2020: ਹਰਿਆਣੇ ਦਾ ਪੰਜਾਬੀ ਸਾਹਿਤ

2020: ਹਰਿਆਣੇ ਦਾ ਪੰਜਾਬੀ ਸਾਹਿਤ

ਡਾ. ਨਿਸ਼ਾਨ ਸਿੰਘ ਰਾਠੌਰ

ਪੰਜਾਬੀ ਸਾਹਿਤ ਜਗਤ ਵਿਚ ਹਰ ਸਾਲ ਬਹੁਤ ਸਾਰੀਆਂ ਨਵੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨ। ਕੁਝ ਪੁਸਤਕਾਂ ਆਮ ਪਾਠਕਾਂ ਦੇ ਹੱਥਾਂ ਤੀਕ ਪਹੁੰਚਦੀਆਂ ਹਨ ਅਤੇ ਕੁਝ ਲੇਖਕਾਂ ਦੀਆਂ ਅਲਮਾਰੀਆਂ ਦਾ ਸ਼ਿੰਗਾਰ ਬਣ ਜਾਂਦੀਆਂ ਹਨ। ਅਜੋਕੇ ਦੌਰ ਵਿਚ ਬਹੁਤੀਆਂ ਪੁਸਤਕਾਂ ਸਾਹਿਤ ਦੀ ਲੰਮੀ ਸੂਚੀ ਵਿਚ ਗੁੰਮ ਹੋ ਜਾਂਦੀਆਂ ਹਨ, ਪਰ ਕੁਝ ਮੁੱਲਵਾਨ ਪੁਸਤਕਾਂ, ਜਿਨ੍ਹਾਂ ਲਈ ਲੇਖਕਾਂ ਨੇ ਲੰਮਾ ਸੰਘਰਸ਼ ਅਤੇ ਘਾਲਣਾ ਘਾਲੀ ਹੁੰਦੀ ਹੈ, ਆਮ ਪਾਠਕਾਂ ਵਿਚ ਹਰਮਨ ਪਿਆਰੀਆਂ ਹੋ ਨਿਬੜਦੀਆਂ ਹਨ। ਪੁਸਤਕ ਸੱਭਿਆਚਾਰ ਵਿਚ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ। ਇਸ ਵਰਤਾਰੇ ਵਿਚ ਕਿਸੇ ਤਰ੍ਹਾਂ ਵੀ ਅਚੰਭੇ ਵਾਲੀ ਗੱਲ ਨਹੀਂ।

ਇਸ ਸੰਦਰਭ ਵਿਚ ‘ਹਰਿਆਣਵੀ ਪੰਜਾਬੀ ਲੇਖਕਾਂ ਵੱਲੋਂ ਸਾਲ 2020 ਵਿਚ ਲਿਖੀਆਂ ਪੁਸਤਕਾਂ ਦਾ ਸਾਹਿਤਕ ਵਿਸ਼ਲੇਸ਼ਣ’ ਕਰਨਾ ਵਾਜਬ ਹੈ। ਇਨ੍ਹਾਂ ਵਿਚੋਂ ਵੀ ਸਿਰਫ਼ ਹਰਿਆਣੇ ਦੇ ਲੇਖਕਾਂ ਦੀ ਗੱਲ ਕਰ ਸਕਦੇ ਹਾਂ। ਇਹ ਵਰ੍ਹਾ ਭਾਵੇਂ ਕੋਵਿਡ-19 ਕਰਕੇ ਬਹੁਤੀਆਂ ਸਾਹਿਤਕ ਗਤੀਵਿਧੀਆਂ ਵਾਲਾ ਨਹੀਂ ਰਿਹਾ, ਫਿਰ ਵੀ ਕੁਝ ਹਰਿਆਣਵੀ ਪੰਜਾਬੀ ਲੇਖਕਾਂ ਨੇ ਇਸ ਸੰਕਟ ਕਾਲ ਦੌਰਾਨ ਵੀ ਆਪਣੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਸੰਖੇਪ ਵਰਣਨ ਇਸ ਤਰ੍ਹਾਂ ਹੈ:

ਦਰਸ਼ਨ ਸਿੰਘ ਸ਼ਾਹਬਾਦ ਦੀ ਪੁਸਤਕ ‘ਅੱਧੀ ਵਾਟ ਦਾ ਸਫ਼ਰ’ ਸਾਲ 2020 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਕਵਿਤਾਵਾਂ ਅਤੇ ਲੇਖ ਦੋਵੇਂ ਹੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦਾ ਪਾਠ ਕਰਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਲੇਖਕ ਦਰਸ਼ਨ ਸਿੰਘ ਨੇ ਆਪਣੇ ਵਿਆਹੁਤਾ ਜੀਵਨ ਦੇ ਸਫ਼ਰ ਨੂੰ ਅੱਖਰੀ ਰੂਪ ਪ੍ਰਦਾਨ ਕੀਤਾ ਹੈ। ਇਸ ਪੁਸਤਕ ਵਿਚ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੇ ਸੰਘਰਸ਼ਮਈ ਜੀਵਨ ਦੀਆਂ ਗੱਲਾਂ ਪੜ੍ਹਣ ਨੂੰ ਮਿਲਦੀਆਂ ਹਨ। ਸਮੁੱਚੀ ਪੁਸਤਕ ਵਿਚ ਉਨ੍ਹਾਂ ਦੇ ਨਿੱਜੀ ਜੀਵਨ ਨੂੰ ਸਾਹਿਤਕ ਰੰਗਤ ਨਾਲ ਪੇਸ਼ ਕੀਤਾ ਗਿਆ ਹੈ। ਦਰਸ਼ਨ ਸਿੰਘ ਦੀਆਂ ਹੁਣ ਤੱਕ ਚਾਰ ਪੁਸਤਕਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਉਹ ਅਖ਼ਬਾਰਾਂ/ ਰਸਾਲਿਆਂ ਵਿਚ ਅਕਸਰ ਹੀ ਲਿਖਦੇ ਰਹਿੰਦੇ ਹਨ। ਅੱਜਕੱਲ੍ਹ ਕੁਰੂਕਸ਼ੇਤਰ ਦੇ ਕਸਬੇ ਸ਼ਾਹਬਾਦ ਵਿਖੇ ਰਹਿ ਰਹੇ ਹਨ।

ਰਜਵੰਤ ਕੌਰ ਪ੍ਰੀਤ ਦਾ ਪਲੇਠਾ ਕਹਾਣੀ-ਸੰਗ੍ਰਹਿ ‘ਮਸਲੇ ਨੈਣਾਂ ਦੇ’ ਅਗਸਤ 2020 ਵਿਚ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਸੀ। ਇਸ ਕਹਾਣੀ-ਸੰਗ੍ਰਹਿ ਵਿਚ ਕੁੱਲ 20 ਨਿੱਕੀਆਂ-ਵੱਡੀਆਂ ਕਹਾਣੀਆਂ ਸ਼ਾਮਲ ਹਨ ਜਿਨ੍ਹਾਂ ਵਿਚ ਔਰਤ ਮਨ ਦੇ ਵਿਭਿੰਨ ਸਰੋਕਾਰਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਲੇਖਿਕਾ ਨੇ ਕਿਸਾਨਾਂ ਦੇ ਦੁੱਖਾਂ-ਦਰਦਾਂ ਨੂੰ ਵੀ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਸ਼ਹਿਰੀ ਮੱਧਵਰਗ ਦੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਵੀ ਪੇਸ਼ ਕਰਕੇ ਰਜਵੰਤ ਕੌਰ ਪ੍ਰੀਤ ਨੇ ਆਪਣਾ ਕਹਾਣੀਕਾਰ ਹੋਣ ਦਾ ਫ਼ਰਜ਼ ਨਿਭਾਇਆ ਹੈ। ਉਹ ਹਰਿਆਣੇ ਦੇ ਅੰਬਾਲਾ ਦੀ ਜੰਮਪਲ ਹੈ। ‘ਸ਼ਾਹਪੁਰ’ ਪਿੰਡ ਦੀ ਇਹ ਕੁੜੀ ਪੰਜਾਬ ’ਚ ਵਿਆਹੀ ਗਈ। ਪਰ! ਨੌਕਰੀ ਅੱਜਕੱਲ੍ਹ ਦਿੱਲੀ ਵਿਚ ਕਰ ਰਹੀ ਹੈ। ਇਸ ਲਈ ਰਜਵੰਤ ਕੌਰ ਪ੍ਰੀਤ ਨੂੰ ਹਰਿਆਣਵੀ, ਪੰਜਾਬੀ ਅਤੇ ਦਿੱਲੀ ਦੇ ਸ਼ਹਿਰੀ ਜੀਵਨ ਦੀ ਗੂੜ੍ਹੀ ਜਾਣਕਾਰੀ ਹੈ। ਇਸ ਲਈ ਉਸ ਦੀਆਂ ਕਹਾਣੀਆਂ ਵਿਚ ਕਿਸਾਨੀ ਮੁੱਦਿਆਂ ਦੀ ਪੇਸ਼ਕਾਰੀ ਵੀ ਹੁੰਦੀ ਹੈ ਅਤੇ ਸ਼ਹਿਰੀ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਗਿਆ ਹੁੰਦਾ ਹੈ। ਰਜਵੰਤ ਕੌਰ ਪ੍ਰੀਤ ਕਿੱਤੇ ਵੱਜੋਂ ਦਿੱਲੀ ਵਿਚ ਪੰਜਾਬੀ ਅਧਿਆਪਕਾ ਦਾ ਫ਼ਰਜ਼ ਨਿਭਾ ਰਹੀ ਹੈ।

ਡਾ. ਸੁਖਦਰਸ਼ਨ ਗਾਸੋ ਦੀ ਸਮੀਖਿਆ ਦੀ ਪੁਸਤਕ ‘ਸ੍ਰੀ ਗੁਰੂ ਨਾਨਕ ਦੇਵ: ਬਾਣੀ ਤੇ ਵਿਚਾਰ’ ਵੀ 2020 ਵਿਚ ਪ੍ਰਕਾਸ਼ਿਤ ਹੋਈ। ਹਰਿਆਣੇ ਦੇ ਸ਼ਹਿਰ ਅੰਬਾਲਾ ਕੈਂਟ ’ਚ ਰਹਿੰਦੇ ਡਾ. ਸੁਖਦਰਸ਼ਨ ਗਾਸੋ ਪੰਜਾਬੀ ਸਾਹਿਤ ਦੇ ਵੱਡੇ ਅਤੇ ਸਥਾਪਤ ਕਲਮਕਾਰ ਹਨ। ਉਹ ਮਹਿਜ਼ ਹਰਿਆਣੇ ਦੇ ਪੰਜਾਬੀ ਸਾਹਿਤ ਦੇ ਹੀ ਕਲਮਕਾਰ ਨਹੀਂ ਸਗੋਂ ਮੁੱਖਧਾਰਾ ਦੇ ਪੰਜਾਬੀ ਸਾਹਿਤ ਜਗਤ ਵਿਚ ਉਨ੍ਹਾਂ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਇਸ ਪੁਸਤਕ ਵਿਚ ਡਾ. ਗਾਸੋ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚਲੇ ਸੰਕਲਪ ਨੂੰ ਨਵੇਂ ਰੂਪ ਵਿਚ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਇਹ ਸਮੀਖਿਆ ਪੁਸਤਕ ਪੰਜਾਬੀ ਸਾਹਿਤ ਦੇ ਨਵੇਂ ਖੋਜ ਵਿਦਿਆਰਥੀਆਂ ਲਈ ਲਾਹੇਵੰਦ ਦਸਤਾਵੇਜ਼ ਸਾਬਿਤ ਹੋਵੇਗੀ। ਡਾ. ਸੁਖਦਰਸ਼ਨ ਗਾਸੋ ਕਿੱਤੇ ਵੱਜੋਂ ਪੰਜਾਬੀ ਪ੍ਰੋਫ਼ੈਸਰ ਹਨ ਅਤੇ ਅੱਜਕਲ੍ਹ ਜੀ.ਐੱਮ.ਐੱਨ. ਕਾਲਜ ਅੰਬਾਲਾ ਵਿਖੇ ਪੜ੍ਹਾ ਰਹੇ ਹਨ।

ਕਰਨਾਲ ਦੇ ਸ਼ਾਇਰ ਗੁੱਲੂ ਅੱਛਣਪੁਰੀਆ ਦੀ ਦੂਜੀ ਕਾਵਿ-ਪੁਸਤਕ ‘ਇੱਕੋ ਵਰਗੀ ਗੱਲ’ ਨਵੰਬਰ 2020 ਵਿਚ ਪ੍ਰਕਾਸ਼ਿਤ ਹੋਈ। ਇਸ ਵਿਚ ਕੁੱਲ 75 ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਗੁੱਲੂ ਅੱਛਣਪੁਰੀਏ ਦੀ ਸ਼ਾਇਰੀ ਦਾ ਗੁਣ ਇਹ ਹੈ ਕਿ ਉਹ ਸੌਖੇ ਸ਼ਬਦਾਂ ਵਿਚ ਪਾਠਕਾਂ ਦੇ ਮਨ ਨੂੰ ਟੁੰਬ ਲੈਣ ਦਾ ਹੁਨਰ ਰੱਖਦਾ ਹੈ। ਗੁੱਲੂ ਦੀ ਸ਼ਾਇਰੀ ਉੱਪਰ ਪਾਕਿਸਤਾਨੀ ਸ਼ਾਇਰੀ ਦਾ ਪ੍ਰਭਾਵ ਸਾਫ਼ ਵੇਖਿਆ ਜਾ ਸਕਦਾ ਹੈ। ਅਸਲ ਵਿਚ ਗੁੱਲੂ ਦਾ ਪਿਛੋਕੜ ਵੀ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ। ਉਸ ਦੇ ਵੱਡੇ- ਵਡੇਰੇ 1947 ਦੀ ਵੰਡ ਵੇਲੇ ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਤੋਂ ਉੱਠ ਕੇ ਇੱਧਰ ਆ ਕੇ ਵੱਸੇ ਸਨ। ਉਸ ਦੀਆਂ ਗ਼ਜ਼ਲਾਂ ਵਿਚ ਪੇਂਡੂ ਸੱਭਿਆਚਾਰ ਦੇ ਪ੍ਰਤੱਖ ਦਰਸ਼ਨ ਕੀਤੇ ਜਾ ਸਕਦੇ ਹਨ। ਉਸ ਦੀਆਂ ਗ਼ਜ਼ਲਾਂ ਦਾ ਵਿਸ਼ਾ ਜਿੱਥੇ ਪੇਂਡੂ ਧਰਾਤਲ ਵਾਲਾ ਹੈ ਉੱਥੇ ਹੀ ਗੁਆਚ ਚੁੱਕੇ ਪੰਜਾਬੀ ਸ਼ਬਦ ਵੀ ਉਸ ਦੀ ਸ਼ਾਇਰੀ ਵਿੱਚੋਂ ਪੜ੍ਹਣ ਨੂੰ ਮਿਲ ਜਾਂਦੇ ਹਨ। ਉਹ ਕਰਨਾਲ ਵਿਖੇ ਰਹਿ ਰਿਹਾ ਹੈ।

ਸੁਖਬੀਰ ਸ਼ਰਮਾ ਦੀ ਆਲੋਚਨਾ ਪੁਸਤਕ ‘ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਇੱਕ ਅਧਿਐਨ’ ਵੀ 2020 ਵਿਚ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਹੱਥਾਂ ਵਿਚ ਆਈ। ਸੁਖਬੀਰ ਸ਼ਰਮਾ ਹਿੰਦੀ ਮਾਧਿਅਮ ਰਾਹੀਂ ਪੜ੍ਹਿਆ ਲੇਖਕ ਹੈ। ਪਰ! ਪੰਜਾਬੀ ਜ਼ੁਬਾਨ ਨੂੰ ਉਹ ਅੰਤਾਂ ਦਾ ਪਿਆਰ ਕਰਨ ਵਾਲਾ ਸ਼ਖ਼ਸ ਹੈ। ਇਸ ਪੁਸਤਕ ਵਿਚ ਉਸ ਨੇ ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਨੂੰ ਬਹੁਤ ਬਾਰੀਕ ਨਜ਼ਰ ਨਾਲ ਘੋਖ ਕੇ ਨਵੇਂ ਅਰਥ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਇਹ ਕਾਰਜ ਕਵਿਤਾ ਜਾਂ ਗ਼ਜ਼ਲ ਦੀ ਸਿਰਜਣਾ ਨਾਲੋਂ ਔਖਾ ਅਤੇ ਮੁਸ਼ਕਿਲਾਂ ਭਰਿਆ ਹੈ। ਪਰ! ਸੁਖਬੀਰ ਸ਼ਰਮਾ ਨੇ ਸਖ਼ਤ ਘਾਲਣਾ ਘਾਲ ਕੇ ਹਰਿਆਣੇ ਦੇ ਪੰਜਾਬੀ ਲੇਖਕਾਂ ਵਿਚ ਆਪਣਾ ਨਾਮ ਲਿਖਵਾਇਆ ਹੈ। ਹਰਿਆਣੇ ਦੇ ਜ਼ਿਲ੍ਹੇ ਸਿਰਸਾ ਦੇ ਵਸਨੀਕ ਸ਼ਾਇਰਾ ਕੁਲਵੰਤ ਕੌਰ ਸੰਧੂ ਦਾ ਪਲੇਠਾ ਲੋਕ-ਗੀਤਾਂ ਦਾ ਸੰਗ੍ਰਹਿ ‘ਕਿਤੇ ਮਿਲ ਨੀਂ ਮਾਏਂ’ ਮਾਰਚ 2020 ਵਿਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਵਿਚ ਵਿਆਹ ਮੌਕੇ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਬੜੀ ਖ਼ੂਬਸੂਰਤੀ ਨਾਲ ਸਾਂਭਿਆ ਗਿਆ ਹੈ। ਪੁਸਤਕ ਵਿਚ ਵਿਆਹ ਮੌਕੇ ਗਾਈਆਂ ਜਾਣ ਵਾਲੀਆਂ ਘੋੜੀਆਂ 32, ਮੁੰਡੇ ਦੇ ਵਿਆਹ ਦੇ ਗੀਤ 16, ਨਾਨਕਾ ਮੇਲ, ਟੱਪੇ, ਜਾਗੋ ਦੇ ਗੀਤ, ਸਿੱਠਣੀਆਂ, ਬੋਲੀਆਂ, ਗਿੱਧੇ ਦੇ ਗੀਤ, ਸੁਹਾਗ 22 ਅਤੇ ਵਿਆਹ ਤੋਂ ਬਿਨਾਂ ਗਾਏ ਜਾਣ ਵਾਲੇ ਗੀਤ 52, ਢੋਲਕੀ ’ਤੇ ਗਾਏ ਜਾਣ ਵਾਲੇ ਗੀਤ 22, ਜੀਜੇ ਨੂੰ ਸਿੱਠਣੀਆਂ, ਡੋਲੀ ਵੇਲੇ ਦੇ ਗੀਤ, ਪਲੰਘ ਦੇ ਗੀਤ, ਜੰਞ ਆਉਂਦੀ ਦੇ ਗੀਤ, ਖਾਰੇ ਦੇ ਗੀਤ, ਡੋਲੀ ਵੇਲੇ ਦੇ ਗੀਤ, ਜਦੋਂ ਕੁੜੀ ਸਹੁਰੇ ਜਾਂਦੀ ਅਤੇ ਸਹੇਲੀਆਂ ਨੂੰ ਚਿੱਠੀਆਂ ਭੇਜਦੀ ਹੈ; ਉਸ ਵੇਲੇ ਦੇ ਗੀਤ ਸ਼ਾਮਿਲ ਕੀਤੇ ਗਏ ਹਨ। ਅੰਬਾਲਾ ਦੀ ਗੁਰਪ੍ਰੀਤ ਕੌਰ ਦਾ ਕਾਵਿ-ਸੰਗ੍ਰਹਿ ‘ਖ਼ੁਸ਼ਬੂ ਕੈਦ ਨਹੀਂ ਹੁੰਦੀ’ ਵੀ ਇਸ ਵਰ੍ਹੇ 2020 ਵਿਚ ਹੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ।

ਕੋਵਿਡ- 19 ਦੇ ਇਸ ਸੰਕਟਮਈ ਸਮੇਂ ਵਿਚ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਅਜੇ ਛਪਾਈ ਅਧੀਨ ਹਨ। ਇਨ੍ਹਾਂ ਪੁਸਤਕਾਂ ਦੀ ਆਮਦ ਇਸੇ ਸਾਲ ਭਾਵ 2021 ਵਿਚ ਹੋਵੇਗੀ। ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਸੰਕਟ ਕਾਲ ਦੌਰਾਨ ਵੀ ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ।

ਸੰਪਰਕ: 75892-33437

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All