ਲੜੀ ਨੰਬਰ 25

ਪੰਜਾਬੀ ਖੇਡ ਪੁਸਤਕਾਂ ’ਤੇ ਝਾਤ

ਪੰਜਾਬੀ ਖੇਡ ਪੁਸਤਕਾਂ ’ਤੇ ਝਾਤ

ਪੰਜਾਬੀ ਖੇਡ ਜਗਤ ਦੇ ਪਹਿਲੇ ਮਹੀਨਾਵਾਰ ਪਰਚੇ ‘ਖੇਡ ਸੰਸਾਰ’ ਦਾ ਸਰਵਰਕ।

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਪ੍ਰਿੰਸੀਪਲ ਸਰਵਣ ਸਿੰਘ ਖੇਡ ਸਾਹਿਤ ਨਾਲ ਜੁੜੇ ਮੋਢੀ ਲਿਖਾਰੀਆਂ ਵਿਚੋਂ ਹਨ। ਉਹ ਮੁਢਲੇ ਦੌਰ ਵਿਚ ਆਪ ਖੇਡ ਦੇ ਮੈਦਾਨ ਵਿਚ ਵੀ ਜੂਝਦੇ ਰਹੇ ਹਨ ਅਤੇ ਫਿਰ ਸਾਹਿਤ ਦੇ ਖੇਤਰ ਵੀ ਖੂਬ ਸਰਗਰਮ ਰਹੇ। ਮਗਰੋਂ ਉਨ੍ਹਾਂ ਜਦੋਂ ਖਿਡਾਰੀਆਂ ਬਾਰੇ ਲਿਖਿਆ ਅਤੇ ਇਸ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਤਾਂ ਉਹ ਕਮਰ ਕੱਸ ਕੇ ਇਸ ਮੈਦਾਨ ਵਿਚ ਨਿੱਤਰ ਪਏ। ਇਸ ਲੇਖ ਵਿਚ ਉਨ੍ਹਾਂ ਪੰਜਾਬੀ ਦੇ ਖੇਡ ਸਾਹਿਤ ਬਾਰੇ ਵਿਸਥਾਰ ਸਹਿਤ ਖੁਲਾਸਾ ਕੀਤਾ ਅਤੇ ਉਨ੍ਹਾਂ ਲਿਖਾਰੀਆਂ ਦਾ ਜਿ਼ਕਰ ਕੀਤਾ ਹੈ ਜਿਨ੍ਹਾਂ ਨੇ ਇਸ ਖੇਤਰ ਵਿਚ ਪੈੜਾਂ ਪਾਈਆਂ।

ਪੰਜਾਬੀ ਵਿਚ ਖੇਡਾਂ ਤੇ ਖਿਡਾਰੀਆਂ ਬਾਰੇ ਸੌ ਤੋਂ ਵੱਧ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਖੇਡ ਸਾਹਿਤ ਹੁਣ ਵੱਖਰਾ ਵਿਸ਼ਾ ਬਣ ਚੁੱਕੈ। ਇਸ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਲਿਖੇ ਜਾ ਰਹੇ ਹਨ। ਐੱਮਫਿੱਲ ਤੇ ਪੀਐੱਚਡੀ ਦੀਆਂ ਡਿਗਰੀਆਂ ਹੋ ਰਹੀਆਂ ਹਨ। ਪੰਜਾਬੀ ਖੇਡ ਅਦਬ ਵਿਚ ਨਾਮੀ ਖਿਡਾਰੀਆਂ ਦੀਆਂ ਜੀਵਨੀਆਂ, ਸਵੈ ਜੀਵਨੀਆਂ, ਰੇਖਾ ਚਿੱਤਰ, ਖੇਡ ਕਹਾਣੀਆਂ, ਖੇਡਾਂ ਦਾ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਤਬਸਰੇ, ਖੇਡਾਂ ਦੀ ਜਾਣ ਪਛਾਣ, ਖੇਡਾਂ ਦੀਆਂ ਬਾਤਾਂ, ਖੇਡਾਂ ਦੇ ਨਿਯਮ, ਖੇਡਾਂ ਦਾ ਕਾਵਿ-ਸੰਸਾਰ, ਸਿ਼ਅਰ, ਗੀਤ, ਖੇਡ ਚਿੰਤਨ, ਖੇਡ ਸਾਹਿਤ ਦੇ ਅਧਿਐਨ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ, ਲੋਪ ਹੋ ਰਹੀਆਂ ਦੇਸੀ ਖੇਡਾਂ ਤੇ ਪ੍ਰਚੱਲਿਤ ਪੱਛਮੀ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਮਿਲਣ ਲੱਗ ਪਈਆਂ ਹਨ। ਐਸੇ ਪੰਜਾਹ ਕੁ ਲੇਖਕ ਹਨ ਜਿਨ੍ਹਾਂ ਦੀਆਂ ਇਕ ਜਾਂ ਵੱਧ ਖੇਡ ਪੁਸਤਕਾਂ ਛਪ ਚੁੱਕੀਆਂ ਹਨ। ਖੇਡਾਂ ਦੇ ਗੀਤ ਗੂੰਜਣ ਲੱਗ ਪਏ ਹਨ ਤੇ ਖਿਡਾਰੀਆਂ ਬਾਰੇ ਫਿਲਮਾਂ ਬਣਨ ਲੱਗ ਪਈਆਂ ਹਨ। ਯੂਟਿਊਬ ਤੇ ਕਬੱਡੀ ਕਬੱਡੀ ਹੋ ਰਹੀ ਹੈ। ਵਿਦਿਆਰਥੀਆਂ ਲਈ ਖੇਡਾਂ ਦੀਆਂ ਪਾਠ ਪੁਸਤਕਾਂ ਲੱਗਣ ਲੱਗੀਆਂ ਹਨ। ਸਾਹਿਤਕ ਗੋਸ਼ਟੀਆਂ ਵਿਚ ਵੀ ਖੇਡ ਅਦਬ ਦੀ ਗੱਲ ਹੋਣ ਲੱਗੀ ਹੈ।

ਪੰਜਾਬੀਆਂ ਦੀਆਂ ਸੌ ਤੋਂ ਵੱਧ ਦੇਸੀ ਖੇਡਾਂ ਸਨ/ਹਨ। ਛੂਹਣ ਛੁਹਾਈ ਤੇ ਗੁੱਲੀ ਡੰਡੇ ਤੋਂ ਲੈ ਕੇ ਅੱਡੀ ਟੱਪਾ ਤੇ ਕਬੱਡੀ ਕੁਸ਼ਤੀ ਤਕ। ਕੁਸ਼ਤੀ ਪੰਜਾਬੀਆਂ ਦੀ ਜੱਦੀ ਪੁਸ਼ਤੀ ਖੇਡ ਹੈ। ਸਦੀਆਂ ਤੋਂ ਪੰਜਾਬ ਦੇ ਪਹਿਲਵਾਨ ਅਖਾੜਿਆਂ ਵਿਚ ਜ਼ੋਰ ਕਰਦੇ ਤੇ ਘੁਲਦੇ ਆਏ ਹਨ। ਰਿਗਵੇਦ, ਰਾਮਾਇਣ ਤੇ ਮਹਾਭਾਰਤ ਜਿਹੇ ਪੁਰਾਤਨ ਗ੍ਰੰਥਾਂ ਵਿਚ ਮੱਲਾਂ ਦੇ ਘੋਲਾਂ ਦਾ ਜਿ਼ਕਰ ਹੈ। ਮੁਗਲਾਂ ਦੇ ਰਾਜ ਸਮੇਂ ਕੁਸ਼ਤੀ ਦੰਗਲਾਂ ਨੇ ਹੋਰ ਜ਼ੋਰ ਫੜਿਆ। ਰਾਜਪੂਤ ਰਿਆਸਤਾਂ ਨੇ ਵੀ ਪਹਿਲਵਾਨ ਪਾਲੇ। ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਚਮੱਲਾਂ ਲਈ ਅਖਾੜਾ ਬਣਾਇਆ ਜਿਥੇ ਹੁਣ ਗੁਰਦੁਆਰਾ ਮੱਲ ਅਖਾੜਾ ਸਾਹਿਬ ਹੈ। ਗੁਰੂ ਹਰਗੋਬਿੰਦ ਸਾਹਿਬ ਛਿੰਝਾਂ ਪੁਆਉਂਦੇ ਅਤੇ ਗੁਰੂ ਗੋਬਿੰਦ ਸਿੰਘ ਘੋੜਸਵਾਰੀ, ਨੇਜ਼ਾਬਾਜ਼ੀ ਤੇ ਗਤਕੇ ਵਰਗੀਆਂ ਮਾਰਸ਼ਲ ਖੇਡਾਂ ਕਰਾਉਂਦੇ ਰਹੇ। ਹਰੀ ਸਿੰਘ ਨਲੂਆ ਮਾਰਸ਼ਲ ਖੇਡ ਮੁਕਾਬਲਿਆਂ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੇ ਚੜ੍ਹਿਆ ਸੀ।

ਪ੍ਰਿੰਸੀਪਲ ਸਰਵਣ ਸਿੰਘ ਦੀ ਕਿਤਾਬ ‘ਅੱਖੀਂ ਡਿੱਠਾ ਕਬੱਡੀ
ਵਰਲਡ ਕੱਪ’ ਦਾ ਸਰਵਰਕ।

ਮੱਲਾਂ ਦੇ ਘੋਲਾਂ ਦਾ ਜਿ਼ਕਰ ਬੇਸ਼ਕ ਗੁਰਬਾਣੀ ਅਤੇ ਕਿੱਸਾ ਸਾਹਿਤ ਵਿਚ ਵੀ ਮਿਲਦਾ ਹੈ ਪਰ ਪਹਿਲਵਾਨਾਂ ਬਾਰੇ ਪੂਰੀ ਪੁਸਤਕ ‘ਭਾਰਤ ਦੇ ਪਹਿਲਵਾਨ’ ਬਲਬੀਰ ਸਿੰਘ ਕੰਵਲ ਨੇ 1964 ਵਿਚ ਛਪਵਾਈ। ਉਸ ਵਿਚ ਮੁਗ਼ਲ ਕਾਲ ਦੇ ਪਹਿਲਵਾਨ ਉਸਤਾਦ ਨੂਰ-ਉ-ਦੀਨ ਤੋਂ ਲੈ ਕੇ ਦੇਸ਼ ਦੀ ਵੰਡ ਤਕ ਦੇ ਨਾਮੀ ਪਹਿਲਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਦੇ ਵਿਚ ਪਹਿਲਵਾਨਾਂ ਦੇ ਕੱਦ-ਕਾਠ, ਖਾਧ-ਖੁਰਾਕ, ਡੰਡ-ਬੈਠਕਾਂ, ਜ਼ੋਰ ਕਰਨ ਤੇ ਕੁਸ਼ਤੀਆਂ ਲੜਨ ਬਾਰੇ ਏਨੀ ਵੰਨ-ਸਵੰਨੀ ਸਮੱਗਰੀ ਹੈ ਕਿ ਉਹ ਪੁਸਤਕ ਪਾਠਕਾਂ ਨੂੰ ਨਾਵਲਾਂ ਤੋਂ ਵੀ ਵੱਧ ਦਿਲਚਸਪ ਲੱਗੀ।

ਕੁਸ਼ਤੀਆਂ ਤੇ ਪਹਿਲਵਾਨਾਂ ਬਾਰੇ ਪੰਜਾਬੀ ਵਿਚ ਦਰਜਨ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਪਿਆਰਾ ਸਿੰਘ ਰਛੀਨ ਦੀ ਪੁਸਤਕ ‘ਭਾਰਤ ਦੇ ਰੁਸਤਮ ਪਹਿਲਵਾਨ’ ਅਤੇ ਐੱਚਐੱਮ ਬਿਲਗਾ ਤੇ ਪੀਆਰ ਸੋਂਧੀ ਦੀ ਪੁਸਤਕ ‘ਕੁਸ਼ਤੀ ਦੇ ਧਨੰਤਰ’ ਪੰਜ ਪੰਜ ਸੌ ਪੰਨਿਆਂ ਦੇ ਆਸ ਪਾਸ ਹਨ। ਬਿਲਗਾ ਤੇ ਸੋਂਧੀ ਦੀ ਇਕ ਹੋਰ ਪੁਸਤਕ ‘ਕੁਸ਼ਤੀ ਅੰਬਰ ਦੇ ਤਾਰੇ’ ਹੈ। ਪਿਆਰਾ ਸਿੰਘ ਰਛੀਨ ਨੇ ‘ਕੁਸ਼ਤੀ ਅਖਾੜੇ’ ਤੇ ‘ਪਹਿਲਵਾਨ ਕਿਵੇਂ ਬਣੀਏ?’ ਦੋ ਹੋਰ ਖੇਡ ਪੁਸਤਕਾਂ ਲਿਖੀਆਂ ਹਨ। ਪਹਿਲਵਾਨ ਦਾਰਾ ਸਿੰਘ ਨੇ ਆਪਣੀ ਜੀਵਨ ਗਾਥਾ ‘ਮੇਰੀ ਆਤਮ ਕਥਾ’ ਲਿਖੀ ਤੇ ਪਵਨ ਹਰਚੰਦਪੁਰੀ ਨੇ ਉਹਦੀ ਜੀਵਨੀ ‘ਜਿ਼ੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ’ ਲਿਖੀ। ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ ਤਾਰਾ’ ਲਿਖ ਕੇ ਪੰਜਾਬੀ ਖੇਡ ਸਾਹਿਤ ਨੂੰ ਹੋਰ ਅਮੀਰ ਕੀਤਾ। ਪੰਜਾਬੀ ਦੇ ਜੀਵਨੀ ਸਾਹਿਤ ਵਿਚ ਇਸ ਪੁਸਤਕ ਦਾ ਖ਼ਾਸ ਮੁਕਾਮ ਹੈ। ਪ੍ਰੋ. ਰਾਜਿੰਦਰ ਸਿੰਘ ਨੇ ‘ਮਹਾਂਬਲੀ ਪਹਿਲਵਾਨ ਕਰਤਾਰ ਸਿੰਘ’ ਜੀਵਨੀ ਪ੍ਰਕਾਸਿ਼ਤ ਕਰਵਾਈ। ਇਕ ਹੋਰ ਜੀਵਨੀ ‘ਭਾਰਤ ਦਾ ਪਹਿਲਾ ਸਰਦਾਰ ਹਿੰਦ ਕੇਸਰੀ ਪਹਿਲਵਾਨ ਸੁਖਵੰਤ ਸਿੰਘ’ ਉਸ ਦੀ ਪਤਨੀ ਸੁਰਿੰਦਰ ਕੌਰ ਸਿੱਧੂ ਨੇ ਲਿਖੀ ਹੈ। ਬਲਵੰਤ ਸਿੰਘ ਸੰਧੂ ਨੇ ਪਹਿਲਵਾਨ ਦਾਰੇ ਦੁਲਚੀਪੁਰੀਏ ਬਾਰੇ ਨਾਵਲ ‘ਗੁੰਮਨਾਮ ਚੈਂਪੀਅਨ’ ਲਿਖ ਕੇ ਪੰਜਾਬੀ ਖੇਡ ਸਾਹਿਤ ਵਿਚ ਗਲਪੀ ਰੰਗ ਭਰਿਆ। ਪ੍ਰੋ. ਕਰਮ ਸਿੰਘ ਦੀ ਪੁਸਤਕ ‘ਮੱਲਾਂ ਦੀਆਂ ਗੱਲਾਂ’ ਵਿਚ ਪਹਿਲਵਾਨੀ ਦੇ ਦਾਅ ਪੇਚਾਂ ਸਮੇਤ ਬੜੀਆਂ ਕੰਮ ਦੀਆਂ ਗੱਲਾਂ ਹਨ। ਭਲਵਾਨਾਂ ਬਾਰੇ ਕਿੱਸਾਕਾਰਾਂ ਦੇ ਕਿੱਸੇ ਵੀ ਮਿਲਦੇ ਹਨ। ਪੰਜਾਬ ਦੇ ਨਵੇਂ ਤੇ ਪੁਰਾਣੇ ਪਹਿਲਵਾਨਾਂ ਬਾਰੇ ਫੁਟਕਲ ਲੇਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਅਕਸਰ ਛਪਦੇ ਹਨ। ਸੂਬਾ ਸਿੰਘ ਦਾ ਲੇਖ ‘ਕਾਹਨੂੰ ਲੱਭਦੇ ਮੱਲ ਅਖਾੜਿਆਂ ਦੇ’ ਸਕੂਲਾਂ ਦੀਆਂ ਪਾਠ ਪੁਸਤਕਾਂ ਦਾ ਅੰਗ ਬਣਿਆ ਰਿਹਾ ਹੈ।

ਮੈਂ ਖ਼ੁਦ 1965-66 ਤੋਂ ਖੇਡਾਂ ਖਿਡਾਰੀਆਂ ਬਾਰੇ ਲਿਖਦਾ ਆ ਰਿਹਾਂ। ਮੇਰੀਆਂ ਹੁਣ ਤਕ 24 ਖੇਡ ਪੁਸਤਕਾਂ ਛਪ ਚੁੱਕੀਆਂ ਹਨ। ‘ਖੇਡ ਮੇਲੇ ਵੇਖਦਿਆਂ’ ਪੁਸਤਕ ਦੇ ਸਰਵਰਕ ਤੇ ਮੈਂ ਲਿਖਿਆ ਸੀ, “ਸ੍ਰਿਸ਼ਟੀ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁਲਾ ਜਾਂਦੇ ਨੇ।”

ਲਾਭ ਸਿੰਘ ਸੰਧੂ ਦੀ ਕਿਤਾਬ ‘ਗੱਭਰੂ ਪੁੱਤ ਪੰਜਾਬ
ਦੇ’ ਦਾ ਸਰਵਰਕ।

ਮੇਰੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸਿ਼ਤ ਕੀਤੀ ਸੀ ਜਿਸ ਦੇ ਮੁਖਬੰਦ ਵਿਚ ਮੈਂ ਲਿਖਿਆ ਸੀ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਹੀਂ ਹੋਈ। ਜੋ ਕੁਝ ਮੈਂ ਸਰੀਰ ਨਾਲ ਨਹੀਂ ਕਰ ਸਕਿਆ, ਉਹ ਕੁਝ ਕਲਮ ਨਾਲ ਕਰਨ ਦੀ ਕੋਸਿ਼ਸ਼ ਕਰ ਰਿਹਾਂ। ਇਹ ਤਾਂ ਸਮਾਂ ਹੀ ਦੱਸੇਗਾ, ਮੇਰੀ ਸੀਮਾ ਕਿਥੇ ਤਕ ਹੈ?”

ਮੈਨੂੰ ਖੁਸ਼ੀ ਹੈ ਕਿ ਮੇਰੀ ਖੇਡ ਲੇਖਣੀ ਦੀ ਮੈਰਾਥਨ ਉਮਰ ਦੇ ਅੱਸੀਵਿਆਂ ਵਿਚ ਵੀ ਜਾਰੀ ਹੈ। ਅਖ਼ਬਾਰਾਂ ਰਸਾਲਿਆਂ ਵਿਚ ਮੇਰੇ ਸੈਂਕੜੇ ਲੇਖ ਛਪ ਚੁੱਕੇ ਤੇ ਹੁਣ ਤਕ ਛਪੀ ਜਾ ਰਹੇ ਹਨ। ਦਿੱਲੀਓਂ ਛਪਦੇ ਰਹੇ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਦਾ ਕਾਲਮ ‘ਖੇਡ ਮੈਦਾਨ `ਚੋਂ’ ਮੈਂ ਪੰਦਰਾਂ ਸਾਲ ਲਿਖਿਆ। ਮੇਰੀਆਂ ਖੇਡ ਪੁਸਤਕਾਂ ਦੇ ਨਾਂ, ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਪੰਜਾਬੀ ਖਿਡਾਰੀ, ਖੇਡ ਮੈਦਾਨ `ਚੋਂ, ਓਲੰਪਿਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਓਲੰਪਿਕ ਖੇਡਾਂ ਦੀ ਸਦੀ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਕਬੱਡੀ ਕਬੱਡੀ ਕਬੱਡੀ, ਪੰਜਾਬ ਦੇ ਚੋਣਵੇਂ ਖਿਡਾਰੀ, ਖੇਡਾਂ ਦੀ ਦੁਨੀਆ, ਮੇਲੇ ਕਬੱਡੀ ਦੇ, ਅੱਖੀਂ ਡਿੱਠਾ ਕਬੱਡੀ ਵਰਲਡ ਕੱਪ, ਏਥਨਜ਼ ਤੋਂ ਲੰਡਨ, ਖੇਡ ਅਤੇ ਸਿਹਤ ਵਾਰਤਾ, ਕਿੱਸਾ ਕਬੱਡੀ ਦਾ, ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ, ਮਿਲਖਾ ਸਿੰਘ ਦੀ ਜੀਵਨੀ ਉੱਡਣਾ ਸਿੱਖ ਮਿਲਖਾ ਸਿੰਘ, ਖੇਡ ਖਿਡਾਰੀ ਅਤੇ ਪੰਜਾਬੀਆਂ ਦਾ ਖੇਡ ਸਭਿਆਚਾਰ ਹਨ। ਅੰਗਰੇਜ਼ੀ ਦੀ ਪੁਸਤਕ ‘ਹਾਕੀ ਇਨ ਇੰਡੀਆ’ ਦਾ ਪੰਜਾਬੀ ਅਨੁਵਾਦ ਕੀਤਾ ਹੈ ਜਦ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਛਪੀ ਮੇਰੀ ਪੁਸਤਕ ‘ਪੰਜਾਬੀ ਖਿਡਾਰੀ’ ਅੰਗਰੇਜ਼ੀ ਵਿਚ ਅਨੁਵਾਦ ਹੋਈ ਹੈ।

ਬਲਬੀਰ ਸਿੰਘ ਕੰਵਲ ਨੇ ‘ਪੰਜਾਬ ਕਬੱਡੀ ਦਾ ਇਤਿਹਾਸ’ ਤੇ ‘ਆਲਮੀ ਕਬੱਡੀ ਦਾ ਇਤਿਹਾਸ’ ਦੀਆਂ ਕਿਤਾਬਾਂ ਵੀ ਲਿਖੀਆਂ ਹਨ। ਬਲਿਹਾਰ ਸਿੰਘ ਰੰਧਾਵਾ ਨੇ ਦੋ ਖੇਡ ਪੁਸਤਕਾਂ ਲਿਖੀਆਂ ਹਨ, ‘ਕਬੱਡੀ ਦੇ ਅੰਗ ਸੰਗ’ ਤੇ ‘ਖੇਡ ਮੇਲਿਆਂ ਦੇ ਅੰਗ ਸੰਗ’। ਇਨ੍ਹਾਂ ਵਿਚ ਕਾਫੀ ਸਾਰੇ ਕਬੱਡੀ ਖਿਡਾਰੀਆਂ ਤੇ ਕਬੱਡੀ ਮੇਲਿਆਂ ਦੀ ਜਾਣਕਾਰੀ ਦਿੱਤੀ ਹੈ। ਸੋਹਣ ਚੀਮਾ ਨੇ ‘ਖੇਡ ਮੈਦਾਨ `ਚ ਅੱਧੀ ਸਦੀ’ ਲਿਖੀ ਹੈ। ਇਸ ਵਿਚ ਉਸ ਨੇ ਇੰਗਲੈਂਡ `ਚ ਕਬੱਡੀ ਦੇ ਸ਼ੁਰੂ ਹੋਣ ਤੇ ਵਿਕਾਸ ਕਰਨ ਉਤੇ ਚਾਨਣਾ ਪਾਇਆ ਹੈ। ਇਹਦੇ ਵਿਚ ਸਵੈ-ਜੀਵਨੀ ਦੇ ਵੀ ਅੰਸ਼ ਹਨ।

ਲਾਭ ਸਿੰਘ ਸੰਧੂ ਨੇ ‘ਗੱਭਰੂ ਪੁੱਤ ਪੰਜਾਬ ਦੇ’ ਤੇ ‘ਚੰਨ ਮਾਹੀ ਦੀਆਂ ਬਾਤਾਂ’ ਦੋ ਖੇਡ ਪੁਸਤਕਾਂ ਲਿਖੀਆਂ ਹਨ। ਪਹਿਲੀ ਪੁਸਤਕ ਵਿਚ ਪ੍ਰਸਿੱਧ ਖਿਡਾਰੀਆਂ ਦੇ ਰੇਖਾ ਚਿੱਤਰ ਹਨ ਤੇ ਦੂਜੀ ਵਿਚ ਖਿਡਾਰੀਆਂ ਦੀਆਂ ਪਤਨੀਆਂ ਦੇ ਇੰਟਰਵਿਊ ਹਨ। ਉਨ੍ਹਾਂ ਦੀਆਂ ਗੱਲਾਂ-ਬਾਤਾਂ ਵਿਚੋਂ ਖਿਡਾਰੀਆਂ ਦੇ ਜੀਵਨ ਦੇ ਕਈ ਅਹਿਮ ਭੇਤ ਖੁੱਲ੍ਹਦੇ ਹਨ। ਪ੍ਰੋ. ਰਾਜਿੰਦਰ ਸਿੰਘ ਨੇ ਕੋਚਿੰਗ ਦੇ ਨੁਕਤੇ ਤੋਂ ‘ਕ੍ਰਿਕਟ ਕਿਵੇਂ ਖੇਡੀਏ’ ਤੇ ‘ਵਾਲੀਬਾਲ ਕਿਵੇਂ ਖੇਡੀਏ’ ਆਦਿ ਕਈ ਖੇਡ ਪੁਸਤਕਾਂ ਛਪਵਾਈਆਂ ਹਨ। ਰਾਜਿੰਦਰ ਸਿੰਘ ਦੀ ਇਕ ਪੁਸਤਕ ਹੌਲਦਾਰ ਜੋਗਿੰਦਰ ਸਿੰਘ ਦੀ ਜੀਵਨੀ ਹੈ ਜੋ ਸੌ ਸਾਲ ਤੋਂ ਵੱਧ ਜੀਵਿਆ। ਤਰਲੋਕ ਸਿੰਘ ਨੇ ਪੀਟੀ ਊਸ਼ਾ ਦੀ ਜੀਵਨੀ ਅਤੇ ਵੈਟਰਨ ਖਿਡਾਰੀਆਂ ਬਾਰੇ ਵੀ ਇਕ ਪੁਸਤਕ ਲਿਖੀ। ਉਹ ਖ਼ੁਦ ਵੈਟਰਨ ਅਥਲੀਟ ਰਿਹਾ ਜਿਸ ਨੇ ਆਪਣੀ ਸਵੈ-ਜੀਵਨੀ ਵੀ ਲਿਖੀ।

ਗੋਲਾ ਸੁੱਟਣ ਵਿਚ ਏਸ਼ੀਆ ਦੇ ਚੈਂਪੀਅਨ ਰਹੇ ਜੋਗਿੰਦਰ ਸਿੰਘ ਜੋਗੀ ਨੇ ਆਪਣੀ ਸਵੈਜੀਵਨੀ ‘ਜੱਗ ਦਾ ਜੋਗੀ’ ਲਿਖੀ। ਪਿੰਡ ਕਿਸ਼ਨਪੁਰਾ ਜਿ਼ਲ੍ਹਾ ਰੋਪੜ ਦੇ ਜੰਮਪਲ ਜੋਗਿੰਦਰ ਸਿੰਘ ਦਾ ਸਕੂਲੇ ਪੜ੍ਹਨਾ, ਡੰਗਰ ਚਾਰਨੇ, ਯੂਪੀ ਦੇ ਜੰਗਲ ਕੱਟਣੇ, ਜੰਗਲੀ ਜਾਨਵਰਾਂ ਦੇ ਖ਼ਤਰੇ ਸਹੇੜਨੇ, ਫੌਜ `ਚ ਸਿਪਾਹੀ ਭਰਤੀ ਹੋ ਕੇ ਮੇਜਰ ਦੇ ਰੈਂਕ ਤਕ ਪੁੱਜਣਾ ਤੇ ਦਸ ਸਾਲ ਗੋਲਾ ਸੁੱਟਣ ਦਾ ਚੈਂਪੀਅਨ ਬਣੇ ਰਹਿਣਾ ਕਮਾਲ ਦੀ ਜੀਵਨ ਗਾਥਾ ਹੈ। ਮੇਰੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸਿ਼ਤ ਕੀਤੀ ਜਿਸ ਵਿਚ 87 ਖੇਡਾਂ ਦਾ ਵਰਣਨ ਹੈ। ਨੈਸ਼ਨਲ ਬੁੱਕ ਟਰਸਟ ਵੱਲੋਂ ਛਾਪੀ ਮੇਰੀ ਪੁਸਤਕ ‘ਪੰਜਾਬ ਦੇ ਚੋਣਵੇਂ ਖਿਡਾਰੀ’ ਵਿਚ 85 ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਸੁਖਦੇਵ ਮਾਦਪੁਰੀ ਨੇ ਦੋ ਖੇਡ ਪੁਸਤਕਾਂ ‘ਪੰਜਾਬ ਦੀਆਂ ਲੋਕ ਖੇਡਾਂ’ ਤੇ ‘ਪੰਜਾਬ ਦੀਆਂ ਵਿਰਾਸਤੀ ਖੇਡਾਂ’ ਲਿਖੀਆਂ। ਮੁਲਕ ਰਾਜ ਅਨੰਦ ਦੀ ਪੁਸਤਕ ‘ਭਾਰਤ ਦੀਆਂ ਕੁਝ ਲੋਕ ਖੇਡਾਂ’ ਨੈਸ਼ਨਲ ਬੁੱਕ ਟਰਸਟ ਦੀ ਅਨੁਵਾਦਤ ਪੁਸਤਕ ਹੈ। ਨੈਸ਼ਨਲ ਬੁੱਕ ਟਰਸਟ ਦੀਆਂ ਕੁਝ ਹੋਰ ਖੇਡ ਪੁਸਤਕਾਂ ‘ਚੋਟੀ ਤੋਂ ਚੋਟੀ’, ‘ਓਲੰਪਿਕ ਖੇਡਾਂ ਦੇ ਮਹਾਨ ਖਿਡਾਰੀ’, ‘ਭਾਰਤ ਦੇ ਕ੍ਰਿਕਟ ਖਿਡਾਰੀ’, ‘ਭਾਰਤ ਵਿਚ ਹਾਕੀ’, ‘ਪੰਜਾਬ ਦੇ ਚੋਣਵੇਂ ਖਿਡਾਰੀ’, ‘ਅਥਲੈਟਿਕਸ ਵਿਚ ਸੋਨ ਤਮਗ਼ਾ ਕਿਵੇਂ ਜਿੱਤੀਏ’ ਤੇ ‘ਪੰਜਾਬੀਆਂ ਦਾ ਖੇਡ ਸਭਿਆਚਾਰ’ ਹਨ। ਟਰਸਟ ਦੇ ਕੁਝ ਸਚਿੱਤਰ ਕਿਤਾਬਚੇ ਬੱਚਿਆਂ ਦੀਆਂ ਖੇਡਾਂ ਬਾਰੇ ਹਨ। ਜਗਦੀਸ਼ ਕੌਸ਼ਲ ਨੇ ‘ਗਾਓ, ਖੇਡੋ ਅਤੇ ਸਿਖੋ’ ਪੋਥੀ ਸਕੂਲੀ ਬੱਚਿਆਂ ਲਈ ਲਿਖੀ ਹੈ। ਖੇਡਾਂ ਦੇ ਨਿਯਮਾਂ ਬਾਰੇ ਕਿਤਾਬਾਂ ਹਨ। ਲਖਵੀਰ ਸਿੰਘ ਕੋਮਲ ਨੇ ‘ਸਟਾਰ ਕਬੱਡੀ ਦੇ’ ਚਾਰ ਭਾਗ ਛਪਵਾਏ ਹਨ। ਜੀਤ ਸਿੰਘ ਟਾਈਗਰ ਦੀ ਜੀਵਨੀ ‘ਜੀਤ ਨੇ ਜੱਗ ਜਿੱਤਿਆ’ ਸੁਰਿੰਦਰਪ੍ਰੀਤ ਨੇ ਲਿਖੀ ਹੈ। ਕੁਲਵਿੰਦਰ ਸਿੰਘ ਬਿਣਗ ਦੀ ਕਿਤਾਬ ਦਾ ਨਾਂ ‘ਸਿ਼ਅਰਾਂ ਸੰਗ ਕਬੱਡੀ’ ਹੈ। ਅਵਤਾਰ ਸਿੰਘ ਨੇ ‘ਗਤਕਾ, ਸਿਖਲਾਈ ਅਤੇ ਨਿਯਮਾਵਲੀ’ ਲਿਖੀ ਹੈ। ਨੱਥਾ ਸਿੰਘ ਗਾਖਲ ਨੇ ‘ਪੰਜਾਬ ਦੇ ਹੀਰੇ’ ਪੁਸਤਕ ਵਿਚ ਕਬੱਡੀ ਖਿਡਾਰੀਆਂ ਦੀ ਜਾਣ ਪਛਾਣ ਕਰਾਈ ਹੈ।

ਮਿਲਖਾ ਸਿੰਘ ਨੇ ਆਪਣੀ ਸਵੈ-ਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਛਪਵਾਈ ਜਿਸ ਨੂੰ ਲਿਖਣ ਵਿਚ ਪ੍ਰਸਿੱਧ ਕਵੀ ਪਾਸ਼ ਨੇ ਸਹਿਯੋਗ ਦਿੱਤਾ। ਇਸ ਵਿਚ ਮਿਲਖਾ ਸਿੰਘ ਦੇ ਟੁਕੜੇ ਟੁਕੜੇ ਹੋਏ ਬਚਪਨ ਦਾ ਮਾਰਮਿਕ ਬਿਰਤਾਂਤ ਹੈ। ਦੌੜਾਂ ਦੌੜਨ ਲਈ ਕੀਤੀ ਮੁਸ਼ੱਕਤ, ਰੱਖੇ ਰਿਕਾਰਡ ਤੇ ਜੀਵਨ ਵਿਚ ਵਾਪਰੀਆਂ ਨਾਟਕੀ ਘਟਨਾਵਾਂ ਦਾ ਰੌਚਕ ਵਰਣਨ ਹੈ। ਪ੍ਰੇਰਨਾ ਵਾਲਾ ਸੰਦੇਸ਼ ਹੈ। ਅਜਿਹੀਆਂ ਲਿਖਤਾਂ ਬੱਚਿਆਂ ਤੇ ਨੌਜੁਆਨਾਂ ਨੂੰ ਚੰਗੇ ਖਿਡਾਰੀ ਬਣਨ ਲਈ ਪ੍ਰੇਰ ਸਕਦੀਆਂ ਹਨ। ਮੈਂ ਵੀ ਬੱਚਿਆਂ ਤੇ ਗਭਰੂਆਂ ਲਈ ‘ਉੱਡਣਾ ਸਿੱਖ ਮਿਲਖਾ ਸਿੰਘ’ ਨਾਂ ਦੀ ਜੀਵਨੀ ਲਿਖੀ ਹੈ। ਇਸ ਤੋਂ ਪਹਿਲਾਂ ਓਲੰਪਿਕ ਆਈਕੋਨ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਲਿਖੀ ਸੀ। ਭਾਸ਼ਾ ਵਿਭਾਗ ਪੰਜਾਬ ਨੇ ਵੱਖ ਵੱਖ ਖੇਡਾਂ ਦੀ ਕੋਚਿੰਗ ਬਾਰੇ ਕੁਝ ਕਿਤਾਬਚੇ ਛਪਵਾਏ ਹਨ ਜੋ ਜੁਗਿੰਦਰ ਸਿੰਘ ਜੋਗੀ ਨੇ ਲਿਖੇ। ਉਸ ਨੇ ਪੁਸਤਕ ‘ਪੰਜਾਬ ਦੇ ਪ੍ਰਸਿੱਧ ਖਿਡਾਰੀ’ ਵੀ ਲਿਖੀ।

ਡਾ. ਚਰਨਜੀਤ ਸਿੰਘ ਪੱਡਾ ਦੀ ਪੁਸਤਕ ‘ਭਾਰਤੀ ਫੁੱਟਬਾਲ ਦਾ ਜਰਨੈਲ’ ਪ੍ਰਸਿੱਧ ਫੁੱਟਬਾਲਰ ਜਰਨੈਲ ਸਿੰਘ ਦੀ ਜੀਵਨੀ ਹੈ। ਬਲਜਿੰਦਰ ਮਾਨ ਨੇ ‘ਫੁੱਟਬਾਲ ਜਗਤ ਮਾਹਿਲਪੁਰ’ ਨਾਂ ਦੀ ਕਿਤਾਬ ਲਿਖੀ ਜਿਸ ਵਿਚ ਮਾਹਿਲਪੁਰ ਇਲਾਕੇ ਦੀਆਂ ਫੁੱਟਬਾਲ ਹਸਤੀਆਂ ਦਾ ਵੇਰਵਾ ਤੇ ਫੁੱਟਬਾਲ ਦੇ ਟੂਰਨਾਮੈਂਟਾਂ ਦਾ ਲੇਖਾ ਜੋਖਾ ਹੈ। ਮਾਹਿਲਪੁਰ ਦੇ ਫੁੱਟਬਾਲਰਾਂ ਬਾਰੇ ਉਹਦੀ ਦੂਜੀ ਪੁਸਤਕ ‘ਫੁੱਟਬਾਲ ਦੀ ਨਰਸਰੀ ਇਲਾਕਾ ਮਾਹਿਲਪੁਰ’ ਹੈ। ਸੰਸਾਰਪੁਰ ਦੀ ਹਾਕੀ ਬਾਰੇ ਡਾ. ਕੁਲਾਰ ਨੇ ਖੋਜ ਪ੍ਰਬੰਧ ਲਿਖਿਆ ਹੈ। ਉਸ ਵਿਚ ਓਲੰਪੀਅਨ ਗੁਰਮੀਤ ਸਿੰਘ ਕੁਲਾਰ ਤੋਂ ਲੈ ਸੰਸਾਰਪੁਰ ਦੇ ਦਰਜਨ ਤੋਂ ਵੱਧ ਓਲੰਪੀਅਨਾਂ ਤੇ ਅੰਤਰਰਾਸ਼ਟਰੀ ਖਿਡਾਰੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ।

ਬਲਜੀਤ ਸਿੰਘ ਸਿੱਧੂ ਨੇ ‘ਜੇ ਓਲੰਪਿਕ ਜਿੱਤਣੀ ਹੈ ਤਾਂ’ ਪੁਸਤਕ ਛਪਵਾਈ ਜਿਸ ਵਿਚ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਤਕ ਮੰਜਿ਼ਲਾਂ ਮਾਰਨ ਦੀ ਪ੍ਰੇਰਨਾ ਦਿੱਤੀ ਗਈ ਅਤੇ ਖਿਡਾਰੀਆਂ ਨੂੰ ਵਰਜਿਤ ਡਰੱਗਾਂ ਲੈਣ ਤੋਂ ਸਾਵਧਾਨ ਕੀਤਾ ਗਿਆ। ਰਣਜੀਤ ਸਿੰਘ ਪ੍ਰੀਤ ਨੇ ‘ਵਿਸ਼ਵ ਖੇਡ ਦਰਪਨ’ ਵਿਚ ਵਿਸ਼ਵ ਦੀਆਂ ਬਹੁਤ ਸਾਰੀਆਂ ਖੇਡਾਂ ਦੀ ਜਾਣਕਾਰੀ ਦਿਤੀ ਹੈ। ਉਸ ਦੀ ਦੂਜੀ ਖੇਡ ਪੁਸਤਕ ‘ਏਸਿ਼ਆਈ ਖੇਡਾਂ ਦੀ ਰੌਚਿਕ ਕਹਾਣੀ’ ਹੈ ਜਿਸ ਵਿਚ ਏਸਿ਼ਆਈ ਖੇਡਾਂ ਦਾ ਸੰਖੇਪ ਇਤਿਹਾਸ ਪੇਸ਼ ਕੀਤਾ ਹੈ। ਪ੍ਰਿੰ. ਸੁਜਾਨ ਸਿੰਘ ਨੇ ਸਰੀਰਕ ਸਿੱਖਿਆ ਦੀਆਂ ਪੁਸਤਕਾਂ ਲਿਖਣ ਦੇ ਨਾਲ ਇਕ ਪੁਸਤਕ ਖੇਡਾਂ ਦੇ ਨਿਯਮਾਂ ਬਾਰੇ ਲਿਖੀ। ਸਰੀਰਕ ਕਸਰਤਾਂ ਤੇ ਯੋਗ ਬਾਰੇ ਵੀ ਪੰਜਾਬੀ ਵਿਚ ਪੁਸਤਕਾਂ ਮਿਲਦੀਆਂ ਹਨ। ਹਰਬੰਸ ਸਿੰਘ ਵਿਰਦੀ ਨੇ ਸਿੱਖ ਓਲੰਪੀਅਨਾਂ ਬਾਰੇ ਪੁਸਤਕ ਲਿਖੀ ਜੋ ਗੁੁਰਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਨੇ ਪ੍ਰਕਾਸ਼ਤ ਕੀਤੀ। ਹਾਕੀ ਦੇ ਜਾਦੂਗਰ ਧਿਆਨ ਚੰਦ ਬਾਰੇ ਲਿਖੀ ਪੁਸਤਕ ਦਾ ਨਾਂ ‘ਗੋਲ’ ਹੈ। ਜੋਗਿੰਦਰ ਸਿੰਘ ਆਹਲੂਵਾਲੀਆ ਜੋ ਨੈਸ਼ਨਲ ਹਾਕੀ ਅੰਪਾਇਰ ਰਹੇ, ਹਾਕੀ ਦੀ ਖੇਡ ਬਾਰੇ ਲਿਖਦੇ ਵੀ ਰਹੇ। ਹਾਕੀ ਦੇ ਨਿਯਮਾਂ ਬਾਰੇ ਉਨ੍ਹਾਂ ਦੀ ਕਿਤਾਬ ‘ਹਾਕੀ ਦਾ ਖੇਲ’ ਹੈ। ਹਾਕੀ ਬਾਰੇ ਇਕ ਹੋਰ ਕਿਤਾਬ ਗਿਆਨ ਸਿੰਘ ਨੇ ਵੀ ਲਿਖੀ ਹੈ। ਸਰੀਰਕ ਸਿੱਖਿਆ ਤੇ ਖੇਡਾਂ ਬਾਰੇ ਪੰਜਾਬੀ ਵਿਚ ਅਨੇਕਾਂ ਪਾਠ ਪੁਸਤਕਾਂ ਮਿਲਦੀਆਂ ਹਨ।

ਪ੍ਰਿੰ. ਤਰਲੋਚਨ ਸਿੰਘ ਭਾਟੀਆ ਨੇ ‘ਦਿੱਲੀ ਏਸ਼ੀਆਡ’ ਨਾਂ ਦੀ ਕਿਤਾਬ ਲਿਖੀ ਅਤੇ ਬਲਬੀਰ ਸਿੰਘ ਕੰਵਲ ਨਾਲ ਮਿਲ ਕੇ ‘ਰੁਸਤਮ’ ਨਾਂ ਦਾ ਖੇਡ ਰਸਾਲਾ ਕੱਢਿਆ। ਮੈਂ ਤੇ ਸੰਤੋਖ ਸਿੰਘ ਮੰਡੇਰ ਸਚਿੱਤਰ ਮੈਗਜ਼ੀਨ ‘ਖੇਡ ਸੰਸਾਰ’ ਕੱਢਦੇ ਰਹੇ ਹਾਂ। ਖੇਡਾਂ ਦੇ ਹੋਰ ਮੈਗਜ਼ੀਨ ‘ਅਖਾੜਾ’, ‘ਉੱਤਮ ਖੇਡ ਕਬੱਡੀ’, ‘ਬੱਲੇ ਪੰਜਾਬ’, ‘ਹਾਕ’, ‘ਖੇਡ ਮੈਦਾਨ ਬੋਲਦਾ’, ‘ਚੱਕਦੇ ਕਬੱਡੀ’, ‘ਬੱਲੇ ਕਬੱਡੀ’, ‘ਪੰਜਾਬ ਦੀ ਮਾਂ ਖੇਡ ਕਬੱਡੀ’ ਆਦਿ ਹਨ। ਪੰਜਾਬੀ ਦੇ ਆਮ ਅਖ਼ਬਾਰਾਂ ਰਸਾਲਿਆਂ ਵਿਚ ਖੇਡਾਂ ਖਿਡਾਰੀਆਂ ਸੰਬੰਧੀ ਕਾਲਮ ਛਪ ਰਹੇ ਹਨ। ਉਨ੍ਹਾਂ ਦੇ ਵਿਸ਼ੇਸ਼਼ ਖੇਡ ਪੰਨੇ ਹਨ। ਸੋਵੀਅਤ ਰਾਜ ਸਮੇਂ ਪ੍ਰਗਤੀ ਪ੍ਰਕਾਸ਼ਨ ਵੱਲੋਂ ‘ਸੋਸ਼ਲਿਸਟ ਦੇਸ਼ਾਂ ਵਿਚ ਖੇਡਾਂ’, ‘ਓਲੰਪਿਕ ਮਾਸਕੋ-80’, ‘ਸੋਵੀਅਤ ਦੇਸ਼ ਵਿਚ ਬੱਚਿਆਂ ਦੀਆਂ ਖੇਡਾਂ’ ਤੇ ਸੋਵੀਅਤ ਖਿਡਾਰੀਆਂ ਬਾਰੇ ਕਿਤਾਬਚੇ ਛਾਪੇ ਗਏ ਸਨ।

ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਪੰਜਾਬੀ ਖੇਡ ਸਾਹਿਤ ਦਾ ਅਧਿਐਨ ਵਿਸ਼ੇ ਉਤੇ ਪੀਐੱਚਡੀ ਕੀਤੀ ਤੇ ਇੰਡੋ-ਪਾਕਿ ਪੰਜਾਬ ਖੇਡਾਂ ਬਾਰੇ ‘ਜਦੋਂ ਖੇਡੇ ਪੰਜੇ ਆਬ’ ਕਿਤਾਬ ਲਿਖੀ। ਸੁਖਬੀਰ ਸਿੰਘ ਗਰੇਵਾਲ ਨਾਲ ਮਿਲ ਕੇ ਛਪਵਾਈ ਉਸ ਦੀ ਦੂਜੀ ਕਿਤਾਬ ਦਾ ਨਾਂ ‘ਕਰੋੜਾਂ ਦੀ ਕਬੱਡੀ’ ਹੈ। ਤੀਜੀ ਕਿਤਾਬ ਕਬੱਡੀ ਦਾ ਪਹਿਲਾ ਵਰਲਡ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਬਾਰੇ ਹੈ ਜਿਸ ਦਾ ਨਾਂ ‘ਜੱਗ ਜੇਤੂ ਕਬੱਡੀ ਖਿਡਾਰੀ’ ਹੈ। ਦੂਜੇ ਕਬੱਡੀ ਵਿਸ਼ਵ ਕੱਪ ਬਾਰੇ ਪੁਸਤਕ ਹੈ, ‘ਚੱਕ ਦੇ ਕਬੱਡੀ’। ਵਰਲਡ ਕਬੱਡੀ ਲੀਗ ਬਾਰੇ ‘ਰੰਗੀਲੀ ਕਬੱਡੀ’ ਰੰਗੀਨ ਛਾਪੀ ਹੈ। ਪਰਮਜੀਤ ਸਿੰਘ ਬਾਗੜੀਆਂ ਦੀ ਪੁਸਤਕ ‘ਨੇੜਿਓਂ ਤੱਕਿਆ ਵਿਸ਼ਵ ਕਬੱਡੀ ਕੱਪ’ ਹੈ। ਕਬੱਡੀ ਦੀ ਖੇਡ ਤੇ ਖਿਡਾਰੀਆਂ ਬਾਰੇ ਪੰਜਾਬੀ ਵਿਚ ਦੋ ਦਰਜਨ ਤੋਂ ਵੀ ਵੱਧ ਪੁਸਤਕਾਂ ਮਿਲਦੀਆਂ ਹਨ। ਮੇਰੀਆਂ ਚਾਰ ਪੁਸਤਕਾਂ ‘ਕਬੱਡੀ ਕਬੱਡੀ ਕਬੱਡੀ’, ‘ਮੇਲੇ ਕਬੱਡੀ ਦੇ’, ‘ਅੱਖੀਂ ਡਿੱਠਾ ਕਬੱਡੀ ਵਰਲਡ ਕੱਪ’ ਤੇ ‘ਕਿੱਸਾ ਕਬੱਡੀ ਦਾ’ ਕਬੱਡੀ ਦੇ ਖਿਡਾਰੀਆਂ, ਦੇਸ਼ ਵਿਦੇਸ਼ ਦੇ ਕਬੱਡੀ ਮੇਲਿਆਂ ਤੇ ਕਬੱਡੀ ਪ੍ਰੋਮੋਟਰਾਂ ਬਾਰੇ ਹਨ। ਗੁਰਪ੍ਰੀਤ ਸਹਿਜੀ ਦੀਆਂ ਕਬੱਡੀ ਬਾਰੇ ਕਈ ਪੁਸਤਕਾਂ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ‘ਕਬੱਡੀ ਦੀ ਸੁਨਹਿਰੀ ਪੈੜ’, ‘ਮਸਤ ਕਬੱਡੀ ਫੰਨੇ ਖਾਂ’, ‘ਹਟ ਕਬੱਡੀ ਸ਼ਾਬਾਸ਼ੇ’, ‘ਸ਼ੀ ਸ਼ੀ ਕਬੱਡੀ ਅਸ਼ਕੇ’ ਆਦਿ ਗੁਰਜੀਤ ਤੂਤ, ਹਰਜੀਤ ਬਾਜਾਖਾਨਾ, ਅੰਬੀ ਹਠੂਰ, ਕੁਲਜੀਤ ਮਲਸੀਹਾਂ ਤੇ ਮੰਗੀ ਬੱਗਾ ਦੀਆਂ ਜੀਵਨੀਆਂ ਹਨ। ਬਿੱਟੂ ਦੁਗਾਲ ਬਾਰੇ ਨਾਵਲ ‘ਗੁੱਜਰ’ ਹੈ। ਰਣਜੀਤ ਝੁਨੇਰ ਦੀ ਕਿਤਾਬ ਦਾ ਨਾਂ ‘ਸਦੀਆਂ ਤੋਂ ਸਦੀਆਂ ਤੱਕ ਕਬੱਡੀ’ ਹੈ। ਦਿਲਬਾਗ ਸਿੰਘ ਘਰਿਆਲਾ ਦੀਆਂ ਤਿੰਨ ਖੇਡ ਪੁਸਤਕਾਂ ‘ਪੰਜਾਬ ਦੇ ਸ਼ੇਰ ਪੁੱਤ’, ‘ਪੰਜਾਬ ਦੇ ਓਲੰਪੀਅਨ ਖਿਡਾਰੀ’ ਤੇ ‘ਖੇਡ ਮੈਦਾਨ ਦੇ ਹੀਰੇ’ ਹਨ।

ਨਵਦੀਪ ਸਿੰਘ ਗਿੱਲ ਨੇ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆਂ ਏਸਿ਼ਆਈ ਖੇਡਾਂ’ ਤੇ ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਤਿੰਨ ਖੇਡ ਪੁਸਤਕਾਂ ਲਿਖੀਆਂ ਹਨ। ਉਹਦੀ ਲਿਖੀ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਵੀ ਤਿਆਰ ਹੈ। ‘ਮਾਣ ਕਬੱਡੀ ਦੇ’, ‘ਸਟਾਰ ਕਬੱਡੀ ਦੇ’ ਤੇ ‘ਕਬੱਡੀ ਦੇ ਚਮਕਦੇ ਹੀਰੇ’ ਕਰਮਜੀਤ ਦੌਧਰ ਦੀਆਂ ਖੇਡ ਪੁਸਤਕਾਂ ਹਨ। ਇਨ੍ਹਾਂ ਕਿਤਾਬਾਂ ਵਿਚ ਕਬੱਡੀ ਖਿਡਾਰੀਆਂ ਦੇ ਸੰਖੇਪ ਰੇਖਾ ਚਿੱਤਰ ਉਲੀਕੇ ਹਨ। ਡਾ. ਬਿੱਲੂ ਰਾਇਸਰ ਦੀ ਕਿਤਾਬ ਦਾ ਨਾਂ ‘ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਨੂੰ ਯਾਦ ਕਰਦਿਆਂ’ ਹੈ ਜੋ ਮਰਹੂਮ ਖਿਡਾਰੀ ਅੰਬੀ ਲਈ ਸ਼ਰਧਾਂਜਲੀ ਹੈ।

ਪਾਪੂਲਰ ਪੱਤਰਕਾਰ ਪਰਮਵੀਰ ਬਾਠ ਨੇ ਪੁਸਤਕ ‘ਗੱਲਾਂ ਖੇਡ ਮੈਦਾਨ ਦੀਆਂ’ ਲਿਖੀ ਹੈ ਜੋ ਖੇਡ ਤਬਸਰਿਆਂ ਦਾ ਸੰਗ੍ਰਹਿ ਹੈ। ਪ੍ਰਿੰ. ਬਲਕਾਰ ਸਿੰਘ ਬਾਜਵਾ ਨੇ ਰੰਗੀਨ ਤਸਵੀਰਾਂ ਨਾਲ ਸਿ਼ੰਗਾਰੀ ‘ਹਾਕੀ ਸਿਤਾਰੇ ਸੁਧਾਰ ਦੇ’ ਕੌਫ਼ੀ ਟੇਬਲ ਬੁੱਕ ਹੈ ਜੋ ਸੌਗਾਤ ਵਜੋਂ ਲਈ ਦਿੱਤੀ ਜਾ ਸਕਦੀ ਹੈ। ਇਸ ਵਿਚ ਸੁਧਾਰ ਇਲਾਕੇ ਦੀ ਹਾਕੀ ਨੂੰ ਦੇਣ ਦਰਜ ਕੀਤੀ ਹੈ ਤੇ ਸੁਧਾਰੀਏ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਗੁਰਮੇਲ ਮਡਾਹੜ ਦੀ ‘ਸੰਸਾਰ ਪ੍ਰਸਿੱਧ ਖੇਡ ਕਹਾਣੀਆਂ’ ਪੰਜਾਬੀ ਵਿਚ ਅਨੁਵਾਦਤ ਪੁਸਤਕ ਹੈ। ਇਹ ਖੇਡ ਕਹਾਣੀਆਂ ਕਈਆਂ ਭਾਸ਼ਾਵਾਂ ਵਿਚੋਂ ਲਈਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਨਾਲ ਪੰਜਾਬੀ ਖੇਡ ਸਾਹਿਤ ਵਿਚ ਗਲਪ ਦਾ ਪ੍ਰਵੇਸ਼ ਹੋਇਆ। ਬਲਵੰਤ ਗਾਰਗੀ ਦੀ ‘ਸੌ ਮੀਲ ਦੌੜ’ ਤੇ ਸ਼ਮਸ਼ੇਰ ਸੰਧੂ ਦੀ ‘ਚੈਂਪੀਅਨ’ ਪੰਜਾਬੀ ਖੇਡ ਸਾਹਿਤ ਦੀਆਂ ਵਧੀਆ ਕਹਾਣੀਆਂ ਹਨ।

ਸਤਵਿੰਦਰ ਸਿੰਘ ਸੁਹੇਲਾ ਨੇ ਬਲਵਿੰਦਰ ਸਿੰਘ ਫਿੱਡੂ ਬਾਰੇ ਸਚਿੱਤਰ ਪੁਸਤਕ ‘ਰੁਸਤਮੇ ਕਬੱਡੀ ਬਲਵਿੰਦਰ ਫਿੱਡਾ’ ਐਲਬਮ ਰੂਪ ਵਿਚ ਛਾਪੀ। ‘ਸ਼ੇਰ ਮੈਦਾਨਾਂ ਦੇ’ ਪੁਸਤਕ ਜਗਦੇਵ ਸਿੰਘ ਬਰਾੜ ਨੇ ਲਿਖੀ। ਸੁਖਵਿੰਦਰ ਸਿੰਘ ਮਨੌਲੀ ਦੀ ਪੁਸਤਕ ‘ਹਾਕੀ ਖਿਡਾਰੀ’ ਹੈ ਅਤੇ ਅਮਰੀਕ ਸਿੰਘ ਭਾਗੋਵਾਲੀਆ ਦੀਆਂ ਦੋ ਪੁਸਤਕਾਂ ‘ਘੋੜਿਆਂ ਵਾਲੇ ਸਰਦਾਰ’ ਤੇ ‘ਸ਼ੌਂਕੀ ਬਲਦਾਂ ਦੇ’ ਹਨ। ਰਾਮਫਲ ਰਾਜਲਹੇੜੀ ਦੀ ਪੁਸਤਕ ਦਾ ਨਾਂ ‘ਸਿਰਨਾਵੇਂ ਸ਼ੇਰਾਂ ਦੇ’ ਹੈ। ਇਕਬਾਲ ਸਰੋਆ ਨੇ ‘ਹਾਕੀ ਦੇ ਸੁਲਤਾਨ’ ਲਿਖੀ ਹੈ। ਡਾ. ਜਸਪਾਲ ਸਿੰਘ ਦੀ ਪੁਸਤਕ ‘ਖੇਡ ਚਿੰਤਨ’ ਵਿਚ ਖੇਡ ਅਧਿਐਨ ਹੈ। ਇਹ ਗੰਭੀਰ ਖੇਡ ਪੁਸਤਕ ਹੈ ਜਿਸ ਵਿਚ ਖੇਡ ਮਸਲੇ ਤੇ ਖੇਡ ਨੀਤੀ ਦੀ ਚਰਚਾ ਹੈ। ਕਬੂਤਰਾਂ ਦੀਆਂ ਬਾਜ਼ੀਆਂ, ਕੁੱਤਿਆਂ ਦੀਆਂ ਦੌੜਾਂ, ਭੇਡੂਆਂ ਦੇ ਭੇੜਾਂ, ਖੱਚਰ ਰੇੜ੍ਹਾ ਦੌੜਾਂ ਤੇ ਬੈਲ ਗੱਡੀਆਂ ਦੀਆਂ ਦੌੜਾਂ ਬਾਰੇ ਅਖ਼ਬਾਰਾਂ ਵਿਚ ਆਰਟੀਕਲ ਤਾਂ ਬਥੇਰੇ ਛਪਦੇ ਹਨ ਪਰ ਇਨ੍ਹਾਂ ਬਾਰੇ ਕੋਈ ਕਿਤਾਬ ਨਜ਼ਰ ਨਹੀਂ ਆਈ। ਸੰਭਵ ਹੈ ਮੈਥੋਂ ਸਾਰੀਆਂ ਖੇਡ ਪੁਸਤਕਾਂ ਦਾ ਜਿ਼ਕਰ ਨਾ ਹੋ ਸਕਿਆ ਹੋਵੇ। ਖੇਡ ਲੇਖਕ ਮੇਰੇ ਧਿਆਨ ਵਿਚ ਲਿਆ ਦੇਣ।

ਪੰਜਾਬੀਆਂ ਨੇ ਕਿਸਾਨੀ, ਫੌਜ, ਖੇਡਾਂ ਤੇ ਟਰਾਂਸਪੋਰਟ ਦੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰੀਆਂ ਹਨ। ਇਕੱਲੇ ਖੇਡ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਹਿਲਵਾਨ ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਰਹੇ ਹਨ, ਹਾਕੀ ਦੇ ਖਿਡਾਰੀ ਓਲੰਪਿਕ ਚੈਂਪੀਅਨ ਹਨ, ਸੌ ਤੋਂ ਵੱਧ ਖਿਡਾਰੀ ਏਸ਼ੀਆ ਦੇ ਚੈਂਪੀਅਨ ਬਣੇ ਤੇ ਨੈਸ਼ਨਲ ਚੈਂਪੀਅਨਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ। ਕੁਝ ਖਿਡਾਰੀਆਂ ਨੇ ਏਸ਼ੀਅਨ ਆਲ ਸਟਾਰਜ਼ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਨ੍ਹਾਂ ਬਾਰੇ ਕਿਤਾਬਾਂ ਲਿਖੀਆਂ ਜਾਣੀਆਂ ਬਣਦੀਆਂ ਹਨ। ਲੋੜ ਹੈ ਸੰਸਾਰ ਜੇਤੂ ਪੰਜਾਬੀ ਖਿਡਾਰੀਆਂ ਦੀਆਂ ਜੀਵਨੀਆਂ, ਕਹਾਣੀਆਂ ਨਾਵਲ ਤੇ ਮਹਾਂ-ਕਾਵਿ ਲਿਖੇ ਜਾਣ ਜੋ ਕਦੇ ਲਿਖੇ ਵੀ ਜਾਣਗੇ। ਪੰਜਾਹ ਸਾਲ ਪਹਿਲਾਂ ਇਕ ਆਲੋਚਕ ਗੋਸ਼ਟੀ ਵਿਚ ਮੈਥੋਂ ਫੜ੍ਹ ਵੱਜ ਗਈ ਸੀ, “ਜੇ ਤੁਸੀਂ ਖੇਡ ਲੇਖਕਾਂ ਨੂੰ ਸਾਹਿਤਕਾਰ ਨਹੀਂ ਮੰਨਦੇ ਤਾਂ ਨਾ ਮੰਨੋ। ਚਲੋ ਅਸੀਂ ਸਿਹਤਕਾਰ ਹੀ ਸਹੀ! ਜੇਕਰ ਸਾਡੇ ਚ ਦਮ ਹੋਇਆ ਤਾਂ ਵੇਖਦੇ ਰਹਿਓ, ਅਸੀਂ ਪੰਜਾਬੀ ਖੇਡ ਸਾਹਿਤ ਦੀ ਵੱਖਰੀ ਅਲਮਾਰੀ ਸਿ਼ੰਗਾਰ ਕੇ ਵਿਖਾ ਦਿਆਂਗੇ।”

ਹੁਣ ਮੈਂ ਇਹੋ ਆਖਾਂਗਾ, “ਖੇਡ ਦੋਸਤੋ ਆਪਣੀਆਂ ਕਲਮਾਂ ਹੋਰ ਮਜ਼ਬੂਤੀ ਨਾਲ ਫੜੋ। ਸਾਡੀ ਮਾਂ ਬੋਲੀ ਵਿਚ ਖੇਡ ਸਾਹਿਤ ਦਾ ਪਹੁਫੁਟਾਲਾ ਹੀ ਹੋਇਆ ਹੈ, ਸਵੇਰਾ ਹੋ ਰਿਹੈ, ਧੁੱਪਾਂ ਦੂਰ ਹਨ ਤੇ ਤਿੱਖੜ ਦੁਪਹਿਰ ਦੀਆਂ ਮੰਜਿ਼ਲਾਂ ਹੋਰ ਵੀ ਦੂਰ!” ਮੇਰੀ ਮੈਰਾਥਨ ਜਾਰੀ ਹੈ ਜੋ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਡਿੱਗ ਨਹੀਂ ਪੈਂਦਾ।

ਸੰਪਰਕ: +1-905-799-1661

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All