1962: ਭਾਰਤ-ਚੀਨ ਜੰਗ ਦੀ ਦਾਸਤਾਨ

1962: ਭਾਰਤ-ਚੀਨ ਜੰਗ ਦੀ ਦਾਸਤਾਨ

ਕੁਲਦੀਪ ਨਈਅਰ

ਲੇਖ ਲੜੀ 3

 ਜੰਗ ਜਦੋਂ ਖ਼ਤਮ ਹੋ ਗਈ ਤਾਂ ਸ਼ਾਹ ਦੇ ਪੱਤਰ ਨੂੰ ਯਾਦ ਕਰਦਿਆਂ ਸ਼ਾਸਤਰੀ ਜੀ ਨੇ ਮੈਨੂੰ ਆਖਿਆ ਸੀ ਕਿ ਜੇਕਰ ਉਸ ਮੌਕੇ ਪਾਕਿਸਤਾਨੀ ਫ਼ੌਜੀ ਭਾਰਤੀ ਫ਼ੌਜੀਆਂ ਦੇ ਨਾਲ ਆਪਣਾ ਖ਼ੂਨ ਵਹਾ ਦਿੰਦੇ ਤਾਂ ਸ਼ਾਇਦ ਭਾਰਤ ਲਈ ਪਾਕਿਸਤਾਨ ਵੱਲੋਂ ਕਸ਼ਮੀਰ ਮੰਗਣ ’ਤੇ ‘ਨਾਂਹ’ ਕਰਨੀ ਬਹੁਤ ਔਖੀ ਹੋ ਜਾਣੀ ਸੀ। ਸ਼ਾਇਦ ਉਹ ਸਹੀ ਸਨ ਕਿਉਂਕਿ ਸਾਡੇ ਬਹੁਤੇ ਫ਼ੈਸਲਿਆਂ ਵਿਚ ਭਾਵੁਕਤਾ ਭਾਰੂ ਹੁੰਦੀ ਹੈ।

ਨਹਿਰੂ ਨੇ ਭਾਰਤ ਉੱਤੇ ਚੀਨ ਵੱਲੋਂ ਕੀਤੇ ਗਏ ਹਮਲੇ ਵਿਰੁੱਧ ਲੋਕ ਰਾਇ ਕਾਇਮ ਕਰਨ ਲਈ ‘ਸਿਟੀਜ਼ਨ ਕੌਂਸਲ’ ਕਾਇਮ ਕੀਤੀ ਸੀ ਅਤੇ ਸ਼ਾਸਤਰੀ ਜੀ ਵੀ ਇਸ ਕੌਂਸਲ ਦੇ ਮੈਂਬਰ ਸਨ। ਮੈਂ ਪ੍ਰੈੱਸ ਅਫ਼ਸਰ ਵਜੋਂ ਕੌਂਸਲ ਦੀਆਂ ਕਈ ਮੀਟਿੰਗਾਂ ਵਿਚ ਹਿੱਸਾ ਲਿਆ ਸੀ। ਇੰਦਰਾ ਗਾਂਧੀ ਇਸ ਕੌਂਸਲ ਦੀ ਪ੍ਰਧਾਨ ਸੀ। ਇਹ ਇਕ ਤਰ੍ਹਾਂ ਨਾਲ ਨਹਿਰੂ ਵੱਲੋਂ ਆਪਣੀ ਧੀ ਦਾ ਸਿਆਸੀ ਅਕਸ ਚਮਕਾਉਣ ਦਾ ਯਤਨ ਸੀ। ਇਸੇ ਕੌਂਸਲ ਦੀਆਂ ਮੀਟਿੰਗਾਂ ਵਿਚ ਮੇਰੀ  ਪਹਿਲੀ ਵਾਰ ਇੰਦਰਾ ਗਾਂਧੀ ਨਾਲ ਮੁਲਾਕਾਤ ਹੋਈ ਸੀ। ਜਿਉਂ-ਜਿਉਂ ਦਿਨ ਬੀਤਦੇ ਗਏ ਅਸੀਂ ਦੋਹੇਂ ਇਕ-ਦੂਜੇ ਦੇ ਚੰਗੇ ਵਾਕਫ਼ ਹੋ ਗਏ ਅਤੇ ਸਾਡੀ ਵਾਕਫੀਅਤ ਦੀ ਕੈਫ਼ੀਅਤ ਇਹ ਸੀ ਕਿ ਇੰਦਰਾ ਗਾਂਧੀ ਨੇ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ।

ਕੌਂਸਲ ਮੈਂਬਰਾਂ ਦੀ ਇੱਛਾ ਅਨੁਸਾਰ ਸ਼ਾਸਤਰੀ ਜੀ ਨੇ ਕਈ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ ਜਿਸ ਵਿਚ ਉਨ੍ਹਾਂ ਨਾ ਕੇਵਲ ਇਸ ਹਮਲੇ ਲਈ ਚੀਨ ਦੀ ਤਿੱਖੀ ਨਿੰਦਾ ਕੀਤੀ ਸਗੋਂ ਚੀਨ ’ਤੇ ਭਰੋਸਾ ਕਰਨ ਲਈ ਚੁਫ਼ੇਰਿਉਂ ਆਲੋਚਨਾ ਦਾ ਸ਼ਿਕਾਰ ਨਹਿਰੂ ਦਾ ਪੱਖ ਵੀ ਪੂਰਿਆ। ਦਿੱਲੀ ਵਿਚ ਇਕ ਜਨਤਕ ਮੀਟਿੰਗ ਦੌਰਾਨ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਦੇ ਖਰਚੇ ਲਈ ਆਪੋ-ਆਪਣੇ ਗਹਿਣੇ ਦਾਨ ਕਰਨ ਲਈ ਆਖਿਆ। ਉਨ੍ਹਾਂ ਦਾ ਭਾਸ਼ਨ ਸੁਣ ਕੇ ਮੈਂ ਏਨਾ ਭਾਵੁਕ ਹੋਇਆ ਕਿ ਮੈਂ ਆਪਣੇ ਵਿਆਹ ਵਾਲੀ ਅੰਗੂਠੀ ਦਾਨ ਵਜੋਂ ਫੌਰੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਅਤੇ ਸ਼ਾਸਤਰੀ ਜੀ ਨੇ ਇਸ ਗੱਲ ਦਾ ਕਈ ਮੀਟਿੰਗਾਂ ਵਿਚ ਜ਼ਿਕਰ ਕੀਤਾ। ਮੈਂ ਜਦੋਂ ਆਪਣੀ ਪਤਨੀ ਨੂੰ ਵਿਆਹ ਦੀ ਅੰਗੂਠੀ ਦਾਨ ਕਰਨ ਬਾਰੇ ਦੱਸਿਆ ਤਾਂ ਉਹ ਖ਼ਾਮੋਸ਼ ਹੀ ਰਹੀ ਅਤੇ ਉਸ ਨੇ ਮੈਨੂੰ ਕੁਝ ਨਾ ਕਿਹਾ। ਮੈਂ ਸੋਚਿਆ ਕਿ ਉਸ ਨੂੰ  ਮੇਰਾ ਅੰਗੂਠੀ ਦਾਨ ਕਰਨਾ ਸਹੀ ਲੱਗਿਆ ਹੈ। ਬੜੇ ਸਾਲਾਂ ਮਗਰੋਂ ਇਕ ਦਿਨ ਉਸ ਨੇ ਮੈਨੂੰ ਆਖਿਆ ਕਿ ਮੈਂ ਵਿਆਹ ਦੀ ਅੰਗੂਠੀ ਦੀ ਥਾਂ ਪੈਸੇ ਵੀ ਦਾਨ ਕਰ ਸਕਦਾ ਸੀ। ਉਸ ਦਾ ਕਹਿਣਾ ਸੀ ਕਿ ਵਿਅਾਹ ਦੀ ਅੰਗੂਠੀ ਤਾਂ ਅਭੁੱਲ ਨਿਸ਼ਾਨੀ ਹੁੰਦੀ ਹੈ।

ਅਕਤੂਬਰ 1962 ਦੇ ਅਖੀਰ ਵਿਚ ਜਦੋਂ ਮੈਨਨ, ਥਾਪਰ ਨਾਲ ਮੁਲਾਕਾਤ ਕਰਨ ਗਿਆ ਤਾਂ ਭਾਰਤੀ ਚੌਕੀ ਢੋਲਾ, ਜੋ ਮੈਕਮੋਹਨ ਲਾਈਨ (ਭਾਰਤ-ਚੀਨ ਸੀਮਾ ਰੇਖਾ) ਤੋਂ ਤਿੰਨ ਕਿਲੋਮੀਟਰ ਉੱਤਰ ਵਿਚ ਪੈਂਦੀ ਹੈ, ਉੱਤੇ ਵੀ ਚੀਨੀ ਫ਼ੌਜ ਨੇ ਕਬਜ਼ਾ ਕਰ ਲਿਆ ਸੀ ਅਤੇ ਇਹ ਧੜੱਲੇ ਨਾਲ ਅੱਗੇ ਵਧਦੀ ਆ ਰਹੀ ਸੀ। ਮੈਨਨ ਨੂੰ ਪਹਿਲਾਂ ਹੀ ਇਸ ਚੌਕੀ ’ਤੇ ਚੀਨੀਆਂ ਦਾ ਕਬਜ਼ਾ ਹੋਣ ਬਾਰੇ ਪਤਾ ਲੱਗ ਗਿਆ ਸੀ ਕਿਉਂਕਿ ਫ਼ੌਜ ਮੁਖੀ ਵੱਲੋਂ ਰੱਖਿਆ ਮੰਤਰੀ ਨੂੰ ਵੀ ਸਿੱਧੀ ਜਾਣਕਾਰੀ ਦਿੱਤੀ ਜਾਂਦੀ ਹੈ। 

ਥਾਪਰ ਨੇ ਇਸ ਮੌਕੇ ਰੱਖਿਆ ਮੰਤਰੀ ਨੂੰ ਮਹਿਜ਼ ਸਥਿਤੀ ਦੀ ਜਾਣਕਾਰੀ ਦਿੱਤੀ ਅਤੇ ਕਿਧਰੇ ਵੀ ਇਹ ਨਹੀਂ ਆਖਿਆ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਸ ਸੰਭਾਵਨਾ ਬਾਰੇ ਦੱਸ ਦਿੱਤਾ ਸੀ। ਉਸ ਨੇ ਮੈਨਨ ਨੂੰ ਸਿਰਫ਼ ਏਨਾ ਪੁੱਛਿਆ, ‘‘ਸਾਨੂੰ ਹੁਣ ਇਹ ਤੈਅ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਅੱਗੋਂ ਕੀ ਕਰਨਾ ਹੈ।’’ ਡੂੰਘੀਆਂ ਸੋਚਾਂ ’ਚ ਡੁੱਬੇ ਕ੍ਰਿਸ਼ਨਾ ਮੈਨਨ ਨੇ ਚਾਹ ਦਾ ਘੁੱਟ ਭਰਦਿਆਂ ਥਾਪਰ ਨੂੰ ਜਵਾਬ ਦਿੱਤਾ, ‘‘ਮੈਨੂੰ ਨਹੀਂ ਸੀ ਪਤਾ ਕਿ ਉਹ ਇਉਂ ਇਕ ਤੂਫ਼ਾਨ ਵਾਂਗ ਆਉਣਗੇ।’’ ਥਾਪਰ ਨੇ ਇਸ ਮੌਕੇ ਰੱਖਿਆ ਮੰਤਰੀ ਨੂੰ ਕਿਹਾ ਕਿ ਭਾਰਤੀ ਫ਼ੌਜਾਂ ਨੂੰ ਹੁਣ ਢੋਲਾ ਤੋਂ 40 ਕਿਲੋਮੀਟਰ ਦੂਰ ਪੈਂਦੀ ‘ਸੇਲਾਲ ਪਾਸ’ ਚੌਕੀ ’ਤੇ ਅੜੇ ਰਹਿਣਾ ਚਾਹੀਦਾ ਹੈ ਤਾਂ ਮੈਨਨ ਨੇ ਉਸ ਨੂੰ ਵਿਅੰਗ ਨਾਲ ਆਖਿਆ, ‘‘ਜਨਰਲ ਬੰਗਲੌਰ ਕਿਉਂ ਨਹੀਂ?’’ ਇਸ ਤੋਂ ਮਗਰੋਂ ਦੋਹਾਂ ਵਿਚਾਲੇ ਕੋਈ ਖ਼ਾਸ ਗੱਲਬਾਤ ਨਹੀਂ ਹੋਈ ਅਤੇ ਦੋਹਾਂ ਨੂੰ ਹੀ ਹੁਣ ਨਹਿਰੂ ਦੀ ਅਗਵਾਈ ਹੇਠ ਹੋਣ ਵਾਲੀ ਰੱਖਿਅਾ ਕਮੇਟੀ ਦੀ ਮੀਟਿੰਗ ਦਾ ਇੰਤਜ਼ਾਰ ਸੀ। ਇਸ ਮੀਟਿੰਗ ਤੋਂ ਪਹਿਲਾਂ ਖ਼ੁਫ਼ੀਆ ਵਿਭਾਗ ਦੇ ਮੁਖੀ ਬੀ.ਐਨ. ਮਲਿਕ ਨੇ ਥਾਪਰ ਕੋਲੋਂ ਆ ਕੇ ਇਸ ਗੱਲ ਦੀ ਮੁਆਫ਼ੀ ਮੰਗੀ ਕਿ ਉਸ ਵੱਲੋਂ ਦਿੱਤੀਆਂ ਸੂਹੀਆਂ ਰਿਪੋਰਟਾਂ ਗ਼ਲਤ ਸਨ। ਉਸ ਵੱਲੋਂ ਦਿੱਤੀਆਂ ਸੂਹੀਆਂ ਰਿਪੋਰਟਾਂ ਵਿਚ ਆਖਿਆ ਗਿਆ ਸੀ ਕਿ ਚੀਨ ਤਿੱਬਤ ਵਿਚਲੇ ਖਾਮ ਪਾਸ ’ਚ ਏਨਾ ਉਲਝਿਆ ਹੋਇਆ ਹੈ ਕਿ ਉਸ ਵੱਲੋਂ ਸਰਹੱਦ ’ਤੇ ਹੋਰ ਫ਼ੌਜੀ ਨਹੀਂ ਭੇਜੇ ਜਾ ਸਕਦੇ। ਮਲਿਕ ਦੇ ਸਪੱਸ਼ਟੀਕਰਨਾਂ ਦੇ ਜਵਾਬ ’ਚ ਜਨਰਲ ਥਾਪਰ ਨੇ ਏਨਾ ਕਿਹਾ ਕਿ ਬੀਤੇ ਨਾਲੋਂ ਭਵਿੱਖ ਜ਼ਿਆਦਾ ਮਹੱਤਵਪੂਰਨ ਹੈ। 

ਭਾਰਤ ਨੇ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਦੇਸ਼ ਤੋਂ ਹਥਿਆਰਾਂ ਦੀ ਮਦਦ ਨਹੀਂ ਸੀ ਮੰਗੀ, ਪ੍ਰੰਤੂ ਨਹਿਰੂ ਨੇ ਇਸ ਮੌਕੇ ਭਾਰਤ ਦੇ ਅਮਰੀਕਾ ਸਥਿਤ ਰਾਜਦੂਤ ਬੀ.ਕੇ. ਨਹਿਰੂ ਰਾਹੀਂ ਅਮਰੀਕੀ ਰਾਸ਼ਟਰਪਤੀ ਜੇ.ਐਫ. ਕੈਨੇਡੀ ਨੂੰ ਸੰਦੇਸ਼ ਭੇਜ ਕੇ ਭਾਰਤ ਦੀ ਮਦਦ ਕਰਨ ਲਈ ਆਖਿਆ। ਬੀ.ਕੇ. ਨਹਿਰੂ ਨੇ ਮੈਨੂੰ ਦੱਸਿਆ ਕਿ ਕਿਊਬਾ ਦੇ ਮਿਜ਼ਾਈਲ ਸੰਕਟ ’ਚ ਉੁਲਝੇ ਹੋਣ ਦੇ ਬਾਵਜੂਦ ਕੈਨੇਡੀ ਨੇ ਉਸ ਨਾਲ ਮੁਲਾਕਾਤ ਕੀਤੀ। ਬੀ.ਕੇ. ਨਹਿਰੂ ਨੇ ਦੱਸਿਆ ਕਿ ਜਿਸ ਵੇਲੇ ਉਹ ਕੈਨੇਡੀ ਨਾਲ ਮੁਲਾਕਾਤ ਕਰਨ ਗਿਆ ਤਾਂ ਉਹ ਕਮਰੇ ਵਿਚ ਭਾਰਤ ਦੇ ਵੱਡੇ ਨਕਸ਼ੇ ਦਾ ਅਧਿਐਨ ਕਰ ਰਿਹਾ ਸੀ ਅਤੇ ਸਾਰੇ ਚੋਟੀ ਦੇ ਸਿਵਲ ਤੇ ਫ਼ੌਜੀ ਅਧਿਕਾਰੀ ਉੱਥੇ ਮੌਜੂਦ ਸਨ। 

ਉਸ ਵੇਲੇ ਦੇ ਅਮਰੀਕੀ ਵਿਦੇਸ਼ ਮੰਤਰੀ ਡੀਨ ਰਸਕ ਨੇ ਚੀਨ ਨੂੰ ਅੱਗੇ ਵਧਣ ਤੋਂ ਰੋਕਣ ਲਈ ਟੈਂਕ ਬੀੜ੍ਹਨ ਦਾ ਸੁਝਾਅ ਦਿੱਤਾ। ਬੀ.ਕੇ. ਨਹਿਰੂ ਨੇ ਉਸ ਨੂੰ ਦੱਸਿਆ ਕਿ ਟੈਂਕਾਂ ਨੂੰ ਉਥੇ ਤੱਕ ਪਹੁੰਚਣ ਲਈ ਬਹੁਤ ਲੰਮੇ ਅਤੇ ਔਖੇ ਮਾਰਗ ਤੋਂ ਗੁਜ਼ਰਨਾ ਪਵੇਗਾ। ਰਸਕ ਨੇ ਜਦੋਂ ਪੁੱਛਿਆ ਕਿ ਟੈਂਕ ਉੱਥੇ ਸਿੱਧੇ ਕਿਉਂ ਨਹੀਂ ਜਾ ਸਕਦੇ ਤਾਂ ਬੀ.ਕੇ. ਨਹਿਰੂ ਦਾ ਜਵਾਬ ਸੀ ਕਿ ਅਜਿਹਾ ਸੰਭਵ ਨਹੀਂ ਕਿਉਂਕਿ ਵਿਚਾਲੇ ਪੂਰਬੀ ਪਾਕਿਸਤਾਨ ਪੈਂਦਾ ਹੈ। ਇਹ ਗੱਲ ਸੁਣ ਕੇ ਡੀਨ ਰਸਕ ਨੇ ਕਿਹਾ, ‘‘ਤੁਸੀਂ ਆਪਣੇ ਦੇਸ਼ ਦੀ ਰੱਖਿਆ ਕਰਨੀ ਹੈ, ਉਥੇ ਕੋਈ ਪਿਕਨਿਕ ਨਹੀਂ ਮਨਾਉਣੀ। ਚੁੱਪ ਕਰਕੇ ਆਪਣੇ ਟੈਂਕ ਪੂਰਬੀ ਪਾਕਿਸਤਾਨ ਰਾਹੀਂ ਸਿੱਧੇ ਲੰਘਾ ਕੇ ਲੈ ਜਾਓ।’’

ਇਸ ਮੌਕੇ ਕੈਨੇਡੀ ਨੇ ਬੀ.ਕੇ. ਨਹਿਰੂ ਨੂੰ ਪੁੱਛਿਆ ਕਿ ਕੀ ਕ੍ਰਿਸ਼ਨਾ ਮੈਨਨ ਅਜੇ ਵੀ ਭਾਰਤ ਦਾ ਰੱਖਿਆ ਮੰਤਰੀ ਹੈ?’’ ਬੀ.ਕੇ. ਨਹਿਰੂ ਨੇ ਜਦੋਂ ਇਸ ਦਾ ਜਵਾਬ ‘ਹਾਂ’ ਵਿਚ ਦਿੱਤਾ ਤਾਂ ਕੈਨੇਡੀ ਦੀ ਟਿੱਪਣੀ ਸੀ, ‘‘ਫੇਰ ਤਾਂ ਭਾਰਤ ਦੇ ਅੰਦਰ ਸਥਿਤੀ ਨਾਲ ਨਿਪਟਣਾ ਕਾਫ਼ੀ ਔਖਾ ਹੋਵੇਗਾ?’’ ਉਸ ਨੇ ਬੀ.ਕੇ. ਨਹਿਰੂ ਨੂੰ ਤਨਜ਼ ਨਾਲ ਆਖਿਆ, ‘‘ਜਾਓ,  ਜਾ ਕੇ ਖਰੁਸ਼ਚੇਵ ਨੂੰ ਕਹਿ ਦਿਓ ਕਿ ਉਹ ਜਾਂ ਤਾਂ ਹੁਣ ਤੁਹਾਡੀ ਮਦਦ ਕਰੇ ਜਾਂ ਫੇਰ ਚੁੱਪ ਕਰਕੇ ਬੈਠੇ।’’ ਇੱਥੇ ਵਰਨਣਯੋਗ ਹੈ ਕਿ ਖਰੁਸ਼ਚੇਵ ਨੇ ਪੱਛਮੀ ਦੇਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਹ ਭਾਰਤ ਅਤੇ ਚੀਨ ਵਿਚਾਲੇ ਜੰਗ ਕਰਵਾ ਕੇ ਇਸ ਖਿੱਤੇ ਵਿਚ ਆਪਣੀਆਂ ਫ਼ੌਜੀ ਚੌਕੀਆਂ ਕਾਇਮ ਕਰਨਾ ਚਾਹੁੰਦੇ ਹਨ। ਇਸ ਮੌਕੇ ਭਾਰਤ ਵੱਲੋਂ ਅਮਰੀਕਾ ਤੋਂ ਮੰਗੇ ਗਏ ਹਥਿਆਰਾਂ ਦੀ ਲੰਮੀ ਸੂਚੀ ਦੇਖਣ ਮਗਰੋਂ ਇਕ ਅਮਰੀਕੀ ਅਧਿਕਾਰੀ ਦੀ ਟਿੱਪਣੀ ਸੀ, ‘‘ਚਰਚਿਲ ਨੇ ਮਹਿਜ਼ ਨਾਂ ਦੇ ਹਥਿਆਰਾਂ ਨਾਲ ਹੀ ਜੰਗ ਜਿੱਤ ਲਈ ਸੀ ਅਤੇ ਤੁਸੀਂ ਮੋਰਚੇ ਛੱਡਣ ਵੇਲੇ ਏਨੇ ਹਥਿਆਰਾਂ ਦੀ ਮੰਗ ਕਰ ਰਹੇ ਹੋ।’’ ਇੱਥੇ ਅਮਰੀਕੀ ਅਧਿਕਾਰੀ ਦਾ ਇਸ਼ਾਰਾ ਚੀਨ ਨਾਲ ਜੰਗ ’ਚ ਭਾਰਤ ਵਿਚ ਜੁਝਾਰੂ ਭਾਵਨਾ ਦੀ ਕਮੀ ਵੱਲ ਸੀ। 

ਜਦੋਂ 19 ਨਵੰਬਰ 1962 ਨੂੰ ਬੋਮਡੀ-ਲਾ ’ਤੇ ਵੀ ਚੀਨੀ ਫ਼ੌਜ ਨੇ ਕਬਜ਼ਾ ਕਰ ਲਿਆ ਤਾਂ ਜਨਰਲ ਥਾਪਰ ਤੇਜਪੁਰ ਵਿਚ ਹੀ ਸੀ। ਉਹ ਸਿੱਧਾ ਜਹਾਜ਼ ਰਾਹੀਂ ਦਿੱਲੀ ਗਿਆ ਅਤੇ ਫੌਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਖਿਆ ਕਿ ਫ਼ੌਜ ਦੀ ਰਵਾਇਤ ਇਹੀ ਹੈ ਕਿ ਜੰਗ ਹਾਰਨ ਵਾਲਾ ਕੋਈ ਵੀ ਜਰਨੈਲ ਸਭ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹੈ, ਇਸ ਲਈ ਉਹ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੁੰਦਾ ਹੈ। ਪਿਛਲੇ ਕਈ ਦਿਨਾਂ ਦੌਰਾਨ ਥਾਪਰ ਨੇ ਪਹਿਲੀ ਵਾਰ ਨਹਿਰੂ ਦੇ ਚੇਹਰੇ ’ਤੇ ਮੁਸਕੁਰਾਹਟ ਦੇਖੀ ਸੀ। ਉਨ੍ਹਾਂ ਥਾਪਰ ਦਾ ਹੱਥ ਜ਼ੋਰ ਨਾਲ ਘੁੱਟਦਿਆਂ ਆਖਿਆ, ‘‘ਸ਼ੁਕਰੀਆ, ਪਰ ਇਸ ਵਿਚ ਤੁਹਾਡਾ ਕੋਈ ਕਸੂਰ ਨਹੀਂ ਹੈ।’’

ਪ੍ਰੰਤੂ ਇਸ ਤੋਂ ਅਗਲੇ ਦਿਨ ਜਦੋਂ ਜਨਰਲ ਥਾਪਰ ਨੇ ਨਹਿਰੂ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ, ‘‘ਜਨਰਲ, ਤੁਹਾਨੂੰ ਯਾਦ ਹੈ ਕੱਲ੍ਹ ਰਾਤ ਤੁਸੀਂ ਮੈਨੂੰ ਕੀ ਆਖਿਆ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਉਹ ਸਭ ਕੁਝ ਕਾਗਜ਼ ’ਤੇ ਲਿਖ ਕੇ ਦੇ  ਦੇਵੋ।’’ ਥਾਪਰ ਫੌਰੀ ਆਪਣੇ ਘਰ ਪਰਤਿਆ ਅਤੇ ਆਪਣੀ ਧੀ ਕੋਲੋਂ ਟਾਈਪ ਕਰਵਾ ਕੇ ਦੋ ਘੰਟਿਆਂ ਦੇ ਅੰਦਰ-ਅੰਦਰ ਆਪਣਾ ਅਸਤੀਫ਼ਾ ਭਿਜਵਾ ਦਿੱਤਾ। ਜਨਰਲ ਥਾਪਰ ਦੇ ਅਸਤੀਫ਼ੇ ਦੀ ਕਾਪੀ ਨਹਿਰੂ ਨੂੰ ਲੋਕ ਸਭਾ ਵਿਚ ਵਿਖਾਉਂਦਿਆਂ ਮੈਂ ਵੀ ਦੇਖਿਆ ਸੀ। ਇਸ ਅਸਤੀਫ਼ੇ ਦੀ ਕਾਪੀ ਦੇਖ ਕੇ ਨਹਿਰੂ ਖ਼ਿਲਾਫ਼ ਰੋਹ ’ਚ ਆਏ ਸੰਸਦ ਮੈਂਬਰਾਂ ਦਾ ਗੁੱਸਾ ਕੁਝ ਹੱਦ ਤੱਕ ਸ਼ਾਂਤ ਹੋ ਗਿਅਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਮੈਨਨ ਤੋਂ ਰੱਖਿਆ ਮੰਤਰਾਲਾ ਲੈ ਕੇ ਉਸ ਨੂੰ ਰੱਖਿਆ ਉਤਪਾਦਨ ਮੰਤਰਾਲਾ ਦੇ ਦਿੱਤਾ।’’

ਥਾਪਰ ਨੇ ਇਸ ਮੌਕੇ ਨਹਿਰੂ ਨਾਲ ਮੁਲਾਕਾਤ ਕਰਕੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਇਕ ਬਿਆਨ ਜਾਰੀ ਕਰਨ ਇਜਾਜ਼ਤ ਮੰਗੀ, ਪ੍ਰੰਤੂ ਨਹਿਰੂ ਨੇ ਉਸ ਨੂੰ ਫ਼ਿਲਹਾਲ ਅਜਿਹਾ ਕਰਨ ਤੋਂ ਵਰਜਦਿਆਂ ਭਰੋਸਾ ਦੁਆਇਆ ਕਿ ਇਕ ਦਿਨ ਉਸ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਜ਼ਰੂਰ ਮਿਲੇਗਾ।

ਮਗਰੋਂ ਸਤੰਬਰ 1970 ਵਿਚ ਥਾਪਰ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਪਹੁੰਚ ਕਰਕੇ ਉਸ ਤੋਂ ਆਸਟਰੇਲੀਆ ਵਿਚ ਜਨਮੇ ਭਾਰਤੀ ਅਧਿਕਾਰੀ ਲੈਫਟੀਨੈਂਟ ਜਨਰਲ ਹੈਂਡਰਸਨ ਬਰੁੱਕਸ ਅਤੇ ਬ੍ਰਿਗੇਡੀਅਰ ਪ੍ਰੇਮ ਭਗਤ ਵੱਲੋਂ ਭਾਰਤ-ਚੀਨ ਜੰਗ ’ਚ ਹਾਰ ਦੇ ਕਾਰਨਾਂ ਬਾਰੇ ਦਿੱਤੀ ਰਿਪੋਰਟ ਦੇਖਣ ਦੀ ਇਜ਼ਾਜ਼ਤ ਮੰਗੀ। ਇੰਦਰਾ ਗਾਂਧੀ ਨੇ ਉਸ ਨੂੰ ਅਜਿਹਾ ਕਰਨ ਦੀ ਪ੍ਰਵਾਨਗੀ ਨਾ ਦਿੱਤੀ। ਜਦੋਂ 1996 ਵਿਚ ਮੈਂ ਰਾਜ ਸਭਾ ਦਾ ਮੈਂਬਰ ਬਣਿਆ ਤਾਂ ਮੈਂ ਇਹ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਸੀ, ਪ੍ਰੰਤੂ ਸਰਕਾਰ ਨੇ ਲੋਕ ਹਿੱਤ ਦੇ ਮੱਦੇਨਜ਼ਰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ ਇਸ ਰਿਪੋਰਟ ਵਿਚ ਨਹਿਰੂ ਦੀ ਏਨੀ ਤਿੱਖੀ ਆਲੋਚਨਾ ਕੀਤੀ ਗਈ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਵੀ ਲੋਕ ਰੋਹ ਦੇ ਡਰੋਂ ਇਹ ਰਿਪੋਰਟ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ।

ਚੀਨ ਦੀ ਜੰਗ ਮਗਰੋਂ ਲੈਫਟੀਨੈਂਟ ਜਨਰਲ ਐੱਮ.ਚੌਧਰੀ ਨੂੰ ਫ਼ੌਜ ਦਾ ਕਾਰਜਕਾਰੀ ਮੁੱਖੀ ਨਿਯੁਕਤ ਕਰ ਦਿੱਤਾ ਗਿਆ ਅਤੇ ਲੈਫਟੀਨੈਂਟ ਜਨਰਲ ਥਾਪਰ ਨੂੰ ਪੱਕੇ ਤੌਰ ’ਤੇ ਰਿਟਾਇਰ ਕੀਤੇ ਜਾਣ ਤੋਂ ਪਹਿਲਾਂ ਬਿਮਾਰੀ ਦੀ ਲੰਬੀ ਛੁੱਟੀ ’ਤੇ ਭੇਜ ਦਿੱਤਾ ਗਿਆ। ਨਹਿਰੂ ਨੇ ਥਾਪਰ ਨੂੰ ਵਾਰ-ਵਾਰ ਪੁੱਛਿਆ ਕਿ ਕੀ ਚੌਧਰੀ ਸਹੀ ਚੋਣ ਹੈ। ਥਾਪਰ ਦਾ ਕਹਿਣਾ ਸੀ, ‘‘ਉਹ ਇੱਕ ਬਹਾਦਰ ਫ਼ੌਜੀ ਹੈ ਪ੍ਰੰਤੂ 1950 ਵਿਚ ਜਦੋਂ ਉਹ ਹੈਦਰਾਬਾਦ ਰਾਜ ਦਾ ਫ਼ੌਜੀ ਗਵਰਨਰ ਸੀ ਤਾਂ ਉਦੋਂ ਭਾਰਤ ਵੱਲੋਂ ਇਸ ਰਾਜ ਵਿਰੁੱਧ ਕੀਤੀ ਗਈ ਪੁਲੀਸ ਕਾਰਵਾਈ ਦੌਰਾਨ ਉਸ ਦੇ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ  ਸੁਣਨ ਵਿਚ ਆਈਆਂ ਸਨ।’’

ਜੰਗ ਦੌਰਾਨ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਚੀਨੀ ਫ਼ੌਜਾਂ ਕਿੱਥੇ ਆ ਕੇ ਰੁਕਣਗੀਆਂ ਕਿਉਂਕਿ ਉਨ੍ਹਾਂ ਨੂੰ ਅੱਗਿਓਂ ਬਹੁਤ ਘੱਟ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਦੋਂ ਸਿਰਫ਼ ‘ਸਟੇਟਸਮੈਨ’ ਅਖ਼ਬਾਰ ਦੇ ਸੰਪਾਦਕ ਐੱਨ.ਜੇ. ਨਾਨਪੁਰੀਆ ਵੱਲੋਂ ਆਪਣੇ ਸੰਪਾਦਕੀਆਂ ਵਿਚ ਵਾਰ-ਵਾਰ ਆਖਿਅਾ ਜਾ ਰਿਹਾ ਸੀ ਕਿ ਚੀਨ ਵੱਲੋਂ ਇਕਤਰਫ਼ਾ ਗੋਲੀਬੰਦੀ ਦਾ ਐਲਾਨ ਕੀਤਾ ਜਾਵੇਗਾ। ਜੰਗ ਖ਼ਤਮ ਹੋਣ ਤੋਂ ਬਾਅਦ ਨਹਿਰੂ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਆਧਾਰ ’ਤੇ ਵਾਰ-ਵਾਰ ਇਹ ਗੱਲ ਆਖ ਰਿਹਾ ਸੀ ਤਾਂ ਨਾਨਪੁਰੀਆ ਨੇ ਕਿਹਾ ਕਿ ਜਿੱਥੋਂ ਤੱਕ ਸਾਰੀ ਸਥਿਤੀ ਅਤੇ ਹਾਲਾਤ ਦੀ ਉਸ ਨੂੰ ਸਮਝ ਆਈ ਸੀ, ਉਸ ਅਨੁਸਾਰ ਚੀਨ, ਭਾਰਤ ਉੱਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਸੀ ਸਗੋਂ ਉਹ ਸਿਰਫ਼ ਭਾਰਤ ਨੂੰ ‘ਸਜ਼ਾ ਦੇਣੀ ਚਾਹੁੰਦਾ ਸੀ।

ਪੇਈਚਿੰਗ ਵੱਲੋਂ ਜੰਗਬੰਦੀ ਬਾਰੇ ਜਾਰੀ ਕੀਤੇ ਗਏ ਐਲਾਨ ’ਚ ਆਖਿਆ ਗਿਆ:

21 ਨਵੰਬਰ 1962 (ਅੱਧੀ ਰਾਤ) ਦੇ ਸ਼ੁਰੂ ਹੁੰਦਿਆਂ ਹੀ ਚੀਨੀ ਫਰੰਟੀਅਰ ਗਾਰਡ 20 ਕਿਲੋਮੀਟਰ ਪਿੱਛੇ ਹਟਦਿਆਂ ਚੀਨ ਅਤੇ ਭਾਰਤ ਦੀ ਅਸਲ ਕੰਟਰੋਲ ਰੇਖਾ ’ਤੇ 7 ਨਵੰਬਰ 1959 ਵਾਲੀ ਪੁਜ਼ੀਸਨ ਉੱਤੇ ਆ ਜਾਣਗੇ। ਚੀਨ ਵੱਲੋਂ ਆਪਣੀ ਫ਼ੌਜ ਪਿੱਛੇ ਹਟਾਉਣ ਦਾ ਇਕਤਰਫ਼ਾ ਬਿਆਨ ਜਾਰੀ ਕਰਨ ਤੋਂ ਕੋਈ ਘੰਟਾ ਪਹਿਲਾਂ ਖ਼ਬਰ ੲੇਜੰਸੀਆਂ ਨੇ ਚੀਨ ਵੱਲੋਂ ਇੱਕ ਮਹੱਤਵਪੂਰਨ ਐਲਾਨ ਕੀਤੇ ਜਾਣ ਸਬੰਧੀ ਫਲੈਸ਼ ਦੇਣਾ ਸ਼ੁਰੂ ਕਰ ਦਿੱਤਾ ਸੀ। ਚੀਨ ਵੱਲੋਂ ਇਹ ‘ਇਕਤਰਫ਼ਾ ਐਲਾਨ’ ਏਨੀ ਕੁ ਛੇਤੀ ਜ਼ਰੂਰ ਜਾਰੀ ਕਰ ਦਿੱਤਾ ਗਿਅਾ ਕਿ ਇਹ ਅਗਲੇ ਦਿਨ ਦੀ ਮੁੱਖ ਸੁਰਖੀ ਬਣ ਸਕਿਆ ਪ੍ਰੰਤੂ ਇਹ ਏਨਾ ਕੁ ਦੇਰ ਨਾਲ ਜ਼ਰੂਰ ਆਇਆ ਕਿ ਇਸ ਖ਼ਬਰ ਨਾਲ ਭਾਰਤ ਸਰਕਾਰ ਦਾ ਪ੍ਰਤੀਕਰਮ ਨਹੀਂ ਲਿਆ ਜਾ ਸਕਿਆ।

ਨਵੀਂ ਦਿੱਲੀ ਦੀ ਅਫ਼ਸਰਸ਼ਾਹੀ ਦੀ ਇਹ ਸਮੱਸਿਆ ਰਹੀ  ਹੈ ਕਿ ਇਸ ਨੂੰ ਕਦੇ ਵੀ ਇਹ ਗੱਲ ਸਮਝ ਨਹੀਂ ਆਈ ਕਿ ਅਖ਼ਬਾਰਾਂ ਛਪਣ ਦਾ ਇੱਕ ਮਿਥਿਆ ਸਮਾਂ ਹੁੰਦਾ ਹੈ। ‘ਸਟੇਟਸਮੈਨ’ ਵਿਚਲੇ ਮੇਰੇ ਇੱਕ ਸਹਿਯੋਗੀ ਨੇ ਮੈਨੂੰ ਦੱਸਿਆ ਕਿ ਤੜਕੇ ਚਾਰ ਵਜੇ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਉਸ ਨੂੰ ਫੋਨ ਕਰ ਕੇ ਆਖਿਆ ਕਿ ਉਹ ਚੀਨ ਵੱਲੋਂ ਅੱਗੇ ਵਧਣ ਦੇ ਦਾਅਵਿਆਂ ਬਾਰੇ ਸਰਕਾਰ ਵੱਲੋਂ ਜਵਾਬੀ ਬਿਆਨ ਜਾਰੀ ਕਰਨਾ ਚਾਹੁੰਦਾ ਹੈ, ਪ੍ਰੰਤੂ ਜਦੋਂ ਉਸ ਨੂੰ ਦੱਸਿਆ ਗਿਅਾ ਕਿ ਚੀਨ ਨੇ ਤਾਂ ਪਹਿਲਾਂ ਹੀ ਇਕਤਰਫ਼ਾ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ ਤਾਂ ਇਹ ਸੁਣਕੇ ਉਹ ਹੈਰਾਨ ਰਹਿ ਗਿਆ।

ਉਸੇ ਸਵੇਰ ਐੱਲ.ਪੀ. ਸਿੰਘ ਅਤੇ ਇੰਟੈਲੀਜੈਂਸ ਦੇ ਜਾਇੰਟ ਡਾਇਰਕੈਟਰ ਐੱਮ.ਐੱਮ. ਹੂਜਾ ਤੇਜਪੁਰ ਲਈ ਰਵਾਨਾ ਹੋਣ ਲਈ ਪਹਿਲਾਂ ਹੀ ਹਵਾਈ ਅੱਡੇ ’ਤੇ ਪਹੁੰਚ ਗਏ ਸਨ ਕਿ ਮੈਂ ਉਨ੍ਹਾਂ ਨੂੰ ਅਖ਼ਬਾਰ ’ਚ ਚੀਨ ਵੱਲੋਂ ਇਕਤਰਫ਼ਾ ਜੰਗਬੰਦੀ ਸਬੰਧੀ ਜਾਰੀ ਕੀਤੇ ਗਏ ਬਿਆਨ ਬਾਰੇ ਖ਼ਬਰ ਦਿਖਾਈ। ਮੈਂ ਹੈਰਾਨ ਸੀ ਕਿ ਗ੍ਰਹਿ ਮੰਤਰਾਲੇ ਅਤੇ ਖ਼ੁਫ਼ੀਆ ਵਿਭਾਗ ਦੇ ਇਨ੍ਹਾਂ ਚੋਟੀ ਦੇ ਅਧਿਕਾਰੀਆਂ ਨੂੰ ਇਸ ਘਟਨਾਕ੍ਰਮ ਦੀ ਜ਼ਰਾ ਵੀ ਭਿਣਕ ਨਹੀਂ ਸੀ। ਹੂਜਾ ਨੇ ਇਸ ਖ਼ਬਰ ਦੀ ਪੁਸ਼ਟੀ ਲਈ ਇੰਟੈਲੀਜੈਂਸ ਬਿਊਰੋ ’ਚ ਫੋਨ ਕੀਤਾ। ਗ੍ਰਹਿ ਮੰਤਰੀ ਸ਼ਾਸਤਰੀ ਵੀ ਥੋੜ੍ਹੀ ਦੇਰ ਮਗਰੋਂ ਹਵਾਈ ਅੱਡੇ ’ਤੇ ਪਹੁੰਚ ਗਏ, ਪਰ ਉਨ੍ਹਾਂ ਨੂੰ ਵੀ ਉਸ ਘਟਨਾਕ੍ਰਮ ਦਾ ਪਤਾ ਨਹੀਂ ਸੀ। ਇਹ ਖ਼ਬਰ ਪੜ੍ਹਨ ਮਗਰੋਂ ਸ਼ਾਸਤਰੀ ਜੀ ਨੇ ਕਿਹਾ, ‘‘ਹੁਣ ਸਥਿਤੀ ਬਦਲ ਗਈ ਹੈ। ਹੋ ਸਕਦੈ ਮੈਨੂੰ ਆਪਣਾ ਇਹ ਦੌਰਾ ਰੱਦ ਕਰਨਾ ਪਵੇ। ਮੈਨੂੰ ਲਗਦੈ ਕਿ ਇਸ ਬਾਰੇ ਪੰਡਿਤ ਜੀ ਨਾਲ ਰਾਇ ਕਰਨੀ ਜ਼ਰੂਰੀ ਹੈ। ਸ਼ਾਸਤਰੀ ਜੀ ਦੇ ਇਸ ਫ਼ੈਸਲੇ  ਮਗਰੋਂ ਕਾਰਾਂ ਦੇ ਕਾਫ਼ਲੇ ਦਾ ਰੁਖ਼ ਪ੍ਰਧਾਨ ਮੰਤਰੀ ਦੇ ਨਿਵਾਸ ਵੱਲ ਮੋੜ ਲਿਆ ਗਿਆ। ਜਦੋਂ ਅਸੀਂ ਪ੍ਰਧਾਨ  ਮੰਤਰੀ ਨਿਵਾਸ ਪੁੱਜੇ ਤਾਂ ਪੰਡਿਤ ਨਹਿਰੂ ਅਜੇ ਸੁੱਤੇ ਹੀ ਉੱਠੇ ਸਨ ਅਤੇ ਉਨ੍ਹਾਂ ਨੂੰ ਇਸ ਨਵੇਂ ਘਟਨਾਕ੍ਰਮ ਦੀ ਕੋਈ ਜਾਣਕਾਰੀ ਨਹੀਂ ਸੀ। ਇਸ ਘਟਨਾ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੀਆਂ ਸੂਹੀਆਂ ਏਜੰਸੀਆਂ ਅਤੇ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ। ਚੀਨ ਵੱਲੋਂ ਗੋਲੀਬੰਦੀ ਬਾਰੇ ਦਿੱਤਾ ਬਿਆਨ ਅਖ਼ਬਾਰਾਂ ਦੇ ਦਫ਼ਤਰ ਵਿਚ ਅੱਧੀ ਰਾਤ ਤੋਂ ਪਹਿਲਾਂ ਪਹੁੰਚ ਗਿਆ ਸੀ, ਪ੍ਰੰਤੂ ਭਾਰਤ ਸਰਕਾਰ ਇਸ ਬਾਰੇ ਅਣਜਾਣ ਸੀ ਅਤੇ ਜਿਨ੍ਹਾਂ ਸਰਕਾਰੀ ਤਰਜਮਾਨਾਂ ਨੂੰ ਇਸ ਬਾਰੇ ਪ੍ਰਤੀਕਰਮ ਜਾਨਣ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਅੱਗੋਂ ਕਹਿਣਾ ਸੀ ਕਿ ਉਨ੍ਹਾਂ ਨੂੰ ਚੀਨ ਵੱਲੋਂ ਕੀਤੀ ਗਈ ਅਜਿਹੀ ਪੇਸ਼ਕਸ਼ ਦੀ ਕੋਈ ਜਾਣਕਾਰੀ ਨਹੀਂ ਹੈ। ਮੈਂ ਸੋਚ ਰਿਹਾ ਸੀ, ‘‘ਵਾਹ! ਇਹ ਸਾਡਾ ਜੰਗ ਲੜਨ ਦਾ ਭਾਰਤੀ ਅੰਦਾਜ਼ ਹੈ।’’

ਸਾਡੇ ਕੋਲੋਂ ਇਹ ਖ਼ਬਰ ਸੁਣਦਿਆਂ ਹੀ ਪੰਡਿਤ ਨਹਿਰੂ ਦਾ ਪਹਿਲਾ ਫਿਕਰਾ ਸੀ, ‘‘ਚੀਨ ਨੇ ਵਾਕਈ ਗੋਲੀਬੰਦੀ ਦਾ ਐਲਾਨ ਕਰ ਦਿੱਤਾ ਹੈ। ਮੈਨੂੰ ਪਹਿਲਾਂ ਹੀ ਉਮੀਦ ਸੀ ਕਿ ਚੀਨ ਜੰਗਬੰਦੀ ਦਾ ਐਲਾਨ ਕਰ ਦੇਵੇਗਾ।’’ ਉਨ੍ਹਾਂ ਫੌਰੀ ਸਾਡੇ ਕੋਲੋਂ ਅਖ਼ਬਾਰ ਮੰਗਿਆ ਤਾਂ ਜੋ ਉਹ ਖ਼ੁਦ ਸਾਰੀ ਖ਼ਬਰ ਪੜ੍ਹ ਸਕਣ। ਇਸ ਮੌਕੇ ਸ਼ਾਸਤਰੀ  ਨੇ ਪੰਡਿਤ ਨਹਿਰੂ ਨੂੰ ਪੁੱਛਿਆ ਕਿ ਕੀ ਇਸ ਨਵੀਂ ਸਥਿਤੀ ਦੇ ਮੱਦੇਨਜ਼ਰ ਉਹ ਆਪਣਾ ਆਸਾਮ ਦੌਰਾ ਰੱਦ ਕਰ ਦੇਣ ਤਾਂ ਨਹਿਰੂ ਦਾ ਜਵਾਬ ਸੀ, ‘‘ਨਹੀਂ, ਆਪਾਂ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਚੱਲਾਂਗੇ। ਬੱਸ ਤੁਸੀਂ ਸਿਰਫ਼ ਏਨਾ ਕਰੋ ਕਿ ਉੱਥੋਂ ਛੇਤੀ ਵਾਪਸ ਆ ਜਾਓ।’’

ਸ਼ਾਸਤਰੀ ਜੀ ਨੇ ਮੈਨੂੰ ਆਖਿਆ ਕਿ ਉਹ ਚੀਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਤਜਵੀਜ਼ ਮੰਨਣ ਦੇ ਹੱਕ ’ਚ ਨਹੀਂ ਹਨ। ਉਨ੍ਹਾਂ ਦੀ ਦਲੀਲ ਸੀ ਕਿ ਅਜਿਹਾ ਕਰਨ ਨਾਲ ਭਾਰਤ ਦਾ ਅਕਸ ਇਕ ਕਮਜ਼ੋਰ ਮੁਲਕ ਵਜੋਂ ਉੱਭਰੇਗਾ। ਉਹ ਸਾਰੀਆਂ ਦਿੱਕਤਾਂ ਦੇ ਬਾਵਜੂਦ ਚੀਨ ਨਾਲ ਜੰਗ ਜਾਰੀ ਰੱਖਣ ਦੇ ਹੱਕ ’ਚ ਸਨ।

ਅਸੀਂ ਅਸਾਮ ਵਿਚ ਜਦੋਂ ਗੁਹਾਟੀ ਪੁੱਜੇ ਤਾਂ ਮੁੱਖ ਮੰਤਰੀ ਬਿਮਲਾ ਪ੍ਰਸਾਦ ਚਲੀਹਾ ਸਾਨੂੰ ਲੈਣ ਲਈ ਹਵਾਈ ਅੱਡੇ ’ਤੇ ਪਹੁੰਚੇ ਹੋਏ ਸਨ। ਜੰਗਬੰਦੀ ਦੇ ਐਲਾਨ ਮਗਰੋਂ ਏਨੇ ਦਿਨਾਂ ਬਾਅਦ ਪਹਿਲੀ ਵਾਰ ਚਲੀਹਾ ਦੇ ਚਿਹਰੇ ’ਤੇ ਮੁਸਕੁਰਾਹਟ ਦੇਖੀ ਗਈ ਸੀ।

ਗੁਹਾਟੀ ਤੋਂ ਅਸੀਂ ਹਵਾਈ ਜਹਾਜ਼ ਰਾਹੀਂ ਤੇਜਪੁਰ ਰਵਾਨਾ ਹੋ ਗਏ। ਆਖਰੀ ਘੜੀ ’ਚ ਤੇਜਪੁਰ ਦਾ ਹਵਾਈ ਅੱਡਾ ਚੀਨੀ ਹਮਲਾਵਾਰਾਂ ਤੋਂ ਬਚ ਗਿਆ ਸੀ। ਜੇਕਰ ਚੀਨ ਵੱਲੋਂ ਜੰਗਬੰਦੀ ਦਾ ਐਲਾਨ ਇਕ ਦਿਨ ਬਾਅਦ ’ਚ ਕੀਤਾ ਜਾਂਦਾ ਤਾਂ ਇਸ ਹਵਾਈ ਅੱਡੇ ਨੂੰ ਉਡਾਉਣ ਦੀ ਯੋਜਨਾ ਨੂੰ ਅੰਜਾਮ ਦੇ ਦਿੱਤਾ ਜਾਣਾ ਸੀ। ਇਸ ਇਲਾਕੇ ਦਾ ਡਿਪਟੀ ਕਮਿਸ਼ਨਰ ਸਰਕਾਰੀ ਰਿਕਾਰਡ ਸਾੜਨ ਮਗਰੋਂ ਇਲਾਕਾ ਛੱਡ ਕੇ ਜਾ ਚੁੱਕਾ ਸੀ। ਖ਼ਜ਼ਾਨਾ ਦਫ਼ਤਰ ਦੇ ਫਰਸ਼ ’ਤੇ ਅੱਧ ਸੜੇ ਕਰੰਸੀ ਨੋਟ ਖਿੱਲਰੇ ਪਏ ਸਨ। ਸਰਕਾਰੀ ਅਧਿਕਾਰੀਆਂ ਨੂੰ ਉੱਥੋਂ ਕੱਢਣ ਲਈ ਪ੍ਰਾਈਵੇਟ ਕਾਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਸਨ। ਹੋਰ ਤਾਂ ਹੋਰ ਫ਼ੌਜੀ ਗੱਡੀਆਂ ‘ਵੱਡੇ ਸਾਹਿਬ’ ਵੱਲੋਂ ਰੱਖੀਆਂ ਮੁਰਗੀਆਂ ਤਾਂ ਢੋਣ ਲੱਗੀਆਂ ਹੋਈਆਂ ਸਨ,  ਪਰ ਇਨ੍ਹਾਂ ਵਿਚ ਆਮ ਆਦਮੀ ਲਈ  ਕੋਈ ਥਾਂ ਨਹੀਂ ਸੀ। ਸਾਰੇ ਕੈਦੀਆਂ ਨੂੰ ਛੱਡਿਆ ਜਾ ਚੁੱਕਾ ਸੀ। ਸਮੁੱਚੇ ਇਲਾਕੇ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਸੀ।

ਉੱਥੇ ਪੁੱਜਣ ’ਤੇ ਫ਼ੌਜੀ ਅਫ਼ਸਰਾਂ ਦੀ ਇਕ ਟੁਕੜੀ ਨੇ ਸਾਡਾ ਸਵਾਗਤ ਕੀਤਾ। ਮੈਂ ਇੱਥੇ ਪਹਿਲੀ ਵਾਰ ਲੈਫਟੀਨੈਂਟ ਜਨਰਲ ਕੌਲ ਨੂੰ ਮਿਲਿਆ। ਉਸ ਦੇ ਵਿਵਾਦਮਈ ਅਕਸ ਦੇ ਮੁਕਾਬਲੇ ਦਿੱਖ ਪੱਖੋਂ ਉਹ ਮੈਨੂੰ ਬੇਹੱਦ ਕਮਜ਼ੋਰ ਜਾਪਿਆ। ਮੈਨੂੰ ਲੱਗਦਾ ਸੀ ਕਿ ਉਹ ਬੇਹੱਦ ਗਠੇ ਹੋਏ ਸਰੀਰ ਵਾਲਾ ਤੇ ਦੇਖਣ ਨੂੰ ਘੱਟ ਉਮਰ ਦਾ ਲੱਗਦਾ ਹੋਵੇਗਾ। ਪ੍ਰੰਤੂ ਉਸ ਦੀ ਦਿੱਖ ਮੇਰੀ ਕਲਪਨਾ ਨਾਲ ਮੇਲ ਨਹੀਂ ਸੀ ਖਾਂਦੀ ਸੀ।

ਊਸ ਦਾ ਚਿਹਰਾ ਕਾਫ਼ੀ ਭਾਰਾ ਸੀ ਅਤੇ ਉਸ ਦੀ ਗੱਲਬਾਤ ਵਿਚ ਕਾਫ਼ੀ ਸੰਕੋਚ ਤੇ ਝਿਜਕ ਸੀ। ਉਸ ਨੇ ਉਸ ਮੌਕੇ ਮੇਰੇ ਨਾਲ ਅਪਣੱਤ ਭਰਿਆ ਰਵੱਈਆ ਦਿਖਾਉਣ ਲਈ ਮੇਰੀ ਬਾਂਹ ਨੂੰ ਘੁੱਟਿਆ। ਕੌਲ ਨੇ ਇਸ ਮੌਕੇ ਸ਼ਾਸਤਰੀ ਨੂੰ ਆਖਿਆ ਕਿ ਭਾਰਤ ਨੂੰ ਕਿਸੇ ਵੀ ਕੀਮਤ ’ਤੇ ਸ਼ਾਂਤੀ ਕਾਇਮ ਕਰਨੀ ਚਾਹੀਦੀ ਹੈ। ਸ਼ਾਸਤਰੀ ਨੇ ਉਸ ਦੀ ਗੱਲ ’ਤੇ ਕੋਈ ਬਹੁਤੀ ਗੌਰ ਨਾ ਕੀਤੀ। ਉਹ ਪਹਿਲਾਂ ਹੀ ਚੀਨ ਨਾਲ ਲੱਗਦੀ ਸਰਹੱਦ ’ਤੇ ਉਸ ਦੀ ਨਿਯੁਕਤੀ ਦੇ ਹੱਕ ਵਿਚ ਨਹੀਂ ਸਨ।

ਕੌਲ ਨੇ ਸਾਡੇ ਜਹਾਜ਼ ਦੇ ਪਾਇਲਟ ਨੂੰ ਦੱਸਿਆ ਕਿ ਉਹ ਇਕ ਹੈਲੀਕਾਪਟਰ ’ਚ ਦਵਾਈਆਂ ਲੈ ਕੇ ਆਪਣੇ ਉਨ੍ਹਾਂ ਫ਼ੌਜੀਆਂ ਨੂੰ ਲੱਭਣ ਜਾ ਰਿਹਾ ਹੈ ਜਿਨ੍ਹਾਂ ਨਾਲ ਚੀਨ ਵੱਲੋਂ  ਬੋਮਡੀ ਲਾ ਚੌਕੀ ’ਤੇ ਕਬਜ਼ੇ ਮਗਰੋਂ ਸੰਪਰਕ ਟੁੱਟ ਗਿਆ ਹੈ। ਮੈਂ ਸਮਝ ਗਿਆ ਕਿ ਉਹ ਮੈਨੂੰ ਸੁਣਾ ਕੇ ਇਹ ਗੱਲ ਸਾਡੇ ਪਾਇਲਟ ਨੂੰ ਦੱਸ ਰਿਹਾ ਹੈ ਤਾਂ ਜੋ ਮੈਂ ਸ਼ਾਸਤਰੀ ਨੂੰ ਇਸ ਬਾਰੇ ਦੱਸ ਦੇਵਾਂ। ਇੱਥੇ ਹਵਾਈ ਅੱਡੇ ਦੇ ਲਾਊਂਜ ਨੂੰ ਆਰਜ਼ੀ ਤੌਰ ’ਤੇ ‘ਨਕਸ਼ਾ ਦੇਖਣ ਵਾਲੇ ਕਮਰੇ’ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇੱਥੇ ਸਾਨੂੰ ਵਿਸਤਾਰ ਨਾਲ ਦੱਸਿਆ ਗਿਆ ਕਿ ਭਾਰਤੀ ਫ਼ੌਜ ਨੂੰ ਕਿਵੇਂ ਹਾਰ ਦਾ ਮੂੰਹ ਦੇਖਣਾ  ਪਿਆ ਅਤੇ ਇਸ ਵੇਲੇ ਚੀਨੀ ਫ਼ੌਜੀ ਭਾਰਤ ਦੇ ਅੰਦਰ ਕਿੱਥੇ ਤੱਕ ਪਹੁੰਚ ਚੁੱਕੇ ਹਨ। ਸਥਿਤੀ ਸਾਡੀ ਆਸ ਤੋਂ ਵੀ ਜ਼ਿਆਦਾ ਬਦਤਰ ਸੀ।

ਉਸੇ ਲਾਊਂਜ ਦੇ ਦੂਜੇ ਕੋਨੇ ਵਿਚ ਬੈਠੇ ਕੁਝ ਨੌਜਵਾਨ ਫ਼ੌਜੀ ਅਫ਼ਸਰਾਂ ਨਾਲ ਵੀ ਮੈਂ ਮੁਲਾਕਾਤ ਕੀਤੀ। ਉਹ ਬਹੁਤ ਖਫ਼ਾ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਖੁੱਲ੍ਹ ਕੇ ਆਖਿਆ ਕਿ ਕਿਵੇਂ ਜਵਾਨਾਂ ਨੂੰ ਫਾਇਰਿੰਗ ਦੌਰਾਨ ਸੀਨੀਅਰ ਫ਼ੌਜੀ ਅਫ਼ਸਰਾਂ ਦੀਆਂ ਰੋਜ਼ਾਨਾ ਜ਼ਰੂਰਤ ਵਾਲੀਆਂ ਚੀਜ਼ਾਂ ਨੂੰ ਆਖਰੀ ਚੌਕੀ ਤੱਕ ਲਿਜਾਣਾ ਪੈਂਦਾ ਹੈ। ਹੋਰ ਤਾਂ ਹੋਰ ਉਨ੍ਹਾਂ ਨੂੰ ਕਮੋਡ ਵੀ ਚੁੱਕ ਕੇ ਲਿਜਾਣੇ ਪੈਂਦੇ ਸਨ। ਇਕ ਕੈਪਟਨ ਨੇ ਇਸ ਮੌਕੇ ਵਿਅੰਗਮਈ ਟਿੱਪਣੀ ਕਰਦਿਆਂ ਆਖਿਆ, ‘‘ਸਾਨੂੰ ਤਾਂ ਜੰਗ ਦੇ ਮੈਦਾਨ ’ਚ ਵੀ ਕਲੱਬ ਤੇ ਰੈਸਟੋਰੈਂਟ ਚਾਹੀਦੇ ਹਨ। ਕੌਣ ਕਹੇਗਾ ਕਿ ਅਸੀਂ ਜੰਗ ਲੜ ਰਹੇ ਹਾਂ। ਅਸੀਂ ਜਾਂਬਾਜ਼ ਫ਼ੌਜੀ ਨਹੀਂ ਰਹੇ ਸਗੋਂ ਹੱਦੋਂ ਵੱਧ ਸੋਹਲ ਹੋ ਗਏ ਹਾਂ।’’

ਇੱਥੇ ਮੈਨੂੰ ਆਪਣੇ ਜੱਦੀ ਸ਼ਹਿਰ ਸਿਆਲਕੋਟ ਦਾ ਇਕ ਫ਼ੌਜੀ ਵੀ ਮਿਲਿਆ। ਉਸ ਦਾ ਕਹਿਣਾ ਸੀ ਕਿ ਸਰੀਰ ਵਿਚ ਜਦੋਂ ਤੱਕ ਖ਼ੂਨ ਦਾ ਆਖਰੀ ਕਤਰਾ ਹੈ ਉਦੋਂ ਤੱਕ ਚੀਨੀਆਂ ਨਾਲ ਜੰਗ ਲੜੀ ਜਾਣੀ ਚਾਹੀਦੀ ਹੈ। 

ਭਾਰਤੀ ਫ਼ੌਜ ਦੇ ਸੇਵਾਮੁਕਤ ਮੁਖੀ ਜਨਰਲ ਤਿਮੱਈਆ ਨੇ ਇਸ ਮੌਕੇ ਸਲਾਹ ਦਿੱਤੀ ਕਿ ਭਾਰਤੀ ਫ਼ੌਜ ਨੂੰ ਇਸ ਵੇਲੇ ਸੰਭਲਣ ਲਈ ਘੱਟੋ-ਘੱਟ ਇਕ ਸਾਲ ਚਾਹੀਦਾ ਹੈ। ਜਿਹੜੇ ਲੋਕ ਦੇਸ਼ ਦੀ ਇਸ ਹਾਰ ਦਾ ਬਦਲਾ ਲੈਣ ਦੇ ਹਾਮੀ ਸਨ, ਉਹ ਵੀ ਇਸ ਮੌਕੇ ਜੰਗਬੰਦੀ ਦੇ ਹੱਕ ਵਿਚ ਸਨ। ਸਰਕਾਰ ਕੋਲ ਇਸ ਵੇਲੇ ਜੰਗਬੰਦੀ ਦੀ ਤਜਵੀਜ਼ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ। ਭਾਰਤ ਨੇ ਇਸ ਮੌਕੇ ਸ੍ਰੀਲੰਕਾ ਦੀ ਅਗਵਾਈ ਹੇਠ ਕੁਝ ਗੁੱਟ ਨਿਰਲੇਪ ਦੇਸ਼ਾਂ ਨੂੰ ਵਿਚ ਪਾ ਕੇ ਸਥਿਤੀ ’ਚ ਦਖਲ ਦੇਣ ਲਈ ਆਖਿਆ ਅਤੇ ਇਨ੍ਹਾਂ ਦੇਸ਼ਾਂ ਨੇ ਵਿਚ ਪੈ ਕੇ ਦੋਹਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਰਸਮੀ ਰੂਪ   ਦਿੱਤਾ। ਜੰਗਬੰਦੀ ਦੀ ਤਜਵੀਜ਼ ਮੁਤਾਬਿਕ ਭਾਰਤ ਨੇ ਆਪਣੀਆਂ ਫ਼ੌਜਾਂ 20 ਕਿਲੋਮੀਟਰ ਪਿੱਛੇ ਹਟਾ ਲਈਆਂ, ਪ੍ਰੰਤੂ ਚੀਨ ਨੇ ਅਜਿਹਾ ਨਹੀਂ ਕੀਤਾ।

ਅਖੀਰ ਕ੍ਰਿਸ਼ਨਾ ਮੈਨਨ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। ਮੈਨਨ ਜਿਨ੍ਹੀਂ ਦਿਨੀਂ ਸਭ ਤੋਂ ਅਲੱਗ-ਥਲੱਗ ਹੋ ਕੇ ਇਕੱਲਾ ਰਹਿ ਗਿਆ ਸੀ, ਉਦੋਂ ਮੈਨੂੰ ਉਸ ਨੂੰ ਕਾਫ਼ੀ ਨੇੜਿਓਂ ਜਾਨਣ ਦਾ ਮੌਕਾ ਮਿਲਿਆ। ਮੈਂ ਉਦੋਂ ਇਕ ਵਾਰੀ ਉਸ ਨੂੰ ਆਖਿਆ ਕਿ ਇਸ ਸਮੁੱਚੇ ਮਾਮਲੇ ’ਤੇ ਉਹ ਆਪਣਾ ਪੱਖ ਸਪੱਸ਼ਟ ਕਿਉਂ ਨਹੀਂ ਕਰਦਾ ਤਾਂ ਉਸ ਜਵਾਬ ਸੀ, ‘‘ਮੇਰੀ ਹਕੀਕਤ ਮੇਰੇ ਨਾਲ ਹੀ ਦਫ਼ਨ ਹੋ ਜਾਵੇਗੀ ਕਿਉਂਕਿ ਜੇ ਮੈਂ ਆਪਣਾ ਪੱਖ ਸਭ ਦੇ ਸਾਹਮਣੇ ਰੱਖਿਆ ਤਾਂ ਮੈਨੂੰ ਨਹਿਰੂ ’ਤੇ ਵੀ ਉਂਗਲ ਧਰਨੀ ਪਵੇਗੀ ਅਤੇ ਨਹਿਰੂ ਪ੍ਰਤੀ ਮੇਰੀ ਵਫ਼ਾਦਾਰੀ ਮੈਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ।’’ (ਸਮਾਪਤ)

* ਕੁਲਦੀਪ ਨਈਅਰ ਦੀ ਸਵੈ-ਜੀਵਨੀ ‘ਅਜੋਕੇ ਭਾਰਤ ਦੀ ਅਣਕਹੀ ਦਾਸਤਾਨ’ (ਯੂਨੀਸਟਾਰ ਬੁਕਸ) ਵਿਚੋਂ ਧੰਨਵਾਦ ਸਹਿਤ ਜਿਸ ਦਾ ਅਨੁਵਾਦ ਅਰਵਿੰਦਰ ਜੌਹਲ ਨੇ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All