DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਰਤ ਲਈ ਪਲ ਪਲ ਜੰਗ

ਵਿੱਦਿਆ ਤੇ ਔਰਤ ਦਾ ਰਿਸ਼ਤਾ ਕੁਰਬਾਨੀ ਮੰਗਦਾ ਹੈ। ਪੁਰਸ਼ ਲਈ ਵਿੱਦਿਆ ਪ੍ਰਾਪਤੀ ਦਾ ਰਾਹ ਸਹਿਜ ਹੈ, ਪਰ ਔਰਤ ਲਈ ਇਹ ਅਕਸਰ ਘਰ ਤੇ ਬਾਹਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਰਾਤਾਂ ਦੀ ਨੀਂਦ ਤਿਆਗ ਕੇ ਅਤੇ ਬਹੁਤੀ ਵਾਰ ਆਪਣੀ ਸਿਹਤ ਦੀ ਕੁਰਬਾਨੀ...

  • fb
  • twitter
  • whatsapp
  • whatsapp
Advertisement

ਵਿੱਦਿਆ ਤੇ ਔਰਤ ਦਾ ਰਿਸ਼ਤਾ ਕੁਰਬਾਨੀ ਮੰਗਦਾ ਹੈ। ਪੁਰਸ਼ ਲਈ ਵਿੱਦਿਆ ਪ੍ਰਾਪਤੀ ਦਾ ਰਾਹ ਸਹਿਜ ਹੈ, ਪਰ ਔਰਤ ਲਈ ਇਹ ਅਕਸਰ ਘਰ ਤੇ ਬਾਹਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ, ਰਾਤਾਂ ਦੀ ਨੀਂਦ ਤਿਆਗ ਕੇ ਅਤੇ ਬਹੁਤੀ ਵਾਰ ਆਪਣੀ ਸਿਹਤ ਦੀ ਕੁਰਬਾਨੀ ਦੇ ਕੇ ਹਾਸਲ ਕੀਤੀ ਗਈ ਨਿਆਮਤ ਹੁੰਦੀ ਹੈ। ਇਹ ਨਿਆਮਤ ਉਸ ਸਮੇਂ ਹੋਰ ਵੀ ਅਨਮੋਲ ਹੋ ਜਾਂਦੀ ਹੈ ਜਦੋਂ ਕੋਈ ਧੀ ਭਾਵੇਂ ਹਸਪਤਾਲ ਦੇ ਬੈੱਡ ’ਤੇ ਪਈ ਸਾਹ ਵਰੋਲ ਰਹੀ ਹੋਵੇ, ਪਰ ਉਸ ਦੀਆਂ ਅੱਖਾਂ ਵਿੱਚ ਇਮਤਿਹਾਨ ਦੇ ਸਵਾਲ ਤੈਰ ਰਹੇ ਹੋਣ। ਚੰਡੀਗੜ੍ਹ ਦੀ ਕਨਿਸ਼ਕਾ ਬਿਸ਼ਟ ਇਸੇ ਅਸਾਧਾਰਨ ਸਮਰੱਥਾ ਅਤੇ ਵਿੱਦਿਆ ਪ੍ਰਤੀ ਅਥਾਹ ਲਗਨ ਦਾ ਮੁਜੱਸਮਾ ਹੈ, ਜਿਸ ਨੇ 10 ਦਿਨਾਂ ਦੀ ਬੇਹੋਸ਼ੀ ਉਪਰੰਤ ਆਕਸੀਜਨ ਸਿਲੰਡਰ ਸਹਾਰੇ ਪ੍ਰੀਖਿਆ ਹਾਲ ਵਿੱਚ ਪਹੁੰਚ ਕੇ ਸਾਬਤ ਕੀਤਾ ਕਿ ਗਿਆਨ ਦੀ ਭੁੱਖ ਮੌਤ ਦੇ ਖ਼ੌਫ਼ ਤੋਂ ਕਿਤੇ ਬਲਵਾਨ ਹੁੰਦੀ ਹੈ। ਉਸ ਦਾ ਇਹ ਹੌਸਲਾ ਦਰਸਾਉਂਦਾ ਹੈ ਕਿ ਗਿਆਨ ਦੀ ਭੁੱਖ ਅੱਗੇ ਸਰੀਰਕ ਰੁਕਾਵਟਾਂ ਕੁਝ ਵੀ ਨਹੀਂ ਹੁੰਦੀਆਂ।

ਸਿੱਖਿਆ ਅਤੇ ਔਰਤ ਦੇ ਰਿਸ਼ਤੇ ਦੀ ਦਾਸਤਾਨ ਮਹਿਜ਼ ਕਿਤਾਬਾਂ ਦੇ ਪੰਨਿਆਂ ਜਾਂ ਡਿਗਰੀਆਂ ਤੱਕ ਮਹਿਦੂਦ ਨਹੀਂ, ਸਗੋਂ ਇਹ ਅਜਿਹੀ ਖ਼ਾਮੋਸ਼ ਬਗ਼ਾਵਤ ਹੈ, ਜੋ ਸਦੀਆਂ ਤੋਂ ਹਨੇਰੇ ਖ਼ਿਲਾਫ਼ ਚਲਦੀ ਆ ਰਹੀ ਹੈ। ਇਤਿਹਾਸ ਦੇ ਪੰਨੇ ਗਵਾਹੀ ਭਰਦੇ ਹਨ ਕਿ ਔਰਤ ਲਈ ‘ਅੱਖਰ’ ਹਾਸਲ ਕਰਨਾ ਕਦੇ ਵੀ ਸਹਿਜ ਨਹੀਂ ਰਿਹਾ। ਆਪਣੀ ਹੋਂਦ ਸਾਬਤ ਕਰਨ ਦਾ ਇਹ ਰਾਹ ਉਸ ਲਈ ਸਦਾ ਹੀ ਦੁਸ਼ਵਾਰੀਆਂ ਭਰਿਆ ਰਿਹਾ ਹੈ। ਇਸ ਸਫ਼ਰ ਦੀ ਬੁਨਿਆਦ ਸੰਘਰਸ਼, ਸਬਰ ਅਤੇ ਅਡੋਲ ਜਜ਼ਬੇ ’ਤੇ ਟਿਕੀ ਹੋਈ ਹੈ, ਜਿਸ ਨੇ ਸਮਾਜਿਕ ਬੰਧਨਾਂ, ਮਜਬੂਰੀਆਂ ਅਤੇ ਮੌਤ ਦੇ ਸਾਏ ਨੂੰ ਵੀ ਮਾਤ ਦਿੱਤੀ ਹੈ। ਔਰਤ ਲਈ ਵਿੱਦਿਆ ਸਿਰਫ਼ ਅੱਖਰ ਗਿਆਨ ਦਾ ਸਾਧਨ ਨਹੀਂ, ਸਗੋਂ ਆਜ਼ਾਦੀ ਦੀ ਅਜਿਹੀ ਚਾਬੀ ਹੈ ਜੋ ਉਸ ਨੂੰ ਜਕੜਨ ਵਾਲੀਆਂ ਸਾਰੀਆਂ ਬੇੜੀਆਂ ਨੂੰ ਖੋਲ੍ਹਣ ਦਾ ਦਮ ਰੱਖਦੀ ਹੈ। ਬਾਰੂਦ ਦੇ ਸਾਏ ਵਿੱਚ ਜਿਊਂ ਰਹੀਆਂ ਧੀਆਂ ਅੱਜ ਵੀ ਆਪਣੇ ਹੌਸਲੇ ਬੁਲੰਦ ਰੱਖ ਕੇ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਪਰ ਅਫ਼ਸੋਸ ਉਨ੍ਹਾਂ ਵਿੱਚੋਂ ਕੁਝ ਦੇ ਖ਼ੁਆਬਾਂ ਨੂੰ ਜੰਗ ਦੀ ਭੇਟ ਚਾੜ੍ਹ ਦਿੱਤਾ ਗਿਆ। ਇਰਾਨ ਦੇ ਇੱਕ ਸਕੂਲ ਵਿੱਚ ਪੜ੍ਹਦੀਆਂ ਉਹ ਮਾਸੂਮ ਕੁੜੀਆਂ ਇਸ ਦਰਦ ਦੀ ਮਿਸਾਲ ਬਣੀਆਂ ਹਨ, ਜੋ ਭਲੀ-ਭਾਂਤ ਜਾਣਦੀਆਂ ਸਨ ਕਿ ਸਕੂਲ ਨੂੰ ਜਾਂਦੇ ਰਾਹ ਕਦੇ ਵੀ ਕਬਰਸਤਾਨ ਨੂੰ ਜਾ ਮਿਲਣਗੇ ਪਰ ਫਿਰ ਵੀ ਉਨ੍ਹਾਂ ਬੇਖ਼ੌਫ਼ ਹੋ ਕੇ ਆਪਣੀ ਮੰਜ਼ਿਲ ਵੱਲ ਵਧਦੇ ਰਹਿਣ ਦਾ ਹੀ ਫ਼ੈਸਲਾ ਲਿਆ। ਦਿਲ ਵਿੱਚ ਜੰਗ ਦੇ ਡਰ ਦੀ ਥਾਂ ਉਹ ਕਿਤਾਬਾਂ ਵਾਲੇ ਬਸਤੇ ਫੜ ਸਕੂਲ ਦੀ ਦਹਿਲੀਜ਼ ਵੱਲ ਵਧੀਆਂ। ਕਿਸਮਤ ਦੀ ਮਾਰ ਦੇਖੋ, ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨੇ ਉਨ੍ਹਾਂ ਦੇ ਇਸ ਸਫ਼ਰ ਨੂੰ ਰਾਹ ਵਿੱਚ ਹੀ ਖ਼ਤਮ ਕਰ ਦਿੱਤਾ। ਕਲਮ ਦੇ ਜ਼ੋਰ ’ਤੇ ਅਗਿਆਨਤਾ ਵਰਗੇ ਦੁਸ਼ਮਣ ਖ਼ਿਲਾਫ਼ ਵਿੱਢੀ ਉਨ੍ਹਾਂ ਧੀਆਂ ਦੀ ਇਹ ਜੰਗ ਬਾਰੂਦ ਦੇ ਧੂੰਏਂ ਵਿੱਚ ਰੁਲ ਗਈ। ਉਨ੍ਹਾਂ ਦੀ ਮੌਤ ਦੁਨੀਆ ਨੂੰ ਇਹ ਸਵਾਲ ਪੁੱਛਦੀ ਹੈ ਕਿ ਆਖ਼ਰ ਕਲਮਾਂ ਅਤੇ ਕਿਤਾਬਾਂ ਦਾ ਬਾਰੂਦ ਨਾਲ ਕੀ ਮੁਕਾਬਲਾ?

Advertisement

ਸਮਿਆਂ ਤੇ ਸਰਹੱਦਾਂ ਦੀਆਂ ਵਲਗਣਾਂ ਤੋਂ ਪਾਰ ਵੀ ਇਸ ਸੰਘਰਸ਼ ਨੇ ਆਪਣੇ ਲਹੂ ਨਾਲ ਵਿੱਦਿਆ ਦੀ ਇਬਾਰਤ ਲਿਖੀ ਹੈ। ਮਲਾਲਾ ਯੂਸਫ਼ਜ਼ਈ ਦੀ ਦਾਸਤਾਨ ਇਸ ਗੱਲ ਦਾ ਸਬੂਤ ਹੈ ਕਿ ਵਿੱਦਿਆ ਦੀ ਲੋਅ ਨੂੰ ਦਹਿਸ਼ਤਗਰਦਾਂ ਦੀਆਂ ਬੰਦੂਕਾਂ ਨਹੀਂ ਬੁਝਾ ਸਕਦੀਆਂ। ਉਹ ਗੋਲੀ ਜੋ ਮਲਾਲਾ ਦੇ ਸਿਰ ਵਿੱਚ ਵੱਜੀ ਸੀ, ਉਹ ਸਿਰਫ਼ ਇੱਕ ਲੜਕੀ ’ਤੇ ਹਮਲਾ ਨਹੀਂ, ਸਗੋਂ ਇਲਮ ਦੇ ਅੰਬਰ ਵੱਲ ਵਧਦੀ ਧੀ ਦੀ ਪਰਵਾਜ਼ ਰੋਕਣ ਦੀ ਕੋਸ਼ਿਸ਼ ਸੀ, ਪਰ ਮਲਾਲਾ ਦੇ ਸੰਘਰਸ਼ ਨੇ ਸਾਬਤ ਕਰ ਦਿੱਤਾ ਕਿ ਕਲਮ ਅਤੇ ਕਿਤਾਬ ਤੋਂ ਵੱਧ ਤਾਕਤ ਦੁਨੀਆ ਵਿੱਚ ਹੋਰ ਕਿਸੇ ਚੀਜ਼ ਵਿੱਚ ਨਹੀਂ। ਮਲਾਲਾ ਅੱਜ ਹਰ ਉਸ ਕੁੜੀ ਲਈ ਉਮੀਦ ਦਾ ਚਾਨਣ ਹੈ, ਜੋ ਦਹਿਸ਼ਤ ਅਤੇ ਡਰ ਦੇ ਸਾਏ ਹੇਠ ਵਿੱਦਿਆ ਹਾਸਲ ਕਰਨ ਦੇ ਰਾਹ ਤੁਰਦੀ ਹੈ।

Advertisement

ਬੀਤੇ ਸਮਿਆਂ ਤੋਂ ਹੀ ਔਰਤ ਨੂੰ ਘਰ ਦੀ ਚਾਰਦੀਵਾਰੀ ਅਤੇ ਚੁੱਲ੍ਹੇ-ਚੌਕੇ ਤੱਕ ਸੀਮਤ ਰੱਖਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਹੈ। ਸਮਾਜ ਦਾ ਪਿੱਤਰ ਸੱਤਾ ਵਾਲਾ ਨਿਜ਼ਾਮ ਇਹ ਗੱਲ ਬਾਖ਼ੂਬੀ ਜਾਣਦਾ ਸੀ ਕਿ ਜੇਕਰ ਧੀ ਦੇ ਹੱਥ ਕਲਮ ਆ ਗਈ ਤਾਂ ਉਹ ਸਵਾਲ ਪੁੱਛਣ ਲੱਗ ਪਵੇਗੀ। ਸਾਵਿਤਰੀਬਾਈ ਫੂਲੇ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਜੀਵਨ ਇਸੇ ਜੰਗ ਦੀ ਗਵਾਹੀ ਭਰਦਾ ਹੈ। ਜਦੋਂ ਉਹ ਕੁੜੀਆਂ ਨੂੰ ਪੜ੍ਹਾਉਣ ਲਈ ਘਰੋਂ ਨਿਕਲਦੀ ਸੀ ਤਾਂ ਉਸ ’ਤੇ ਗੰਦਗੀ ਅਤੇ ਪੱਥਰ ਸੁੱਟੇ ਜਾਂਦੇ ਸਨ, ਪਰ ਉਸ ਨੇ ਆਪਣੇ ਝੋਲੇ ਵਿੱਚ ਰੱਖੀ ਹੋਈ ਦੂਜੀ ਸਾੜੀ ਵਾਂਗ ਆਪਣੇ ਦ੍ਹਿੜ੍ਹ ਇਰਾਦਿਆਂ ਤੇ ਸੋਚ ਨੂੰ ਕਦੇ ਮੈਲਾ ਨਹੀਂ ਹੋਣ ਦਿੱਤਾ। ਸਾਵਿਤਰੀਬਾਈ ਵੱਲ ਸੁੱਟੇ ਗਏ ਉਹ ਪੱਥਰ ਦਰਅਸਲ ਉਸ ਰੂੜ੍ਹੀਵਾਦੀ ਸੋਚ ਦੀ ਹਾਰ ਸਨ, ਜੋ ਇੱਕ ਧੀ ਨੂੰ ਪੜ੍ਹਦਾ ਵੇਖ ਤਿੜਕ ਰਹੀ ਸੀ। ਸਾਵਿਤਰੀਬਾਈ ਨੇ ਸਿਖਾਇਆ ਕਿ ਸਿੱਖਿਆ ਦਾ ਰਾਹ ਮੁਸ਼ਕਲ ਹੋ ਸਕਦਾ ਹੈ ਪਰ ਉਸ ਦੀ ਮੰਜ਼ਿਲ ਸਦਾ ਬੁਲੰਦ ਅਤੇ ਰੌਸ਼ਨ ਹੁੰਦੀ ਹੈ। ਇੱਕ ਪੜ੍ਹੀ-ਲਿਖੀ ਔਰਤ ਉਸ ਚਾਨਣ ਵਾਂਗ ਹੁੰਦੀ ਹੈ, ਜੋ ਸਿਰਫ਼ ਆਪਣੇ ਘਰ ਨੂੰ ਹੀ ਨਹੀਂ, ਸਗੋਂ ਆਉਣ ਵਾਲੀਆਂ ਨਸਲਾਂ ਦਾ ਰਾਹ ਵੀ ਰੁਸ਼ਨਾਉਂਦੀ ਹੈ। ਇੱਕ ਸਿਖਿਅਤ ਔਰਤ ਆਪਣੇ ਪੁੱਤਰ ਨੂੰ ‘ਸਤਿਕਾਰ’ ਅਤੇ ਆਪਣੀ ਧੀ ਨੂੰ ‘ਸਵੈ-ਮਾਣ’ ਦਾ ਪਾਠ ਪੜ੍ਹਾਉਂਦੀ ਹੈ। ਵਿਦਿਆ ਪ੍ਰਾਪਤੀ ਲਈ ਔਰਤਾਂ ਦੇ ਇਸ ਸਿਰੜ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਹ ਨਿਸ਼ਚਾ ਕਰ ਲੈਣ ਤਾਂ ਸਰੀਰਕ ਬਿਮਾਰੀ, ਸਮਾਜ, ਜੰਗ, ਗੋਲਾ-ਬਾਰੂਦ, ਲੋਕਾਂ ਦਾ ਵਿਰੋਧ ਅਤੇ ਮੌਤ ਵਰਗੇ ਅੜਿੱਕੇ ਵੀ ਉਸ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੇ। ਜੇਕਰ ਉਨ੍ਹਾਂ ਦੇ ਮਨ ਵਿੱਚ ਅੱਖਰ ਦੀ ਲੋਅ ਜਗ ਰਹੀ ਹੈ ਤਾਂ ਦੁਨੀਆ ਦਾ ਕੋਈ ਵੀ ਹਨੇਰਾ ਉਨ੍ਹਾਂ ਦੀ ਪਰਵਾਜ਼ ਨੂੰ ਰੋਕ ਨਹੀਂ ਸਕਦਾ। ਸਿੱਖਿਆ ਅਤੇ ਔਰਤ ਦਾ ਰਿਸ਼ਤਾ ਵਿਅਕਤੀਗਤ ਪ੍ਰਾਪਤੀ ਨਹੀਂ, ਸਗੋਂ ਮਨੁੱਖਤਾ ਦੇ ਵਿਕਾਸ ਦੀ ਸਭ ਤੋਂ ਖ਼ੂਬਸੂਰਤ ਅਤੇ ਸੰਘਰਸ਼ਮਈ ਦਾਸਤਾਨ ਹੈ।

ਸੰਪਰਕ: 99882-08123

Advertisement
×