ਗੁਰਬਿੰਦਰ ਸਿੰਘ ਮਾਣਕ
ਇਸ ਧਰਤੀ ਦਾ ਹਰ ਮਨੁੱਖ ਸੁੱਖਾਂ ਭਰਿਆ ਜੀਵਨ ਹੀ ਜਿਊਣ ਦਾ ਇੱਛੁਕ ਹੈ। ਇਸ ਕਾਰਨ ਮਨੁੱਖ ਦੁੱਖ ਸਮੇਂ ਪਰੇਸ਼ਾਨ ਹੋਇਆ ਤਣਾਅ ਵਾਲੀ ਅਵਸਥਾ ਵਿੱਚ ਆ ਜਾਂਦਾ ਹੈ, ਪਰ ਜੀਵਨ ਦੀ ਅਸਲੀਅਤ ਇਹ ਹੈ ਕਿ ਦੁੱਖ-ਸੁੱਖ ਜ਼ਿੰਦਗੀ ਰੂਪੀ ਤਸਵੀਰ ਦੇ ਦੋ ਪਾਸੇ ਹਨ। ਮਨੁੱਖ ਨੂੰ ਇਨ੍ਹਾਂ ਦੋਵਾਂ ਦਾ ਅਨੁਭਵ ਹੀ ਹੋਵੇ ਤਾਂ ਜੀਵਨ ਦੀ ਸਮਝ ਆਉਂਦੀ ਹੈ। ਜਿਹੜਾ ਕਦੇ ਨੰਗੇ ਪੈਰ ਤੁਰਿਆ ਹੀ ਨਾ ਹੋਵੇ, ਉਸ ਲਈ ਨੰਗੇ ਪੈਰਾਂ ਦੇ ਸਫ਼ਰ ਦੀਆਂ ਦੁਸ਼ਵਾਰੀਆਂ ਦੀ ਥਾਹ ਪਾਉਣੀ ਔਖੀ ਹੈ। ਸਿਆਣੇ ਕਹਿੰਦੇ ਹਨ ਜਿਹਦੇ ਪੈਰਾਂ ਵਿੱਚ ਕਦੇ ਬਿਆਈ ਨਹੀਂ ਪਾਟੀ, ਉਹਨੂੰ ਭਲਾ ਬਿਆਈ ਦੀ ਚੀਸ ਦਾ ਕੀ ਅਨੁਭਵ ਹੋਵੇਗਾ। ਜੇ ਕਿਸੇ ਦੇ ਜੀਵਨ ਵਿੱਚ ਕੇਵਲ ਸੁੱਖ ਹੀ ਹੋਣ ਤਾਂ ਨਾ ਪੂਰੀ ਸ਼ਿੱਦਤ ਨਾਲ ਸੁੱਖਾਂ ਦੀ ਸਮਝ ਪੈਂਦੀ ਹੈ ਤੇ ਨਾ ਹੀ ਇਹ ਪਤਾ ਲੱਗਦਾ ਹੈ ਕਿ ਦੁੱਖ ਕੀ ਹੁੰਦਾ ਹੈ। ਜਿਹੜਾ ਮਨੁੱਖ ਲੰਮੇ ਸਮੇਂ ਤੱਕ ਦੁੱਖਾਂ ਦੇ ਪਰਬਤੋਂ ਭਾਰੇ ਪੁੜਾਂ ਵਿੱਚ ਨਪੀੜਿਆ ਜਾਂਦਾ ਰਿਹਾ ਹੋਵੇ, ਉਸ ਨੂੰ ਕੋਈ ਖੁਸ਼ੀ ਮਿਲੇ ਤਾਂ ਉਸ ਦੇ ਮਨ ਦੀ ਸਥਿਤੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹੀ ਖੁਸ਼ੀ ਨੂੰ ਤਾਂ ਅਨੁਭਵ ਹੀ ਕੀਤਾ ਜਾ ਸਕਦਾ ਹੈ। ਮਨੁੱਖ ਆਦਿ ਕਾਲ ਤੋਂ ਹੀ ਸੁੱਖਾਂ ਦੀ ਭਾਲ ਵਿੱਚ ਲੱਗਾ ਹੋਇਆ ਹੈ। ਦੁੱਖਾਂ ਦੀਆਂ ਅਨੇਕ ਪਰਤਾਂ ਹਨ। ਕਿਸੇ ਲਈ ਗਰੀਬੀ ਸੰਤਾਪ ਬਣੀ ਹੋਈ ਹੈ ਤੇ ਕਿਸੇ ਲਈ ਪੈਸਾ ਹੀ ਦੁੱਖ ਲੈ ਕੇ ਆਉਂਦਾ ਹੈ। ਕੋਈ ਔਲਾਦ ਨਾ ਹੋਣ ਤੋਂ ਮਨ ਵਿੱਚ ਦੁੱਖ ਪਾਲੀ ਬੈਠਾ ਹੈ ਤੇ ਕੋਈ ਔਲਾਦ ਹੁੰਦਿਆਂ ਵੀ ਦੁੱਖ ਤੇ ਕਸ਼ਟਾਂ ਵਿੱਚ ਪਿਆ ਹੋਇਆ ਹੈ।
ਮਨੁੱਖ ਵੱਲੋਂ ਸਾਰੇ ਕਾਰ-ਵਿਹਾਰ ਕਰਦਿਆਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਤੰਗੀਆਂ-ਤੁਰਸ਼ੀਆਂ ਝੱਲਦਿਆਂ ਮਨ ਵਿੱਚ ਕੋਈ ਆਸ ਦੀ ਕਿਰਨ ਜ਼ਰੂਰ ਹੁੰਦੀ ਹੈ ਕਿ ਸਾਡੇ ਵਿਹੜੇ ਵੀ ਕਦੇ ਸੁੱਖਾਂ ਤੇ ਖੁਸ਼ੀਆਂ ਦੇ ਖੂਬਸੂਰਤ ਫੁੱਲ ਖਿੜਨਗੇ। ਕੁਦਰਤ ਕੋਲੋਂ ਵੀ ਮਨੁੱਖ ਹਮੇਸ਼ਾਂ ਸੁੱਖਾਂ ਤੇ ਖੁਸ਼ੀਆਂ ਦੀ ਮੰਗ ਮੰਗਦਾ ਆਇਆ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਮਨੁੱਖ ਹੋਵੇ, ਜਿਹਨੇ ਕਦੇ ਦੁੱਖਾਂ ਲਈ ਯਤਨ ਕੀਤੇ ਹੋਣ। ਇਸ ਕਾਰਨ ਹੀ ਕਦੇ ਕਿਸੇ ਦੁਖੀ ਇਨਸਾਨ ਨੁੰ ਉਦਾਸੀ ਦੇ ਭੰਵਰ ਵਿੱਚ ਭਟਕਦਿਆਂ ਦੇਖ ਕੇ ਕੋਈ ਕਹਿ ਉੱਠਦਾ ਹੈ ਕਿ ‘ਹੇ ਰੱਬਾ! ਅਜਿਹਾ ਦੁੱਖ ਨਾ ਕਿਸੇ ਨੂੰ ਦੇਵੀਂ।’
ਜਿਹੋ ਜਿਹੀ ਕਿਸੇ ਦੀ ਸੋਚ ਤੇ ਨਜ਼ਰੀਆ ਹੋਵੇਗਾ, ਉਸ ਲਈ ਜ਼ਿੰਦਗੀ ਦੇ ਅਰਥ ਵੀ ਉਸੇ ਅਨੁਸਾਰ ਹੀ ਹੋਣਗੇ। ਕੋਈ ਜੀਵਨ ਨੂੰ ਸੂਲਾਂ ਦੀ ਸੇਜ ਕਹਿੰਦਾ ਹੈ, ਕੋਈ ਕੰਡਿਆਂ ਦਾ ਤਾਜ। ਕਿਸੇ ਲਈ ਜੀਵਨ ਬਗੀਚੇ ਵਿੱਚ ਖਿੜੇ, ਸੁਗੰਧੀਆਂ ਤੇ ਮਹਿਕਾਂ ਬਿਖੇਰਦੇ ਰੰਗ-ਬਰੰਗੇ ਫੁੱਲਾਂ ਸਮਾਨ ਹੁੰਦਾ ਹੈ। ਕਿਸੇ ਕਿਰਤੀ ਕਾਮੇ ਲਈ ਜੀਵਨ ਦੇ ਅਰਥ ਮਿਹਨਤ ਦਾ ਪਸੀਨਾ ਵਹਾ ਕੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਤੋਂ ਵੱਧ ਕੁਝ ਨਹੀਂ ਹੁੰਦੇ। ਪੂੰਜੀਪਤੀਆਂ ਲਈ ਲੁੱਟ-ਖਸੁੱਟ ਨਾਲ ਦੌਲਤ ਦੇ ਅੰਬਾਰ ਸਿਰਜਣ ਵਿੱਚ ਹੀ ਖੁਸ਼ੀ ਛੁਪੀ ਹੋਈ ਹੁੰਦੀ ਹੈ। ਕਈਆਂ ਦੇ ਸੁਭਾਅ ਵਿੱਚ ਹੀ ਕੁਦਰਤੀ ਰੂਪ ਵਿੱਚ ਅਜਿਹੀ ਡੂੰਘੀ ਉਦਾਸੀ ਪਸਰੀ ਹੁੰਦੀ ਹੈ ਕਿ ਉਨ੍ਹਾਂ ਦੇ ਮਨ ਨੂੰ ਦੁਨੀਆ ਦੇ ਰੰਗ-ਤਮਾਸ਼ੇ ਭਾਉਂਦੇ ਹੀ ਨਹੀਂ। ਉਹ ਸਿਰ ਸੁੱਟ ਕੇ, ਜੀਵਨ-ਰੂਪੀ ਗੱਡੀ ਰੇੜ੍ਹਦੇ, ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਉਂਜ ਤਾਂ ਕੁਦਰਤ ਦੇ ਪਸਾਰੇ ਵਿੱਚ ਵੀ ਅਨੇਕਾਂ ਸੁੱਖ ਤੇ ਖੁਸ਼ੀਆਂ ਪਸਰੀਆਂ ਹੋਈਆਂ ਹਨ, ਪਰ ਇਨ੍ਹਾਂ ਦੀ ਥਾਹ ਵੀ ਕੋਈ ਵਿਰਲਾ ਹੀ ਪਾ ਸਕਦਾ ਹੈ।
ਬਿਨਾਂ ਸ਼ੱਕ ਜੀਵਨ ਦੇ ਸਾਹਾਂ ਨੂੰ ਚੱਲਦੇ ਰੱਖਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਪਰ ਕੁਦਰਤ ਨੇ ਜਿਹੜੀਆਂ ਅਣਮੁੱਲ ਦਾਤਾਂ ਬਖ਼ਸ਼ੀਆਂ ਹੋਈਆਂ ਹਨ, ਮਨੁੱਖ ਉਨ੍ਹਾਂ ਲਈ ਕਦੇ ਸ਼ੁਕਰਗੁਜ਼ਾਰ ਨਹੀਂ ਹੋਇਆ। ਹਵਾ, ਪਾਣੀ, ਧਰਤੀ, ਰੁੱਖ, ਜੰਗਲ, ਨਦੀਆਂ, ਦਰਿਆ, ਮਹਾਂਸਾਗਰ, ਰੁੱਤਾਂ, ਪੌਣ-ਪਾਣੀ, ਵਰਖਾ, ਧੁੱਪ, ਪਸ਼ੂ, ਪਰਿੰਦੇ, ਜਾਨਵਰ ਤੇ ਅਨੇਕਾਂ ਹੋਰ ਵੱਡਮੁੱਲੇ ਤੋਹਫੇ ਮਨੁੱਖੀ ਜ਼ਿੰਦਗੀ ਨੂੰ ਚੱਲਦੇ ਰੱਖਣ ਲਈ ਸੁੱਖਾਂ ਦੇ ਭੰਡਾਰ ਹਨ। ਸਰਦੀਆਂ ਵਿੱਚ ਜੇ ਧੁੱਪ ਚੜ੍ਹ ਆਵੇ ਤਾਂ ਧੁੱਪ ਦਾ ਨਿੱਘ ਮਾਣਦਿਆਂ ਜਿਹੜਾ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜੇ ਦੇਸ਼ਾਂ ਵਿੱਚ ਲਗਾਤਾਰ ਬਰਫ਼ ਪੈਂਦੀ ਰਹਿੰਦੀ ਹੈ ਤੇ ਸੂਰਜ ਦੇ ਦਰਸ਼ਨ ਨਹੀਂ ਹੁੰਦੇ, ਉਹ ਲਗਾਤਾਰ ਧੁੱਪ ਮਾਣਨ ਲਈ ਤਰਸਦੇ ਰਹਿੰਦੇ ਹਨ। ਮਨੁੱਖ ਨੇ ਗਰਮੀ ਸਰਦੀ ਦਾ ਮੁਕਾਬਲਾ ਕਰਨ ਲਈ ਅਨੇਕਾਂ ਸਾਧਨ ਬਣਾ ਲਏ ਹਨ, ਪਰ ਕੁਦਰਤ ਵੱਲੋਂ ਬਖ਼ਸ਼ੀ ਠੰਢੀ ਹਵਾ ਤੇ ਧੁੱਪ ਜਿਹੜਾ ਮਜ਼ਾ ਦਿੰਦੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ।
ਭੁੱਖ ਦਾ ਦੁੱਖ ਸਭ ਤੋਂ ਘਾਤਕ ਮੰਨਿਆ ਜਾਂਦਾ ਹੈ। ਸਾਡੀਆਂ ਲੋਕ ਸਿਆਣਪਾਂ ਵਿੱਚ ਵੀ ਕਿਹਾ ਜਾਂਦਾ ਹੈ; ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ, ਮੌਤੋਂ ਭੁੱਖ ਬੁਰੀ। ਦੋ ਡੰਗ ਦੀ ਰੁੱਖੀ-ਸੁੱਖੀ ਰੋਟੀ ਮਿਲੀ ਜਾਣੀ ਗਨੀਮਤ ਸਮਝੀ ਜਾਂਦੀ ਹੈ ਤੇ ਮਨੁੱਖ ਕੁਦਰਤ ਦਾ ਸ਼ੁਕਰਾਨਾ ਕਰਦਿਆਂ ਖੁਸ਼ੀ ਮਹਿਸੂਸ ਕਰਦਾ ਹੈ। ਪਰ ਜੇ ਢਿੱਡ ਨੂੰ ਝੁਲਕਾ ਦੇਣ ਦਾ ਕੋਈ ਵਸੀਲਾ ਹੀ ਨਾ ਹੋਵੇ ਤਾਂ, ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੱਖਾਂ ਨਾਗਰਿਕ ਦੋ ਡੰਗ ਦੀ ਰੋਟੀ ਲਈ ਵੀ ਤਰਸਦੇ ਹਨ। ਮੰਦਰਾਂ, ਗੁਰਦੁਆਰਿਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਾਏ ਜਾਂਦੇ ਲੰਗਰਾਂ ਜਾਂ ਇੱਧਰੋਂ-ਉੱਧਰੋਂ ਮੰਗ-ਤੰਗ ਕੇ ਹੀ ਲੱਖਾਂ ਲੋਕ ਡੰਗ ਸਾਰਦੇ ਹਨ। ਜਿਨ੍ਹਾਂ ਨੂੰ ਭੁੱਖ ਮਿਟਾਉਣ ਲਈ ਕੂੜੇ ਦੇ ਢੇਰਾਂ ਵਿੱਚੋਂ ਜਾਂ ਹੋਟਲਾਂ ਢਾਬਿਆਂ ਦੇ ਬਾਹਰ ਸੁੱਟੀ ਜੂਠ ਵਿੱਚੋਂ ਕੁਝ ਖਾਣ ਲਈ ਲੱਭਣ ਦੀ ਜ਼ਲਾਲਤ ਸਹਿਣੀ ਪਵੇ, ਉਨ੍ਹਾਂ ਦੇ ਦੁੱਖ-ਦਰਦਾਂ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਮਹਾਨ ਦੇਸ਼ ਦੇ ਲੱਖਾਂ ਬੇਘਰੇ ਲੋਕ ਨੀਲੀ ਛੱਤ ਹੇਠ ਜਾਂ ਕਿਸੇ ਬੱਸ ਅੱਡੇ, ਸਟੇਸ਼ਨ ਜਾਂ ਕਿਸੇ ਦੁਕਾਨ ਦੇ ਛੱਜੇ ਹੇਠ ਰਾਤਾਂ ਕੱਟਦੇ, ਅਤਿ ਦੀ ਗਰਮੀ ਸਰਦੀ ਤੇ ਵਰਖਾ ਝੱਲਦੇ ਭੁੱਖਾਂ ਤੇ ਦੁੱਖਾਂ ਵਿੱਚ ਦਿਨ-ਕਟੀ ਕਰਦੇ, ਇਸ ਜਹਾਨ ਤੋਂ ਤੁਰ ਜਾਂਦੇ ਹਨ, ਜਿਨ੍ਹਾਂ ਨੂੰ ਕਦੇ ਵੀ ਕੋਈ ਖੁਸ਼ੀ ਨਸੀਬ ਨਹੀਂ ਹੁੰਦੀ।
ਗਰੀਬੀ ਆਪਣੇ ਆਪ ਵਿੱਚ ਹੀ ਇੱਕ ਸੰਤਾਪ ਤੇ ਦੁੱਖਾਂ ਦਾ ਘਰ ਹੈ। ਅਜਿਹੀ ਨਿੱਘਰੀ ਹਾਲਤ ਵਿੱਚ ਘਰ ਦੇ ਜੀਆਂ ਦੇ ਉਦਾਸ ਚਿਹਰੇ, ਭੁੱਖਾਂ ਤੇ ਲੋੜਾਂ-ਥੁੜ੍ਹਾਂ ਦੇ ਭੰਨੇ ਸਰੀਰ ਤੇ ਵਿਰਾਨ ਹੋਇਆ ਘਰ ਦਾ ਹਰ ਕੋਨਾ ਸਾਰੀ ਵਿਥਿਆ ਆਪ ਹੀ ਬਿਆਨ ਕਰ ਦਿੰਦਾ ਹੈ। ਭੁੱਖਾਂ ਤੇ ਗਰੀਬੀ ਨਾਲ ਬਿਮਾਰੀਆਂ ਦੀ ਵੀ ਗੂੜ੍ਹੀ ਰਿਸ਼ਤੇਦਾਰੀ ਹੈ। ਜਿੱਥੇ ਇੱਕ ਡੰਗ ਦੀ ਰੋਟੀ ਲਈ ਕੋਈ ਤੜਫਦਾ ਹੋਵੇ ਤਾਂ ਉੱਥੇ ਬਿਮਾਰੀ ਲਈ ਕੋਈ ਦਵਾ-ਦਾਰੂ ਕੀਹਨੂੰ ਸੁੱਝਦੀ ਹੈ। ਬਿਮਾਰੀ ਤਾਂ ਚੰਗੇ-ਭਲੇ ਬੰਦੇ ਦਾ ਤਰਾਹ ਕੱਢ ਦਿੰਦੀ ਹੈ ਤੇ ਗਰੀਬ ਤਾਂ ਮਹਿੰਗੇ ਇਲਾਜ ਬਾਰੇ ਸੋਚ ਵੀ ਨਹੀਂ ਸਕਦਾ। ਉਂਜ ਕੋਈ ਬਿਮਾਰੀ ਭਾਵੇਂ, ਗਰੀਬ-ਅਮੀਰ ਵਿੱਚ ਕੋਈ ਵਿਤਕਰਾ ਨਹੀਂ ਕਰਦੀ, ਪਰ ਸਾਧਨਾ ਤੋਂ ਹੀਣਾ ਗਰੀਬੀ ਦੇ ਥਪੇੜੇ ਝੱਲਦਾ ਮਨੁੱਖ ਤਾਂ ਪਹਿਲਾਂ ਹੀ ਅੱਧ-ਮੋਇਆ ਹੁੰਦਾ ਹੈ, ਤੇ ਜੇ ਉੱਤੋਂ ਬਿਮਾਰੀ ਆ ਜਾਵੇ ਤਾਂ ਉਸ ਦਾ ਪ੍ਰਕੋਪ ਸਹਿਣਾ ਬਹੁਤ ਕਠਿਨ ਹੁੰਦਾ ਹੈ।
ਕਈ ਵਾਰੀ ਚੰਗੀ-ਭਲੀ ਤੁਰੀ ਜਾਂਦੀ ਜ਼ਿੰਦਗੀ ਵਿੱਚ ਅਚਾਨਕ ਵਾਪਰਦੇ ਹਾਦਸੇ ਮਨੁੱਖ ਨੂੰ ਜੀਵਨ ਭਰ ਦੁੱਖਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲਈ ਮਜਬੂਰ ਕਰ ਦਿੰਦੇ ਹਨ। ਸੜਕਾਂ ’ਤੇ ਨਿੱਤ ਵਾਪਰਦੇ ਦਰਦਨਾਕ ਹਾਦਸੇ ਇਸ ਗੱਲ ਦੇ ਗਵਾਹ ਹਨ। ਕਈ ਹਾਦਸਿਆਂ ਵਿੱਚ ਤਾਂ ਸਾਰਾ ਪਰਿਵਾਰ ਹੀ ਲਾਸ਼ਾਂ ਬਣ ਘਰ ਮੁੜਦਾ ਹੈ। ਜੇ ਕੋਈ ਇੱਕ ਦੋ ਜੀਅ ਬਚ ਜਾਣ ਤਾਂ ਉਨ੍ਹਾਂ ਦੀ ਜ਼ਿੰਦਗੀ ਵੀ ਦੁੱਖਾਂ, ਸਦਮਿਆਂ ਤੇ ਵਿਰਲਾਪ ਕਰਦਿਆਂ ਹੀ ਗੁਜ਼ਰਦੀ ਹੈ। ਖੁਸ਼ੀਆਂ-ਖੇੜਿਆਂ ਨਾਲ ਵਸਦੇ ਪਰਿਵਾਰਾਂ ਵਿੱਚੋਂ ਜੇ ਪਤੀ ਚੱਲ ਵਸੇ ਤਾਂ ਪਤਨੀ ਤੇ ਬਾਕੀ ਪਰਿਵਾਰ ਦੀ ਜ਼ਿੰਦਗੀ ਹਨੇਰੀ ਹੋ ਜਾਂਦੀ ਹੈ, ਤੇ ਜੇ ਪਤਨੀ ਚੱਲ ਵਸੇ ਤਾਂ ਘਰ ਵਿੱਚੋਂ ਰੂਹ ਹੀ ਉੱਡ ਜਾਂਦੀ ਹੈ ਤੇ ਘਰ ਉਦਾਸ ਪਤਝੜ ਵਾਂਗ ਨਜ਼ਰ ਆਉਂਦਾ ਹੈ।
ਦੁੱਖਾਂ ਦੀ ਪੀੜਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਤਾਂ ਜਿਸ ਉੱਤੇ ਵਾਪਰੇ ਉਸ ਨੂੰ ਹੀ ਅਨੁਭਵ ਹੁੰਦਾ ਹੈ। ਪਰ ਜੇਕਰ ਮਨੁੱਖ ਆਪਣੇ ਦੁੱਖਾਂ ਤੋਂ ਬਾਹਰ ਨਿਕਲ ਕੇ ਆਲੇ-ਦੁਆਲੇ ਵਿੱਚ ਵਸਦੇ ਲੋਕਾਂ ਦੇ ਦੁੱਖਾਂ-ਦਰਦਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਆਪਣੇ ਦੁੱਖ ਬਹੁਤ ਨਿਗੂਣੇ ਨਜ਼ਰ ਆਉਣਗੇ। ਆਪਣੇ ਤੋਂ ਵੱਧ ਦੁਖੀ ਨੂੰ ਦੇਖ ਕੇ ਮਨੁੱਖ ਨੂੰ ਆਪਣਾ ਦੁੱਖ ਛੋਟਾ ਹੀ ਨਜ਼ਰ ਨਹੀਂ ਆਏਗਾ ਸਗੋਂ ਦੁੱਖ ਸਹਿਣ ਦੀ ਸਮਰੱਥਾ ਵੀ ਮਿਲੇਗੀ। ਜੀਵਨ ਦਾ ਇਹੀ ਦਸਤੂਰ ਹੈ।
ਸੰਪਰਕ: 98153-56086