A Journey of Hardship: ਮਹਿਲਾਂ ਦੇ ਸਿਰਜਣਹਾਰ ਖ਼ੁਦ ਬੇਘਰ ਕਿਉਂ ?
ਅੱਜ ਵੀ ਜਦੋਂ ਕੰਮ ਦੇ ਬੋਝ ਕਾਰਨ ਰਾਤ ਦੀ ਨੀਂਦ ਉੱਡਦੀ ਹੈ ਤਾਂ ਸਾਲ 2006-07 ਦਾ ਉਹ ਮੰਜ਼ਰ ਕਿਸੇ ਦੁਖਾਂਤਕ ਫਿਲਮ ਵਾਂਗ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਉਹ ਅਜਿਹਾ ਦੌਰ ਸੀ ਜਦੋਂ ਸੁਪਨੇ ਅੰਬਰਾਂ ਨੂੰ ਛੂਹਣ ਵਾਲੇ ਸਨ, ਪਰ...
ਅੱਜ ਵੀ ਜਦੋਂ ਕੰਮ ਦੇ ਬੋਝ ਕਾਰਨ ਰਾਤ ਦੀ ਨੀਂਦ ਉੱਡਦੀ ਹੈ ਤਾਂ ਸਾਲ 2006-07 ਦਾ ਉਹ ਮੰਜ਼ਰ ਕਿਸੇ ਦੁਖਾਂਤਕ ਫਿਲਮ ਵਾਂਗ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਉਹ ਅਜਿਹਾ ਦੌਰ ਸੀ ਜਦੋਂ ਸੁਪਨੇ ਅੰਬਰਾਂ ਨੂੰ ਛੂਹਣ ਵਾਲੇ ਸਨ, ਪਰ ਸਾਧਨ ਬੇਹੱਦ ਸੀਮਤ। ਅੱਖਾਂ ਦੀਆਂ ਪਲਕਾਂ ਨੀਂਦ ਦੇ ਭਾਰ ਨਾਲ ਮੀਟੀਆਂ ਜਾਂਦੀਆਂ, ਪਰ ਕੰਪਿਊਟਰ ਸਕਰੀਨ ’ਤੇ ਚੱਲਦੇ ਬਾਜ਼ਾਰ ਦੇ ਬੇਰਹਿਮ ਅੰਕੜੇ ਸੌਣ ਦੀ ਇਜਾਜ਼ਤ ਨਹੀਂ ਸਨ ਦਿੰਦੇ। ਉਹ ਦਿਨ ਮੇਰੀ ਰੂਹ ’ਤੇ ਕਿਸੇ ਡੂੰਘੇ ਜ਼ਖ਼ਮ ਵਾਂਗ ਉੱਕਰੇ ਹੋਏ ਹਨ।
ਸਵੇਰੇ 9 ਵਜੇ ਪਿੰਡ ਭੁੱਚੋ ਖੁਰਦ ਤੋਂ ਸਫ਼ਰ ਸ਼ੁਰੂ ਕਰਕੇ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਪਹੁੰਚਣਾ, ਜਿੱਥੇ ਮੈਂ ਐੱਮ ਏ ਰਾਜਨੀਤੀ ਸ਼ਾਸਤਰ ਦੀਆਂ ਜਮਾਤਾਂ ਵਿੱਚ ਸਮਾਜਿਕ ਨਿਆਂ ਦੀਆਂ ਅਕਾਦਮਿਕ ਪਰਿਭਾਸ਼ਾਵਾਂ ਪੜ੍ਹਦਾ ਸਾਂ। ਅਫ਼ਸੋਸ, ਉਹ ਕਿਤਾਬੀ ਨਿਆਂ ਜ਼ਿੰਦਗੀ ਦੀ ਤਲਖ਼ ਹਕੀਕਤ ਦੇ ਧਰਾਤਲ ’ਤੇ ਕਿਤੇ ਨਜ਼ਰ ਨਹੀਂ ਸੀ ਆਉਂਦਾ। ਕਾਲਜ ਤੋਂ ਬਾਅਦ ਦੁਪਹਿਰ 3 ਵਜੇ ਕੰਪਿਊਟਰ ਕੋਰਸ ਅਤੇ ਫਿਰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਇੱਕ ਨਿੱਜੀ ਕਮੌਡਿਟੀ ਮਾਰਕੀਟ ਸੈਂਟਰ ਦੀ ਚਾਰਦੀਵਾਰੀ ਮੈਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ। ਜਦੋਂ ਦੁਨੀਆ ਗੂੜ੍ਹੀ ਨੀਂਦ ਦਾ ਆਨੰਦ ਮਾਣ ਰਹੀ ਹੁੰਦੀ, ਮੇਰੀ ‘ਦਿਹਾੜੀ’ ਉਦੋਂ ਖ਼ਤਮ ਹੁੰਦੀ। ਵਾਪਸੀ ਦਾ ਕੋਈ ਸਾਧਨ ਨਾ ਹੋਣ ਕਾਰਨ ਮੈਂ ਦਫ਼ਤਰ ਦੇ ਉਸੇ ਮਸ਼ੀਨੀ ਅਤੇ ਨੀਰਸ ਮਾਹੌਲ ਵਿੱਚ ਸੌਂ ਜਾਂਦਾ। ਸਵੇਰੇ ਪਹੁ-ਫੁਟਾਲ਼ੇ ਅਮਰੀਕ ਸਿੰਘ ਰੋਡ ਤੋਂ ਪੈਦਲ ਫ਼ੌਜੀ ਚੌਕ ਪਹੁੰਚ ਕੇ ਪਹਿਲੀ ਬੱਸ ਫੜਦਾ ਤੇ ਪਿੰਡ ਪਹੁੰਚਦਾ। ਅਜੇ ਸਰੀਰ ਦੀ ਟੁੱਟਣ ਅਤੇ ਅੱਖਾਂ ਦਾ ਸੱਲ੍ਹ ਲੱਥਾ ਵੀ ਨਹੀਂ ਸੀ ਹੁੰਦਾ ਕਿ 9 ਵੱਜਦੇ ਨੂੰ ਮੈਂ ਫਿਰ ਕਾਲਜ ਦੀਆਂ ਬਰੂਹਾਂ ’ਤੇ ਹਾਜ਼ਰ ਹੁੰਦਾ।
ਇਹ ਮਹਿਜ਼ ਦਿਨਾਂ ਦਾ ਗੁਜ਼ਰਨਾ ਨਹੀਂ ਸੀ, ਸਗੋਂ ਜਵਾਨੀ ਦੀਆਂ ਉਮੰਗਾਂ ਦਾ ਮਜਬੂਰੀ ਦੀ ਭੱਠੀ ਵਿੱਚ ਸੜਨਾ ਸੀ। ਮਹੀਨੇ ਦੇ ਅਖੀਰ ਵਿੱਚ ਮਿਲਣ ਵਾਲੇ ਉਹ ਚਾਰ ਹਜ਼ਾਰ ਰੁਪਏ ਉਦੋਂ ਗੁਜ਼ਾਰੇ ਦੀ ਵੱਡੀ ਟੇਕ ਪ੍ਰਤੀਤ ਹੁੰਦੇ ਸਨ। ਅੱਜ ਇੱਕ ਅਧਿਆਪਕ ਵਜੋਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਉਹ ਮੇਰਾ ਮਿਹਨਤਾਨਾ ਨਹੀਂ, ਸਗੋਂ ਮੇਰੇ ਵਕਤ ਅਤੇ ਜਜ਼ਬਾਤ ਦਾ ਸ਼ੋਸ਼ਣ ਸੀ। ਅੱਜ ਵੀ ਹਾਲਾਤ ਬਹੁਤੇ ਵੱਖਰੇ ਨਹੀਂ ਹਨ, ਸਿਰਫ਼ ਸ਼ੋਸ਼ਣ ਦਾ ਮੁਹਾਂਦਰਾ ਬਦਲ ਗਿਆ ਹੈ। ਪੂੰਜੀਵਾਦੀ ਨਿਜ਼ਾਮ ਨੇ ਇਸ ਨੂੰ ਤਕਨੀਕੀ ਮੁਲੰਮਾ ਚਾੜ੍ਹ ਕੇ ਹੋਰ ਵੀ ਮਾਰੂ ਬਣਾ ਦਿੱਤਾ ਹੈ। ਅੱਜ ਦਾ ਕਾਮਾ ਸਿਰਫ਼ ਖੇਤਾਂ ਵਿੱਚ ਮੁੜ੍ਹਕਾ ਵਹਾਉਣ ਵਾਲਾ ਮਜ਼ਦੂਰ ਹੀ ਨਹੀਂ, ਸਗੋਂ ਉੱਚੀਆਂ ਇਮਾਰਤਾਂ ਦੀਆਂ ਪੌੜੀਆਂ ਚੜ੍ਹਨ ਵਾਲਾ, ਫੈਕਟਰੀਆਂ ਦੀਆਂ ਮਸ਼ੀਨਾਂ ਨਾਲ ਜੂਝਣ ਵਾਲਾ ਅਤੇ ‘ਵਰਕ ਫਰੌਮ ਹੋਮ’ ਵਰਗੀ ਡਿਜੀਟਲ ਗ਼ੁਲਾਮੀ ਵਿੱਚ ਫਸਿਆ ਉਹ ਹਰ ਇਨਸਾਨ ਹੈ, ਜਿਸ ਦੀ ਮਿਹਨਤ ਦਾ ਵੱਡਾ ਹਿੱਸਾ ਅੱਜ ਵੀ ਸਰਮਾਏਦਾਰਾਂ ਦੀਆਂ ਤਿਜੌਰੀਆਂ ਦਾ ਸ਼ਿੰਗਾਰ ਬਣ ਰਿਹਾ ਹੈ। ਸਮਾਜਿਕ ਅਤੇ ਆਰਥਿਕ ਨਾਬਰਾਬਰੀ ਨੇ ਮਿਹਨਤਕਸ਼ ਇਨਸਾਨ ਨੂੰ ਮਹਿਜ਼ ਇੱਕ ‘ਸਾਧਨ’ ਬਣਾ ਕੇ ਰੱਖ ਦਿੱਤਾ ਹੈ। ਠੇਕੇਦਾਰੀ ਪ੍ਰਬੰਧ ਅਤੇ ਰੁਜ਼ਗਾਰ ਦੀ ਅਨਿਸ਼ਚਿਤਤਾ ਨੇ ਕਾਮੇ ਦੇ ਮਨ ਵਿੱਚ ਅਜਿਹਾ ਭੈਅ ਪੈਦਾ ਕਰ ਦਿੱਤਾ ਹੈ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਬਜਾਏ ਚੁੱਪ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਦਾ ਹੈ। ਅਸਲੀ ਬਦਲਾਅ ਮਹਿਜ਼ 1 ਮਈ ਨੂੰ ‘ਮਜ਼ਦੂਰ ਦਿਵਸ’ ਦੇ ਰਸਮੀ ਜਸ਼ਨ ਮਨਾਉਣ ਨਾਲ ਨਹੀਂ, ਸਗੋਂ ਮਿਹਨਤ ਦੇ ਵਾਜਬ ਮੁਆਵਜ਼ੇ, ਸਮਾਜਿਕ ਸੁਰੱਖਿਆ ਅਤੇ ਮਿਆਰੀ ਸਿੱਖਿਆ ਦੇ ਬਰਾਬਰ ਮੌਕਿਆਂ ਨਾਲ ਹੀ ਸੰਭਵ ਹੈ।
ਅਸੀਂ ਇੱਕ ਅਜਿਹੇ ਸਮਾਜ ਵਿੱਚ ਜਿਊਂ ਰਹੇ ਹਾਂ, ਜਿੱਥੇ ਦੂਜਿਆਂ ਲਈ ਆਲੀਸ਼ਾਨ ਛੱਤਾਂ ਸਿਰਜਣ ਵਾਲੇ ਦੇ ਆਪਣੇ ਘਰ ਦੀ ਛੱਤ ਸਾਰੀ ਉਮਰ ਚੋਂਦੀ ਰਹਿੰਦੀ ਹੈ। ਅੱਜ ਦਾ ਨੌਜਵਾਨ ਵੀ ਉਸੇ ਬੇਰਹਿਮ ਚੱਕੀ ਵਿੱਚ ਪਿਸ ਰਿਹਾ ਹੈ। ਦਿਨ ਵੇਲੇ ਕਾਲਜ ਦੀਆਂ ਜਮਾਤਾਂ ਅਤੇ ਰਾਤਾਂ ਨੂੰ ‘ਡਿਲਿਵਰੀ ਬੌਇ’ ਬਣ ਕੇ ਸੜਕਾਂ ਦੀ ਧੂੜ ਫੱਕਦਾ ਹੋਇਆ। ਜਿਹੜੀ ਉਮਰ ਸੁਪਨਿਆਂ ਨੂੰ ਉਡਾਣ ਦੇਣ ਲਈ ਸੀ, ਉਹ ਅੱਜ ਵੀ ਅਗਲੇ ਮਹੀਨੇ ਦੀ ਫੀਸ ਅਤੇ ਦੋ ਵਕਤ ਦੀ ਰੋਟੀ ਦੀਆਂ ਫ਼ਿਕਰਾਂ ਦੀ ਭੇਟ ਚੜ੍ਹ ਰਹੀ ਹੈ। ਪੂੰਜੀਵਾਦ ਨੇ ਭਾਵੇਂ ਆਪਣਾ ਮੁਹਾਂਦਰਾ ਬਦਲ ਲਿਆ ਹੈ, ਪਰ ਮਿਹਨਤਕਸ਼ ਦੀ ਲੁੱਟ ਦਾ ਤਰੀਕਾ ਅੱਜ ਵੀ ਓਨਾ ਹੀ ਨਿਰਦਈ ਅਤੇ ਅਣਮਨੁੱਖੀ ਹੈ।
ਅੰਤ ਵਿੱਚ ਮੇਰਾ ਸਵਾਲ ਇਸ ਸਿਸਟਮ ਅਤੇ ਖ਼ੁਦ ਨੂੰ ਸੱਭਿਅਕ ਕਹਾਉਣ ਵਾਲੇ ਸਮਾਜ ਨੂੰ ਹੈ ਕਿ ਕੀ ਸਾਡਾ ਵਿਕਾਸ ਇੰਨਾ ਬੇਦਰਦ ਹੈ, ਜੋ ਸਿਰਫ਼ ਮਿਹਨਤਕਸ਼ਾਂ ਦੀਆਂ ਹੱਡੀਆਂ ਦੇ ਪਿੰਜਰਾਂ ’ਤੇ ਹੀ ਉਸਾਰਿਆ ਜਾ ਸਕਦਾ ਹੈ? ਕੀ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਵਜੂਦ ਦੀ ਲੜਾਈ ਲੜਦਿਆਂ ਹੀ ਦਮ ਤੋੜ ਦੇਣਗੀਆਂ? ਜੇਕਰ ਵਿਕਾਸ ਦੀਆਂ ਉੱਚੀਆਂ ਪੌੜੀਆਂ ਚੜ੍ਹਦਿਆਂ ਵੀ ਹਾਲਾਤ ਜਿਉਂ ਦੇ ਤਿਉਂ ਰਹਿਣੇ ਹਨ ਤਾਂ ਫਿਰ ਸਵਾਲ ਮੁੜ-ਮੁੜ ਸਤਾਉਂਦਾ ਰਹੇਗਾ ਕਿ ਦੁਨੀਆ ਲਈ ਆਲੀਸ਼ਾਨ ਇਮਾਰਤਾਂ ਖੜ੍ਹੀਆਂ ਕਰਨ ਵਾਲਾ ਮਹਿਲਾਂ ਦਾ ਸਿਰਜਣਹਾਰ ਖ਼ੁਦ ਸਾਰੀ ਉਮਰ ਬੇਘਰ ਕਿਉਂ ਰਹਿੰਦਾ ਹੈ?
ਸੰਪਰਕ: 95014-75400

