ਹਰਫ਼ਾਂ ਵਿੱਚ ਜਾਗ ਰਹੀ ਕਵਿਤਾ

ਹਰਫ਼ਾਂ ਵਿੱਚ ਜਾਗ ਰਹੀ ਕਵਿਤਾ

ਪ੍ਰੋ. ਕੁਲਵੰਤ ਔਜਲਾ

ਇਕ ਪੁਸਤਕ - ਇਕ ਨਜ਼ਰ

‘ਚੁੱਪ ਦੇ ਬਹਾਨੇ’ ਕਵੀ ਮਲਵਿੰਦਰ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਹੈ। ਚੁੱਪ ਨੂੰ ਬਹਾਨਾ ਬਣਾ ਕੇ ਅਜੋਕੇ ਸਮਿਆਂ ਦੀਆਂ ਅੰਦਰੂਨੀ ਤੇ ਬਾਹਰੀ ਪਰਤਾਂ ਤੇ ਪੇਚੀਦਗੀਆਂ ਨਾਲ ਕੀਤੀ ਗਈ ਲੰਮੀ ਗੁਫ਼ਤਗ਼ੂ ਇਸ ਕਵਿਤਾ ਦਾ ਕੇਂਦਰੀ ਮਨੋਰਥ ਤੇ ਮੈਟਾਫਰ ਹੈ। ਚੁੱਪ ਨੂੰ ਸੰਕੇਤ, ਸੰਵਾਦ, ਸਿੰਬਲ, ਸ਼ਨਾਖ਼ਤ ਤੇ ਸਵੈ-ਪੜਚੋਲ ਦੇ ਅਰਥਾਂ ਦੀ ਅਨੂਭੂਤੀ ਲਈ ਵਰਤਿਆ ਤੇ ਪਰਿਭਾਸ਼ਤ ਕੀਤਾ ਗਿਆ ਹੈ। ਮਲਵਿੰਦਰ ਸਹਿਜ ਤੋਰ ਤੁਰਨ ਵਾਲਾ ਸੂਖ਼ਮ, ਸੰਵੇਦਨਸ਼ੀਲ ਤੇ ਸੰਜਮੀ ਕਵੀ ਹੈ। ਸਵੈ ਦੀਆਂ ਅੰਦਰੂਨੀ ਬਾਤਾਂ ਪਾਉਣ ਦੇ ਬਹਾਨੇ ਉਹ ਸਮਕਾਲੀ ਸੰਸਾਰਾਂ ਤੇ ਸਰੋਕਾਰਾਂ ਦੇ ਬਹੁਪਰਤੀ ਤੇ ਬਹੁਦਿਸ਼ਾਵੀ ਬਿਰਤਾਂਤ ਨੂੰ ਆਲੋਚਨਾਤਮਿਕ ਅੰਦਾਜ਼ ਵਿੱਚ ਪਕੜਦਾ ਤੇ ਪੇਸ਼ ਕਰਦਾ ਹੈ। ਨਿੱਕੇ ਨਿੱਕੇ ਵਾਕਾਂ ਤੇ ਵੇਰਵਿਆਂ ਦੇ ਸਹਾਰੇ ਗਹਿਰੀਆਂ ਤੇ ਗਗਨਮੁਖੀ ਗੱਲਾਂ ਕਰਨ ਦੀ ਜੁਗਤ ਤੇ ਜਾਚ ਮਲਵਿੰਦਰ ਦੀ ਕਵਿਤਾ ਦਾ ਹਾਸਲ ਹੈ। ਗੱਲਾਂ ਨੂੰ ਗੁਫ਼ਤਗ਼ੂ, ਬਾਤਾਂ ਨੂੰ ਬਿਰਤਾਂਤ ਤੇ ਸੰਬੋਧਨ ਨੂੰ ਸੰਵਾਦ ਵਿੱਚ ਢਾਲਣ ਦੀ ਸ਼ਿਲਪ ਸ਼ੈਲੀ ਕਵਿਤਾ ਨੂੰ ਭਵਿੱਖਮੁਖੀ ਫੈਲਾਉ ਪ੍ਰਦਾਨ ਕਰਦੀ ਹੈ। ਦੁੱਖ ਦਾ ਹਾਣ ਲੱਭਣ ਤੇ ਮਰਹਮ ਪਛਾਨਣ ਦੀ ਊਰਜਾ ਤੇ ਉਤੇਜਨਾ ਕਵੀ ਨੂੰ ਕਾਵਿਕ ਖੋਜਕਾਰੀ ਤੇ ਖ਼ੁਆਬਗੋਈ ਦੇ ਸਫ਼ਰ ਲਈ ਤੋਰਦੀ ਹੈ।

ਤੋਰ ਵਫ਼ਾ ਦਾ ਕਾਫ਼ਲਾ

ਯਤਨ ਸੁਲੱਖੇ ਭਾਲ

ਚੁੱਪ ਦਾ ਮਰਮ ਪਛਾਣੀਏ

ਸ਼ਬਦਾਂ ਅਰਥਾਂ ਨਾਲ

ਸ਼ਬਦਾਂ ਅਰਥਾਂ ਦੀ ਤਲਾਸ਼ ਤੇ ਤਲਬ ਕਵੀ ਨੂੰ ਆਲੇ-ਦੁਆਲੇ ਵਾਪਰ ਰਹੇ ਵਰਤਾਰਿਆਂ ਤੇ ਵਿਅੰਜਨਾਂ ਨਾਲ ਸੰਬੋਧਨੀ ਸੰਵਾਦ ਲਈ ਉਕਸਾਉਂਦੀ ਹੈ। ਚੁੱਪ ਦਾ ਬਹਾਨਾ ਪਰਿਭਾਸ਼ਕ ਪੁਣਛਾਣ ਤੇ ਪ੍ਰਤੀਕਾਤਮਕ ਸਿਨਫ਼ਗੋਈ ਦਾ ਮੁਸਲਸਲ ਤੇ ਮੰਥਨੀ ਰਿਆਜ਼ ਹੈ। ਰਿਆਜ਼ ਕਈ ਵਾਰ ਦੁਹਰਾਉ ਵੀ ਲੱਗਦਾ ਹੈ, ਪਰ ਕਵਿਤਾ ਦਾ ਅੰਦਰੂਨੀ ਰਹਾਓ ਤੇ ਲੈਆਤਮਕ ਠਹਿਰਾਉ ਇਸ ਦੁਹਰਾਉ ਨੂੰ ਦਾਰਸ਼ਨਿਕ ਅੰਦਾਜ਼ ਵੱਲ ਮੋੜ ਦਿੰਦਾ ਹੈ ਅਤੇ ਕਵਿਤਾ ਆਪਣੇ ਸਹਿਜ ਸਫ਼ਰ ਦੀਆਂ ਉਦਾਸੀਆਂ ਦੀ ਵਿਵੇਕੀ ਤਾਲਾਸ਼ ਵਿੱਚ ਲੀਨ ਹੋ ਜਾਂਦੀ ਹੈ।

ਚੁੱਪ ਅਜੋਕਾ ਆਤੰਕ ਤੇ ਅਵਾਜ਼ਾਰੀ ਹੈ। ਮਲਵਿੰਦਰ ਨੇ ਚੁੱਪ ਨੂੰ ਕਾਵਿਕ ਜ਼ੁਬਾਨ ਦਿੱਤੀ ਹੈ। ਚੁੱਪ ਅਜੋਕੇ ਵਕਤਾਂ ਦਾ ਖ਼ਾਮੋਸ਼ ਅੰਤਹਕਰਣ ਹੈ। ਮਲਵਿੰਦਰ ਇਸ ਖ਼ਾਮੋਸ਼ ਅੰਤਹਕਰਣ ਨੂੰ ਬੋਲਣ ਲਈ ਸਾਹਵਰਧਕ ਸੰਕੇਤ ਤੇ ਸੁਪਨੇ ਦਿੰਦਾ ਹੈ। ਚੁੱਪ ਸਮਕਾਲੀ ਸਮਾਜ ਦਾ ਆਤਮਘਾਤੀ ਵਿਦਰੋਹ ਹੈ। ਕਵੀ ਆਤਮਘਾਤ ਨੂੰ ਆਤਮ ਚੇਤਨਾ ਤੇ ਚਿੰਤਨ ਲਈ ਜਗਾਉਂਦਾ ਤੇ ਜਾਗਰਿਤ ਕਰਦਾ ਹੈ। ਬਹੁਪੱਖੀ ਤੇ ਬਹੁਦਿਸ਼ਾਵੀ ਚੁੱਪ ਨਾਲ ਵੱਖ ਵੱਖ ਕੋਣਾਂ ਤੇ ਕਿਨਾਰਿਆਂ ਤੋਂ ਕੀਤੀ ਗਈ ਪਰਿਭਾਸ਼ਕੀ ਵਾਰਤਾਲਾਪ ਕਾਵਿ-ਅਰਥਾਂ ਨੂੰ ਮੌਲਿਕ ਤੇ ਮਾਨਵੀ ਮੁਹਾਂਦਰਾ ਪ੍ਰਦਾਨ ਕਰਦੀ ਹੈ:

ਚੁੱਪ ਕੁਹਾੜੇ ਦੇ ਪਹਿਲੇ ਟੱਕ ਨਾਲ

ਰੁੱਖ ਦੀਆਂ ਕਰੂੰਬਲਾਂ ਚੋਂ ਫੁੱਟੀ ਉਦਾਸੀ ਹੁੰਦੀ

ਕਬਰਾਂ ਦੇ ਦੀਵਿਆਂ ਕੋਲ ਹੁੰਦੀ ਚੁੱਪ

ਸੱਖਣੀ ਦੇਹ ਕੋਲ ਹੁੰਦੀ

ਮਨ, ਮਸਤਕ, ਮਾਹੌਲ, ਮੁਹਾਂਦਰਿਆਂ ਤੇ ਮਰਹਲਿਆਂ ਨਾਲ ਹੋ ਰਹੀ ਬਾਤਚੀਤ ਦੀਆਂ ਧੁਨੀਆਂ ਤੇ ਪ੍ਰਤੀਧੁਨੀਆਂ ਕਵਿਤਾ ਨੂੰ ਆਰਾਮ ਨਹੀਂ ਕਰਨ ਦਿੰਦੀਆਂ। ਆਪਣੇ ਆਪ ਨਾਲ ਕੀਤੇ ਜਾ ਰਹੇ ਮਨੋਬਚਨ ਤੇ ਮਨੋਸੰਵਾਦ ਵਰਗੀ ਇਹ ਕਵਿਤਾ ਖ਼ਾਮੋਸ਼ ਤੇ ਖ਼ੁਆਬਹੀਣ ਹੁੰਦੇ ਜਾ ਰਹੇ ਖੰਡ ਬ੍ਰਹਿਮੰਡ ਦੀ ਵੇਦਨਾ ਤੇ ਵੈਰਾਗ ਨੂੰ ਜ਼ੁਬਾਨ ਤੇ ਜੁੰਬਿਸ਼ ਦੀ ਨਵੀਂ ਤੇ ਨਰੋਈ ਸ਼ਬਦਾਵਲੀ, ਸੁਹਜ ਤੇ ਸੰਵੇਦਨਾ ਪ੍ਰਦਾਨ ਕਰਦੀ ਹੈ।

ਚੁੱਪ ਦੀਆਂ ਬਹੁਤ ਸਾਰੀਆਂ ਦਿਸ਼ਾਵਾਂ ਤੇ ਦ੍ਰਿਸ਼ਟੀਆਂ ਸਮੁੱਚੇ ਸੰਸਾਰ ਨੂੰ ਫਰੋਲਣ ਦੀ ਫ਼ਲਸਫ਼ਾਨਾ ਵਿਧੀ ਨਾਲ ਜ਼ਿੰਦਗੀ ਨੂੰ ਬੋਲਣ ਲਾਉਂਦੀਆਂ ਹਨ। ਇਸ ਬਹਾਨੇ ਕਵੀ ਜ਼ਿੰਦਗੀ ਬਾਰੇ ਫ਼ਿਕਰਮੰਦ ਟਿੱਪਣੀਆਂ ਕਰਦਾ ਹੈ। ਸਿਸਕਦੇ, ਸਹਿਕਦੇ, ਸਾਹਸਤਹੀਣ, ਸੁਸਤ ਤੇ ਸੰਵੇਦਨਸ਼ੀਲ ਹੋ ਰਹੇ ਮਨੁੱਖੀ ਵਿਵਹਾਰ ਤੇ ਵਰਤਾਰਿਆਂ ਦੀ ਚੀਰਫਾੜ ਕਰਦੀ ਇਹ ਕਵਿਤਾ ਲੀਰਾਂ ਲੀਰਾਂ ਹੋਏ ਸੱਚ ਵਰਗੀ ਹੈ। ਕਵਿਤਾ ਪੀੜਤ ਤੇ ਪਰੇਸ਼ਾਨ ਹੈ। ਕਵਿਤਾ ਕੋਲ ਬਿਨ ਹੁੰਗਾਰਾ ਬਾਤ ਦੇ ਪਛਤਾਵੇ ਦਾ ਹੇਰਵਾ ਤੇ ਹਿਰਖ਼ ਹੈ। ਕਵਿਤਾ ਨਿਪੱਤਰੇ ਰੁੱਖਾਂ, ਟੁੱਟਦੇ ਸੁਪਨਿਆਂ, ਮਨਹੂਸ ਖ਼ਬਰਾਂ ਤੇ ਗੁਆਚ ਗਈਆਂ ਪ੍ਰਭਾਤਾਂ ਦਾ ਦਰਦਭਿੱਜਾ ਵਿਖਿਆਨ ਤੇ ਵਿਸਥਾਰ ਹੈ। ਵਿਖਿਆਨ ਤੇ ਵਿਸਥਾਰ ਕਵਿਤਾ ਦੀ ਮਨਭਾਉਂਦੀ ਵਿਧੀ ਤੇ ਵਿਉਂਤ ਹੈ। ਮਲਵਿੰਦਰ ਨੂੰ ਕਵਿਤਾ ਸਿਰਜਣੀ ਆਉਂਦੀ ਹੈ। ਸਿਰਜਣਾ ਨੂੰ ਸਹਿਜ ਸੁਭਾਵਿਕ, ਸਰਲ ਤੇ ਸੰਖੇਪ ਲਹਿਜਾ ਦੇਣ ਹਿਤ ਉਹ ਸ਼ਬਦਾਂ ਤੇ ਵਾਕਾਂ ਨੂੰ ਨਿੱਕੀਆਂ ਇੱਟਾਂ ਦੀ ਉਸਾਰੀ ਵਾਂਗ ਚਿਣਦਾ ਹੈ। ਬਿੰਬ, ਪ੍ਰਤੀਕ, ਰੂਪਕ ਤੇ ਵੇਰਵੇ ਬਦਲਦੇ ਹਨ, ਪਰ ਸ਼ੈਲੀ ਤੇ ਸ਼ਿਲਪ ਲੰਬੀ ਬਾਤ ਦੀ ਅੰਦਾਜ਼-ਏ-ਗੁਫ਼ਤਗੂ ਵਰਗੀ ਹੈ। ਸਿਧਾਂਤ ਨਾਲੋਂ ਸ਼ੈਲੀ ਤੇ ਸ਼ਿਲਪ ਦਾ ਦਬਦਬਾ ਹੈ। ਸਿਧਾਂਤ ਕਵਿਤਾ ਦੀ ਰਗ਼ ਰਗ਼ ਵਿੱਚ ਹੈ। ਸਿਧਾਂਤ ਚੁੱਪ ਰਾਹੀਂ ਊਰਜਿਤ ਹੁੰਦਾ ਹੈ। ਚੁੱਪ ਦੇ ਬਹਾਨੇ ਪੇਸ਼ ਹੋਇਆ ਕਾਵਿ-ਸਿਧਾਂਤ ਦਾਰਸ਼ਨਿਕ ਹੈ। ਗਿੱਲੀ ਰੇਤ ਵਿਚੋਂ ਸਹਿਜ ਭਾਅ ਸਿੰਮਦੇ ਪਾਣੀ ਵਰਗਾ। ਕਵੀ ਦਾ ਸਾਰਾ ਜ਼ੋਰ ਵੇਰਵਿਆਂ ਦੇ ਵਿਸਥਾਰ ਨੂੰ ਵਿਉਂਤਣ ਵੱਲ ਸੇਧਿਤ ਹੈ। ਵਿਉਂਤਣ ਬਿਨਾਂ ਵਿਸਥਾਰ ਸੂਤਰਿਤ ਨਹੀਂ ਸੀ ਹੋਣਾ। ਮਨੁੱਖ ਦੇ ਅੰਦਰ ਤੇ ਬਾਹਰ ਘਟਿਤ ਹੋ ਰਹੇ ਬ੍ਰਹਿਮੰਡ ਦਾ ਕੁਲੰਬਸੀ ਸਫ਼ਰ ਹੈ ਇਹ ਕਵਿਤਾ। ਕਵੀ ਇਸ ਨੂੰ ਕਾਗ਼ਜ਼ ’ਤੇ ਉਤਾਰਨ ਤੋਂ ਪਹਿਲਾਂ ਹਰਫ਼ਾਂ ’ਚ ਜਾਗ ਰਹੀ ਕਵਿਤਾ ਆਖਦਾ ਹੈ। ਅਣਗਾਏ ਗੀਤ ਵਰਗੀ ਕਵਿਤਾ। ਭੋਇੰ ਦੇ ਗਰਭ ਵਿੱਚ ਬਾਰਸ਼ ਉਡੀਕਦੇ ਬੀਜ ਵਰਗੀ ਕਵਿਤਾ। ਮਲਵਿੰਦਰ ਕਵਿਤਾ ਦੇ ਪ੍ਰਯੋਜਨ ਤੇ ਪਰਿਭਾਸ਼ਾ ਬਾਰੇ ਬਾਕਮਾਲ ਤੇ ਬਰੀਕ ਟਿੱਪਣੀਆਂ ਕਰਦਾ ਹੈ। ਕਵੀ ਚੁੱਪ ਤੇ ਕਵਿਤਾ ਦੇ ਅੰਤਰ ਸਬੰਧਾਂ ਬਾਰੇ ਲਿਖਦਾ ਹੈ:

ਇਹ ਉਹ ਕਵਿਤਾ ਹੁੰਦੀ

ਜਿਸਦੇ ਪਾਠ ਤੋਂ ਬਾਅਦ ਸੋਚ ਕਈ ਰੰਗ ਬਦਲਦੀ

ਲਫ਼ਜ਼ਾਂ ਤੋਂ ਪਾਰ ਦੀ ਕਵਿਤਾ ਹੁੰਦੀ ਚੁੱਪ

ਚੁੱਪ ਤੇ ਕਵਿਤਾ ਦੇ ਅੰਤਰ ਸਬੰਧਾਂ ਦੀ ਨਰੋਈ ਨਿਸ਼ਾਨਦੇਹੀ ਕਵਿਤਾ ਨੂੰ ਜਰਖ਼ੇਜ਼ ਕਰਦੀ ਹੈ। ਕਵੀ ਦਾ ਜ਼ਿਆਦਾ ਜ਼ੋਰ ਸ਼ਬਦ ਘਾੜਤ ਤੇ ਬਿੰਬਕਾਰੀ ਨੂੰ ਬੁਲੰਦ ਕਰਨ ਲਈ ਪ੍ਰਯੋਗ ਹੋਇਆ ਹੈ। ਬਿੰਬ ਦ੍ਰਿਸ਼ ਵੇਖੋ:

ਚੁੱਪ ਅਸਤ ਹੋ ਰਹੇ ਸੂਰਜ ਦੀ ਘੁਸਰ ਮੁਸਰ ਹੁੰਦੀ

ਧਰਤੀ ਦੀ ਮਾਰਫ਼ਤ ਬਿਰਖ ਦੇ ਅੰਗਾਂ ’ਚ

ਪਾਣੀ ਦਾ ਸਫ਼ਰ ਹੁੰਦੀ ਚੁੱਪ

ਕੋਮਲ ਕਵਿਤਾ ਇਸ ਕਵਿਤਾ ਦਾ ਕਰਤਾਰੀ ਕ੍ਰਿਸ਼ਮਾ ਹੈ। ਜਾਗਦੀ ਰਹੀ ਅੱਖ ’ਚ ਉਤਰੇ ਅੰਮ੍ਰਿਤ ਵੇਲੇ ਦਾ ਗਾਇਨ ਹੈ ਇਹ ਕਵਿਤਾ। ਵਗਦੀ ਪੌਣ ਦੀ ਆਵਾਜ਼ ਦੇ ਰਿਦਮ ਵਰਗੀ ਹੈ ਇਹ ਕਵਿਤਾ। ਕਾਗਜ਼ ਦੀ ਕਿਸ਼ਤੀ ’ਤੇ ਸਵਾਰ ਬੱਚੇ ਦੇ ਸਹਿਜ ਤੇ ਸਰਗਮੀ ਚਾਅ ਵਰਗੀ ਹੈ ਇਹ ਕਵਿਤਾ। ਕਵਿਤਾ ਨੂੰ ਸ਼ਬਦ ਸ਼ਬਦ, ਸਤਰ ਸਤਰ, ਤੇ ਸਫ਼ਾ ਸਫ਼ਾ ਪੜ੍ਹਨ ਲਈ ਆਤਮਿਕ ਠਹਿਰਾਉ ਚਾਹੀਦਾ ਹੈ। ਸੂਖ਼ਮ ਤੇ ਸਹਿਜ ਕਵਿਤਾ ਨਾਲ ਤੁਰਨ ਲਈ ਨਾਜ਼ੁਕ ਨਜ਼ਰ ਤੇ ਨੂਰਾਨੀ ਨਜ਼ਰੀਆ ਚਾਹੀਦਾ ਹੈ। ਕਵੀ ਪਰਤ-ਦਰ-ਪਰਤ, ਪੈੜ-ਦਰ-ਪੈੜ ਸ਼ਬਦਾਂ ਨੂੰ ਫੈਲਾਉਂਦਾ ਤੇ ਵਰਤ ਰਹੇ ਵਰਤਾਰਿਆਂ ਤੇ ਕਰਤੂਤਾਂ ਦੀ ਪੇਸ਼ਕਾਰੀ ਤੇ ਪੁਣਛਾਣ ਉਪਰ ਫੋਕਸ ਕਰਦਾ ਹੈ। ਕਵਿਤਾ ਦੀ ਹਰ ਤਹਿ ਵਿੱਚ ਤਬਸਰਾ ਤੇ ਤਕਰਾਰ ਹੈ। ਤਬਸਰੇ ਦਾ ਤਰੀਕਾ ਤਨਜ਼ ਭਰਪੂਰ, ਤਰਕਸ਼ੀਲ ਤੇ ਤਰੰਨੁਮੀ ਹੈ। ਚੁੱਪ ਦੀਆਂ ਲੰਬੀਆਂ ਉਦਾਸੀਆਂ ਦੇ ਸਫ਼ਰ ਦੌਰਾਨ ਕਵੀ ਮਾਨਵੀ ਮੰਥਨ ਦਾ ਲਾਹਾ ਲੈਂਦਾ ਹੈ। ਕਦੇ ਕੁਦਰਤ, ਕਦੇ ਕਾਇਨਾਤ, ਕਦੇ ਕਾਵਿਕਤਾ ਤੇ ਕਲਯੁੱਗੀ ਸਮਿਆਂ ਨਾਲ ਨਿਰੰਤਰ ਡਿਬੇਟ ਕਰਦਾ ਹੈ। ਡਿਬੇਟ ਦੇ ਬਹੁਤ ਸਾਰੇ ਰੰਗ ਹਨ। ਕਦੇ ਦੰਭ, ਕਦੇ ਦਰਿੰਦਗੀ, ਕਦੇ ਦਹਿਸ਼ਤ ਤੇ ਕਦੇ ਦੇਹ ਨਾਲ ਹੋ ਰਹੀ ਡਿਬੇਟ ਉਦਾਸੀ, ਉਪਰਾਮਤਾ, ਉਤਪੀੜਨ ਤੇ ਉਦਰੇਵੇਂ ਦੇ ਮਿਸ਼ਰਤ ਰੰਗਾਂ ਦਾ ਪ੍ਰਭਾਵ ਸਿਰਜਦੀ ਹੈ ਕਵਿਤਾ। ਮਿਸ਼ਰਤ ਰੰਗਾਂ ਦੀ ਭਾਸ਼ਾ ਵਕਤ ਨੂੰ ਕੁਰੇਦ ਕੁਰੇਦ ਕੇ ਦ੍ਰਿਸ਼ਮਾਨ ਕਰਦੀ ਹੈ। ਦ੍ਰਿਸ਼ਕਾਰੀ ਇਸ ਕਵਿਤਾ ਦਾ ਫੈਲਾਉ ਹੈ। ਚੁੱਪ ਦੇ ਬਹਾਨੇ ਕਵੀ ਪੂਰੇ ਵਰਤਮਾਨ ਦੀਆਂ ਹਰਕਤਾਂ ਤੇ ਹਲਚਲਾਂ ਦੀ ਟੋਟਾ ਟੋਟਾ ਦ੍ਰਿਸ਼ਕਾਰੀ ਕਰਦਾ ਹੈ। ਵਰਤਮਾਨ ਨੂੰ ਖ਼ੁਰਦਬੀਨ ਨਜ਼ਰ ਨਾਲ ਨਿਹਾਰ ਕੇ ਪੇਸ਼ ਕਰਦੀ ਇਹ ਕਵਿਤਾ ਖ਼ਿਆਲਾਂ, ਕਲਪਨਾਵਾਂ ਤੇ ਜਜ਼ਬਿਆਂ ਦੀਆਂ ਸਜੀਵ ਉਡਾਰੀਆਂ ਭਰਦੀ ਪ੍ਰਤੀਤ ਹੁੰਦੀ ਹੈ। ਚੁੱਪ ਦਾ ਆਕਾਰ, ਅੰਦਾਜ਼ ਤੇ ਅਰਥ ਬਦਲਦਾ ਰਹਿੰਦਾ ਹੈ। ਚੁੱਪ ਕਦੇ ਯਾਤਰਾ ਕਰਦੀ ਹੈ, ਕਦੇ ਵਾਰਤਾਲਾਪ ਕਰਦੀ ਹੈ ਅਤੇ ਕਦੇ ਗੁਜ਼ਰੇ ਹੋਏ ਸਮਿਆਂ ਦਾ ਇਤਿਹਾਸ ਫਰੋਲਦੀ ਹੈ। ਮਲਵਿੰਦਰ ਨੇ ਚੁੱਪ ਨੂੰ ਵਾਰ ਵਾਰ ਇਸਤੇਮਾਲ ਤੇ ਇਜਾਦ ਕੀਤਾ ਹੈ। ਚੁੱਪ ਦੀ ਰੂਹਵੰਤ ਪਰਿਭਾਸ਼ਾ ਵੇਖੋ:

ਚੁੱਪ ਸਭ ਤੋਂ ਨੇੜਲਾ ਰਿਸ਼ਤਾ ਹੁੰਦੀ

ਫੁੱਲਾਂ ਨੂੰ ਪਾਣੀ ਦਿੰਦੀ

ਰੂਹਾਂ ਨੂੰ ਰੱਜ ਦਿੰਦੀ

ਜੀਣ ਦਾ ਚੱਜ ਦਿੰਦੀ

ਚੁੱਪ ਦੀ ਨਾੜ ਨਾੜ ਫਰੋਲੀ ਤੇ ਵਰਤੀ ਗਈ ਹੈ। ਇਹ ਨਵਾਂ ਤੇ ਔਖਾ ਤਜਰਬਾ ਹੈ। ਸਭ ਕੁਝ ਨੂੰ ਇੱਕੋ ਸੂਤਰ ਦੁਆਲੇ ਘੁਮਾਈ ਜਾਣਾ ਅਤੇ ਇਸ ਘੁਮੰਤਰੀ ਤਲਾਸ਼ ਵਿਚੋਂ ਜ਼ਿੰਦਗੀ ਨੂੰ ਸਮਝਣ, ਸੰਵਾਰਨ ਤੇ ਸੁਪਨਸਾਜ਼ ਕਰਨ ਦੇ ਅਰਥਾਂ ਨੂੰ ਕਾਵਿਕ ਤੇ ਕਿਰਿਆਸ਼ੀਲ ਬਣਾਉਣਾ। ਮਲਵਿੰਦਰ ਕੋਲ ਸੁਹਜ, ਸਹਿਜ, ਸ਼ਿਲਪ ਤੇ ਸੰਵੇਦਨਾ ਦੀ ਕਾਵਿਕ ਸਕਾਲਰਸ਼ਿਪ ਹੈ। ਉਸ ਕੋਲ ਸਿਰਜਣਾ ਤੇ ਸੰਵਾਦ ਦਾ ਹੁਨਰ ਹੈ। ਚੰਗੀ ਕਲਾ ਦ੍ਰਿਸ਼ਟੀ ਨਾਲ ਉਸ ਨੇ ਚੁੱਪ ਦੇ ਵਿਸ਼ੇ ਨੂੰ ਵਿਸਥਾਰਿਆ, ਵਿਉਂਤਿਆ ਤੇ ਵਰਣਨ ਕੀਤਾ ਹੈ। ਕੁਝ ਸੀਮਾਵਾਂ ਦੇ ਬਾਵਜੂਦ ਯਤਨ ਸਲਾਹੁਣਯੋਗ ਹੈ।

ਸਮੁੱਚੀ ਕਵਿਤਾ ਪ੍ਰਯੋਜਨਮੁਖੀ ਹੈ। ਅਮੁੱਕ ਬਿਰਤਾਂਤ ਵਰਗੀ। ਚੁੱਪ ਦੇ ਹੋਣ ਨਾ ਹੋਣ ਦੇ ਫ਼ਰਕ ਤੇ ਫਲਸਫ਼ੇ ਦੀ ਅਧੂਰੀ ਅੰਤਿਕਾ ਵਰਗੀ। ਆਸ, ਹੁੰਗਾਰੇ ਤੇ ਸਫ਼ਰ ਦੀਆਂ ਕਾਮਨਾਵਾਂ ਕਰਦੀ ਇਹ ਕਵਿਤਾ ਪਾਠਕ ਨੂੰ ਸਵਾਲਾਂ, ਜਵਾਬਾਂ ਲਈ ਉਤੇਜਿਤ ਕਰਦੀ ਹੈ। ਅਜੋਕੇ ਬੰਦੇ ਦੀ ਖ਼ਾਮੋਸ਼ ਹੋਣੀ ਦਾ ਕਠੋਰ ਤੇ ਕਰੂਰ ਇਜ਼ਹਾਰ। ਕਵੀ ਦੀ ਵਿਲੱਖਣਤਾ ਅਜੋਕੇ ਕਠੋਰ ਵਕਤ ਨੂੰ ਕੂਲੀ ਤੇ ਕਾਵਿਕ ਪੇਸ਼ਕਾਰੀ ਰਾਹੀਂ ਦ੍ਰਿਸ਼ਟਮਾਨ ਕਰਨ ਵਿੱਚ ਹੈ। ਵਕਤ ਬੋਲਦਾ ਤੇ ਬਾਤਾਂ ਪਾਉਂਦਾ ਜਾਪਦਾ ਹੈ।

ਮਲਵਿੰਦਰ ਮਿੱਠ ਬੋਲੜਾ ਤੇ ਮੁਹੱਬਤੀ ਇਨਸਾਨ ਹੈ। ਚੰਗੇ ਮਾਨਵੀ ਸੁਪਨਿਆਂ ਦੀਆਂ ਕੋਮਲ ਤੇ ਕਾਵਿਮਈ ਬਾਤਾਂ ਪਾਉਣ ਵਾਲਾ। ਲੰਮੇਰੀ ਕਾਵਿਕ ਬਾਤ ਦਾ ਉਹ ਆਪ ਹੀ ਹੁੰਗਾਰਾ ਤੇ ਆਪ ਹੀ ਵਕਤਾ ਹੈ। ਉਸ ਕੋਲ ਹੌਲੀ ਹੌਲੀ ਪੌੜੀਆਂ ਚੜ੍ਹਨ ਦੀ ਲੈਆਤਮਕ ਊਰਜਾ ਹੈ ਜੋ ਉਸ ਦੀ ਕਵਿਤਾ ਨੂੰ ਰਮਜ਼ਾਂ ਤੇ ਰਾਗਦਾਰੀਆਂ ਦੀ ਗਗਨਮੁਖੀ ਉਡਾਣ ਨਾਲ ਲਬਰੇਜ਼ ਕਰਦੀ ਹੈ। ਉਸ ਦੀ ਕਵਿਤਾ ਧੁਨੀਆਂ, ਬਿੰਬਾਂ, ਚਿਹਨਾਂ ਤੇ ਚਿੱਤਰਾਂ ਦੀ ਵਰਕਸ਼ਾਪ ਚਿਤਰਕਾਰੀ ਹੈ। ਸ਼ਬਦ ਉਸਦੀ ਕਵਿਤਾ ਦਾ ਪ੍ਰਾਣ ਹਨ। ਚੁੱਪ ਦੇ ਬਹਾਨੇ ਉਸ ਨੇ ਸ਼ਬਦਾਂ ਦਾ ਮਹੀਨ, ਮੁਤਵਾਜ਼ੀ ਤੇ ਮੌਲਿਕ ਮੁਹਾਂਦਰਾ ਸਿਰਜਿਆ ਹੈ। ਉਦਰੇਵਾਂ, ਉਦਾਸੀ ਤੇ ਇਕਲਾਪੇ ਨਾਲ ਖ਼ੁਦਕੁਸ਼ੀਆਂ ਬੀਜ ਰਹੇ ਅਜੋਕੇ ਯੁੱਗ ਨੂੰ ਚੁੱਪ ਦੇ ਬਹਾਨੇ ਸੁਚੇਤ ਤੇ ਸੰਵੇਦਨਸ਼ੀਲ ਕਰਨ ਦਾ ਯਤਨ ਹੈ ਇਹ ਕਿਤਾਬ। ਕਵਿਤਾ ਨੂੰ ਹਾਲੇ ਹੋਰ ਖੋਜੀ ਤੇ ਖ਼ੁਆਬਸ਼ੀਲ ਹੋਣ ਦੀ ਲੋੜ ਹੈ। ਕਵਿਤਾ ਦੇ ਲਹਿਜੇ ਤੇ ਲੈਅ ਨੂੰ ਵੰਨ-ਸੁਵੰਨੀਆਂ ਵਿਧੀਆਂ ਤੇ ਵਿਉਂਤਾਂ ਦੀ ਲੋੜ ਹੈ। ਚੁੱਪ ਨੂੰ ਵਾਰ ਵਾਰ ਪ੍ਰਭਾਸ਼ਿਤ ਕਰਦਿਆਂ ਵਰਤਿਆ ਗਿਆ ਸ਼ਬਦ ਹੁੰਦੀ ਅੱਖਰਦਾ ਹੈ। ਕਵਿਤਾ ਨੂੰ ਪ੍ਰਗਟਾਵੇ ਤੇ ਪੇਸ਼ਕਾਰੀ ਦੇ ਹੋਰ ਬਦਲ ਲੱਭਣ ਲਈ ਅਭਿਆਸ ਅਤੇ ਅਰਾਧਨਾ ਦੀ ਜ਼ਰੂਰਤ ਹੈ। ਅੰਦਾਜ਼ ਤੇ ਅਦਾਇਗੀ ਦੀ ਮੌਲਿਕਤਾ ਤੇ ਅਲੌਕਿਕਤਾ ਨਾਲ ਕਵਿਤਾ ਨੂੰ ਵਿਸ਼ੇਸ਼ ਤੇ ਵਿਕੋਲਿਤਰੀ ਸਨਾਖ਼ਤ ਮਿਲਦੀ ਹੈ। ਨਿਵੇਕਲੇ ਤਜ਼ਰਬੇ ਤੇ ਲੰਮੀ ਲੈਆਤਮਿਕਤਾ ਗੁਫ਼ਤਗੂ ਦੀ ਕਾਵਿਕ ਤੇ ਕਲਾਮਈ ਪੇਸ਼ਕਾਰੀ ਵਜੋਂ ‘ਚੁੱਪ ਦੇ ਬਹਾਨੇ’ ਕਿਤਾਬ ਟੁੰਬਦੀ ਤੇ ਪ੍ਰਭਾਵਿਤ ਕਰਦੀ ਹੈ। ਇਸ ਪੁਸਤਕ ਪੜ੍ਹਨ ਨਾਲ ਸਾਨੂੰ ਆਪਣੇ ਆਪ ਨੂੰ ਤੇ ਆਪਣੇ ਵੇਲਿਆਂ ਨੂੰ ਪੜ੍ਹਨ ਤੇ ਪੁਣਛਾਣ ਕਰਨ ਦੀ ਸੋਝੀ ਮਿਲਦੀ ਹੈ। ਕਵਿਤਾ ਦਾ ਮੂਲ ਤੱਤ ਕਵੀ ਦੇ ਬੋਲਾਂ ਰਾਹੀਂ:

ਚੁੱਪ ਜਦੋਂ ਤਕ ਹੁੰਗਾਰਾ ਹੈ

ਤਦ ਤਕ ਸਖੀ ਰਹੇਗੀ ਮੇਰੀ

ਜਦ ਹੁੰਗਾਰਾ ਦੇਣੋ ਵੇਹਰੀ

ਹੋ ਜਾਣੀ ਮਿੱਟੀ ਦੀ ਢੇਰੀ

ਹੁੰਗਾਰਾ ਜੀਵਨ ਦੀ ਧੜਕਣ ਹੈ। ਚੁੱਪ, ਕਵਿਤਾ ਤੇ ਜੀਵਨ ਧੜਕਦੇ, ਬੋਲਦੇ ਰਹਿਣ। ਬਿਨ-ਹੁੰਗਾਰਾ ਬਾਤ ਕਿਸੇ ਅਰਥ ਨਹੀਂ। ਮਿੱਟੀ ਦੀ ਢੇਰੀ ਸਮਿਆਂ ਦੇ ਫੌਤ ਹੋ ਜਾਣ ਦਾ ਪ੍ਰਤੀਕਾਤਮਕ ਮਾਤਮ ਹੈ। ਵਕਤ ਨੂੰ ਮਿੱਟੀ ਦੀ ਢੇਰੀ ਹੋਣ ਤੋਂ ਬਚਾਉਂਦੀ ਤੇ ਮਾਨਵੀ ਹੁੰਗਾਰੇ ਦੀ ਹਰਕਤ ਤੇ ਹਲਚਲ ਨੂੰ ਸੁਪਨਸ਼ੀਲ ਬਣਾਉਂਦੀ ਇਸ ਕਵਿਤਾ ਦੇ ਭਵਿੱਖ ਲਈ ਸ਼ੁਭ ਇੱਛਾਵਾਂ।

ਸੰਪਰਕ: 84377-88856

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All