DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਮਰਾਂ ਦਾ ਹਮਸਫ਼ਰ: ਸਾਈਕਲ

ਸਦੀਆਂ ਤੋਂ ਸਾਈਕਲ ਦੁਨੀਆ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਇਸ ਦੇ ਗੁਣਾਂ ਦੀ ਬਰਾਬਰੀ ਕੋਈ ਦੂਜਾ ਵਾਹਨ ਨਹੀਂ ਕਰ ਸਕਦਾ। ਸ਼ਾਇਦ ਹੀ ਕੋਈ ਹੋਵੇਗਾ, ਜਿਸ ਦਾ ਬਚਪਨ ਇਸ ਤੋਂ ਬਿਨਾਂ ਬੀਤਿਆ ਹੋਵੇ। ‘ਕੈਂਚੀ’ ਚਲਾਉਣ ਤੋਂ ਲੈ ਕੇ ‘ਕਾਠੀ’...

  • fb
  • twitter
  • whatsapp
  • whatsapp
Advertisement

ਸਦੀਆਂ ਤੋਂ ਸਾਈਕਲ ਦੁਨੀਆ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਇਸ ਦੇ ਗੁਣਾਂ ਦੀ ਬਰਾਬਰੀ ਕੋਈ ਦੂਜਾ ਵਾਹਨ ਨਹੀਂ ਕਰ ਸਕਦਾ। ਸ਼ਾਇਦ ਹੀ ਕੋਈ ਹੋਵੇਗਾ, ਜਿਸ ਦਾ ਬਚਪਨ ਇਸ ਤੋਂ ਬਿਨਾਂ ਬੀਤਿਆ ਹੋਵੇ। ‘ਕੈਂਚੀ’ ਚਲਾਉਣ ਤੋਂ ਲੈ ਕੇ ‘ਕਾਠੀ’ ਤੱਕ ਪਹੁੰਚਦਿਆਂ ਲੱਗੀਆਂ ਸੱਟਾਂ ਯਾਦਾਂ ਦੇ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹਨ। ਇਹ ਸੱਟਾਂ ਸਰੀਰ ’ਤੇ ਪੱਕੀਆਂ ਨਿਸ਼ਾਨੀਆਂ ਵਜੋਂ ਉੱਕਰ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਨਸਾਨ ਬਚਪਨ ਦੇ ਅਣਮੁੱਲੇ ਦਿਨਾਂ ਵਿੱਚ ਗੁਆਚ ਜਾਂਦਾ ਹੈ। ਸਾਈਕਲ ਸਾਡੇ ਬਚਪਨ ਤੋਂ ਬੁਢਾਪੇ ਤੱਕ ਦੇ ਸਫ਼ਰ ਨੂੰ ਸੁਹਾਵਣਾ ਤੇ ਸੁਖਾਲਾ ਬਣਾਉਂਦਾ ਹੈ ਪਰ ਇਸ ਅਣਥੱਕ ਹਮਸਫ਼ਰ ਦੀ ਦਾਸਤਾਨ ਬੜੀ ਲੰਮੀ ਤੇ ਦਿਲਚਸਪ ਹੈ।

ਪਹਿਲਾ ਸਾਈਕਲ ਜਰਮਨੀ ਦੇ ਬੈਰਨ ਕਾਰਲ ਵਾਨ ਡ੍ਰੈਸ ਨੇ ਈਜਾਦ ਕੀਤਾ ਸੀ। ਲੱਕੜ ਦੇ ਫਰੇਮ ਨਾਲ ਬਣੇ ਇਸ ਬਿਨਾਂ ਪੈਡਲ ਵਾਲੇ ਵਾਹਨ ਨੂੰ ਸਾਲ 1817 ਵਿੱਚ ਜਰਮਨੀ ਦੇ ਮਸ਼ਹੂਰ ਸ਼ਹਿਰ ਮੈਨਹਾਈਮ ਵਿੱਚ ਪੇਸ਼ ਕੀਤਾ ਗਿਆ। ਇਸ ਦਾ ਅਗਲਾ ਚੱਕਾ ਛੋਟਾ ਅਤੇ ਪਿਛਲਾ ਵੱਡਾ ਸੀ। ਇਸ ਨੂੰ ਹੈਂਡਲ ਤੋਂ ਫੜ ਕੇ ਪੈਰਾਂ ਨਾਲ ਧੱਕਾ ਲਾ ਕੇ ਚਲਾਇਆ ਜਾਂਦਾ ਸੀ। ਇਹ ਮਾਡਲ 1818 ਵਿੱਚ ਪੈਰਿਸ ਵਿੱਚ ਵਰਤਿਆ ਗਿਆ। ਸਕਾਟਲੈਂਡ ਦੇ ਕਿਰਕਪੈਟਰਿਕ ਮੈਕਮਿਲਨ ਨੇ 1839 ਵਿੱਚ ਇਸ ਨੂੰ ਪੈਡਲ ਲਗਾਉਣ ਦੀ ਸਫ਼ਲ ਖੋਜ ਕੀਤੀ। ਉਨ੍ਹਾਂ ਨੇ ਪਿਛਲਾ ਚੱਕਾ ਛੋਟਾ ਕਰਕੇ ਸਰੀਏ ਰਾਹੀਂ ਅਗਲੇ ਵੱਡੇ ਚੱਕੇ ਵਿੱਚ ਪੈਡਲ ਜੋੜੇ। ਇਸੇ ਸਾਈਕਲ ਨਾਲ ਪਹਿਲਾ ਟ੍ਰੈਫਿਕ ਅਪਰਾਧ ਵੀ ਜੁੜਿਆ ਹੋਇਆ ਹੈ, ਜਦੋਂ ਮੈਕਮਿਲਨ ਨੇ ਗਲਾਸਗੋ ਸ਼ਹਿਰ ਵਿੱਚ ਇੱਕ ਛੋਟੀ ਬੱਚੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਬਦਲੇ ਉਨ੍ਹਾਂ ਨੂੰ ਪੰਜ ਸ਼ਿਲਿੰਗ ਜੁਰਮਾਨਾ ਭਰਨਾ ਪਿਆ ਸੀ।

Advertisement

1860 ਦੇ ਦਹਾਕੇ ਦੇ ਸ਼ੁਰੂ ਵਿੱਚ ਪੀਅਰੇ ਮਿਸ਼ੌਕਸ ਅਤੇ ਪੀਅਰੇ ਲੈਲੀਮੈਂਟ ਨੇ ਨਵੀਂ ਵਿਉਂਤ ਨਾਲ ਅਗਲੇ ਵੱਡੇ ਚੱਕੇ ਨੂੰ ਗਰਾਰੀ (ਕਰੈਂਕ) ਨਾਲ ਘੁੰਮਣਯੋਗ ਬਣਾਇਆ। 1869 ਵਿੱਚ ਪੈਰਿਸ ਦੇ ਖੋਜੀ ਯੂਜੀਨ ਮੇਅਰ ਨੇ ਤਾਰਾਂ (ਸਪੋਕਸ) ਵਾਲੇ ਚੱਕੇ ਦੇ ਸਾਈਕਲ ਦੀ ਖੋਜ ਨੂੰ ਰਜਿਸਟਰ ਕਰਵਾਇਆ, ਜਿਸ ਵਿੱਚ ਚੇਨ, ਰਬੜ ਦਾ ਟਾਇਰ ਅਤੇ ਸਟੀਲ ਪਾਈਪ ਦਾ ਫਰੇਮ ਫਿੱਟ ਕੀਤਾ ਗਿਆ। ਜੇਮਸ ਸਟਾਰਲੇ ਨੂੰ ਸਾਈਕਲ ਉਦਯੋਗ ਦਾ ਪਿਤਾਮਾ ਮੰਨਿਆ ਜਾਂਦਾ ਹੈ, ਜਿਨ੍ਹਾਂ ਦੀਆਂ ਖੋਜਾਂ ਨੇ ਗਰਾਰੀਆਂ ਅਤੇ ਚੇਨ ਦੇ ਨੁਕਸਾਂ ਨੂੰ ਖ਼ਤਮ ਕੀਤਾ। ਉਨ੍ਹਾਂ ਨੇ ਕਾਠੀ ਨੂੰ ਨੀਵਾਂ ਅਤੇ ਚੱਕਿਆਂ ਦਾ ਘੇਰਾ ਬਰਾਬਰ ਕਰ ਦਿੱਤਾ। ਬਾਅਦ ਵਿੱਚ ਜੇ ਕੇ ਸਟਾਰਲੇ (ਜੇਮਸ ਦੇ ਭਤੀਜੇ), ਜੇ ਐਚ ਲਾਸਨ ਅਤੇ ਸ਼ੇਰਗੋਲਡ ਦੀ ਮਿਹਨਤ ਸਦਕਾ ਵਿਚਕਾਰਲੀ ਵੱਡੀ ਅਤੇ ਪਿਛਲੀ ਛੋਟੀ ਗਰਾਰੀ ਨੂੰ ਚੇਨ ਨਾਲ ਜੋੜਿਆ ਗਿਆ, ਜਿਸ ਨੂੰ ‘ਸੁਰੱਖਿਅਤ ਸਾਈਕਲ’ ਮੰਨਿਆ ਗਿਆ।

Advertisement

1885 ਵਿੱਚ ਬਰਤਾਨੀਆ ਦੀ ‘ਰੋਵਰ’ ਕੰਪਨੀ ਨੇ ਆਧੁਨਿਕ ਸਾਈਕਲ ਤਿਆਰ ਕੀਤਾ ਜਿਸ ਵਿੱਚ ਆਰਾਮਦਾਇਕ ਸੀਟ ਅਤੇ ਡਾਇਮੰਡ ਆਕਾਰ ਦਾ ਫਰੇਮ ਸੀ। 1888 ਵਿੱਚ ਜੌਨ ਡਨਲਪ ਨੇ ਹਵਾ ਵਾਲੇ ਟਾਇਰ-ਟਿਊਬ ਦੀ ਖੋਜ ਪੂਰੀ ਕੀਤੀ। 1890 ਦੇ ਦਹਾਕੇ ਨੂੰ ਸਾਈਕਲ ਦਾ ਸੁਨਹਿਰੀ ਯੁੱਗ ਆਖਿਆ ਜਾਂਦਾ ਹੈ, ਜਦੋਂ ਬੈਕ-ਪੈਡਲ ਬ੍ਰੇਕਾਂ ਦੀ ਖੋਜ ਹੋਈ। 1888 ਵਿੱਚ ਨੌਟਿੰਘਮ (ਇੰਗਲੈਂਡ) ਵਿਖੇ ‘ਰੈਲੇ ਬਾਈਸਾਈਕਲ ਕੰਪਨੀ’ ਸਥਾਪਤ ਹੋਈ, ਜੋ ਸਾਲਾਨਾ 20 ਲੱਖ ਸਾਈਕਲਾਂ ਦੇ ਉਤਪਾਦਨ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣੀ।

ਅੱਜ ਸਾਈਕਲ ਦੀਆਂ ਕਈ ਕਿਸਮਾਂ ਮੌਜੂਦ ਹਨ ਜਿਵੇਂ ਸਧਾਰਨ, ਫਿਟਨੈੱਸ, ਮਾਊਂਟੇਨ, ਰੇਸਿੰਗ, ਟੂਰਿੰਗ ਅਤੇ ਹਾਈਬ੍ਰਿਡ। ਔਰਤਾਂ ਲਈ ਵੱਖਰੇ ਫਰੇਮ ਵਾਲੇ ਸਾਈਕਲ ਵੀ ਉਪਲਬਧ ਹਨ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਅਪਰੈਲ 2018 ਵਿੱਚ 3 ਜੂਨ ਨੂੰ ‘ਵਿਸ਼ਵ ਸਾਈਕਲ ਦਿਵਸ’ ਐਲਾਨਿਆ, ਜਿਸ ਲਈ ਅਮਰੀਕਾ ਦੇ ਪ੍ਰੋ. ਲੈਸਜ਼ੇਕ ਸਿਬਿਲਸਕੀ ਨੇ ਵੱਡਾ ਪ੍ਰਚਾਰ ਕੀਤਾ ਸੀ। ਕਿਫ਼ਾਇਤੀ, ਭਰੋਸੇਮੰਦ, ਸਿਹਤ ਲਈ ਲਾਹੇਵੰਦ ਅਤੇ ਵਾਤਾਵਰਨ ਪੱਖੀ ਵਾਹਨ ਹੋਣ ਕਾਰਨ ਇਸ ਨੂੰ ਦੁਨੀਆ ਭਰ ਵਿੱਚ ਵੱਡਾ ਸਮਰਥਨ ਹਾਸਲ ਹੈ।

ਸਾਈਕਲ ਸਿਰਫ਼ ਸਫ਼ਰ ਦਾ ਸਾਧਨ ਨਹੀਂ ਬਲਕਿ ਸਮਾਜਿਕ ਤੇ ਆਰਥਿਕ ਵਿਕਾਸ ਦੀ ਵੱਡੀ ਨਿਸ਼ਾਨੀ ਹੈ। ਅੱਜ ਸੰਸਾਰ ਭਰ ਦਾ ਸਾਈਕਲ ਉਦਯੋਗ ਸਾਲਾਨਾ ਲਗਪਗ 10 ਕਰੋੜ ਸਾਈਕਲਾਂ ਤਿਆਰ ਕਰਦਾ ਹੈ ਜਿਸ ਦਾ ਕਾਰੋਬਾਰ 45 ਬਿਲੀਅਨ ਡਾਲਰ ਦੇ ਆਸ-ਪਾਸ ਹੈ। ਵਿਸ਼ਵ ਪੱਧਰ ’ਤੇ ਚੀਨ 51.9 ਫ਼ੀਸਦੀ ਹਿੱਸੇਦਾਰੀ ਨਾਲ ਪਹਿਲੇ ਅਤੇ ਭਾਰਤ ਸਾਲਾਨਾ 1.65 ਕਰੋੜ ਸਾਈਕਲਾਂ ਦੇ ਨਿਰਮਾਣ ਨਾਲ ਦੂਜੇ ਨੰਬਰ ’ਤੇ ਹੈ। ਦੇਸ਼ ਦੇ ਕੁੱਲ ਕਾਰੋਬਾਰ ਵਿੱਚ ਇਸ ਦਾ ਯੋਗਦਾਨ ਜੀ ਡੀ ਪੀ ਦਾ ਲਗਪਗ 1 ਫ਼ੀਸਦੀ ਬਣਦਾ ਹੈ। ਦਿਲਚਸਪ ਤੱਥ ਹੈ ਕਿ ਭਾਰਤ ਨੇ ਪਹਿਲੀ ਵਾਰ 1910 ਵਿੱਚ ਵੀਅਤਨਾਮ ਤੋਂ 35,000 ਸਾਈਕਲ ਮੰਗਵਾਏ ਸਨ। ਦੂਜੇ ਬੰਨੇ ਤਾਇਵਾਨ ਆਪਣੀ 95 ਫ਼ੀਸਦੀ ਉਤਪਾਦਨ ਬਰਾਮਦ ਕਰਕੇ 200 ਮਿਲੀਅਨ ਡਾਲਰ ਕਮਾਉਂਦਾ ਹੈ।

ਜੇਕਰ ਵਰਤੋਂ ਦੀ ਗੱਲ ਕਰੀਏ ਤਾਂ ਚੀਨ ਵਿੱਚ ਹਰ 100 ਘਰਾਂ ਪਿੱਛੇ 95 ਸਾਈਕਲ ਹਨ, ਜਦਕਿ ਭਾਰਤ ਵਿੱਚ ਇਹ ਅੰਕੜਾ ਪ੍ਰਤੀ 100 ਘਰਾਂ ਪਿੱਛੇ ਸਿਰਫ਼ 45 ਹੈ। ਦੇਸ਼ ਵਿੱਚ ਪੰਜਾਬ ਦੀ ‘ਹੀਰੋ ਸਾਈਕਲਜ਼’ ਕੰਪਨੀ 5.2 ਮਿਲੀਅਨ ਯੂਨਿਟਾਂ ਦੇ ਉਤਪਾਦਨ ਨਾਲ ਸਿਖਰ ’ਤੇ ਹੈ, ਜੋ ਦੁਨੀਆ ਦੇ 70 ਦੇਸ਼ਾਂ ਨੂੰ ਸਪਲਾਈ ਕਰਦੀ ਹੈ ਅਤੇ ਸਾਈਕਲ ਦੇ ਵਿਸ਼ਵ ਵਪਾਰ ਵਿੱਚ 9 ਫ਼ੀਸਦੀ ਦੀ ਭਾਗੀਦਾਰ ਹੈ। ਲੁਧਿਆਣਾ (ਪੰਜਾਬ) ਨੂੰ ਸਾਈਕਲ ਉਦਯੋਗ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੇ ਲਗਪਗ 4000 ਛੋਟੀਆਂ-ਵੱਡੀਆਂ ਫੈਕਟਰੀਆਂ ਵਿੱਚ ਤਿੰਨ ਲੱਖ ਕਾਮੇ ਰੋਜ਼ਾਨਾ 50,000 ਸਾਈਕਲ ਤਿਆਰ ਕਰਦੇ ਹਨ। ਭਾਰਤ ਵਿੱਚ ਹੀਰੋ, ਏਵਨ, ਐਟਲਸ, ਕਰੋਸ, ਹਰਕੁਲੀਜ਼ ਅਤੇ ਬੀ ਐੱਸ ਏ ਪ੍ਰਮੁੱਖ ਬ੍ਰਾਂਡ ਹਨ, ਜਦਕਿ ਗਲੋਬਲ ਪੱਧਰ ’ਤੇ ਜੈਂਟ, ਮੇਰਿਡਾ, ਕੈਨਨਡੇਲ, ਟ੍ਰੈਕ ਅਤੇ ਸਕੌਟ ਵਰਗੀਆਂ ਕੰਪਨੀਆਂ ਮਸ਼ਹੂਰ ਹਨ। ਦੁਨੀਆ ਦਾ ਸਭ ਤੋਂ ਮਹਿੰਗਾ ਸਾਈਕਲ ‘ਦਿ ਹਾਊਸ ਆਫ਼ ਸੌਲਿਡ ਗੋਲਡ’ ਕੰਪਨੀ ਨੇ 24 ਕੈਰੇਟ ਸੋਨੇ ਨਾਲ ਤਿਆਰ ਕੀਤਾ ਹੈ ਜਿਸ ਦੀ ਕੀਮਤ 1 ਮਿਲੀਅਨ (10 ਲੱਖ) ਡਾਲਰ ਹੈ। ਭਾਰਤ ਵਿੱਚ ‘ਫਾਇਰਫਾਕਸ’ ਵਰਗੀਆਂ ਕੰਪਨੀਆਂ ਦੇ ਮਹਿੰਗੇ ਸਾਈਕਲ ਸਾਢੇ ਚਾਰ ਲੱਖ ਰੁਪਏ ਤੱਕ ਵਿਕਦੇ ਹਨ।

ਕੁਲ ਦੁਨੀਆ ’ਚ ਇਸ ਵੇਲੇ ਲਗਪਗ 2 ਬਿਲੀਅਨ (2 ਅਰਬ) ਸਾਈਕਲ ਹਨ। ਭਾਰਤ ਦੇ 30 ਕਰੋੜ ਨਾਗਰਿਕ ਰੋਜ਼ਾਨਾ ਸਾਈਕਲ ਵਰਤਦੇ ਹਨ, ਜੋ ਆਬਾਦੀ ਦੇ ਲਿਹਾਜ਼ ਨਾਲ ਕਾਫ਼ੀ ਘੱਟ ਹੈ। ਵਾਤਾਵਰਨ ਪ੍ਰੇਮੀ ਮੁਲਕ ਕੁਦਰਤੀ ਸਰੋਤਾਂ ਦੀ ਬੱਚਤ ਲਈ ਇਸ ਨੂੰ ਸਭ ਤੋਂ ਉੱਤਮ ਮੰਨਦੇ ਹਨ। ਨੈਦਰਲੈਂਡਜ਼ ਦੀ 50 ਫ਼ੀਸਦੀ ਆਬਾਦੀ ਸਾਈਕਲ ਦੀ ਵਰਤੋਂ ਕਰਦੀ ਹੈ ਅਤੇ ਇਸ ਦਾ ਸ਼ਹਿਰ ਐਮਸਟਰਡਮ ਸਾਈਕਲਿੰਗ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਜਿੱਥੇ 500 ਕਿਲੋਮੀਟਰ ਤੋਂ ਲੰਮੇ ਸੁਤੰਤਰ ਸਾਈਕਲ ਟਰੈਕ ਹਨ। ਇਸ ਸੂਚੀ ਵਿੱਚ ਡੈਨਮਾਰਕ ਦੂਜੇ, ਜਰਮਨੀ ਤੀਜੇ ਅਤੇ ਸਵੀਡਨ ਚੌਥੇ ਨੰਬਰ ’ਤੇ ਆਉਂਦਾ ਹੈ। ਹਾਲਾਂਕਿ ਭਾਰਤ ਇਸ ਸੂਚੀ ਵਿੱਚ ਪੱਛੜਿਆ ਹੋਇਆ ਹੈ ਪਰ ਜੂਨੀਅਰ ਵਰਲਡ ਸਾਈਕਲਿੰਗ ਵਿੱਚ ਦੇਸ਼ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਚਮਕ ਜ਼ਰੂਰ ਬਿਖੇਰੀ ਹੈ। ਸਾਈਕਲ ਸਿਹਤ ਅਤੇ ਤੰਦਰੁਸਤੀ ਲਈ ਇੱਕ ਵਡਮੁੱਲੀ ਦਾਤ ਹੈ। ਇਹ ਮੋਟਾਪੇ, ਜੋੜਾਂ ਦੇ ਦਰਦ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਕਾਬੂ ਹੇਠ ਰੱਖਦਾ ਹੈ। ਪੁਰਾਣੇ ਸਮੇਂ ਵਿੱਚ ਇਹ ਅਮੀਰੀ ਦੀ ਨਿਸ਼ਾਨੀ ਹੁੰਦਾ ਸੀ ਅਤੇ 90ਵਿਆਂ ਦੇ ਦਹਾਕੇ ਤੱਕ ਇਹ ਧੀਆਂ ਨੂੰ ਦਾਜ ਵਿੱਚ ਵੀ ਦਿੱਤਾ ਜਾਂਦਾ ਸੀ। ਅੱਜ ਵੀ ਲੋਕ ਆਪਣੇ ਬਜ਼ੁਰਗਾਂ ਦੇ ਸਾਈਕਲਾਂ ਨੂੰ ਯਾਦਗਾਰ ਵਜੋਂ ਸਾਂਭ ਕੇ ਰੱਖਦੇ ਹਨ। ਅਮੀਰਾਂ ਲਈ ਇਹ ਭਾਵੇਂ ਸ਼ੌਕ ਜਾਂ ਸਿਹਤ ਦਾ ਸਾਧਨ ਹੋਵੇ ਪਰ ਗ਼ਰੀਬ ਲਈ ਇਹ ਰੋਜ਼ੀ-ਰੋਟੀ ਕਮਾਉਣ ਦਾ ਸਭ ਤੋਂ ਵੱਡਾ ਸਹਾਰਾ ਹੈ। ਸਾਨੂੰ ਆਪਣੇ ਚੌਗਿਰਦੇ ਨੂੰ ਹਰਾ-ਭਰਾ ਅਤੇ ਨਰੋਈ ਸਿਹਤ ਲਈ ਸਾਈਕਲ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।

ਸੰਪਰਕ: 78374-90309

Advertisement
×