਦੀ ਦੀ ਦੇਵੀ ਦਾ ਹੱਥ

ਤੇਰੇ ਵਾਂਙ

ਆਕਾਸ਼ ਨੂੰ ਆਜ਼ਾਦੀ ਨੂੰ ਸੂਰਜ ਨੂੰ

ਪੰਜ ਤੱਤਾਂ ਨੂੰ ਮੁਖ਼ਾਤਿਬ ਹੈ

ਵਰ੍ਹਿਆਂ ਪਹਿਲਾਂ

ਜਿਵੇਂ ਤੂੰ ਅਪਣੇ ਹੱਥ ਨੂੰ ਅਲਵਿਦਾ ਆਖੀ ਸੀ

ਇਸ ਹੱਥ ਨੇ ਵੀ 1964 ’ਚ ਤੈਨੂੰ ਅਲਵਿਦਾ ਆਖੀ

ਜਿਵੇਂ ਕੋਈ ਫੁੱਲ ਇਕ ਦਿਨ ਅਪਣੀਆਂ ਜੜ੍ਹਾਂ ਤੋਂ

ਅਪਣੇ ਆਪ ਨਾਲ਼ੋਂ ਜੁਦਾ ਹੋ ਜਾਂਦਾ ਹੈ

ਚਰੰਜੀ ਲਾਲ ਕੰਗਣੀਵਾਲ ਦੀ ਦਿੱਤੀ ਜਾਣਕਾਰੀ ਅਨੁਸਾਰ ਬਾਬਾ ਹਰਨਾਮ ਸਿੰਘ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਚ 26 ਅਕਤੂਬਰ 1884 ਨੂੰ ਜਨਮੇ। ਇਸ ਪਿੰਡ ਦੇ ਹੋਰ ਗ਼ਦਰੀ ਬਾਬਾ ਅਮਰ ਸਿੰਘ ਅਤੇ ਬਾਬਾ ਸ਼ਿਵ ਸਿੰਘ ਸਨ। ਬੀਬੀ ਗੁਲਾਬ ਕੌਰ ਵੀ ਇਸ ਪਿੰਡ ਵਿਚ ਰਹਿੰਦੀ ਰਹੀ। ਗ਼ਦਰ ਦੇ ਅਸਫ਼ਲ ਹੋਣ ਤੋਂ ਬਾਅਦ ਬਾਬਾ ਹਰਨਾਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਜਗਤ ਸਿੰਘ ਸੁਰ ਸਿੰਘ ਨੇ ਕਾਬਲ ਜਾਣ ਦਾ ਫ਼ੈਸਲਾ ਕੀਤਾ। ਰਾਹ ਵਿਚ ਇਹ ਕਵਿਤਾ, ‘‘ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ’’ ਯਾਦ ਆਈ। ਮੁੜ ਆਏ। ਬਾਬਾ ਹਰਨਾਮ ਸਿੰਘ ਨੇ ਕਾਲੇਪਾਣੀਆਂ (ਅੰਡੇਮਾਨ ਤੇ ਨਿਕੋਬਾਰ ਟਾਪੂਆਂ) ਵਿਚ ਉਮਰ ਕੈਦ ਕੱਟੀ। 18 ਨਵੰਬਰ 1962 ਵਿਚ ਬਾਬਾ ਜੀ ਦਾ ਦੇਹਾਂਤ ਹੋ ਗਿਆ। ਬਾਬਾ ਜੀ ਦੇ ਹੱਥ ਨੂੰ ਵੇਖ ਕੇ ਚੰਦਨ ਨੂੰ ਉਹ ਪਲ ਯਾਦ ਆਉਂਦਾ ਹੈ ਜਦ ਬਾਬਾ ਜੀ ਦਾ ਅਸਲੀ ਹੱਥ ਉਨ੍ਹਾਂ ਦੇ ਸਰੀਰ ਤੋਂ ਜੁਦਾ ਹੋਇਆ ਹੋਵੇਗਾ। ਉਹ ਲਿਖਦਾ ਹੈ:

ਇਹਦੀਆਂ ਹਮੇਸ਼ਾ ਖੁੱਲ੍ਹੀਆਂ ਰਹਿੰਦੀਆਂ ਉਂਗਲ਼ਾਂ ’ਚੋਂ

ਕੋਈ ਫੁੱਲ ਡਿੱਗ ਪਿਆ ਸੀ

ਕੋਈ ਪਲ ਖੁੰਝ ਗਿਆ ਸੀ

ਇਹ ਹੱਥ ਹਾਲੇ ਵੀ ਉਸ ਡਿੱਗੇ ਹੋਏ ਫੁੱਲ ਨੂੰ

ਉਸ ਖੁੰਝੇ ਹੋਏ ਪਲ ਨੂੰ ਪਕੜਨ ਲਈ ਖੁੱਲ੍ਹਾ ਹੋਇਆ ਹੈ

ਇਹ ਹੱਥ ਓਦੋਂ ਤਕ ਖੁੱਲ੍ਹਾ ਰਹਿਣਾ ਹੈ

ਜਦ ਤਕ ਵਕਤ ਫੁੱਲ ਬਣ ਕੇ ਖਿੜਦਾ ਰਹੇਗਾ

ਜਦ ਤਕ ਵਕਤ ਫੁੱਲ ਵਾਂਙ ਝੜਦਾ ਰਹੇਗਾ

ਜਦ ਤਕ ਵਕਤ ਸੁਗੰਧ ਬਣ ਕੇ ਤਿੰਨ ਲੋਕ ਚ ਸਮਾਉਂਦਾ ਰਹੇਗਾ

ਇਹ ਬਾਂਹ ਸਚਮੁੱਚ ਤੇਰੀ ਸੱਜੀ ਬਾਂਹ ਸੀ

ਇਹ ਸਚਮੁੱਚ ਸਾਡੀ ਸੱਜੀ ਬਾਂਹ ਸੀ

ਇਹ ਲੋਕਾਂ ਦੀ ਸੱਜੀ ਬਾਂਹ ਸੀ

ਇਹ ਸਾਡੇ ਇਤਿਹਾਸ ਦੀ ਸੱਜੀ ਬਾਂਹ ਸੀ

ਜਦ ਇਨਸਾਨ ਨਿਹੱਥਾ ਹੋਵੇ

ਤਾਂ ਕੋਈ ਤਲਵਾਰ ਕੋਈ ਬੰਦੂਕ

ਇਨਸਾਨ ਦਾ ਹੱਥ ਬਣ ਜਾਂਦੀ ਹੈ

ਵਧੀ ਹੋਈ ਭੁਜਾ

ਤੇਰੀ ਇਹ ਬਾਂਹ ਤੇਰਾ ਇਹ ਹੱਥ

ਤੇਰਾ ਹਥਿਆਰ ਸੀ

ਮੌਤ ਨੂੰ ਮਾਰਨ ਦਾ ਹਥਿਆਰ

ਪਿਆਰ ਦਾ ਦੋਸਤੀ ਦਾ ਵਧਿਆ ਹੋਇਆ ਹੱਥ

ਜਿਵੇਂ ਧੁੱਪ ਛਾਂ ਵੱਲ ਵਧਦੀ ਹੈ

ਜਿਵੇਂ ਪਾਣੀ ਮਿੱਟੀ ਵੱਲ ਵਧਦਾ ਹੈ

ਜਿਵੇਂ ਹੱਥ ਸਿਰ ਵੱਲ ਵਧਦਾ ਹੈ

ਬਾਬਾ

ਤੂੰ ਸਾਡੇ ਸਿਰ ’ਤੇ ਹੱਥ ਰਖ

ਤੇ ਸਾਨੂੰ ਉਂਗਲ਼ ਲਾ ਕੇ ਤਵਾਰੀਖ਼ ਦੇ ਰਸਤੇ ’ਤੇ ਪਾ ਦੇ

ਅਮਰਜੀਤ ਚੰਦਨ ਇਸ ਕਵਿਤਾ ਬਾਰੇ ਲਿਖਦਾ ਹੈ: ‘‘ਇਹ ਕਵਿਤਾ ਮੈਂ ਕੈਲੀਫ਼ੋਰਨੀਆ ਖੁੱਲ੍ਹੇ ਖੇਤਾਂ ਵਿਚ ਪਾਸ਼ ਦੇ ਘਰ ਬੈਠਿਆਂ ਜਨਵਰੀ 1988 ਵਿਚ ਲਿਖੀ ਸੀ. ਆਪ ਇਹ ਪੰਜਾਬ ਅਪਣੇ ਪਿੰਡ ਗਿਆ ਹੋਇਆ ਸੀ. ਮੈਂ ਸਾਰੀ ਕਵਿਤਾ ਰੋਂਦਿਆਂ ਈ ਲਿਖੀ। ਕੋਲ਼ ਪਾਸ਼ ਦੀ ਨਿੱਕੀ ਧੀ ਤੇ ਭੈਣ ਦੇ ਬੱਚੇ ਕਿਲਕਾਰੀਆਂ ਮਾਰਦੇ ਖੇਡ ਰਹੇ ਸਨ. ਅੱਜ ਵੀ ਚੇਤੇ ਵਿਚ ਹਵਾ ਚ ਘਰ ਦੇ ਜੀਆਂ ਦੇ ਸੁੱਕਣੇ ਪਾਏ ਕਪੜੇ ਵੀ ਹਿੱਲਦੇ ਦਿਸਦੇ ਹਨ. ਓਦੋਂ ਈ ਮੈਂ ‘ਪਾਸ਼ ਇਥੇ ਰਹਿੰਦਾ ਹੈ’ ਨਾਂ ਦੀ ਕਵਿਤਾ ਵੀ ਲਿਖੀ ਸੀ।’’

ਕਵਿਤਾ ਅੱਗੇ ਇੰਝ ਤੁਰਦੀ ਹੈ:

ਬਾਬਾ

ਕਦੇ ਤੇਰੇ ਇਸ ਹੱਥ ਨੇ ਦਸਤਾਨੇ ਬਗ਼ੈਰ

ਦੂਸਰੇ ਹੱਥ ਨਾਲ਼ ਗੱਲਾਂ ਕੀਤੀਆਂ ਸਨ?

ਜਿਵੇਂ ਜੌੜੇ ਭਰਾ ਗੱਲਾਂ ਕਰਦੇ ਹਨ

ਜਿਵੇਂ ਦੋ ਕਾਮਰੇਡ ਗੱਲਾਂ ਕਰਦੇ ਹਨ

ਜਿਵੇਂ ਹੰਸਾਂ ਦੀ ਜੋੜੀ ਗੱਲਾਂ ਕਰਦੀ ਹੈ

ਬਾਬਾ ਕਦੇ ਤੇਰੇ ਦੂਸਰੇ ਹੱਥ ਨੇ

ਇਸ ਹੱਥ ਨੂੰ ਲਡਿਆਇਆ ਸੀ?

ਜਿਵੇਂ ਪਿਉ ਤੇ ਪੁੱਤ ਲਾਡ ਕਰਦੇ ਹਨ

ਜਿਵੇਂ ਬੱਚਾ ਰੂੰ ਦੇ ਖ਼ਰਗੋਸ਼ ਨਾਲ਼ ਖੇਡਦਾ ਹੈ

ਜਿਵੇਂ ਦੁੱਧ ਚੁੰਘਾਉਂਦੀ ਮਾਂ ਬੱਚੇ ਦੇ ਸਿਰ ’ਤੇ ਹੱਥ 

ਫੇਰਦੀ ਹੈ

ਬਾਬਾ

ਤੇਰਾ ਇਹ ਹੱਥ ਤੈਨੂੰ ਯਾਦ ਕਰ-ਕਰ ਝੂਰਦਾ ਹੈ

ਜਿਵੇਂ ਕਦੇ ਕਦੇ

ਤੂੰ ਅਪਣੇ ਹੱਥ ਨੂੰ ਯਾਦ ਕਰਕੇ ਝੂਰਦਾ ਹੋਵੇਂਗਾ

ਬਾਬਾ

ਯਕਜਹਿਤੀ ਦੇ ਬੰਬ ਨਾਲ਼

ਅਸੀਂ ਸਾਮਰਾਜ ਨੂੰ ਮਾਰਨਾ ਸੀ

ਪਰ ਇਹ ਬੰਬ ਸਾਡੇ ਹੱਥਾਂ ’ਚ ਹੀ ਚਲ ਗਿਆ ਸੰਨ ਸੰਤਾਲੀ ’ਚ

ਸਾਡੀ ਸੱਜੀ ਬਾਂਹ ਉੜ ਗਈ

ਜਿਨ੍ਹਾਂ ਪੰਜਾਂ ਉਂਗਲ਼ਾਂ ਨੇ ਸਰਮਾਏ ਦਾ ਪਹਾੜ ਰੋਕਣਾ ਸੀ

ਉਹ ਹੱਥ ਉੜ ਗਿਆ ਉਂਗਲ਼ਾਂ ਜੁਦਾ ਹੋ ਗਈਆਂ

ਜਿਵੇਂ ਲਹੂ ਮਾਸ ਨਾਲ਼ੋਂ ਜੁਦਾ ਹੁੰਦਾ ਹੈ

ਜਿਵੇਂ ਰੂਹ ਜਿਸਮ ਨਾਲ਼ੋਂ ਜੁਦੀ ਹੁੰਦੀ ਹੈ

ਇਹ ਕਵਿਤਾ 1988 ਵਿਚ ਲਿਖੀ ਗਈ। ਉਹ ਸਮੇਂ ਪੰਜਾਬ ਲਈ ਬਹੁਤ ਸੰਤਾਪ ਭਰੇ ਸਨ। ਚੰਦਨ ਬਾਬਾ ਜੀ ਦੀ ਯਾਦ ਨੂੰ ਉਸ ਦੇ ਹੱਥ ਨਾਲ ਏਦਾਂ ਜੋੜਦਾ ਹੈ:

ਬਾਬਾ

ਸਾਨੂੰ ਤਾਂ ਹੁਣ ਦੂਜੇ ਹੱਥ ਦਾ ਫ਼ਿਕਰ ਹੈ

ਜੱਲਾਦ ਸਾਡੀ ਦੂਜੀ ਬਾਂਹ ਵੀ ਵੱਢਣੀ ਚਾਹੁੰਦੇ ਨੇ

ਇਹ ਜੱਲਾਦ ਸਾਡੇ ਰਹਿੰਦੇ ਅੰਗ ਕਟ ਕੇ

ਸਾਨੂੰ ਗ਼ੁਲਾਮੀ ਦੇ ਖੂਹ ’ਚ ਸੁੱਟਣਾ ਚਾਹੁੰਦੇ ਨੇ

ਪੰਜਾਬ ਆਪਣੀ ਜਬਰ ਜ਼ੁਲਮ ਵਿਰੁੱਧ ਲੜਨ ਦੀ ਵਿਰਾਸਤ ਆਸਰੇ ਜਿਊਂਦਾ ਹੈ। ਵਰਤਮਾਨ ਦੇ ਸੰਘਰਸ਼ ਵਿਰਾਸਤ ਦੀ ਬੁਨਿਆਦ ’ਤੇ ਹੀ ਉਸਰਦੇ ਹਨ:

ਬਾਬਾ

ਅੱਜ ਸਾਨੂੰ ਤੇਰੀ ਬਾਂਹ ਲੋੜੀਦੀ ਹੈ

ਸਾਨੂੰ ਅੱਜ ਅਪਣੀਆਂ ਬਾਹਵਾਂ ਲੋੜੀਦੀਆਂ ਨੇ

ਅਸੀਂ ਤੇਰੀ ਇਹ ਬਾਂਹ ਮੁੜ ਪਕੜਨੀ ਚਾਹੁੰਦੇ ਹਾਂ

ਤੋੜ ਤਕ ਨਿਭਾਉਣ ਲਈ

ਅਸੀਂ ਤੇਰੀ ਇਹ ਬਾਂਹ

ਹਵਾ ਚ ਝੰਡੇ ਵਾਂਙ ਲਹਿਰਾਉਣਾ ਚਾਹੁੰਦੇ ਹਾਂ

ਖੜਗ ਵਾਂਙ ਵਾਹੁਣਾ ਚਾਹੁੰਦੇ ਹਾਂ

ਨਾਅਰੇ ਵਾਂਙ ਬੁਲੰਦ ਕਰਨੀ ਚਾਹੁੰਦੇ ਹਾਂ

ਅਸੀਂ ਤੇਰੀ ਬਾਂਹ ਡਿੱਗਣ ਨਹੀਂ ਦਿਆਂਗੇ

ਅਸੀਂ ਤੇਰੀ ਬਾਂਹ ਨਾਲ਼ ਬੁਰੇ ਦੇ ਘਰ ਤਕ ਜਾਵਾਂਗੇ

5, ਵੁੱਡ ਸਟਰੀਟ ਸਾਨ ਫ੍ਰਾਂਸਿਸਕੋ ਦੇ ਯੁਗਾਂਤਰ ਆਸ਼ਰਮ ਵਿਚ ਪਿਆ ਬਾਬਾ ਜੀ ਦਾ ਲੱਕੜ ਦਾ ਹੱਥ ਪੰਜਾਬੀ ਕੌਮ ਦੀ ਅਮਾਨਤ ਹੈ। ਪੰਜਾਬੀ ਕੌਮ ਦੀਆਂ ਨਿਸ਼ਾਨੀਆਂ ਥਾਂ ਥਾਂ ਖਿਲਰੀਆਂ ਪਈਆਂ ਹਨ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਬਿਜਲੀ ਸੋਧ ਬਿੱਲ ਲੋਕ ਸਭਾ ’ਚ ਪੇਸ਼; ਵਿਆਪਕ ਚਰਚਾ ਲਈ ਸਟੈਂਡਿੰਗ ਕਮੇਟੀ ਕੋਲ ਭੇਜਿਆ

ਵਿਰੋਧੀ ਧਿਰਾਂ ਵੱਲੋਂ ਬਿੱਲ ਦਾ ਖਰੜਾ ਸੰਘੀ ਢਾਂਚੇ ਦੀ ਖਿਲਾਫ਼ਵਰਜ਼ੀ ਕਰ...

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਨਾਇਡੂ ਨੂੰ ਰਾਜ ਸਭਾ ਮੈਂਬਰਾਂ ਨੇ ਦਿੱਤੀ ਵਿਦਾਇਗੀ

ਰਾਜ ਸਭਾ ਚੇਅਰਮੈਨ ਵਜੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ, ਜੀਵਨੀ ਲਿਖਣ ...

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਚੋਣ ਨਿਸ਼ਾਨ: ਊਧਵ ਧੜੇ ਨੇ ਦਸਤਾਵੇਜ਼ ਦਾਖ਼ਲ ਕਰਨ ਲਈ ਚੋਣ ਕਮਿਸ਼ਨ ਤੋਂ ਚਾਰ ਹਫ਼ਤੇ ਮੰਗੇ

ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਅਪੀਲ ਸੁਪਰੀਮ ਕੋਰਟ ’ਚ ਪੈ...

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

ਪੀਵੀ ਸਿੰਧੂ, ਲਕਸ਼ੈ ਸੇਨ ਸਿੰਗਲਜ਼ ਅਤੇ ਰੰਕੀ ਰੈੱਡੀ ਤੇ ਚਿਰਾਗ ਨੇ ਡਬਲਜ...

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸ਼ਰਤ ਤੇ ਅਕੁਲਾ ਦੀ ਜੋੜੀ ਨੇ ਕੀਤੀ ਜਿੱਤ ...