ਮਹਾਂਰਥੀਆਂ ਨੂੰ ਅਲਵਿਦਾ

ਤੁਰ ਗਿਆ ‘ਗ਼ੈਰ-ਹਾਜ਼ਿਰ ਆਦਮੀ’

ਤੁਰ ਗਿਆ ‘ਗ਼ੈਰ-ਹਾਜ਼ਿਰ ਆਦਮੀ’

ਗੁਰਮੀਤ ਕੜਿਆਲਵੀ

ਪ੍ਰੇਮ ਗੋਰਖੀ ਪੰਜਾਬੀ ਮਾਂ ਬੋਲੀ ਦਾ ਨਿਵੇਕਲੀ ਨੁਹਾਰ ਵਾਲਾ ਵੱਡਾ ਕਹਾਣੀਕਾਰ ਸੀ ਜਿਸ ਦੀ ਮੌਤ ਨੇ ਪੰਜਾਬੀ ਸਾਹਿਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਰੇ ਸਾਹਿਤਕ ਖੇਤਰ ’ਚ ਸੁੰਨ ਪਸਰ ਗਈ ਹੈ। ਗੋਰਖੀ ਜਿਵੇਂ ਸਾਰਿਆਂ ਦੀ ਰੂਹ ਹੀ ਕੱਢ ਕੇ ਲੈ ਗਿਆ ਹੋਵੇ। ਉਸ ਦੇ ਸਮਕਾਲੀਆਂ ਦੀਆਂ ਅੱਖਾਂ ਭਰ ਆਈਆਂ। ਸਰਹੱਦ ਪਾਰੋਂ ਲਹਿੰਦੇ ਪੰਜਾਬ ’ਚੋਂ ਵੀ ਹਾਉਕੇ ਕੰਡਿਆਲੀਆਂ ਤਾਰਾਂ ਲੰਘ ਆਏ। ਸਮੁੰਦਰਾਂ ਤੋਂ ਪਾਰ ਬੈਠੇ ਪੰਜਾਬੀ ਲੇਖਕ ਤੇ ਪਾਠਕ ਵੀ ਧੁਰ ਅੰਦਰ ਤੱਕ ਉਦਾਸ ਹੋਏ। ਨਵੇਂ ਪੋਚ ਦੇ ਲੇਖਕਾਂ ਨੂੰ ਉਂਗਲੀ ਫੜ ਕੇ ਨੱਕ ਦੀ ਸੇਧੇ ਤੋਰਨ ਵਾਲਾ ਮਹਿਬੂਬ ਕਹਾਣੀਕਾਰ ਅੱਧਵਾਟੇ ਛੱਡ ਗਿਆ। ਅਪਰੈਲ ਮਹੀਨੇ ਦੀ 25 ਤਾਰੀਕ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ’ਚੋਂ ਪ੍ਰੇਮ ਗੋਰਖੀ ਨਹੀਂ ਗਿਆ, ਪੰਜਾਬੀ ਕਹਾਣੀ ਦਾ ਇੱਕ ਯੁੱਗ ਚਲਾ ਗਿਆ ਸੀ।

ਪ੍ਰੇਮ ਗੋਰਖੀ ਅਣਹੋਏ, ਹਿਰਾਸੇ, ਉਦਾਸ, ਬੇਨੂਰ ਚਿਹਰਿਆਂ ਵਾਲੇ, ਸਾਰੀ ਉਮਰਾ ਪੱਤਝੜ ਜਿਹੀ ਜੂਨ ਭੋਗ ਕੇ ਤੁਰ ਜਾਣ ਵਾਲੇ, ਕੱਚੇ ਢਾਰਿਆਂ ’ਚ ਨਰਕ ਜਿਹੀ ਜ਼ਿੰਦਗੀ ਜਿਉਂਦੇ, ਗ਼ਰੀਬੀ ਦੀ ਦਲਦਲ ’ਚ ਲੱਕ ਲੱਕ ਖੁੱਭੇ, ਜਾਤੀਵਾਦ ਦੀ ਮਾਰ ਸਹਿੰਦੇ ਅਤੇ ਦਿਨ ਦਿਹਾੜੇ ਆਪਣੀ ਕਿਰਤ ਦੀ ਲੁੱਟ ਕਰਵਾਉਣ ਲਈ ਮਜਬੂਰ ਊਣੇ ਤੇ ਵਿਹੂਣੇ ਲੋਕਾਂ ਦਾ ਕਹਾਣੀਕਾਰ ਸੀ। ਉਸ ਦੀਆਂ ਕਹਾਣੀਆਂ ਥੁੜਾਂ ਮਾਰੇ ਲੋਕਾਂ ਅੰਦਰਲੀਆਂ ਪੀੜਾਂ ਦੀ ਬਾਤ ਪਾਉਂਦੀਆਂ। ਉਹ ਹਜ਼ਾਰਾਂ ਸਾਲਾਂ ਤੋਂ ਜਾਤੀਵਾਦ ਦੀ ਜ਼ਿੱਲਤ ਹੰਢਾਉਂਦੇ ਲੋਕਾਂ ਅੰਦਰ ਹੁੰਦੀ ਮਾਨਸਿਕ ਟੁੱਟ ਭੱਜ ਨੂੰ ਚਿਤਰਦਾ। ਉਹ ਲੁੱਟ ਦਾ ਸ਼ਿਕਾਰ ਹੁੰਦੇ ਲੋਕਾਂ ਅੰਦਰ ਦੱਬੀ ਪਈ ਚੀਕ ਨੂੰ ਪੇਸ਼ ਕਰਦਾ। ਉਸ ਦੇ ਪਾਤਰ ਵਿਤਕਰਿਆਂ ਵੰਡਾਂ ਨੂੰ ਜਨਮ ਦੇਣ ਵਾਲੀ ਵਿਵਸਥਾ ਨੂੰ ਚੀਰ ਕੇ ਭਰਾੜ ਕਰ ਦੇਣ ਲਈ ਅਹੁਲਦੇ। ਗੋਰਖੀ ਨਿਰਾਸ਼ਤਾ ਦਾ ਕਹਾਣੀਕਾਰ ਨਹੀਂ ਸੀ- ਉਹ ਤਾਂ ਕਿਰਤੀਆਂ ਦੇ ਵਿਹੜਿਆਂ ’ਚੋਂ ਲਾਟ ਬਣ ਕੇ ਉੱਠਦੀ ਹੂਕ ਦਾ ਪੇਸ਼ਕਾਰ ਸੀ।

ਪ੍ਰੇਮ ਗੋਰਖੀ ਦਾ ਜਨਮ 15 ਜੂਨ 1947 ਨੂੰ ਨਾਨਕੇ ਪਿੰਡ ਬੁਹਾਨੀ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ’ਚ ਮਾਤਾ ਰੱਖੀ ਦੀ ਕੁੱਖੋਂ ਹੋਇਆ। ਉਨ੍ਹਾਂ ਦਾ ਬਾਪ ਅਰਜਨ ਦਾਸ ਇੱਕ ਕਿਰਤੀ ਵਿਅਕਤੀ ਸੀ ਜਿਹੜਾ ਕੋਠੀਆਂ ਨੂੰ ਸਫੈਦੀ ਕਰਨ ਦਾ ਕੰਮ ਕਰਦਾ ਹੋਣ ਕਰਕੇ ‘ਅਰਜਨ ਸਫੈਦੀ ਵਾਲਾ’ ਵਜੋਂ ਮਸ਼ਹੂਰ ਸੀ। ਘਰ ਦੀ ਗ਼ਰੀਬੀ ਕਾਰਨ ਛੇ ਭੈਣਾਂ ਭਰਾਵਾਂ ਦੇ ਪਰਿਵਾਰ ’ਚੋਂ ਪ੍ਰੇਮ ਨੂੰ ਹੀ ਕੁਝ ਪੜ੍ਹਨ ਲਿਖਣ ਦਾ ਮੌਕਾ ਮਿਲਿਆ। ਪ੍ਰੇਮ ਦੇ ਬਚਪਨ ਨੇ ਗ਼ਰੀਬੀ ਦੀਆਂ ਅਥਾਹ ਡੂੰਘਾਣਾਂ ਦੇਖੀਆਂ। ਘਰ ’ਚ ਹਰ ਵਕਤ ਗ਼ਰੀਬੀ ਨਾਲ ਜੰਗ ਚੱਲਦੀ ਰਹਿੰਦੀ। ਗ਼ਰੀਬੀ ਸਰਾਲ ਬਣ ਕੇ ਘਰ ਦੇ ਛੋਟੇ ਵੱਡੇ ਜੀਆਂ ਦੇ ਸਾਹ ਪੀਂਦੀ ਰਹਿੰਦੀ। ਦੁਖੀ ਹੋਏ ਪ੍ਰੇਮ ਨੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਕਿਸੇ ਸਾਧ ਦੇ ਆਖੇ ਸਿਵਿਆਂ ’ਚ ਚਾਲੀ ਦਿਨ ਸਿਲ੍ਹਾ ਕੱਢਿਆ। ਬਾਪ ਨੇ ਕੁੱਟ ਕੇ ਸਮਝਾਇਆ, ‘‘ਇਨ੍ਹਾਂ ਹੱਥਾਂ ਨਾਲ ਕਾਰ ਕੀਤੇ ਬਿਨਾਂ ਨਹੀਂ ਸਰਨਾ। ਇਹ ਕੰਮ ਹਾਰੇ ਹੋਏ ਲੋਕ ਕਰਦੇ ਹਨ ਜਿਨ੍ਹਾਂ ਦੀ ਦੇਹ ’ਚ ਲਹੂ ਨਹੀਂ ਕੀੜੇ ਰੀਂਗਦੇ ਹਨ।’’ ਪ੍ਰੇਮ ਨੂੰ ਜਿਵੇਂ ਜ਼ਿੰਦਗੀ ਦੇ ਫਲਸਫ਼ੇ ਦੀ ਸਮਝ ਆ ਗਈ ਸੀ। ਉਸ ਨੇ ਸਾਰੀ ਉਮਰ ਗ਼ਰੀਬੀ ਅਤੇ ਦੁਸ਼ਵਾਰੀਆਂ ਨਾਲ ਆਢਾ ਲਾਈ ਰੱਖਿਆ।

ਪ੍ਰੇਮ ਗੋਰਖੀ ਨੇ ਬਾਪ ਨਾਲ ਅਮੀਰ ਘਰਾਂ ਦੀਆਂ ਕੋਠੀਆਂ ਨੂੰ ਸਫੈਦੀ ਕਰਨ ਲਈ ਕੂਚੀ ਚਲਾਈ। ਪੱਤਿਆਂ ਦੇ ਡੂੰਨੇ ਪੱਤਲ ਲਾਏ, ਕਾਰਖਾਨੇ ’ਚ ਢਲਾਈ ਦਾ ਔਖਾ ਕੰਮ ਕੀਤਾ, ਬਿਜਲੀ ਮਹਿਕਮੇ ਵੱਲੋਂ ਕੰਢੀ ਦੇ ਇਲਾਕੇ ’ਚ ਪਾਈਆਂ ਜਾ ਰਹੀਆਂ ਨਵੀਆਂ ਲਾਈਨਾਂ ਦੇ ਖੰਭਿਆਂ ਲਈ ਖੱਡੇ ਪੱਟੇ, ਕੁਲਫੀਆਂ ਵੇਚਣ ਦਾ ਕੰਮ ਕੀਤਾ, ਲਾਇਲਪੁਰ ਖਾਲਸਾ ਕਾਲਜ ਦੀ ਲਾਇਬਰੇਰੀ ’ਚ ਕਿਤਾਬਾਂ ਦੀ ਝਾੜ-ਪੂੰਝ ਤੇ ਸਾਂਭ ਸੰਭਾਲ ਕੀਤੀ, ਕਾਰਖਾਨਿਆਂ ’ਚ ਬੋਰੀਆਂ ਢੋਈਆਂ, ਪੈਟਰੋਲ ਪੰਪ ’ਤੇ ਰਾਤ ਦੀ ਚੌਂਕੀਦਾਰੀ ਕੀਤੀ, ਅਖ਼ਬਾਰਾਂ ’ਚ ਪਰੂਫ਼ ਰੀਡਰ ਵਜੋਂ ਕੰਮ ਕੀਤਾ। ਬਦਨਸੀਬੀ ਤੇ ਗ਼ਰੀਬੀ ਗੋਰਖੀ ਨੂੰ ਵਾਰ ਵਾਰ ਘੇਰਦੀਆਂ, ਪਰ ਉਸ ਦੀ ਇੱਛਾ ਸ਼ਕਤੀ ਬਦਨਸੀਬੀਆਂ ਨੂੰ ਧੂੰਏਂ ਦੇ ਬੱਦਲਾਂ ਵਾਂਗ ਹਵਾ ’ਚ ਉਡਾ ਦਿੰਦੀ।

ਪ੍ਰੇਮ ਗੋਰਖੀ ਨੇ ਸਮਾਜਿਕ ਵਿਤਕਰਿਆਂ ਤੇ ਵਧੀਕੀਆਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਸੀ। ਨਾਨਕੇ ਪਿੰਡ ਝੋਨੇ ਦੀ ਲਵਾਈ ਨੂੰ ਲੈ ਕੇ ਗ਼ਰੀਬ ਮਜ਼ਦੂਰਾਂ ਦੇ ਹੁੰਦੇ ਬਾਈਕਾਟ ਨੇ ਉਸ ਦੇ ਮਨ ’ਚੋਂ ਸੁਆਲ ਪੈਦਾ ਕਰਨੇ ਸ਼ੁਰੂ ਕੀਤੇ ਕਿ ਇਹ ਸਭ ਕਿਉਂ ਹੁੰਦਾ ਹੈ। ਪਿੰਡ ਦੇ ਹੀ ਇੱਕ ਪੁਲੀਸ ਟਾਊਟ ਜ਼ਿਮੀਦਾਰ ਵੱਲੋਂ ਸਾਈਕਲ ਚੋਰੀ ਦੇ ਝੂਠੇ ਕੇਸ ’ਚ ਫਸਾਉਣ ’ਤੇ ਗੋਰਖੀ ਨੂੰ ਬੇਤਹਾਸ਼ਾ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਜਿਸ ਨੇ ਉਸ ਦੇ ਅੰਦਰ ਸਮਾਜਿਕ ਵਿਵਸਥਾ ਖ਼ਿਲਾਫ਼ ਰੋਹ ਤੇ ਵਿਦਰੋਹ ਭਰ ਦਿੱਤਾ। ਅਨਪੜ੍ਹ ਬਾਪ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਸਮਝਦਾ ਸੀ। ਉਸ ਵੱਲੋਂ ਰਾਤ ਵੇਲੇ ਸੁਣਾਈਆਂ ਬਾਤਾਂ ਨੇ ਜਿੱਥੇ ਗੋਰਖੀ ਅੰਦਰ ਕਠੋਰ ਹਾਲਾਤ ’ਚ ਵੀ ਨਾ ਡੋਲਣ ਦੀ ਭਾਵਨਾ ਪੈਦਾ ਕੀਤੀ, ਉੱਥੇ ਉਸ ਅੰਦਰ ਕਹਾਣੀਆਂ ਦਾ ਬੀਅ ਵੀ ਬੀਜ ਦਿੱਤਾ।

ਆਪਣੇ ਪਿੰਡ ਲਾਡੋਵਾਲੀ ਦੇ ਸਕੂਲ ’ਚ ਪੜ੍ਹਦਿਆਂ ਪ੍ਰੇਮ ਨੂੰ ਆਪਣੇ ਜਮਾਤੀ ਆਤਮਜੀਤ ਜੋ ਕਿ ਅੱਜ ਦਾ ਵੱਡਾ ਨਾਟਕਕਾਰ ਡਾ. ਆਤਮਜੀਤ ਹੈ, ਤੋਂ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਹੋਇਆ। ਦਸਵੀਂ ਬਾਅਦ ਲਾਇਲਪੁਰ ਖਾਲਸਾ ਕਾਲਜ ਦੀ ਲਾਇਬਰੇਰੀ ’ਚ ਨੌਕਰੀ ਨੇ ਉਸ ਨੂੰ ਪੂਰੀ ਤਰ੍ਹਾਂ ਕਿਤਾਬਾਂ ਦੀ ਦੁਨੀਆਂ ਨਾਲ ਜੋੜ ਦਿੱਤਾ। ਇੱਥੇ ਹੀ ਉਸ ਨੂੰ ਅਮਰਜੀਤ ਚੰਦਨ, ਚਿਰੰਜੀਵ ਸਿੰਘ, ਸ਼ਿੰਗਾਰਾ ਸਿੰਘ ਭੁੱਲਰ, ਗੁਰਦੇਵ ਸਿੰਘ ਸਿੱਧੂ ਸਮੇਤ ਅਨੇਕਾਂ ਲੇਖਕ ਮਿਲੇ। ਪੁਲੀਸ ਕੁੱਟ ਦਾ ਝੰਭਿਆ ਕਦੇ ਉਹ ਆਤਮ ਹੱਤਿਆ ਬਾਰੇ ਸੋਚਦਾ, ਪਰ ਕਿਤਾਬਾਂ ਉਸ ਨੂੰ ਭਟਕਣ ਨਾ ਦਿੰਦੀਆਂ। ਉਸ ਦੇ ਅੰਦਰਲਾ ਗੁਬਾਰ ਸ਼ਬਦਾਂ ਦੇ ਰੂਪ ’ਚ ਸਫ਼ਿਆਂ ’ਤੇ ਫੈਲਣ ਲੱਗਾ। ਪ੍ਰੇਮ ਨਿਮਾਣਾ ਦੇ ਨਾਂ ਹੇਠ ਨਾਗਮਣੀ ’ਚ ਛਪੀ ਉਸ ਦੀ ਕਹਾਣੀ ਅਤੇ ਨਾਗਮਣੀ ਦੀ ਸੰਪਾਦਕ ਅੰਮ੍ਰਿਤਾ ਪ੍ਰੀਤਮ ਦੇ ਖ਼ਤ ਨੇ ਗੋਰਖੀ ਨੂੰ ਅੰਦਰੋਂ ਬਾਹਰੋਂ ਨੂਰ ਨਾਲ ਭਰ ਦਿੱਤਾ। ਨਾਗਮਣੀ ਦੀਆਂ ਕਹਾਣੀਆਂ ਨੇ ਹੀ ਉਸ ਨੂੰ ਪੁਲੀਸ ਵੱਲੋਂ ਬਣਾਏ ਕੇਸਾਂ ’ਚੋਂ ਅਦਾਲਤ ਵਿੱਚੋਂ ਬਰੀ ਕਰਵਾਇਆ। ਪ੍ਰੇਮ ਗੋਰਖੀ ਦੇ ਆਪਣੇ ਲਿਖਣ ਵਾਂਗ- ਅੰਮ੍ਰਿਤਾ ਦੇ ਖ਼ਤ ਅਤੇ ਨਾਗਮਣੀ ਦੀ ਕਹਾਣੀ ਨੇ ਉਸ ਨੂੰ ਕੰਡੇ ਤੋਂ ਫੁੱਲ ਬਣਾ ਦਿੱਤਾ ਸੀ।

ਪ੍ਰੇਮ ਗੋਰਖੀ ਦਾ ਮਨ ਜਦੋਂ ਵੀ ਕਦੇ ਡੋਲਦਾ, ਅੰਮ੍ਰਿਤਾ ਪ੍ਰੀਤਮ ਅਤੇ ਹੋਰ ਦੋਸਤਾਂ ਦੇ ਖ਼ਤ ਉਸ ਨੂੰ ਸਹਾਰਾ ਦਿੰਦੇ ਰਹੇ, ਇਸੇ ਕਰਕੇ ਉਹ ਖ਼ਤਾਂ ਦੀ ਮਹੱਤਤਾ ਸਮਝਦਾ ਸੀ। ਜਿੱਥੇ ਉਸ ਨੇ ਆਪਣੇ ਸਮਕਾਲੀਆਂ ਨੂੰ ਖ਼ਤ ਲਿਖੇ ਉੱਥੇ ਆਪਣੇ ਤੋਂ ਅਗਲੀ ਪੀੜ੍ਹੀ ਦਾ ਸ਼ਾਇਦ ਹੀ ਕੋਈ ਲੇਖਕ ਹੋਵੇ, ਜਿਸ ਨੂੰ ਚਿੱਠੀਆਂ ਰਾਹੀਂ ਸੇਧ ਤੇ ਹੌਂਸਲਾ ਨਾ ਦਿੱਤਾ ਹੋਵੇ। ਉਹ ਮੇਰੇ ਵਰਗਿਆਂ ਨੂੰ ਕਹਾਣੀ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਨਵੇਂ ਸੁਝਾਅ ਦਿੰਦਾ। ਉਸ ਦੇ ਖ਼ਤ ਹਰ ਤਰ੍ਹਾਂ ਦੇ ਔਖੇ ਹਾਲਾਤ ’ਚ ਵੀ ਸਾਬਤ ਰਹਿਣ ਲਈ ਪ੍ਰੇਰਨਾ ਦਿੰਦੇ, ‘‘ਤੇਰੇ ਆਉਣ ਦਾ ਪਤਾ ਲੱਗਾ, ਅਫ਼ਸੋਸ ਆਪਣਾ ਮੇਲ ਨਹੀਂ ਹੋ ਸਕਿਆ। ਤੇਰੇ ਵਿਆਹ ਦਾ ਕੀ ਬਣਿਆ? ਗੱਲ ਸਿਰੇ ਲੱਗੀ ਜਾਂ ਨਹੀਂ? ਕਿਸੇ ਗੱਲ ਤੋਂ ਡੋਲੀਦਾ ਨਹੀਂ ਹੁੰਦਾ, ਔਖੇ ਵਕਤ ਦਾ ਤਕੜੇ ਹੋ ਕੇ ਸਾਹਮਣਾ ਕਰੀਦਾ।’’

ਪ੍ਰੇਮ ਗੋਰਖੀ ਨੇ ਸ਼ੁਰੂ-ਸ਼ੁਰੂ ’ਚ ਪ੍ਰੇਮ ਨਿਮਾਣਾ ਦੇ ਕਲਮੀ ਨਾਂ ਹੇਠ ਕਹਾਣੀਆਂ ਛਪਵਾਈਆਂ ਸਨ। ਇੱਕ ਨੇਪਾਲਣ ਕੁੜੀ ‘ਗੋਰਖੀ’ ਦੀ ਖ਼ਾਮੋਸ਼ ਮੁਹੱਬਤ ਸਦਕਾ ਉਸ ਨੇ ਆਪਣਾ ਤਖ਼ੱਲਸ ‘ਨਿਮਾਣਾ’ ਤੋਂ ‘ਗੋਰਖੀ’ ਕਰ ਲਿਆ। ਹੁਣ ਉਹ ਪ੍ਰੇਮ ਨਿਮਾਣਾ ਤੋਂ ਪ੍ਰੇਮ ਗੋਰਖੀ ਬਣ ਕੇ ਸਾਹਿਤਕ ਅੰਬਰ ’ਤੇ ਉੱਚੀਆਂ ਉਡਾਰੀਆਂ ਭਰਨ ਲੱਗਾ। ਉਸ ਸਮੇਂ ਦੇ ਸਾਰੇ ਚਰਚਿਤ ਮੈਗਜ਼ੀਨਾਂ ਜਿਵੇਂ ਕਵਿਤਾ, ਹੇਮ ਜਯੋਤੀ, ਰੋਹਲੇ ਬਾਣ, ਨਾਗਮਣੀ, ਲਕੀਰ, ਸਰਦਲ ਤੇ ਸਿਰਜਣਾ ’ਚ ਕਹਾਣੀਆਂ ਛਪਣ ਲੱਗੀਆਂ। ਕਹਾਣੀਆਂ ਦੀ ਪਹਿਲੀ ਕਿਤਾਬ ‘ਜੀਣ ਮਰਣ’ ਛਪੀ ਤਾਂ ਸਾਹਿਤਕ ਹਲਕਿਆਂ ’ਚ ਭਰਵੀਂ ਚਰਚਾ ਛਿੜੀ। ਨਾਵਲੈੱਟ ‘ਤਿੱਤਰ ਖੰਭੀ ਜੂਹ’ ਬਰਜਿੰਦਰ ਸਿੰਘ ਹਮਦਰਦ ਦੀ ਸੰਪਾਦਨਾ ’ਚ ਛਪਦੇ ਸਾਹਿਤਕ ਮੈਗਜ਼ੀਨ ’ਚ ਛਪਿਆ ਤਾਂ ਚਾਰ ਚੁਫ਼ੇਰੇ ਉਸ ਦੇ ਨਾਂ ਦੀ ਚਰਚਾ ਹੋਣ ਲੱਗੀ। ਆਪਣੇ ਸਮਕਾਲੀ ਕਹਾਣੀਕਾਰ ਦੋਸਤਾਂ ਕਿਰਪਾਲ ਕਜ਼ਾਕ, ਨਛੱਤਰ, ਸੁਰਿੰਦਰ ਸ਼ਰਮਾ, ਮੁਖਤਾਰ ਗਿੱਲ, ਗੁਰਚਰਨ ਚਾਹਲ ਭੀਖੀ, ਰਾਮ ਸਰੂਪ ਅਣਖੀ, ਮੋਹਨ ਭੰਡਾਰੀ, ਦਲਬੀਰ ਚੇਤਨ ਅਤੇ ਮੁਖਤਿਆਰ ਸਿੰਘ ਵਰਗਿਆਂ ਨਾਲ ਰਲ ਕੇ ‘ਦੀਵਾ ਬਲੇ ਸਾਰੀ ਰਾਤ’ ਨਾਂ ਹੇਠ ਪ੍ਰੋਗਰਾਮ ਵਿੱਢੇ। ਸਾਰੀ ਰਾਤ ਕਹਾਣੀਆਂ ’ਤੇ ਨਿੱਠ ਕੇ ਚਰਚਾ ਹੁੰਦੀ। ਲੇਖਕ ਬੇਲਿਹਾਜ਼ ਹੋ ਕੇ ਇੱਕ ਦੂਜੇ ਦੀ ਕਹਾਣੀ ਦੀ ਚੀਰਫਾੜ ਕਰਦੇ। ਇਹ ਪੰਜਾਬੀ ਕਹਾਣੀ ਦਾ ਸੁਨਹਿਰਾ ਦੌਰ ਸੀ। ਪ੍ਰੇਮ ਗੋਰਖੀ ਕਹਾਣੀਆਂ ਦੀਆਂ ਰਾਤਾਂ ਦਾ ਮੁੱਖ ਧੁਰਾ ਹੁੰਦਾ ਸੀ। ਉਹ ਪੋਸਟ ਕਾਰਡ ਲਿਖ ਕੇ ਲੇਖਕਾਂ ਅਤੇ ਵਿਦਵਾਨਾਂ ਨੂੰ ਕਹਾਣੀ ਵਾਲੀ ਰਾਤ ’ਚ ਸ਼ਾਮਲ ਹੋਣ ਦੀ ਦਾਅਵਤ ਦਿੰਦਾ। ਵਰਿਆਮ ਸੰਧੂ ਅਤੇ ਲਾਲ ਸਿੰਘ ਸਮੇਤ ਅਨੇਕਾਂ ਵੱਡੇ ਵੱਡੇ ਲੇਖਕ ਗੋਰਖੀ ਦੇ ਪ੍ਰੇਮ ਮੋਹ ’ਚ ਬੱਝੇ ਸਮਾਗਮ ’ਚ ਕਹਾਣੀਆਂ ਪੜ੍ਹਨ ਲਈ ਆਉਂਦੇ ਰਹੇ। ਨਵੇਂ ਪੁਰਾਣੇ ਲੇਖਕਾਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ।

ਚੰਡੀਗੜ੍ਹ ਤੋਂ ਨਵਾਂ ਪੰਜਾਬੀ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਨਿਕਲਣ ਲੱਗਾ ਤਾਂ ਪ੍ਰੇਮ ਗੋਰਖੀ ਬਤੌਰ ਪਰੂਫ਼ ਰੀਡਰ ਨੌਕਰੀ ਕਰਨ ਲਈ ਆ ਗਿਆ। ਗੋਰਖੀ ਦੀ ਥੁੜੀ ਟੁੱਟੀ ਆਰਥਿਕਤਾ ਨੂੰ ਕੁਝ ਠੁੰਮਣਾ ਮਿਲਿਆ। ਉਸ ਕੋਲ ਉਡਾਰੀਆਂ ਭਰਨ ਲਈ ਹੁਣ ਨਵਾਂ ਅੰਬਰ ਸੀ। ਰੋਜ਼ੀ ਰੋਟੀ ਦੇ ਚੱਕਰਾਂ ’ਚੋਂ ਵਿਹਲ ਮਿਲੀ ਤਾਂ ਕਲਮ ਛੋਹਲੇ ਕਦਮੀ ਤੁਰਨ ਲੱਗੀ। ਕਿਤਾਬਾਂ ਛਪਣ ਲੱਗੀਆਂ- ਚਰਚਾ ਹੋਣ ਲੱਗੀ। ਗੋਰਖੀ ਦੇ ਰੂਬਰੂ ਹੋਣ ਲੱਗੇ। ਸਾਹਿਤ ਸਭਾਵਾਂ ’ਚ ਬੁਲਾਇਆ ਜਾਣ ਲੱਗਾ। ਵੱਡੇ ਲੇਖਕਾਂ ਅਤੇ ਆਲੋਚਕਾਂ ਵੱਲੋਂ ਸੰਪਾਦਿਤ ਕੀਤੇ ਜਾਣ ਵਾਲੇ ਕਥਾ ਸੰਗ੍ਰਹਿਆਂ ’ਚ ਉਸ ਦੀਆਂ ਕਹਾਣੀਆਂ ਨੂੰ ਸ਼ਾਮਲ ਕੀਤਾ ਜਾਣ ਲੱਗਾ। ਉਸ ਨੂੰ ਦਲਿਤ ਲੋਕਾਂ ਦੀ ਮਾਨਸਿਕਤਾ ਨੂੰ ਚਿਤਰਨ ਵਾਲਾ ਕਹਾਣੀਕਾਰ ਕਿਹਾ ਜਾਣ ਲੱਗਾ।

ਪ੍ਰੇਮ ਗੋਰਖੀ ਨੇ ‘ਗ਼ੈਰ-ਹਾਜ਼ਿਰ ਆਦਮੀ’ ਦੇ ਸਿਰਲੇਖ ਹੇਠ ਨਾਗਮਣੀ ’ਚ ਸਵੈ-ਬਿਰਤਾਂਤਕ ਕਾਲਮ ਲਿਖਿਆ ਜੋ ਦੇਰ ਬਾਅਦ ਜਾ ਕੇ ਪੁਸਤਕ ਰੂਪ ’ਚ ਛਪਿਆ। ਇਹ ਪਿੰਡਾਂ/ਸ਼ਹਿਰਾਂ ਦੇ ਤੰਗੀਆਂ ਤੁਰਸ਼ੀਆਂ ਹੰਢਾਉਂਦੇ ਅਤੇ ਬੇਇਨਸਾਫ਼ੀਆਂ ਦੇ ਸ਼ਿਕਾਰ ਸਾਧਾਰਨ ਬੰਦੇ ਦੀ ਸਵੈ-ਜੀਵਨੀ ਹੈ ਜਿਸ ਵਿੱਚ ਗੋਰਖੀ ਨੇ ਆਪਣੇ ਆਪ ਨੂੰ ਬਿਨਾ ਕਿਸੇ ਪਰਦੇ ਤੋਂ ਪੇਸ਼ ਕੀਤਾ ਹੈ। ਗੋਰਖੀ ਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਸੀ। ‘ਗ਼ੈਰ ਹਾਜ਼ਿਰ ਆਦਮੀ’ ਇਕ ਸਾਧਾਰਨ  ਮਨੁੱਖ ਦੀ ਸਾਧਾਰਨਤਾ ਦੀ ਬਾਤ ਸੀ। ਬਲਦੇਵ ਸਿੰਘ ਦੇ ਕਾਲਮ ‘ਸੜਕਨਾਮਾ’ ਵਾਂਗ ਗੋਰਖੀ ਦਾ ‘ਗ਼ੈਰ-ਹਾਜ਼ਿਰ ਆਦਮੀ’ ਕਾਲਮ ਵੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਾਲਮ ਸੀ।

ਪ੍ਰੇਮ ਗੋਰਖੀ ਇੱਕ ਨਫ਼ੀਸ ਇਨਸਾਨ ਸੀ। ਉਹ ਯਾਰੀਆਂ ਨਿਭਾਉਣੀਆਂ ਜਾਣਦਾ ਸੀ। ਉਸ ਕੋਲ ਯਾਰਾਂ ਦਾ ਵੱਡਾ ਘੇਰਾ ਸੀ ਜਿਹੜੇ ਔਖੇ ਵੇਲੇ ਉਸ ਨੂੰ ਬਾਹਾਂ ਦੇ ਘੇਰੇ ’ਚ ਲੈ ਲੈਂਦੇ। ਲੋੜ ਵੇੇਲੇ ਦਲਬੀਰ ਚੇਤਨ ਹਾਜ਼ਰ ਹੋ ਜਾਂਦਾ। ਨਛੱਤਰ ਕੋਲ ਕਈ ਕਈ ਦਿਨ ਰਹਿ ਆਉਂਦਾ। ਬਹੁ-ਚਰਚਿਤ ਨਾਵਲੈੱਟ ‘ਤਿੱਤਰ ਖੰਭੀ ਜੂਹ’ ਉਸ ਨੇ ਕਿਰਪਾਲ ਕਜ਼ਾਕ ਕੋਲ ਰਹਿ ਕੇ ਲਿਖਿਆ। ‘ਬੁੱਢੀ ਰਾਤ ਤੇ ਸੂਰਜ’ ਸਿੱਧੂ ਦਮਦਮੀ ਕੋਲ ਅਨੰਦਪੁਰ ਰਹਿ ਕੇ ਨੇਪਰੇ ਚਾੜ੍ਹਿਆ। ਸ਼ਾਹਕਾਰ ਕਹਾਣੀ ‘ਇੱਕ ਟਿਕਟ ਰਾਮਪੁਰਾ ਫੂਲ’ ਰੇਲਵੇ ਮਹਿਕਮੇ ਵਾਲੇ ਯਾਰ ਸੁਰਿੰਦਰ ਸ਼ਰਮਾ ਕੋਲ ਬਨਾਰਸ ਘੁੰਮਣ ਗਏ ਨੇ ਲਿਖੀ। ਉਦਾਸ ਹੁੰਦਾ ਤਾਂ ਕਈ ਵਾਰ ਮੁਖਤਾਰ ਗਿੱਲ ਕੋਲ ਪ੍ਰੀਤ ਨਗਰ ਰਹਿ ਆਉਂਦਾ। ਉਸ ਦੇ ਸੈਕਟਰ 29 ਡੀ ਟ੍ਰਿਬਿਊਨ ਕਾਲੋਨੀ ਵਾਲੇ ਘਰ ਨਵੇਂ ਪੁਰਾਣੇ ਲੇਖਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ।

ਪ੍ਰੇਮ ਗੋਰਖੀ ਨੇ ਦੁਆਬੇ ਦੇ ਦਲਿਤ ਲੋਕਾਂ ਅੰਦਰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਿੰਨੀ ਸਹਿਜਤਾ ਅਤੇ ਸੂਖ਼ਮਤਾ ਨਾਲ ਲਿਖਿਆ, ਸ਼ਾਇਦ ਹੋਰ ਕੋਈ ਲੇਖਕ ਨਾ ਲਿਖ ਸਕਿਆ ਹੋਵੇ। ਉਸ ਨੇ ‘ਜੀਣ ਮਰਣ’, ‘ਮਿੱਟੀ ਰੰਗੇ ਲੋਕ’, ‘ਅਰਜਨ ਸਫੈਦੀ ਵਾਲਾ’, ‘ਧਰਤੀ ਪੁੱਤਰ’ ਅਤੇ ‘ਜਨਰੇਸ਼ਨ ਗੈੱਪ’ ਕਹਾਣੀ ਸੰਗ੍ਰਹਿ ਅਤੇ ‘ਤਿਤਰ ਖੰਭੀ ਜੂਹ’, ‘ਵਣਵੇਲਾ’, ‘ਬੁੱਢੀ ਰਾਤ ਤੇ ਸੂਰਜ’ ਨਾਵਲੈੱਟ ਪਾਠਕਾਂ ਦੀ ਝੋਲੀ ਪਾਏ। ਭੇਤੀ ਬੰਦੇ, ਵਿੱਥ, ਜੀਣ ਮਰਣ, ਆਪਣਾ ਅੱਧ, ਇੱਕ ਟਿਕਟ ਰਾਮਪੁਰਾ ਫੂਲ, ਕੰਡਾ, ਬਚਨਾ ਬੱਕਰਵੱਢ, ਅਰਜਨ ਸਫੈਦੀ ਵਾਲਾ, ਜੜ੍ਹ ਸੰਸਕਾਰ, ਆਖਰੀ ਕਾਨੀ ਅਤੇ ਧੀਆਂ ਵਰਗੀਆਂ ਸ਼ਾਹਕਾਰ ਕਹਾਣੀਆਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਜੋ ਗੋਰਖੀ ਨੂੰ ਹਮੇਸ਼ਾ ਜ਼ਿੰਦਾ ਰੱਖਣਗੀਆਂ।

ਕੁਝ ਸਾਲ ਪਹਿਲਾਂ ਉਸ ਦਾ ਭਿਆਨਕ ਐਕਸੀਡੈਂਟ ਹੋਇਆ। ਜਾਨ ਤਾਂ ਬਚ ਗਈ, ਪਰ ਸਿਰ ਦੀ ਸੱਟ ਨੇ ਉਸ ਨੂੰ ਸਾਵਾਂ ਨਾ ਰਹਿਣ ਦਿੱਤਾ। ਉਸ ਦੀਆਂ ਸਰਗਰਮੀਆਂ ’ਚ ਪਹਿਲਾਂ ਜਿਹਾ ਤਿੱਖਾਪਣ ਨਾ ਰਿਹਾ। ਕੁਝ ਠੀਕ ਹੋਇਆ ਤਾਂ ਪੰਜਾਬੀ ਟ੍ਰਿਬਿਊਨ ’ਚ ‘ਕਹਾਣੀਆਂ ਵਰਗੇ ਲੋਕ’ ਲਿਖਣ ਲੱਗਾ। ਉਸ ਦੀ ਕਲਮ ਰਵਾਂ ਹੋਣ ਲੱਗੀ। ਪ੍ਰਕਾਸ਼ਕ ਉਸ ਦੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਛਾਪਣ ਲਈ ਅਹੁਲਣ ਲੱਗੇ। ਗੋਰਖੀ ਦੇ ਯਾਰਾਂ ਨੂੰ ਆਸ ਬੱਝੀ ਕਿ ਉਸ ਨੂੰ ਅਣਗੌਲਿਆਂ ਕਰਨ ਵਾਲੀਆਂ ਵੱਡੀਆਂ ਸੰਸਥਾਵਾਂ ਛੇਤੀ ਆਪਣੀ ਭੁੱਲ ਸੁਧਾਰ ਲੈਣਗੀਆਂ। ਸਭ ਕੁਝ ਠੀਕ ਹੋ ਰਿਹਾ ਸੀ ਕਿ ਕੁਝ ਵੀ ਠੀਕ ਨਾ ਰਿਹਾ। ਗੋਰਖੀ ਅਣਦੱਸੇ ਰਾਹਾਂ ’ਤੇ ਤੁਰ ਗਿਆ।

ਅਫ਼ਸੋਸ ਹੁਣ ਫੋਨ ’ਤੇ ਉਸ ਦੀ ਪਿਆਰੀ ਤੇ ਗੜਕਵੀਂ ਆਵਾਜ਼, ‘‘ਕੈਸੇ ਹੋ ਪਿਆਰਿਓ? ਲਿਖੀ ਕੋਈ ਨਵੀਂ ਕਹਾਣੀ?’’ ਸੁਨਣ ਨੂੰ ਨਹੀਂ ਮਿਲੇਗੀ। ਗੋਰਖੀ ਆਪਣੇ ਪਿੱਛੇ ਵੱਡਾ ਖਲਾਅ ਛੱਡ ਗਿਆ ਹੈ।

ਸੰਪਰਕ: 98726-40994

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All