ਬਲਵਿੰਦਰ ਕੌਰ ਜੌਹਰ
ਭਾਰਤ ਬਹੁਭਾਸ਼ੀ ਤੇ ਬਹੁਪੱਖੀ ਕਲਾਵਾਂ ਦਾ ਦੇਸ਼ ਹੈ। ਪੁਰਾਤਨ ਸਮੇਂ ਰਾਜੇ ਮਹਾਰਾਜੇ ਆਪਣੇ ਮਹਿਲਾਂ ਵਿੱਚ ਆਪਣੇ ਸ਼ੌਕ ਲਈ ਕਈ ਪ੍ਰਕਾਰ ਦੀ ਚਿੱਤਰਕਲਾ, ਮੂਰਤੀਕਲਾ ਅਤੇ ਇਮਾਰਤਸਾਜ਼ੀ ਦਾ ਕੰਮ ਆਪਣੇ ਕਲਾਕਾਰਾਂ ਤੋਂ ਕਰਵਾਉਂਦੇ ਸਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਨੂੰ ਯਾਦ ਰੱਖਿਆ ਜਾਵੇ। ਭਾਰਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਇਮਾਰਤਾਂ ਮਿਲਦੀਆਂ ਹਨ ਜਿਹੜੀਆਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹਨ। ਇਨ੍ਹਾਂ ਵਿੱਚੋਂ ਇੱਕ ਹੈ ‘ਰਾਣੀ ਕੀ ਵਾਵ’ ਜਿਸ ਦਾ ਭਾਵ ਹੈ ਪੌੜੀਦਾਰ ਖੂਹ। ਇਹ ਵਾਸਤੂਕਲਾ ਦਾ ਅਦਭੁੱਤ ਨਮੂਨਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸਰਸਵਤੀ ਨਦੀ ਦੇ ਕਿਨਾਰੇ ਇਸ ਖੂਹ ਦਾ ਨਿਰਮਾਣ ਹੋਇਆ। ਭਾਰਤ ਦੀ ਇਸ ਪ੍ਰਸਿੱਧ ਵਿਰਾਸਤ ਨੂੰ ਯੂਨੈਸਕੋ (UNESCO) ਨੇ 22 ਜੂਨ 2014 ਨੂੰ ‘ਵਿਸ਼ਵ ਵਿਰਾਸਤੀ ਸਥਾਨ’ ਐਲਾਨਿਆ। ਇਸ ਉਪਰੰਤ ਭਾਰਤੀ ਰਿਜ਼ਰਵ ਬੈਂਕ ਨੇ ਇਸ ਇਤਿਹਾਸਕ ਇਮਾਰਤ ਦਾ ਚਿੱਤਰ ਭਾਰਤੀ ਕਰੰਸੀ ਵਿੱਚ ਸੌ ਰੁਪਏ ਦੇ ਨੋਟ ਉੱਪਰ ਜੁਲਾਈ 2018 ਵਿੱਚ ਚਿੱਤਰਿਤ ਕੀਤਾ।
ਭਾਰਤ ਵਿੱਚ ਇਹ ਸਥਾਨ ਗੁਜਰਾਤ ਦੇ ਇਲਾਕੇ ਪਾਟਣ ਵਿੱਚ ਸਥਿਤ ਹੈ। ਇਸ ਇਲਾਕੇ ਨੂੰ ਪਹਿਲਾਂ ਅਹਿੰਲਪੁਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੋ ਗੁਜਰਾਤ ਦੀ ਪੁਰਾਤਨ ਰਾਜਧਾਨੀ ਵੀ ਰਿਹਾ। ਇੱਥੇ ਹੀ ‘ਰਾਣੀ ਕੀ ਵਾਵ’ ਸਥਿਤ ਹੈ ਜਿਸ ਨੂੰ ਭਾਰਤ ਦੇ ‘ਪੌੜੀਦਾਰ ਖੂਹਾਂ ਦੀ ਰਾਣੀ’ ਵੀ ਕਿਹਾ ਜਾਂਦਾ ਹੈ। ਇਹ ਇਮਾਰਤ ਬਹੁਤ ਹੀ ਖ਼ੂਬਸੂਰਤ ਅਤੇ ਅਦਭੁੱਤ ਹੋਣ ਦੇ ਨਾਲ ਇੰਜੀਨੀਅਰਿੰਗ ਦੀ ਦੁਨੀਆਂ ਨੂੰ ਵੀ ਅਚੰਭਿਤ ਕਰਦੀ ਹੈ। ਇਸ ਕਿਸਮ ਦੇ ਸਥਲ ਜ਼ਿਆਦਾਤਰ ਰਾਜਿਆਂ ਦੁਆਰਾ ਆਪਣੀਆਂ ਰਾਣੀਆਂ ਦੀ ਯਾਦ ਵਿੱਚ ਬਣਵਾਏ ਜਾਂਦੇ ਸਨ, ਪਰ ‘ਰਾਣੀ ਕੀ ਵਾਵ’ ਇੱਕ ਅਜਿਹਾ ਸਮਾਰਕ ਹੈ ਜਿਸ ਨੂੰ ਇੱਕ ਰਾਣੀ ਨੇ ਆਪਣੇ ਰਾਜੇ ਦੀ ਯਾਦ ਵਿੱਚ ਬਣਵਾਇਆ। ਇਸ ਦਾ ਨਿਰਮਾਣ ਸੋਲੰਕੀ ਰਾਜਵੰਸ਼ ਦੀ ਰਾਣੀ ਉਦਿਆਮਤੀ ਨੇ ਆਪਣੇ ਪਤੀ ਰਾਜਾ ਭੀਮਦੇਵ ਪ੍ਰਥਮ (ਜੋ ਸੋਲੰਕੀ ਰਾਜ ਵੰਸ਼ ਦਾ ਸੰਸਥਾਪਕ ਸੀ) ਦੀ ਯਾਦ ਵਿੱਚ 11ਵੀਂ ਸਦੀ ਵਿੱਚ ਕਰਵਾਇਆ।
ਇਤਿਹਾਸਕਾਰਾਂ ਅਨੁਸਾਰ ਇਸ ਖਿੱਤੇ ਵਿੱਚ ਆਏ ਹੜ੍ਹਾਂ ਕਾਰਨ ਇਹ ਵਾਵ ਲਗਭਗ 700 ਸਾਲ ਤੱਕ ਮਿੱਟੀ ਵਿੱਚ ਦਬੀ ਰਹੀ। ਦਰਅਸਲ, 13ਵੀਂ ਸਦੀ ਵਿੱਚ ਹੋਏ ਭੂਮੀਗਤ ਬਦਲਾਵ ਕਰਕੇ ਉਹ ਨਦੀ ਲੋਪ ਹੋ ਗਈ ਜਿਸ ਦੇ ਕਿਨਾਰੇ ਇਹ ਵਾਵ ਬਣੀ ਹੋਈ ਸੀ। ਇਸ ਵਾਵ ਦੇ ਲੰਬੇ ਸਮੇਂ ਤੱਕ ਦੱਬੀ ਰਹਿਣ ਨੂੰ ਹੀ ਇਨ੍ਹਾਂ ਮੂਰਤੀਆਂ ਦੀ ਚਮਕ ਦਾ ਕਾਰਨ ਮੰਨਿਆ ਜਾਂਦਾ ਹੈ। ਭਾਰਤੀ ਪੁਰਾਤਤਵ ਵਿਭਾਗ ਨੇ 1950ਵਿਆਂ ਦੇ ਦਹਾਕੇ ਵਿੱਚ ਇਸ ਦੀ ਖੁਦਾਈ ਸ਼ੁਰੂ ਕੀਤੀ। 1980ਵਿਆਂ ਦੇ ਅੱਧ ਵਿੱਚ ਪੁਰਾਤਤਵ ਵਿਭਾਗ ਨੂੰ ਸਫ਼ਲਤਾ ਹਾਸਲ ਹੋਈ। ਭਾਰਤ ਸਰਕਾਰ ਦੇ ਯਤਨਾਂ ਸਦਕਾ ਇਸ ਬਾਉਲੀ ਨੇ ਫਿਰ ਆਪਣਾ ਵਰਤਮਾਨ ਰੂਪ ਗ੍ਰਹਿਣ ਕੀਤਾ। ਇਸ ਦੀਆਂ ਸੱਤ ਮੰਜ਼ਿਲਾਂ ਸਨ ਜਿਨ੍ਹਾਂ ਵਿੱਚੋਂ ਸਿਰਫ਼ ਪੰਜ ਮੰਜ਼ਿਲਾਂ ਨੂੰ ਹੀ ਸੰਭਾਲ ਕੇ ਰੱਖਿਆ ਗਿਆ ਹੈ। ਇਸ ਦੀ ਹਰ ਮੰਜ਼ਿਲ ਉੱਤੇ ਬਹੁਤ ਹੀ ਦਿਲਕਸ਼ ਅਤੇ ਉੱਚ ਕੋਟੀ ਦੀਆਂ ਕਲਾਕ੍ਰਿਤਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ ਮੂਰਤੀਆਂ ਦਾ ਨਿਰਮਾਣ ਕਰਨ ਵਾਲੇ ਕਾਰੀਗਰਾਂ ਦੀ ਗੁੰਝਲਦਾਰ ਤਕਨੀਕ ਅਤੇ ਕੁਸ਼ਲਤਾ ਸੂਰਜ ਮੰਦਰ ਅਤੇ ਮਾਊਂਟ ਆਬੂ ਦੀਆਂ ਮੂਰਤੀਆਂ ਦਾ ਨਿਰਮਾਣ ਕਰਨ ਵਾਲੇ ਕਲਾਕਾਰਾਂ ਨਾਲ ਮੇਲ ਖਾਂਦੀ ਹੈ।
ਭੂਮੀਗਤ ਬਦਲਾਅ ਕਰਕੇ ਇਸ ਵਾਵ ਵਿੱਚ ਵੀ ਕੁਝ ਤਬਦੀਲੀਆਂ ਆਈਆਂ। ਦਰਅਸਲ, ਰਾਣੀ ਕੀ ਵਾਵ ਵਿੱਚ ਪਹਿਲਾਂ ਮੰਜ਼ਿਲਾਂ 292 ਸਤੰਬਾਂ ਉੱਤੇ ਟਿਕੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਹੁਣ ਸਿਰਫ਼ 226 ਸਤੰਭ ਹੀ ਬਚੇ ਹਨ। ਰਾਣੀ ਕੀ ਵਾਵ ਵਿੱਚ ਇੱਕ ਰਹੱਸਮਈ ਗੁਪਤ ਦੁਆਰ ਹੈ। ਇਸ ਦੁਆਰ ਤੋਂ 30 ਕਿਲੋਮੀਟਰ ਲੰਬੀ ਸੁਰੰਗ ਸੀ ਜੋ ਬਾਉਲੀ ਤੋਂ ਨਿਕਲ ਕੇ ਸਿੱਧੀ ਸਿੱਧਪੁਰ ਨਗਰ ਵੱਲ ਜਾਂਦੀ ਸੀ। ਇਸ ਖ਼ੁਫ਼ੀਆ ਰਸਤੇ ਦੀ ਵਰਤੋਂ ਰਾਜਾ ਅਤੇ ਉਸ ਦਾ ਪਰਿਵਾਰ ਯੁੱਧ ਸਮੇਂ ਕਰਦੇ ਸਨ।
ਇਸ ਵਾਵ ਦੇ ਪੱਛਮੀ ਕਿਨਾਰੇ ’ਤੇ ਇੱਕ ਖੂਹ ਸਥਿਤ ਹੈ ਜੋ 10 ਮੀਟਰ ਚੌੜਾ ਅਤੇ 30 ਮੀਟਰ ਡੂੰਘਾ ਹੈ। ਕਿਹਾ ਜਾਂਦਾ ਹੈ ਕਿ ਲਗਭਗ 50 ਸਾਲ ਪਹਿਲਾਂ ਇਸ ਖੂਹ ਵਿੱਚ ਪਾਣੀ ਜਮ੍ਹਾਂ ਹੋਇਆ ਰਹਿੰਦਾ ਸੀ ਜਿਸ ਵਿੱਚ ਕਈ ਪ੍ਰਕਾਰ ਦੀਆਂ ਜੜ੍ਹੀ ਬੂਟੀਆਂ ਵਾਲੇ ਗੁਣ ਪਾਏ ਜਾਂਦੇ ਸਨ। ਇਸ ਪਾਣੀ ਦਾ ਪ੍ਰਯੋਗ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਸੀ। ਇਸ ਪਾਣੀ ਦੀ ਖ਼ਾਸੀਅਤ ਦਾ ਮੁੱਖ ਕਾਰਨ ਇਸ ਖੂਹ ਅੰਦਰ ਕਿਨਾਰਿਆਂ ’ਤੇ ਉੱਗੀਆਂ ਆਯੁਰਵੇਦਿਕ ਜੜ੍ਹੀ ਬੂਟੀਆਂ ਨੂੰ ਮੰਨਿਆ ਜਾਂਦਾ ਸੀ।
ਇਹ ਇਤਿਹਾਸਕ ਇਮਾਰਤ 64 ਮੀਟਰ ਲੰਬੀ, 20 ਮੀਟਰ ਚੌੜੀ ਅਤੇ 27 ਮੀਟਰ ਡੂੰਘੀ ਹੈ। ਇਸ ਵਾਵ ਦੀਆਂ ਦੀਵਾਰਾਂ ਅਤੇ ਥੰਮ੍ਹਾਂ ਉੱਤੇ 500 ਤੋਂ ਵੀ ਜ਼ਿਆਦਾ ਮੁੱਖ ਕਲਾਕ੍ਰਿਤਾਂ ਅਤੇ 1000 ਤੋਂ ਵੀ ਜ਼ਿਆਦਾ ਛੋਟੀਆਂ ਕਲਾਕ੍ਰਿਤਾਂ ਹਨ। ਇਨ੍ਹਾਂ ਵਿੱਚ ਭਗਵਾਨ ਰਾਮ, ਮਹਿਸ਼ਾਸੁਰਮਰਦਿਨੀ ਅਤੇ ਵਿਸ਼ਨੂੰ ਦੇ ਵੱਖੋ-ਵੱਖਰੇ ਅਵਤਾਰਾਂ ਨੂੰ ਦਰਸਾਉਂਦੀਆਂ ਮੂਰਤੀਆਂ ਤੋਂ ਇਲਾਵਾ ਅਪਸਰਾਵਾਂ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਹਨ। ਇਨ੍ਹਾਂ ਮੂਰਤੀਆਂ ਦੀ ਚਮਕ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਨ੍ਹਾਂ ਨੂੰ ਵਰਤਮਾਨ ਸਮੇਂ ਵਿੱਚ ਹੀ ਬਣਾਇਆ ਗਿਆ ਹੋਵੇ।
ਇਹ ਵਾਵ ਜਲ ਪ੍ਰਬੰਧ ਦੇ ਉਪਯੋਗ ਦੀ ਬਿਹਤਰੀਨ ਤਕਨੀਕ ਦੀ ਮਿਸਾਲ ਹੈ। ਇਹ ਵਾਵ ਸਾਰੀਆਂ ਬਾਉਲੀਆਂ ਵਿੱਚੋਂ ਸਭ ਤੋਂ ਵੱਡੀ ਅਤੇ ਸੁੰਦਰ ਮੂਰਤੀਕਲਾ ਦਾ ਉੱਤਮ ਨਮੂਨਾ ਹੈ। ਇਸ ਦੀ ਬਣਤਰ ਹੀ ਇਸ ਨੂੰ ਬਾਕੀ ਇਮਾਰਤਾਂ ਨਾਲੋਂ ਅਲੱਗ ਕਰਦੀ ਹੈ। ਇਸ ਦਾ ਨਿਰਮਾਣ ਉਲਟੇ ਮੰਦਰ ਵਾਂਗ ਕੀਤਾ ਗਿਆ ਹੈ ਜਿਸ ਦਾ ਗੁੰਬਦ ਹੇਠਾਂ ਅਤੇ ਸਤੰਭ ਉੱਪਰ ਵੱਲ ਬਣਿਆ ਹੋਇਆ ਹੈ।
‘ਰਾਣੀ ਕੀ ਵਾਵ’ ਪੁਰਾਤਨ ਭਾਰਤੀ ਕਲਾ ਦਾ ਬਹੁਤ ਹੀ ਖ਼ੂਬਸੂਰਤ ਅਤੇ ਅਦਭੁੱਤ ਨਮੂਨਾ ਹੈ ਜਿਸ ਵਿੱਚ ਸਰਵੋਤਮ ਕਲਾ ਦੇ ਪ੍ਰਮਾਣ ਮਿਲਦੇ ਹਨ। ਇਸ ਦਾ ਵਧੇਰੇ ਮਹੱਤਵ ਇਸ ਕਰਕੇ ਵੀ ਹੈ ਕਿ ਇਸ ਵਾਵ ਨੂੰ ਇੱਕ ਔਰਤ ਦੁਆਰਾ ਆਪਣੇ ਪਤੀ ਦੀ ਯਾਦ ਵਿੱਚ ਬਣਵਾਇਆ ਗਿਆ ਹੈ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੀਆਂ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਿਰਮਾਣ ਵਿੱਚ ਔਰਤਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਸਰਕਾਰ ਵੱਲੋਂ ਇਸ ਇਤਿਹਾਸਕ ਇਮਰਾਤ ਨੂੰ ਸੌ ਦੇ ਨੋਟ ਉੱਪਰ ਛਾਪ ਕੇ ਔਰਤਾਂ ਦੇ ਕਲਾ ਵਿੱਚ ਪਾਏ ਯੋਗਦਾਨ ਨੂੰ ਪਛਾਣਿਆ ਗਿਆ ਹੈ।
ਸੰਪਰਕ: 88473-09070