ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ : The Tribune India

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸਵਰਾਜਬੀਰ

ਸਵਰਾਜਬੀਰ

ਸ਼ੀਆ, ਅਫ਼ਰੀਕਾ ਅਤੇ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਗ਼ੁਲਾਮੀ ਹੰਢਾਉਣੀ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਲੰਮੀ ਜੱਦੋ-ਜਹਿਦ ਤੇ ਕੁਰਬਾਨੀਆਂ ਕਰਨੀਆਂ ਪਈਆਂ। ਇਨ੍ਹਾਂ ਸੰਘਰਸ਼ਾਂ ਦੌਰਾਨ ਸਹੇ ਜ਼ੁਲਮ-ਜਬਰ, ਦੁੱਖਾਂ-ਦੁਸ਼ਵਾਰੀਆਂ ਅਤੇ ਅੰਤ ਵਿਚ ਪ੍ਰਾਪਤ ਹੋਈ ਜਿੱਤ, ਸਭ ਰਲ-ਮਿਲ ਕੇ ਉਸ ਦੇਸ਼ ਦੇ ਲੋਕਾਂ ਦੇ ਸਮੂਹਿਕ ਗੌਰਵ ਦੀ ਸਿਰਜਣਾ ਕਰਦੇ ਹਨ। ਉਸ ਸਮੇਂ ਦੇਸ਼ ਸ਼ਹੀਦ ਹੋਏ ਤੇ ਜੇਲ੍ਹਾਂ ਕੱਟਣ ਵਾਲੇ ਦੇਸ਼ ਭਗਤਾਂ ਅਤੇ ਲੋਕਾਂ ਦੁਆਰਾ ਝੱਲੇ ਗਏ ਨਿੱਜੀ ਤੇ ਸਮੂਹਿਕ ਤਸੀਹਿਆਂ ਤੇ ਸੰਘਰਸ਼ਾਂ, ਸਭ ਨੂੰ ਯਾਦ ਕਰਦਾ ਨਵਾਂ ਭਵਿੱਖ ਬਣਾਉਣ ਦਾ ਅਹਿਦ ਕਰਦਾ ਹੈ। ਭਵਿੱਖ ਨਾਲ ਕੀਤੇ ਗਏ ਇਸ ਅਹਿਦਨਾਮੇ ਨੂੰ ਹੀ ਆਜ਼ਾਦੀ ਕਿਹਾ ਜਾਂਦਾ ਹੈ। ਭਾਰਤ ਦੇ ਲੋਕਾਂ ਲਈ 15 ਅਗਸਤ 1947 ਅਜਿਹਾ ਮੁਬਾਰਕ ਦਿਨ ਸੀ ਜਦ ਲੋਕਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਜੂਲੇ ਤੋਂ ਮੁਕਤੀ ਮਿਲੀ।

ਆਜ਼ਾਦੀ ਲਈ ਕੌਮੀ ਪੱਧਰ ’ਤੇ ਵੀ ਸਥਾਨਕ ਪੱਧਰ ’ਤੇ ਲੰਮੇ ਸੰਘਰਸ਼ ਲੜੇ ਗਏ। ਸਥਾਨਕ ਪੱਧਰ ’ਤੇ ਅੰਗਰੇਜ਼ਾਂ ਵਿਰੁੱਧ ਬਗ਼ਾਵਤਾਂ ਬਹੁਤ ਜਲਦੀ ਸ਼ੁਰੂ ਹੋ ਗਈਆਂ ਸਨ ਪਰ ਬਸਤੀਵਾਦੀ ਤਾਕਤ ਫ਼ੌਜੀ ਤੇ ਵਪਾਰਕ ਪੱਖਾਂ ਤੋਂ ਏਨੀ ਤਾਕਤਵਰ, ਚਤੁਰ ਤੇ ਧੋਖੇਬਾਜ਼ ਸੀ ਕਿ ਇਹ ਬਗ਼ਾਵਤਾਂ ਸਥਾਨਕ ਲੋਕਾਂ ਦੀ ਆਜ਼ਾਦੀ ਪ੍ਰਾਪਤ ਕਰਨ ਦੀ ਲਾਲਸਾ ਦਾ ਚਿੰਨ੍ਹ ਤਾਂ ਬਣ ਗਈਆਂ ਪਰ ਇਨ੍ਹਾਂ ਦੇ ਪਸਾਰ ਏਨੇ ਵੱਡੇ ਨਹੀਂ ਸਨ ਕਿ ਉਹ ਬਸਤੀਵਾਦੀ ਹਕੂਮਤ ਨੂੰ ਅਸਥਿਰ ਕਰ ਸਕਦੀਆਂ। ਕੌਮੀ ਪੱਧਰ ਦੀ ਸਭ ਤੋਂ ਵਿਆਪਕ ਲੜਾਈ 1857 ਦੇ ਗ਼ਦਰ ਦੇ ਰੂਪ ਵਿਚ ਲੜੀ ਗਈ ਜਿਸ ਨੂੰ ਅੰਗਰੇਜ਼ਾਂ ਨੇ ਮਹਿਜ਼ ਸਿਪਾਹੀਆਂ ਦੀ ਬਗ਼ਾਵਤ ਅਤੇ ਕੁਝ ਰਾਜਿਆਂ-ਰਜਵਾੜਿਆਂ ਦਾ ਵਿਦਰੋਹ ਦੱਸਿਆ ਪਰ ਇਸ ਵਿਚ ਆਮ ਲੋਕਾਂ ਦੀ ਵਿਸ਼ਾਲ ਪੱਧਰ ’ਤੇ ਸ਼ਮੂਲੀਅਤ ਅਤੇ ਉਸ ਦੌਰਾਨ ਪ੍ਰਾਪਤ ਕੀਤੀ ਗਈ ਕੌਮੀ ਏਕਤਾ ਦੇ ਪਸਾਰ ਏਨੇ ਵੱਡੇ ਸਨ ਕਿ ਇਹ ਵਿਦਰੋਹ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਮੰਨਿਆ ਗਿਆ। ਸਥਾਨਿਕ ਵਿਦਰੋਹਾਂ ਦੇ ਵੱਖ ਵੱਖ ਆਗੂਆਂ ਨੇ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਆਪਣਾ ਆਗੂ ਮੰਨ ਲਿਆ। ਲੋਕ ਬਹੁਤ ਬਹਾਦਰੀ ਨਾਲ ਲੜੇ, ਥਾਂ ਥਾਂ ’ਤੇ ਬਗ਼ਾਵਤਾਂ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ ਪਰ ਬਸਤੀਵਾਦੀ ਹਕੂਮਤ ਨੇ ਇਸ ਵਿਦਰੋਹ ਨੂੰ ਬਹੁਤ ਚਤੁਰਾਈ ਅਤੇ ਕਰੂਰਤਾ ਨਾਲ ਕੁਚਲ ਦਿੱਤਾ। ਲੜਾਈਆਂ ਵਿਚ ਮਾਰੇ ਗਏ ਸਿਪਾਹੀਆਂ ਦੇ ਨਾਲ ਨਾਲ ਹਜ਼ਾਰਾਂ ਲੋਕ ਜਨਤਕ ਤੌਰ ’ਤੇ ਫਾਂਸੀ ’ਤੇ ਲਟਕਾਏ ਅਤੇ ਰੁੱਖਾਂ ਨਾਲ ਬੰਨ੍ਹ ਕੇ ਸਾੜੇ ਗਏ। ਇਸ ਵਿਦਰੋਹ ਨੇ ਪਹਿਲੀ ਵਾਰ ਲੋਕਾਂ ਵਿਚ ਇਹ ਚੇਤਨਾ ਲਿਆਂਦੀ ਕਿ ਉਹ ਗ਼ੁਲਾਮ ਹਨ; ਇਹ ਵਿਦਰੋਹ ਆਜ਼ਾਦੀ ਸੰਘਰਸ਼ ਦਾ ਉੱਘੜਵਾਂ ਚਿੰਨ੍ਹ ਬਣ ਗਿਆ; ਏਸੇ ਕਰ ਕੇ ਪੰਜਾਬ ਵਿਚ ਉੱਠੀ ਗ਼ਦਰ ਲਹਿਰ ਦੇ ਕਵੀਆਂ ਦਾ ਕਹਿਣਾ ਸੀ, ‘‘ਦਿਲਾ ਦਰਦੀਆ ਦਰਦ ਹਜ਼ਾਰ ਭਾਵੇਂ, ਦਸ ਮਈ ਦਾ ਦਿਨ ਭੁਲਾਵਨਾ ਕੀ।’’ 1857 ਵਿਚ ਬਗ਼ਾਵਤ 10 ਮਈ ਨੂੰ ਮੇਰਠ ਵਿਚ ਸ਼ੁਰੂ ਹੋਈ ਸੀ।

1857 ਤੋਂ ਬਾਅਦ ਬਸਤੀਵਾਦੀ ਹਕੂਮਤ ਈਸਟ ਇੰਡੀਆ ਕੰਪਨੀ ਦੇ ਹੱਥਾਂ ਵਿਚੋਂ ਨਿਕਲ ਕੇ ਸਿੱਧੀ ਇੰਗਲੈਂਡ ਦੀ ਸਰਕਾਰ ਦੇ ਹੱਥਾਂ ਵਿਚ ਚਲੀ ਗਈ ਜਿਸ ਦੌਰਾਨ ਬਸਤੀਵਾਦੀ ਲੁੱਟ ਉਸੇ ਤਰ੍ਹਾਂ ਜਾਰੀ ਰਹੀ। ਕੌਮੀ ਪੱਧਰ ’ਤੇ ਅੰਗਰੇਜ਼ਾਂ ਦਾ ਵਿਰੋਧ ਕਰਨ ਵਾਲੀ ਜਮਾਤ ਕਾਂਗਰਸ ਦੀ ਨੀਂਹ 1885 ਵਿਚ ਰੱਖੀ ਗਈ। ਪਹਿਲੋਂ ਪਹਿਲ ਇਹ ਅਪੀਲਾਂ, ਮਤਿਆਂ ਅਤੇ ਵਫ਼ਦਾਂ ਰਾਹੀਂ ਅੰਗਰੇਜ਼ਾਂ ਤੋਂ ਸਥਾਨਕ ਪੱਧਰ ’ਤੇ ਸੁਧਾਰ ਮੰਗਣ ਵਾਲੀ ਜਮਾਤ ਸੀ ਪਰ ਬਾਅਦ ਵਿਚ ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਜਵਾਹਰਲਾਲ ਨਹਿਰੂ, ਸੀਆਰ ਦਾਸ, ਸਰੋਜਿਨੀ ਨਾਇਡੂ, ਮੌਲਾਨਾ ਅਬੁੱਲ ਕਲਾਮ ਆਜ਼ਾਦ, ਸੁਭਾਸ਼ ਚੰਦਰ ਬੋਸ, ਰਾਜਾ ਰਾਜ ਗੁਪਾਲ ਅਚਾਰੀਆ ਅਤੇ ਹੋਰ ਅਨੇਕ ਆਗੂਆਂ ਦੀ ਕਿਆਦਤ ਵਿਚ ਲੋਕਾਂ ਦੇ ਵੱਡੇ ਸਮੂਹਾਂ ਨੂੰ ਸੰਘਰਸ਼ਾਂ ਵਿਚ ਸ਼ਾਮਲ ਕਰਨ ਵਾਲੀ ਜਮਾਤ ਬਣ ਗਈ। ਇਸ ਵਿਚ ਕੇਂਦਰਵਾਦੀ, ਖੱਬੇ-ਪੱਖੀ, ਸੱਜੇ-ਪੱਖੀ, ਅਗਾਂਹਵਧੂ, ਸਮਾਜਿਕ ਰੂੜੀਵਾਦੀ, ਤਰਕਸ਼ੀਲ, ਹਰ ਤਰ੍ਹਾਂ ਦੇ ਤੱਤ ਸ਼ਾਮਲ ਸਨ। 1930 ਵਿਚ ਲਾਹੌਰ ਵਿਚ ਹੋਏ ਇਜਲਾਸ ਵਿਚ 26 ਜਨਵਰੀ ਨੂੰ ਰਾਵੀ ਦੇ ਕੰਢੇ ’ਤੇ ਕਾਂਗਰਸ ਨੇ ਪੂਰਨ ਆਜ਼ਾਦੀ ਪ੍ਰਾਪਤ ਕਰਨ ਦਾ ਅਹਿਦ ਕੀਤਾ। ਕਾਂਗਰਸ ਦੀ ਅਗਵਾਈ ਵਿਚ ਹੋ ਰਹੇ ਸੰਘਰਸ਼ ਦੇ ਮਹੱਤਵ ਨੂੰ ਪਛਾਣਦਿਆਂ 20 ਅਕਤੂਬਰ 1929 ਨੂੰ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਪੰਜਾਬ ਸਟੂਡੈਂਟਸ ਯੂਨੀਅਨ ਲਾਹੌਰ ਵਿਚ ਹੋਈ ਕਾਨਫਰੰਸ ਵਿਦਿਆਰਥੀਆਂ ’ਤੇ ਨੌਜਵਾਨਾਂ ਦੇ ਨਾਂ ਇਹ ਸੰਦੇਸ਼ ਲਿਖਿਆ, ‘‘ਆਉਣ ਵਾਲੇ ਲਾਹੌਰ ਸੈਸ਼ਨ ਵਿਚ ਕਾਂਗਰਸ ਦੇਸ਼ ਦੀ ਸਵਤੰਤਰਤਾ ਲਈ ਤਕੜੀ ਜੱਦੋ-ਜਹਿਦ ਦਾ ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ਕ ਸਮੇਂ ਨੌਜਵਾਨ ਜਮਾਤ ਦੇ ਸਿਰਾਂ ਉੱਤੇ ਮਣਾਂ ਮੂੰਹੀ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਹੋਰ ਸਭ ਤੋਂ ਵੱਧ ਵਿਦਿਆਰਥੀ ਹੀ ਤਾਂ ਅਜ਼ਾਦੀ ਦੀਆਂ ਲੜਾਈ ਦੀਆਂ ਮੂਹਰਲੀਆਂ ਸਫ਼ਾਂ ਵਿਚ ਲੜਦੇ ਸ਼ਹੀਦ ਹੋਏ ਹਨ।’’ ਕਾਂਗਰਸ ਨੇ ਚੰਪਾਰਨ ਕਿਸਾਨ ਅੰਦੋਲਨ, ਰੌਲਟ ਐਕਟ ਵਿਰੁੱਧ ਅੰਦੋਲਨ (ਜਿਸ ਵਿਚ ਜੱਲ੍ਹਿਆਂਵਾਲਾ ਬਾਗ਼ ਦਾ ਕਤਲੇਆਮ ਹੋਇਆ), ਨਾਮਿਲਵਰਤਨ ਲਹਿਰ, ਖ਼ਿਲਾਫ਼ਤ ਅੰਦੋਲਨ, ਬਾਰਦੋਲੀ ਦਾ ਕਿਸਾਨ ਅੰਦੋਲਨ, ਨਮਕ ਸੱਤਿਆਗ੍ਰਹਿ/ਡਾਂਡੀ ਮਾਰਚ, ਅੰਗਰੇਜ਼ੋ ਭਾਰਤ ਛੱਡੋ ਅਤੇ ਹੋਰ ਕਈ ਕੌਮੀ ਲਹਿਰਾਂ ਚਲਾ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕੀਤੀ।

ਕੌਮੀ ਪੱਧਰ ’ਤੇ ਲੜਿਆ ਜਾ ਰਿਹਾ ਅੰਦੋਲਨ ਓਨੀ ਦੇਰ ਸਫ਼ਲ ਨਹੀਂ ਸੀ ਹੋ ਸਕਦਾ ਜੇ ਸਥਾਨਕ ਪੱਧਰ ’ਤੇ ਵੱਖ ਵੱਖ ਅੰਦੋਲਨ ਨਾ ਹੁੰਦੇ। ਦੇਸ਼ ਦੇ ਚੱਪੇ ਚੱਪੇ ’ਤੇ ਇਹ ਅੰਦੋਲਨ ਹੋਏ। ਜੇ ਪੰਜਾਬ ਦੀ ਹੀ ਉਦਾਹਰਨ ਲਈਏ ਤਾਂ ਕੁਝ ਅੰਦੋਲਨ ਇਸ ਪ੍ਰਕਾਰ ਹਨ: 1849 ਵਿਚ ਲਾਹੌਰ ਦਰਬਾਰ ਦੀ ਫ਼ੌਜਾਂ ਦੀ ਹਾਰ ਅਤੇ ਅੰਗਰੇਜ਼ਾਂ ਦੇ ਪੰਜਾਬ ’ਤੇ ਕਾਬਜ਼ ਹੋਣ ਤੇ ਬਾਅਦ ਭਾਈ ਮਹਾਰਾਜ ਸਿੰਘ ਅਤੇ ਹੋਰਨਾਂ ਨੇ ਅੰਗਰੇਜ਼ਾਂ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ; ਉਨ੍ਹਾਂ ਨੂੰ ਜਲਾਵਤਨ ਕਰ ਦਿੱਤਾ ਗਿਆ। 1857 ਵਿਚ ਨੀਲੀ ਬਾਰ ਵਿਚ ਅਹਿਮਦ ਖ਼ਾਨ ਖਰਲ, ਰੋਪੜ ਵਿਚ ਸਰਦਾਰ ਮੋਹਰ ਸਿੰਘ ਅਤੇ ਜੈਤੋ ਵਿਚ ਸ਼ਾਮ ਦਾਸ ਦੀ ਕਿਆਦਤ ਵਿਚ ਬਗ਼ਾਵਤ ਹੋਈ। ਬਾਅਦ ਵਿਚ ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ, ਰੌਲਟ ਐਕਟ ਵਿਰੁੱਧ ਲਹਿਰ (ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਨਾਲ ਸਬੰਧਿਤ), ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ, ਕਿਸਾਨ ਮੋਰਚੇ, ਮਜ਼ਦੂਰਾਂ ਦੀਆਂ ਹੜਤਾਲਾਂ, ਸਾਈਮਨ ਗੋ ਬੈਕ ਅਤੇ ਅੰਗਰੇਜ਼ੋ ਭਾਰਤ ਛੱਡੋ ਲਹਿਰ ਅਤੇ ਕਈ ਹੋਰ ਸੰਘਰਸ਼ਾਂ ਵਿਚ ਪੰਜਾਬੀਆਂ ਨੇ ਵੱਡੀ ਪੱਧਰ ’ਤੇ ਕੁਰਬਾਨੀਆਂ ਦਿੱਤੀਆਂ, ਫਾਂਸੀਆਂ ਤੇ ਚੜ੍ਹੇ, ਕਾਲੇ ਪਾਣੀ ਵਿਚ ਕੈਦ ਰਹੇ ਅਤੇ ਜੇਲ੍ਹਾਂ ਕੱਟੀਆਂ। ਸਰਦਾਰ ਅਜੀਤ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਡਾ. ਸੱਤਪਾਲ, ਸੈਫ਼ੂਦੀਨ ਕਿਚਲੂ, ਬਾਬਾ ਖੜਕ ਸਿੰਘ,

ਭਾਈ ਰਣਧੀਰ ਸਿੰਘ, ਭਗਤ ਸਿੰਘ, ਸੁਖਦੇਵ, ਊਧਮ ਸਿੰਘ ਅਤੇ ਹੋਰ ਅਨੇਕ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ।

ਅਜਿਹੀਆਂ ਕੁਰਬਾਨੀਆਂ ਦੇਸ਼ ਦੇ ਹਰ ਸੂਬੇ ਵਿਚ ਹੋਈਆਂ। 1943 ਵਿਚ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫ਼ੌਜ ਬਣਾਈ ਜਿਸ ਨੇ ਆਜ਼ਾਦੀ ਦੇ ਸੰਘਰਸ਼ ’ਤੇ ਨਿਰਣਾਇਕ ਪ੍ਰਭਾਵ ਪਾਇਆ। ‘ਅੰਗਰੇਜ਼ੋ ਭਾਰਤ ਛੱਡੋ ’ ਅੰਦੋਲਨ ਅੰਗਰੇਜ਼ਾਂ ਨੇ ਫਿਰ ਅਕਹਿ ਜ਼ੁਲਮ ਕੀਤੇ ਅਤੇ ਵੱਡੀ ਪੱਧਰ ’ਤੇ ਹਿੰਸਾ ਹੋਈ। 15 ਅਗਸਤ 1947 ਨੂੰ ਦੇਸ਼ ਨੂੰ ਆਜ਼ਾਦੀ ਤਾਂ ਮਿਲ ਗਈ ਪਰ ਨਾਲ ਹੀ ਪੰਜਾਬ ਅਤੇ ਬੰਗਾਲ ਨੇ ਵੰਡ ਦੇ ਵੱਡੇ ਦੁਖਾਂਤ ਨੂੰ ਝੱਲਿਆ।

ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੋ ਜਿਹਾ ਸੰਵਿਧਾਨ ਬਣਾਉਣਾ ਸੀ ਜਿਸ ਵਿਚ ਧਰਮ ਨਿਰਪੱਖਤਾ, ਸਮਾਜਿਕ ਬਰਾਬਰੀ, ਮਨੁੱਖੀ ਸਵੈਮਾਣ, ਕਾਨੂੰਨ ਦੇ ਰਾਜ, ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਅਤੇ ਜਮਹੂਰੀਅਤ ਨੂੰ ਬੁਨਿਆਦੀ ਮੰਨਿਆ ਗਿਆ। ਦੇਸ਼ ਵਿਚ ਜਮਹੂਰੀ ਸੰਸਥਾਵਾਂ ਦਾ ਨਿਰਮਾਣ ਹੋਇਆ; ਨਿਆਂਪਾਲਿਕਾ, ਵਿਧਾਨਪਾਲਿਕਾ ਅਤੇ ਰਾਜਪਾਲਿਕਾ ਦੇ ਅਧਿਕਾਰ ਖੇਤਰ ਵੱਖ ਵੱਖ ਕੀਤੇ ਗਏ ਅਤੇ ਸੰਘੀ (Federal) ਢਾਂਚੇ ਦੀ ਸਥਾਪਨਾ ਕੀਤੀ ਗਈ।

ਬਹੁਤ ਸਾਰੇ ਪੱਛਮੀ ਰਾਜਸੀ ਮਾਹਿਰਾਂ ਦਾ ਖ਼ਿਆਲ ਸੀ ਕਿ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿਚ ਵੱਖ ਵੱਖ ਵੱਖਵਾਦੀ ਰੁਝਾਨ ਜ਼ੋਰ ਫੜਨਗੇ ਅਤੇ ਦੇਸ਼ ਟੋਟੇ-ਟੋਟੇ ਹੋ ਜਾਵੇਗਾ। ਇਹੋ ਜਿਹੇ ਵਿਚਾਰ ਕਈ ਕਿਤਾਬਾਂ ਤੇ ਮੁੱਖ ਤੌਰ ’ਤੇ ਸੈਲਿਗ ਐੱਸ. ਹੈਰੀਸਨ ਦੀ ਕਿਤਾਬ ‘ਭਾਰਤ: ਸਭ ਤੋਂ ਖ਼ਤਰਨਾਕ ਦਹਾਕੇ’ (ਇੰਡੀਆ: ਦਿ ਮੋਸਟ ਡੇਂਜ਼ਰਸ ਡੀਕੇਡਸ - India : The Most Dangerous Decades) ਵਿਚ ਦੇਖਣ ਨੂੰ ਮਿਲਦੇ ਹਨ। ਗੁਨਾਰ ਮਿਰਡਲ (Gunnar Myrdal) ਨੇ ਆਪਣੀ ਮਸ਼ਹੂਰ ਕਿਤਾਬ ‘ਏਸ਼ੀਅਨ ਡਰਾਮਾ’ (Asian Drama) ਵਿਚ ਇਹ ਖ਼ਦਸ਼ਾ ਪ੍ਰਗਟ ਕੀਤਾ ਕਿ ਜੇ ਸਮਾਜ ਨੂੰ ਤੋੜਨ, ਭੰਨਣ ਵਾਲੀਆਂ ਅਤੇ ਵੱਖ ਵੱਖ ਵੱਖਵਾਦੀ ਪ੍ਰਵਿਰਤੀਆਂ ਨੂੰ ਕਾਬੂ ਵਿਚ ਨਾ ਰੱਖਿਆ ਗਿਆ ਤਾਂ ਵਿਕਾਸ ਦੇ ਇਸ ਡਰਾਮੇ (Drama of Development) ਦਾ ਅੰਤ ਦੁਖਾਂਤ ਵਿਚ ਹੋਵੇਗਾ। ਦੇਸ਼ ਦੀ ਜਮਹੂਰੀਅਤ ’ਤੇ ਗੰਭੀਰ ਸੰਕਟ ਆਏ ਪਰ ਲੋਕਾਂ ਨੇ ਵਾਰ ਵਾਰ ਜਮਹੂਰੀਅਤ ਵਿਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ।

ਇਨ੍ਹਾਂ 75 ਵਰ੍ਹਿਆਂ ਵਿਚ ਜਿੱਥੇ ਦੇਸ਼ ਨੇ ਆਰਥਿਕਤਾ, ਵਿੱਦਿਆ, ਸਨਅਤ, ਸਿਹਤ ਤੇ ਹੋਰ ਖੇਤਰਾਂ ਵਿਚ ਭਰਪੂਰ ਤਰੱਕੀ ਕੀਤੀ, ਉੱਥੇ ਆਰਥਿਕ ਅਸਾਵੇਂਪਣ, ਸਮਾਜਿਕ ਅਨਿਆਂ, ਘੱਟਗਿਣਤੀਆਂ ਦੇ ਮਸਲੇ ਅਤੇ ਕਈ ਖੇਤਰੀ ਸਮੱਸਿਆਵਾਂ ਵੀ ਉੱਭਰੀਆਂ। ਸਭਿਆਚਾਰਕ, ਭਾਸ਼ਾਈ ਤੇ ਖੇਤਰੀ ਪਛਾਣਾਂ ਦੇ ਮਸਲਿਆਂ ਨੂੰ ਹੱਲ ਵੀ ਕੀਤਾ ਗਿਆ ਅਤੇ ਵੋਟ ਬੈਂਕ ਸਿਆਸਤ ਲਈ ਵੀ ਵਰਤਿਆ ਗਿਆ। ਸਿਆਸੀ ਆਜ਼ਾਦੀ ਦੇ ਨਾਲ ਨਾਲ ਸਮਾਜਿਕ ਆਜ਼ਾਦੀ ਅਤੇ ਆਰਥਿਕ ਆਜ਼ਾਦੀ ਦੀ ਵੱਖਰੀ ਅਹਿਮੀਅਤ ਹੁੰਦੀ ਹੈ। ਕੋਈ ਵੀ ਆਜ਼ਾਦੀ ਆਪਣੇ ਵਿਚ ਸੰਪੂਰਨ (Absolute) ਨਹੀਂ ਹੁੰਦੀ। ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਮਨੋਵਿਗਿਆਨਕ ਪੱਖਾਂ ਤੋਂ ਮਨੁੱਖ ਇਕ ਦੂਸਰੇ ’ਤੇ ਨਿਰਭਰ ਹਨ ਅਤੇ ਇਸ ਤਰ੍ਹਾਂ ਸਮਾਜ, ਸੱਭਿਆਚਾਰ, ਰਵਾਇਤਾਂ ਤੇ ਅਰਥਚਾਰਾ ਮਨੁੱਖ ’ਤੇ ਵੱਖ ਵੱਖ ਤਰ੍ਹਾਂ ਦੀਆਂ ਬੰਦਸ਼ਾਂ ਲਾਉਂਦੇ ਹਨ। ਆਜ਼ਾਦੀ ਦੇ ਅਰਥ ਇਹ ਹੁੰਦੇ ਹਨ ਕਿ ਉਹ ਬੰਦਸ਼ਾਂ ਘੱਟ ਤੋਂ ਘੱਟ ਹੋਣ ਤੇ ਜਿਹੜੀਆਂ ਹੋਣ, ਉਨ੍ਹਾਂ ਦੀ ਤਾਸੀਰ ਇਹੋ ਜਿਹੀ ਹੋਵੇ ਕਿ ਉਨ੍ਹਾਂ ਕਾਰਨ ਦੂਸਰਿਆਂ ਨੂੰ ਆਜ਼ਾਦੀ ਨਾਲ ਜਿਊਣ ਅਤੇ ਸਮਾਜਿਕ ਬਰਾਬਰੀ ਦੇ ਹੱਕ ਮਿਲਣ।

ਕਈ ਰਾਜਸੀ ਮਾਹਿਰਾਂ, ਸਮਾਜ ਸ਼ਾਸਤਰੀਆਂ ਅਤੇ ਚਿੰਤਕਾਂ ਅਨੁਸਾਰ ਆਰਥਿਕ ਤਬਦੀਲੀਆਂ ਆਉਣ ਨਾਲ ਸਮਾਜਿਕ ਢਾਂਚੇ ਵਿਚ ਆਪਣੇ ਆਪ ਤਬਦੀਲੀਆਂ ਆਉਂਦੀਆਂ ਹਨ ਅਤੇ ਮਨੁੱਖ ਆਰਥਿਕ ਵਿਕਾਸ ਨਾਲ ਸਮਾਜਿਕ ਆਜ਼ਾਦੀ ਵੱਲ ਵਧਣ ਲੱਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੁਨਿਆਦੀ ਆਰਥਿਕ ਤਬਦੀਲੀਆਂ ਸਮਾਜਿਕ ਰਿਸ਼ਤਿਆਂ ’ਤੇ ਡੂੰਘੇ ਅਸਰ ਪਾਉਂਦੀਆਂ ਹਨ ਤੇ ਮਨੁੱਖਾਂ ਵਿਚਲੇ ਬੁਨਿਆਦੀ ਰਿਸ਼ਤੇ ਬਦਲਦੇ ਵੀ ਹਨ ਪਰ ਬਹੁਤ ਸਾਰੇ ਰਿਸ਼ਤਿਆਂ ਜਿਵੇਂ ਪਿਤਰੀ ਸੱਤਾ (ਮਰਦ ਪ੍ਰਧਾਨ ਸੋਚ) ਅਤੇ ਜਾਤੀਵਾਦ ਆਦਿ ਨੂੰ ਬਦਲਣ ਵਿਚ ਬਹੁਤ ਸਮਾਂ ਲੱਗਦਾ ਹੈ। ਸਿਆਸੀ ਆਜ਼ਾਦੀ ਤੇ ਆਰਥਿਕ ਵਿਕਾਸ ਨੇ ਜਾਤੀਵਾਦ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ।

ਜਿੱਥੇ 75 ਵਰ੍ਹਿਆਂ ਦਾ ਇਹ ਸਫ਼ਰ ਮਾਣਮੱਤਾ ਅਤੇ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਭਰਿਆ ਹੋਇਆ ਹੈ, ਉੱਥੇ ਇਸ ਵਿਚ ਸਾਡੀਆਂ ਅਪ੍ਰਾਪਤੀਆਂ, ਘਾਟਾਂ, ਕਮੀਆਂ ਅਤੇ ਕਈ ਤਰ੍ਹਾਂ ਦੇ ਦੁਖਾਂਤ ਵੀ ਸ਼ਾਮਿਲ ਹਨ। ਆਉਣ ਵਾਲਾ ਸਮਾਂ ਚੁਣੌਤੀਆਂ ਭਰਿਆ ਹੈ। ਇਸ ਸਮੇਂ ਲੋਕਾਂ ਦਾ ਦਾਰੋਮਦਾਰ ਸਾਂਝੀਵਾਲਤਾ, ਏਕਤਾ, ਸਮਾਜਿਕ ਬਰਾਬਰੀ ਤੇ ਸਮਤਾ ਦੀਆਂ ਉਨ੍ਹਾਂ ਕਦਰਾਂ-ਕੀਮਤਾਂ ’ਤੇ ਹੋਣਾ ਹੈ ਜਿਹੜੀਆਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਅਤੇ ਸੰਵਿਧਾਨ-ਘਾੜਿਆਂ ਨੇ ਸਾਡੇ ਸਾਹਮਣੇ ਪੇਸ਼ ਕੀਤੀਆਂ। ਲੋਕ-ਸੰਘਰਸ਼ਾਂ ਅਤੇ ਜਨਤਕ ਅੰਦੋਲਨਾਂ ਨੇ ਇਨ੍ਹਾਂ ਕਦਰਾਂ-ਕੀਮਤਾਂ ਸਦਕਾ ਹੀ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ। ਆਉਣ ਵਾਲਾ ਸਮਾਂ ਲੋਕਾਂ ਦੇ ਸਮੂਹਿਕ ਸਿਰੜ ਤੇ ਸਮਝ ਦੇ ਇਮਤਿਹਾਨ ਲੈਣ ਵਾਲਾ ਹੋਵੇਗਾ। ਅੱਜ ਦਾ ਦਿਨ ਜਮਹੂਰੀਅਤ ਅਤੇ ਸੰਵਿਧਾਨ ਵਿਚ ਆਪਣਾ ਵਿਸ਼ਵਾਸ ਦ੍ਰਿੜ੍ਹ ਕਰਦੇ ਹੋਏ ਸਾਹਮਣੇ ਦਿਸ ਰਹੀਆਂ ਚੁਣੌਤੀਆਂ ਨੂੰ ਸਾਂਝੀਵਾਲਤਾ ਦੇ ਜਜ਼ਬੇ ਨਾਲ ਨਜਿੱਠਣ ਦਾ ਅਹਿਦ ਕਰਨ ਦਾ ਦਿਨ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All