ਲੇਖ ਲੜੀ 1

1962: ਭਾਰਤ-ਚੀਨ ਜੰਗ ਦੀ ਦਾਸਤਾਨ

ਕੁਲਦੀਪ ਨਈਅਰ

ਮੈਂ ਉਦੋਂ ਗ੍ਰਹਿ ਮੰਤਰਾਲੇ ਵਿਚ ਕੰਮ ਕਰਦਾ ਸੀ ਜਦੋਂ ਮੈਂ ਪਹਿਲੀ ਵਾਰੀ ਚੀਨ ਦੇ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਖ਼ਬਰ ਸੁਣੀ। ਮੈਂ ਉਦੋਂ ਵਿਦੇਸ਼ੀ ਮਾਮਲਿਆਂ ਬਾਰੇ ਇੰਚਾਰਜ ਡਿਪਟੀ ਸਕੱਤਰ ਫਤਹਿ ਸਿੰਘ ਕੋਲ ਬੈਠਾ ਸੀ। ਉਸ ਦਾ ਇਕ ਸਹਾਇਕ ਉਸ ਕੋਲ ਕਾਗਜ਼ਾਂ ਦਾ ਥੱਬਾ ਲਿਆ ਕੇ ਪੁੱਛਣ ਲੱਗਿਆ ਕਿ ਇਨ੍ਹਾਂ ਦਾ ਕੀ ਕਰਨਾ ਹੈ। ਇਹ ਕਾਗਜ਼ ਚੀਨ ਵੱਲੋਂ ਲੱਦਾਖ ਵਿਚ ਇਕ ਸੜਕ ਦੀ ਉਸਾਰੀ ਨਾਲ ਸਬੰਧਤ ਸਨ। ਉਸ ਵੱਲ ਦੇਖੇ ਬਗੈਰ ਹੀ ਫਤਹਿ ਸਿੰਘ ਨੇ ਕਿਹਾ, ‘‘ਇਨ੍ਹਾਂ ਨੂੰ ‘ਸਰਹੱਦੀ ਫਾਈਲ’ ਵਿਚ ਰੱਖ ਦੇ।’’

ਫਤਹਿ ਸਿੰਘ ਨੇ ਦੱਸਿਆ ਕਿ ਚੀਨੀ ਹੱਲੇ ਬਾਰੇ ਸਬੰਧਤ ਟੈਲੀਗ੍ਰਾਮ, ਸੰਦੇਸ਼ ਅਤੇ ਰਿਪੋਰਟਾਂ ਬਿਨਾਂ ਕੋਈ ਕਾਰਵਾਈ ਕੀਤਿਆਂ ਇਕ ਫਾਈਲ ਵਿਚ ਇਕੱਠੀਆਂ ਕਰਕੇ ਰੱਖ ਦਿੱਤੀਆਂ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਹਿਰੂ ਨੇ ਇਹ ਸਾਰੀਆਂ ਫਾਈਲਾਂ ਦੇਖੀਆਂ ਅਤੇ ਫੇਰ ਉਹ ਅਗਲੇਰੀ ਕਾਰਵਾਈ ਲਈ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀਆਂ ਗਈਆਂ ਅਤੇ ਅਖੀਰ ਉਹ ਵਿਦੇਸ਼ ਵਿਭਾਗ ਵਿਚ ਭੇਜ ਦਿੱਤੀਆਂ ਗਈਆਂ। ਅਸਲ ਵਿਚ ਗ੍ਰਹਿ ਮੰਤਰਾਲੇ ਵਿਚ ਇਕ ਗੱਲ ਬਹੁਤ ਮਸ਼ਹੂਰ ਸੀ ਕਿ ਜੇਕਰ ਕੋਈ ਅਧਿਕਾਰੀ ਕਿਸੇ ਖ਼ਾਸ ਸ਼ਿਕਾਇਤ ਬਾਰੇ ਕੋਈ ਕਾਰਵਾਈ ਨਾ ਕਰਨੀ ਚਾਹੁੰਦਾ ਤਾਂ ਉਹ ਕਹਿੰਦਾ, ‘‘ਇਸ ਨੂੰ ਸਰਹੱਦੀ ਫਾਈਲ ਵਿਚ ਰੱਖ ਦੇ।’’ ਮੈਂ ਦੇਖਿਆ ਕਿ ਇਸ ਕਿਸਮ ਦੀ ਕਿਸੇ ਗੱਲ ਬਾਰੇ ਕੋਈ ਕਾਰਵਾਈ ਨਾ ਕਰਨ ਦਾ ਰੁਝਾਨ ਜੁਆਇੰਟ ਸਕੱਤਰ ਪੱਧਰ ਤਕ ਵੀ ਸੀ।

ਫਤਹਿ ਸਿੰਘ ਨੇ ਮੈਨੂੰ ਦੱਸਿਆ ਕਿ ਕਿਵੇਂ ਲੱਦਾਖ ਵਿਚ ਚੀਨ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਉਸ ਨੂੰ ਇਸ ਗੱਲ ਨੂੰ ਲੈ ਕੇ ਗੁਨਾਹ ਦਾ ਅਹਿਸਾਸ ਹੁੰਦਾ ਸੀ ਕਿ ਦੇਸ਼ ਨੂੰ ਇਸ ਬਾਰੇ ਦੱਸਿਆ ਵੀ ਨਹੀਂ ਜਾ ਰਿਹਾ ਹੈ। ਚੀਨ ਨੇ ਅਕਸਾਈ ਚਿਨ ਵਿਚ ਭਾਰਤੀ ਖੇਤਰ ਵਿਚ ਸੜਕ ਦੀ ਉਸਾਰੀ ਕੀਤੀ ਸੀ। ਪੁਲੀਸ ਅਧਿਕਾਰੀ ਲਕਸ਼ਮਣ ਸਿੰਘ ਪਹਿਲਾ ਵਿਅਕਤੀ ਸੀ ਜਿਸ ਨੇ 1954 ਵਿਚ ਨਵੀਂ ਦਿੱਲੀ ਨੂੰ ਚੀਨ ਵੱਲੋਂ ਇਹ ਸੜਕ ਉਸਾਰਨ ਬਾਰੇ ਸੂਚਨਾ ਦਿੱਤੀ ਸੀ। ਭਾਰਤ ਦੇ ਵਪਾਰਕ ਪ੍ਰਤੀਨਿਧ ਵਜੋਂ ਉਹ ਹਰ ਸਾਲ ਤਿੱਬਤ ਦਾ ਦੌਰਾ ਕਰਦਾ ਸੀ। ਉਸ ਦੇ ਸੂਤਰ ਬਹੁਤ ਵਸੀਹ ਸਨ ਅਤੇ ਉਸ ਨੂੰ ਸੜਕ ਦੀ ਉਸਾਰੀ ਬਾਰੇ ਪਤਾ ਉਨ੍ਹਾਂ ਮਜ਼ਦੂਰਾਂ ਤੋਂ ਲੱਗਿਆ ਸੀ ਜਿਨ੍ਹਾਂ ਨੇ ਇਹ ਸੜਕ ਉਸਾਰੀ ਸੀ। ਉਦੋਂ ਭਾਰਤੀ ਹਵਾਈ ਸੈਨਾ ਦਾ ਇਕ ਜਹਾਜ਼, ਜੋ ਅਚਾਨਕ ਇਸ ਖੇਤਰ ਵਿਚ ਦਾਖਲ ਹੋ ਗਿਆ ਸੀ, ਨੇ ਤਸਵੀਰ ਦੇ ਆਧਾਰ ਉੱਤੇ ਇਸ ਸੜਕ ਦੀ ਉਸਾਰੀ ਦੀ ਪੁਸ਼ਟੀ ਕੀਤੀ ਸੀ।

ਨਵੀਂ ਦਿੱਲੀ ਨੂੰ ਲਕਸ਼ਮਣ ਸਿੰਘ ਦੇ ਦਾਅਵੇ ’ਤੇ ਯਕੀਨ ਨਹੀਂ ਸੀ। ਚੀਨ ਦੇ ਮਾਮਲੇ ਨੂੰ ਲੈ ਕੇ ਨਹਿਰੂ ਅਤੇ ਪੰਤ ਵਿਚਾਲੇ ਮੱਤਭੇਦ ਸਨ। ਪੰਤ ਹਵਾਈ ਖੇਤਰ ਤੋਂ ਇਸ ਗੱਲ ਦੀ ਪੁਸ਼ਟੀ ਕਰਨਾ ਚਾਹੁੰਦੇ ਸਨ ਜਦੋਂਕਿ ਨਹਿਰੂ ਦਾ ਕਹਿਣਾ ਸੀ ਕਿ ਇਸ ਦਾ ਕੋਈ ਫ਼ਾਇਦਾ ਨਹੀਂ ਹੋਣਾ। ਨਹਿਰੂ ਉਦੋਂ ਤਕ ਇਸ ਬਾਰੇ ਚੀਨ ਕੋਲ ਰਸਮੀ ਰੋਸ ਦਰਜ ਨਹੀਂ ਕਰਵਾਉਣਾ ਚਾਹੁੰਦੇ ਸਨ ਜਦੋਂ ਤਕ ਪੱਕੇ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਨਹੀਂ ਸੀ ਹੋ ਜਾਂਦੀ। ਕਾਫ਼ੀ ਵਿਚਾਰ-ਵਟਾਂਦਰੇ ਮਗਰੋਂ ਉਹ ਇਸ ਗੱਲ ਲਈ ਸਹਿਮਤ ਹੋ ਗਏ ਕਿ ਅਕਸਾਈ ਚਿਨ ਨੂੰ ਭਾਰਤ ਦਾ ਹਿੱਸਾ ਦਰਸਾਉਣ ਵਾਲੇ ਇਕ ਨਕਸ਼ੇ ਦੀ ਕਾਪੀ ਚੀਨ ਨੂੰ ਭੇਜੀ ਜਾਵੇ ਪਰ ਨਾਲ ਹੀ ਉਨ੍ਹਾਂ ਭਾਰਤ ਦੇ ਵਿਦੇਸ਼ ਸਕੱਤਰ ਨੂੰ ਹਦਾਇਤ ਕੀਤੀ ਕਿ ਉਹ ਗ਼ੈਰਰਸਮੀ ਤੌਰ ’ਤੇ ਇਹ ਨਕਸ਼ਾ ਚੀਨ ਨੂੰ ਸੌਂਪੇ। ਉਹ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸਨ। ਇਸ ਸਬੰਧੀ ਜਦੋਂ ਚੀਨ ਨੇ ਅੱਗਿਓਂ ਕੋਈ ਪ੍ਰਤੀਕਰਮ ਨਾ ਪ੍ਰਗਟਾਇਆ ਤਾਂ ਪੰਤ ਨੇ ਨਹਿਰੂ ਨੂੰ ਗਸ਼ਤੀ ਟੁਕੜੀ ਭੇਜਣ ਲਈ ਪ੍ਰੇਰਿਆ ਜਿਸ ਨੇ ਦੇਖਿਆ ਕਿ ਚੀਨ ਨੇ ਉੱਥੇ ਸੜਕ ਉਸਾਰੀ ਹੋਈ ਹੈ ਅਤੇ ਉਸ ਦੇ ਫ਼ੌਜੀਆਂ ਵੱਲੋਂ ਉੱਥੇ ਗਸ਼ਤ ਵੀ ਕੀਤੀ ਜਾਂਦੀ ਹੈ। ਭਾਰਤੀ ਟੁਕੜੀ ਕੁਝ ਕਰਦੀ ਇਸ ਤੋਂ ਪਹਿਲਾਂ ਹੀ ਚੀਨੀਆਂ ਨੇ ਭਾਰਤੀ ਜਵਾਨਾਂ ਨੂੰ ਫੜ ਲਿਆ ਅਤੇ ਇਨ੍ਹਾਂ ਨੂੰ ਆਪਣੇ ਘੋੜਿਆਂ ਦੀਆਂ ਪੂਛਾਂ ਨਾਲ ਬੰਨ੍ਹ ਕੇ ਘੜੀਸਿਆ। ਨਵੀਂ ਦਿੱਲੀ ਨੇ ਇਸ ਘਟਨਾ ’ਤੇ ਤਿੱਖਾ ਰੋਸ ਪ੍ਰਗਟਾਇਆ ਜਿਸ ਦਾ ਚੀਨ ਨੇ ਨਿਰਾਦਰੀ ਭਰੇ ਢੰਗ ਨਾਲ ਜਵਾਬ ਦਿੱਤਾ।

ਇਹ ਗੱਲ ਬਿਲਕੁਲ ਸਪਸ਼ਟ ਸੀ ਕਿ ਨਹਿਰੂ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਨਹਿਰੂ ਨੇ 1955 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਬਾਡੁੰਗ ਵਿਚ ਹੋਈ ਗੁੱਟ ਨਿਰਲੇਪ ਦੇਸ਼ਾਂ ਦੀ ਕਾਨਫਰੰਸ ਵਿਚ ਚੀਨੀ ਪ੍ਰਧਾਨ ਮੰਤਰੀ ਚਾਊ ਐਨ ਲਾਈ ਦਾ ਖ਼ੁਦ ਵਿਸ਼ਵ ਦੇ ਹੋਰ ਆਗੂਆਂ ਨਾਲ ਤੁਆਰੁਫ ਕਰਵਾਇਆ ਸੀ। ਨਹਿਰੂ ਨੂੰ ਸਭ ਤੋਂ ਬੁਰੀ ਇਹ ਗੱਲ ਲੱਗੀ ਸੀ ਕਿ ਪਹਿਲੀਆਂ ਮੀਟਿੰਗਾਂ ਵਿਚ ਜਿਹੜਾ ਸਤਿਕਾਰ ਨਹਿਰੂ ਨੇ ਚਾਊ ਐਨ ਲਾਈ ਪ੍ਰਤੀ ਦਿਖਾਇਆ ਸੀ, ਉਸ ਨੇ ਉਹ ਨਹਿਰੂ ਪ੍ਰਤੀ ਨਹੀਂ ਸੀ ਦਿਖਾਇਆ। ਨਹਿਰੂ ਦੇ ਪ੍ਰਸਤਾਵਿਤ ਤਿੱਬਤ ਦੌਰੇ ਸਬੰਧੀ ਵੀ ਚਾਊ ਐਨ ਲਾਈ ਨੇ ਕੋਈ ਹੁੰਗਾਰਾ ਨਹੀਂ ਸੀ ਭਰਿਆ। ਦਲਾਈਲਾਮਾ ਨੇ ਨਹਿਰੂ ਨੂੰ ਤਿੱਬਤ ਦੇ ਦੌਰੇ ’ਤੇ ਸੱਦਿਆ ਸੀ। ਉਹ ਚਾਹੁੰਦਾ ਸੀ ਕਿ ਨਹਿਰੂ ਦੇ ਨਾਲ ਚਾਊ ਐਨ ਲਾਈ ਵੀ ਤਿੱਬਤ ਆਵੇ। ਨਹਿਰੂ ਨੇ ਮਹਿਸੂਸ ਕੀਤਾ ਕਿ ਯੂਗੋਸਲਾਵੀਆ ਦੀ ਆਲੋਚਨਾ ਕਰਨ ਵੇਲੇ ਚੀਨ ਵੱਲੋਂ ਬਹੁਤ ਹੀ ਮੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਨਹਿਰੂ ਨੂੰ ਇਸ ਗੱਲ ਬਾਰੇ ਕੋਈ ਹੈਰਾਨੀ ਨਹੀਂ ਸੀ ਕਿ ਭਾਰਤ ਦੇ ਰੋਸ ਨੂੰ ਚੀਨ ਨੇ ਬਹੁਤ ਹੀ ਨਿਰਾਦਰੀ ਭਰੇ ਢੰਗ ਨਾਲ ਲਿਆ ਹੈ। ਨਹਿਰੂ ਨੂੰ ਸਮਝ ਆ ਗਿਆ ਸੀ ਕਿ ਜੇਕਰ ਕਿਸੇ ਕਮਿਊਨਿਸਟ ਦੇਸ਼ ਦੀ ਆਲੋਚਨਾ ਲਈ ਚੀਨ ਵੱਲੋਂ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਸਕਦੀ ਹੈ ਤਾਂ ਭਾਰਤ ਲਈ ਤਾਂ ਉਸ ਤੋਂ ਕੁਝ ਵੀ ਮਾੜੇ ਦੀ ਉਮੀਦ ਕੀਤੀ ਜਾ ਸਕਦੀ ਹੈ।

ਨਹਿਰੂ ਇਹ ਗੱਲ ਨਾ ਸਮਝ ਸਕਿਆ ਕਿ ਚੀਨ ਇਕ ਨਵੇਂ ਨਵੇਂ ਕਮਿਊਨਿਸਟ ਦੇਸ਼ ਵਾਂਗ ਸੀ, ਜੋ ਆਪਣਾ ਅਤੀਤ ਪਿੱਛੇ ਛੱਡ ਕੇ ਕਾਹਲੀ ਨਾਲ ਭਵਿੱਖ ਵੱਲ ਪੁਲਾਂਘ ਪੁੱਟਣੀ ਚਾਹੁੰਦਾ ਸੀ। ਨਹਿਰੂ ਨੇ ਰੋਹ ’ਚ ਆਏ ਸੰਸਦ ਮੈਂਬਰਾਂ, ਜਿਨ੍ਹਾਂ ਨੂੰ ਅਖਬਾਰਾਂ ਵਿਚ ਛਪੀਆਂ ਰਿਪੋਰਟਾਂ ਤੋਂ ਚੀਨ ਵੱਲੋਂ ਅਕਸਾਈ ਚਿਨ ਵਿਚ ਸੜਕ ਉਸਾਰਨ ਬਾਰੇ ਪਤਾ ਲੱਗਿਆ ਸੀ, ਨੂੰ ਭਰੋਸਾ ਦਿਵਾਇਆ ਕਿ ਇਹ ਭਾਰਤੀ ਖੇਤਰ ਹੈ ਅਤੇ ਇਸ ਖੇਤਰ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਆਪਣੇ ਆਲੋਚਕਾਂ ਨੂੰ ਸ਼ਾਂਤ ਕਰਨ ਲਈ ਨਹਿਰੂ ਨੇ ਕਿਹਾ ਕਿ ਚੀਨ ਕਦੇ ਵੀ ਭਾਰਤ ਖਿਲਾਫ਼ ਜੰਗ ਨਹੀਂ ਛੇੜੇਗਾ। ਜੇਕਰ ਕਦੇ ਅਜਿਹਾ ਹੋ ਗਿਆ ਤਾਂ ਵਿਸ਼ਵ ਜੰਗ ਸ਼ੁਰੂ ਹੋ ਜਾਵੇਗੀ। ਨਹਿਰੂ ਦਾ ਖਿਆਲ ਕਿੰਨਾ ਗ਼ਲਤ ਸੀ ਅਤੇ ਉਸ ਦੇ ਇਨ੍ਹਾਂ ਵਿਚਾਰਾਂ ਦੀ ਦੇਸ਼ ਨੂੰ ਬਹੁਤ ਭਾਰੀ ਕੀਮਤ ਚੁਕਾਉਣੀ ਪਈ।

ਇਸ ਸਮੇਂ ਦੌਰਾਨ ਨਹਿਰੂ ਨੂੰ ਸੰਸਦ ਵਿਚ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਚੀਨ ਸਬੰਧੀ ਸੁਆਲ ਦਾ ਜਦੋਂ ਨਹਿਰੂ ਵੱਲੋਂ ਜਵਾਬ ਦਿੱਤਾ ਜਾਂਦਾ ਤਾਂ ਲੱਗਦਾ ਸੀ ਜਿਵੇਂ ਕੋਈ ਧੋਖਾ ਖਾਣ ਵਾਲਾ ਵਿਅਕਤੀ ਜਵਾਬ ਦੇ ਰਿਹਾ ਹੋਵੇ ਪ੍ਰੰਤੂ ਇਸ ਦੇ ਨਾਲ ਅਕਸਾਈ ਚਿਨ ਭਾਰਤ ਨੂੰ ਮੁੜ ਕੇ ਨਹੀਂ ਮਿਲਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਹਿਰੂ ਵੱਲੋਂ ਜਿਸ ਢੰਗ ਨਾਲ ਦੇਸ਼ ਦੀ ਅਗਵਾਈ ਕੀਤੀ ਗਈ, ਉਸ ਦੇ ਲਈ ਸਮੁੱਚਾ ਦੇਸ਼ ਉਨ੍ਹਾਂ ਦੇ ਦੇਣਦਾਰ ਹੈ। ਉਨ੍ਹਾਂ ਦੇਸ਼ ਵਿਚ ਸੰਸਦ, ਨਿਆਂਪਾਲਿਕਾ ਅਤੇ ਕਾਰਜਪਾਲਿਕਾ ਜਿਹੀਆਂ ਸੰਸਥਾਵਾਂ ਨੂੰ ਪੱਕੇ ਪੈਰੀਂ ਖੜ੍ਹਾ ਕੀਤਾ ਜਿਸ ਕਰਕੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਅਤੇ ਆਪਣੇ ਇਸ ਆਗੂ ਉੱਤੇ ਮਾਣ ਹੁੰਦਾ ਹੈ ਪਰ ਚੀਨ ਪ੍ਰਤੀ ਨਰਮ ਰਵੱਈਏ ਲਈ ਊਨ੍ਹਾਂ ਕਦੇ ਵੀ ਨਹਿਰੂ ਨੂੰ ਮੁਆਫ਼ ਨਹੀਂ ਕੀਤਾ। ਉਨ੍ਹਾਂ ਨੂੰ ਲੱਗਦਾ ਸੀ ਆਪਣੇ ਨਾਇਕ (ਨਹਿਰੂ) ਕਾਰਨ ਉਨ੍ਹਾਂ ਨੂੰ ਇਸ ਨਾਕਾਮੀ ਦਾ ਮੂੰਹ ਦੇਖਣਾ ਪਿਆ ਹੈ।

ਮੈਂ ਨਹਿਰੂ ਦੇ ਪੱਤਰਾਂ ਵਿਚੋਂ ਪਟੇਲ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਲਿਖਿਆ ਇਕ ਪੱਤਰ ਲੱਭ ਹੀ ਲਿਆ ਸੀ। ਮੈਂ ਉਦੋਂ ਆਪਣੀ ਪੁਸਤਕ ‘ਬਿਟਵੀਨ ਦਿ ਲਾਈਨਜ਼’ ਲਿਖਣ ਲਈ ਰੂਪ-ਰੇਖਾ ਤਿਆਰ ਕਰ ਰਿਹਾ ਸੀ। ਨਹਿਰੂ ਨੂੰ ਲਿਖੇ ਇਸ ਪੱਤਰ ਵਿਚ ਪਟੇਲ ਨੇ ਨਹਿਰੂ ਨੂੰ ਚੇਤਾਵਨੀ ਦਿੱਤੀ ਸੀ ਕਿ ਚੀਨ ਉੱਪਰੋਂ-ਉੱਪਰੋਂ ਸ਼ਾਂਤੀ ਦੀਆਂ ਗੱਲਾਂ ਕਰਕੇ ਅੰਤ ਭਾਰਤ ਨੂੰ ਧੋਖਾ ਦੇਵੇਗਾ। ਚੀਨ ਦਾ ਹਮਲਾਵਰ ਰੁਖ਼ ਉਦੋਂ ਸਪੱਸ਼ਟ ਹੋ ਗਿਆ ਸੀ ਜਦੋਂ ਚੀਨ ਨੇ ਸਰਹੱਦ ਬਾਰੇ ਪੁਰਾਣੇ ਨਕਸ਼ਿਆਂ ਨੂੰ ਰੱਦ ਕਰਕੇ ਉਨ੍ਹਾਂ ’ਤੇ ਅੰਕਿਤ ਸਰਹੱਦਾਂ ਨੂੰ ਮਾਨਤਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਭਾਰਤ ਦੀ ਪ੍ਰੇਸ਼ਾਨੀ ਉਦੋਂ ਹੋਰ ਵੀ ਵਧ ਗਈ ਸੀ ਜਦੋਂ ਇਸ ਨੇ ਦੇਖਿਆ ਕਿ ਇਸ ਨਕਸ਼ੇ ਵਿਚ ਭਾਰਤ ਦੇ ਕੁਝ ਇਲਾਕੇ ਨੂੰ ਚੀਨ ਦੇ ਹਿੱਸੇ ਵਜੋਂ ਦਰਸਾਇਆ ਗਿਆ ਸੀ। ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਆਖਿਆ ਕਿ ਉਹ ਪੁਰਾਣੇ ਨਕਸ਼ੇ ਸਾੜ ਦੇਣ।

ਚੀਨੀਆਂ ਨੇ ਸਾਡੇ ਇਸ ਭੰਬਲਭੂਸੇ ਦਾ ਬਹੁਤ ਫ਼ਾਇਦਾ ਉਠਾਇਆ। ਉਨ੍ਹਾਂ ਸਾਡੇ ਨਕਸ਼ੇ ਨੂੰ ਹੀ ਆਧਾਰ ਬਣਾ ਕੇ ਸਾਡੇ ਦਾਅਵੇ ਨੂੰ ਚੁਣੌਤੀ ਦਿੱਤੀ। ਨਹਿਰੂ ਅਜੇ ਵੀ ਅਕਸਾਈ ਚਿਨ ਸੜਕ ਦੇ ਮਾਮਲੇ ’ਤੇ ਚੀਨ ਨਾਲ ਸਹਿਯੋਗ ਕਰਨ ਦੇ ਹੱਕ ਵਿਚ ਸੀ। ਪੰਤ ਨੇ ਇਸ ਨੂੰ ਲੰਬੇ ਸਮੇਂ ਲਈ ਚੀਨ ਨੂੰ ਲੀਜ਼ ਉੱਤੇ ਦੇਣ ਦੀ ਤਜਵੀਜ਼ ਪੇਸ਼ ਕੀਤੀ ਪ੍ਰੰਤੂ ਚੀਨ ਨੇ ਇਸ ਦਾ ਜਵਾਬ ਲੱਦਾਖ ਦੇ ਖੁਰਨਕ ਕਿਲ੍ਹੇ ਉੱਤੇ ਕਬਜ਼ਾ ਕਰਕੇ ਦਿੱਤਾ। ਪੇਈਚਿੰਗ ਦੀ ਸਰਕਾਰੀ ਪ੍ਰਕਾਸ਼ਨਾ ‘ਚਾਈਨਾ ਪਿਕਟੋਰੀਅਲ’ ਵਿਚ ਇੱਕ ਨਕਸ਼ਾ ਛਾਪਿਆ ਗਿਅਾ ਜਿਸ ਵਿਚ ਉੱਤਰ-ਪੂਰਬੀ ਲੱਦਾਖ ਦੇ ਵੱਡੇ ਹਿੱਸੇ ਨੂੰ ਚੀਨ ਦੀ ਸਰਹੱਦ ਦੇ ਅੰਦਰ ਦਿਖਾਇਆ ਗਿਆ ਸੀ। ਇਸ ਮੌਕੇ ਨਹਿਰੂ ਨੇ ਚਾਊ ਐਨ ਲਾਈ ਨੂੰ ਇਕ ਪੱਤਰ ਲਿਖ ਕੇ ਆਖਿਆ ਕਿ 1949 ਤੱਕ ਚੀਨ ਨੇ ਜੋ ਪ੍ਰਭਾਵ ਦਿੱਤਾ ਸੀ, ਇਹ ਵਿਹਾਰ ਉਸ ਤੋਂ ਬਿਲਕੁਲ ਉਲਟ ਹੈ।

ਚੀਨ ਦੇ ਅਜਿਹੇ ਵਿਹਾਰ ਕਾਰਨ ਨਹਿਰੂ ਦੇ ਅਕਸ ਨੂੰ ਨਿੱਜੀ ਤੌਰ ’ਤੇ ਬਹੁਤ ਖੋਰਾ ਲੱਗਿਆ। ਕਾਂਗਰਸੀ ਆਗੂਆਂ ਵੱਲੋਂ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਨਹਿਰੂ ਇਹ ਗੱਲ ਸੁਣਨ ਲਈ ਤਿਆਰ ਨਹੀਂ ਸੀ ਕਿ ਚੀਨ ਵੱਲੋਂ ਇਕ ਦਿਨ ਧੋਖਾ ਦਿੱਤਾ ਜਾਵੇਗਾ। ਨਹਿਰੂ ਨੂੰ ਯਕੀਨ ਸੀ ਕਿ ਚੀਨ ਕਦੇ ਉਸ ਦੇ ਭਰੋਸੇ ਨੂੰ ਨਹੀਂ ਤੋੜੇਗਾ ਅਤੇ ਮਾਮੂਲੀ ਫੇਰ-ਬਦਲ ਨਾਲ ਦੋਹਾਂ ਦੇਸ਼ਾਂ ਵਿਚਲੀ ਰਵਾਇਤੀ ਸਰਹੱਦ ਨੂੰ ਪ੍ਰਵਾਨ ਕਰ ਲਵੇਗਾ।

ਨਹਿਰੂ ਨੇ ਚੀਨ ਲਈ ਸੁਰੱਖਿਆ ਕੌਂਸਲ ਵਿਚ ਸੀਟ ਲਈ ਸਿਫਾਰਸ਼ ਕੀਤੀ ਸੀ ਹਾਲਾਂਕਿ ਪੱਛਮੀ ਜਗਤ ਚਾਹੁੰਦਾ ਸੀ ਕਿ ਇਹ ਸੀਟ ਭਾਰਤ ਨੂੰ ਮਿਲਣੀ ਚਾਹੀਦੀ ਹੈ। ਨਹਿਰੂ ਦਾ ਖਿਆਲ ਸੀ ਕਿ ਕਮਿਊਨਿਸਟ ਦੇਸ਼ ਚੀਨ ਕਦੇ ਵੀ ਤੀਜੀ ਦੁਨੀਆ ਦੇ ਦੇਸ਼ ਭਾਰਤ, ਜੋ ਸਮਾਜਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਹੈ, ਦੇ ਖਿਲਾਫ਼ ਨਹੀਂ ਜਾਵੇਗਾ। ਚੀਨ ਵੀ ਚਾਹੁੰਦਾ ਸੀ ਕਿ ਦੋਵੇਂ ਦੇਸ਼ ਕਿਸੇ ਵੀ ਸੂਰਤ ਜੰਗ ਦੇ ਕੰਢੇ ਨਾ ਪੁੱਜਣ। ਦੋਹਾਂ ਦੇਸ਼ਾਂ ਦੇ ਸੰਬੰਧਾਂ ’ਚ ਸੁਧਾਰ ਲਈ 1960 ਵਿਚ ਚਾਊ ਐਨ ਲਾਈ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ। ਨਹਿਰੂ ਨੇ ਉਸ ਨੂੰ ਦੱਸਿਆ ਕਿ ਭਾਰਤ ਵਿਚ ਇਸ ਵੇਲੇ ਲੋਕ ਰਾਏ ਚੀਨ ਦੇ ਖਿਲਾਫ਼ ਹੈ ਅਤੇ ਉਨ੍ਹਾਂ ਦੇ ਆਪਣੇ ਮੰਤਰੀ-ਮੰਡਲ ਸਹਿਯੋਗੀ ਮਹਿਸੂਸ ਕਰਦੇ ਹਨ ਕਿ ਉਸ (ਚਾਊ ਐਨ ਲਾਈ) ਦੀਆਂ ਨੀਤੀਆਂ ਕਾਰਨ ਚੀਨ ਨੇ ਉਸ ਇਲਾਕੇ ’ਤੇ ਕਬਜ਼ਾ ਕਰ ਲਿਆ ਹੈ, ਜੋ ਕਿ ਹਕੀਕਤ ਵਿਚ ਭਾਰਤ ਦਾ ਹੈ।

ਇਸੇ ਦੌਰਾਨ ਨਹਿਰੂ ਨੇ ਲੱਦਾਖ ਖੇਤਰ ਵਿਚ ਭਾਰਤ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਲਈ ਉੱਥੇ ਪੁਲੀਸ ਚੌਕੀਆਂ ਕਾਇਮ ਕਰਨ ਦੇ ਹੁਕਮ ਦਿੱਤੇ। ਉੱਥੇ 64 ਚੌਕੀਆਂ ਉਸਾਰੀਆਂ ਗਈਆਂ ਪਰ ਉਨ੍ਹਾਂ ਨੂੰ ਕਾਇਮ ਨਹੀਂ ਰੱਖਿਆ ਜਾ ਸਕਿਆ। ਗ੍ਰਹਿ ਸਕੱਤਰ ਝਾਅ ਨੇ ਮੈਨੂੰ ਦੱਸਿਆ ਕਿ ਇੱਥੇ ਪੁਲੀਸ ਚੌਕੀਆਂ ਕਾਇਮ ਕਰਨ ਦਾ ਖ਼ਿਆਲ ਇੰਟੈਲੀਜੈਂਸ ਡਾਇਰੈਕਟਰ ਬੀ.ਐਨ. ਮਲਿਕ ਦਾ ਸੀ। ਉਸ ਦਾ ਕਹਿਣਾ ਸੀ ਕਿ ਸਾਨੂੰ ਆਪਣਾ ਦਾਅਵਾ ਜਤਾਉਣ ਲਈ ਲੱਦਾਖ ਵਿਚ ਪੁਲੀਸ ਚੌਕੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ। ਉਸ ਦਾ ਤਾਂ ਇਹ ਵੀ ਕਹਿਣਾ ਸੀ, ‘‘ਸਾਨੂੰ ਚੀਨੀ ਖੇਤਰ ਵਿਚ ਦਾਖਲ ਹੋ ਕੇ ਉੱਥੇ ਵੀ ਆਪਣੀਆਂ ਚੌਕੀਆਂ ਕਾਇਮ ਕਰ ਲੈਣੀਆਂ ਚਾਹੀਦੀਆਂ ਹਨ।’’ ਮਲਿਕ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਦੂਰ-ਦੁਰਾਡੇ ਦੇ ਇਸ ਸਰਹੱਦੀ ਇਲਾਕੇ ਵਿਚ ਬਗ਼ੈਰ ਕਿਸੇ ਸਪਲਾਈ ਰੇਖਾ ਅਤੇ ਹੋਰ ਲੋੜੀਂਦੇ ਸਾਜ਼ੋ-ਸਮਾਨ ਦੀ ਮਦਦ ਤੋਂ ਬਗ਼ੈਰ ਇਹ ਚੌਕੀਆਂ ਚੀਨੀਆਂ ਵੱਲੋਂ ਦਿੱਤੇ ਜਾਣ ਵਾਲੇ ਕਿਸੇ ਮਾਮੂਲੀ ਧੱਕੇ ਨਾਲ ਹੀ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਜਾਣਗੀਆਂ। ਝਾਅ ਦਾ ਕਹਿਣਾ ਸੀ ਕਿ ਸਭ ਕੁਝ ਜਾਣਦੇ ਹੋਏ ਵੀ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਮੌਤ ਦੇ ਮੂੰਹ ’ਚ ਧੱਕ ਦਿੱਤਾ ਗਿਆ। ਉਸ ਨੇ ਦੱਸਿਆ, ‘‘ਅਸਲ ਗੱਲ ਇਹ ਸੀ ਕਿ ਇਹ ਕੰਮ ਫ਼ੌਜ ਦਾ ਸੀ ਪ੍ਰੰਤੂ ਫ਼ੌਜ ਨੇ ਇਹ ਕਹਿ ਕੇ ਇਨ੍ਹਾਂ ਚੌਕੀਆਂ ’ਤੇ ਤਾਇਨਾਤ ਹੋਣ ਤੋਂ ਨਾਂਹ ਕਰ ਦਿੱਤੀ ਕਿ ਜਦੋਂ ਤੱਕ ਉਸ ਨੂੰ ਲਗਾਤਾਰ ਸਾਰਾ ਲੋੜੀਂਦਾ ਸਾਜ਼ੋ-ਸਮਾਨ ਅਤੇ ਹੋਰ ਮਦਦ ਮੁਹੱਈਆ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਉਹ ਇਹ ਚੌਕੀਆਂ ਨਹੀਂ ਸੰਭਾਲ ਸਕਦੀ।

ਚੀਨ ਵੱਲੋਂ 21 ਅਕਤੂਬਰ 1962 ਵਿਚ ਕੀਤੇ ਗਏ ਹਮਲੇ ਵਿਚ ਇਹ ਚੌਕੀਆਂ ਸੱਚਮੁਚ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਈਆਂ। ਨਹਿਰੂ ਨੇ ਜਦੋਂ ਦੇਖਿਆ ਕਿ ਚੀਨ ਨਾਲ ਹੁਣ ਗੱਲਬਾਤ ਦਾ ਕੋਈ ਅਰਥ ਹੀ ਨਹੀਂ ਰਿਹਾ ਤਾਂ ਉਸ ਨੇ ਫ਼ੌਜ ਨੂੰ ਹੁਕਮ ਦਿੱਤਾ ਕਿ ਉਹ ਚੀਨੀ ਫ਼ੌਜੀਆਂ ਨੂੰ ਭਾਰਤੀ ਸੀਮਾ ’ਚੋਂ ਬਾਹਰ ਖਦੇੜ ਦੇਵੇ।

ਮੈਨੂੰ ਯਾਦ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਫ਼ੌਜੀ ਟਕਰਾਅ ਤੋਂ ਪਹਿਲਾਂ ਕ੍ਰਿਸ਼ਨਾ ਮੈਨਨ ਨੇ ਇਸ ਸਰਹੱਦੀ ਵਿਵਾਦ ਦਾ ਹੱਲ ਸੁਝਾਇਆ ਸੀ ਪ੍ਰੰਤੂ ਪੰਤ ਨੇ ਮੈਨਨ ਦਾ ਸੁਝਾਅ ਰੱਦ ਕਰ ਦਿੱਤਾ ਸੀ। ਮੈਨਨ ਨੇ ਜਨੇਵਾ ਵਿਚ ਚੀਨ ਦੇ ਵਿਦੇਸ਼ ਮੰਤਰੀ ਚੇਨ ਯੀ ਨਾਲ ਮੁਲਾਕਾਤ ਕਰਕੇ ਉਸ ਨੂੰ ਕਿਹਾ ਸੀ ਕਿ ਭਾਰਤ ਅਕਸਾਈ ਚਿਨ ਅਤੇ ਸੜਕ ਨਾਲ ਲੱਗਦੇ ਹੋਰ 10 ਮੀਲ ਲੰਮੇ ਖੇਤਰ ’ਤੇ ਚੀਨ ਦਾ ਕਬਜ਼ਾ ਪ੍ਰਵਾਨ ਕਰ ਸਕਦਾ ਹੈ ਅਤੇ ਇਸ ਦੇ ਬਦਲੇ ਵਿਚ ਚੀਨ ਅਧਿਕਾਰਕ ਤੌਰ ’ਤੇ ਪੂਰਬ ਵਿਚ ਮੈਕਮੋਹਨ ਲਾਈਨ ਅਤੇ ਬਾਕੀ ਦੇ ਲੱਦਾਖ ਉੱਤੇ ਭਾਰਤ ਦੇ ਅਧਿਕਾਰ ਨੂੰ ਪ੍ਰਵਾਨ ਕਰ ਲਵੇ।

ਕਿਹਾ ਜਾਂਦਾ ਹੈ ਕਿ ਚੀਨ ਨੇ ਵੀ ਇਸ ਗੱਲ ਲਈ ਹਾਮੀ ਭਰ ਦਿੱਤੀ ਸੀ ਪ੍ਰੰਤੂ ਪੰਤ ਨੇ ਇਸ ਗੱਲ ਨੂੰ ਨਾ ਕੇਵਲ ਸਿਰੇ ਚੜ੍ਹਨ ਤੋਂ ਹੀ ਰੋਕਿਆ ਸਗੋਂ ਕੈਬਨਿਟ ਵਿਚ ਮਤਾ ਲਿਆ ਕੇ ਇਸ ਪੇਸ਼ਕਸ਼ ਨੂੰ ਵਾਪਸ ਲੈ ਲਿਆ ਅਤੇ ਆਖਿਆ ਕਿ ਅਕਸਾਈ ਚਿਨ ਚੀਨ ਨੂੰ ਲੀਜ਼ ’ਤੇ ਵੀ ਨਹੀਂ ਦਿੱਤਾ ਜਾ ਸਕਦਾ। ਹਕੀਕਤ ਇਹ ਸੀ ਕਿ ਨਹਿਰੂ ਦੀ ਭੈਣ ਵਿਜੈਲਕਸ਼ਮੀ ਪੰਡਿਤ ਵਾਂਗ ਪੰਤ ਨੂੰ ਵੀ ਕ੍ਰਿਸ਼ਨਾ ਮੈਨਨ ’ਤੇ ਵਧੇਰੇ ਯਕੀਨ ਨਹੀਂ ਸੀ ਅਤੇ ਉਹ ਉਸ ਨੂੰ ਅੰਦਰੋਂ ਕਮਿਊਨਿਸਟ ਮੰਨਦੇ ਸਨ।

ਪੰਤ ਦੀ ਚੀਨੀ ਪ੍ਰਧਾਨ ਮੰਤਰੀ ਚਾਊ ਐਨ ਲਾਈ ਨਾਲ ਮੁਲਾਕਾਤ ਦੌਰਾਨ ਪੰਤ ਨੇ ਭਾਰਤ ਦਾ ਪੱਖ ਬਹੁਤ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਮੈਨੂੰ ਯਾਦ ਹੈ ਕਿ ਕਿਵੇਂ ਇਸ ਮੀਟਿੰਗ ਲਈ ਨਵੀਂ ਤਰਤੀਬ ਨਾਲ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਪੰਤ ਨੇ ਵਿਸ਼ੇਸ਼ ਤੌਰ ’ਤੇ ਆਪਣਾ ਲੰਮਾ ਕੋਟ ਪਾਇਆ ਸੀ। ਇਸ ਮੀਟਿੰਗ ਮਗਰੋਂ ਕ੍ਰਿਸ਼ਨਾ ਮੈਨਨ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਪੰਤ ਦਾ ਚਾਊ ਐਨ ਲਾਈ ਪ੍ਰਤੀ ਰਵੱਈਆ ਬਹੁਤ ਹੀ ਨਿਰਾਦਰੀ ਭਰਿਆ ਸੀ ਜਦੋਂਕਿ ਇਹ ਗੱਲ ਸਹੀ ਨਹੀਂ ਸੀ। ਪੰਤ ਨੇ ਚਾਊ ਐਨ ਲਾਈ ਦੀ ਇਹ ਦਲੀਲ ਰੱਦ ਕਰ ਦਿੱਤੀ ਸੀ ਕਿ ਸਿਨਕਿਆਂਗ ਨੂੰ ਤਿੱਬਤ ਨਾਲ ਜੋੜਨ ਲਈ ਅਕਸਾਈ ਚਿਨ ਸੜਕ ਚੀਨ ਲਈ ਬਹੁਤ ਹੀ ਮਹੱਤਵਪੂਰਨ ਹੈ। ਪੰਤ ਦਾ ਕਹਿਣਾ ਸੀ ਕਿ ਇਸ ਸੜਕ ’ਤੇ ਭਾਰਤ ਆਮ ਨਾਗਰਿਕਾਂ ਦੀ ਆਵਾਜਾਈ ਨਹੀਂ ਰੋਕੇਗਾ ਪਰ ਇਸ ਉੱਤੋਂ ਆਪਣਾ ਦਾਅਵਾ ਨਹੀਂ ਛੱਡੇਗਾ। ਇਹ ਗੱਲ ਸੁਣ ਕੇ ਚਾਊ ਐਨ ਲਾਈ ਖਾਮੋਸ਼ ਰਿਹਾ ਪ੍ਰੰਤੂ ਉਸ ਨੇ ਇਸ ਗੱਲ ਦਾ ਇਸ਼ਾਰਾ ਕਰ ਦਿੱਤਾ ਸੀ ਕਿ ਇਸ ਦੇ ਖ਼ਤਰਨਾਕ ਸਿੱਟੇ ਨਿਕਲ ਸਕਦੇ ਹਨ। ਇਸ ਮੀਟਿੰਗ ਦੌਰਾਨ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਸ ਮੁੱਦੇ ’ਤੇ ਦੋਹਾਂ ਦੇਸ਼ਾਂ ਦਾ ਨਜ਼ਰੀਆ ਇਕ ਦੂਜੇ ਤੋਂ ਬਿਲਕੁਲ ਵੱਖ ਹੈ।

ਪੰਤ ਨੇ ਲੱਦਾਖ ਵਾਲੇ ਪਾਸਿਓਂ ਸਰਹੱਦ ਬਾਰੇ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਇੱਥੇ ਦੋਹਾਂ ਦੇਸ਼ਾਂ ਵਿਚਾਲੇ ਵਗਦੇ ਪਾਣੀ ਦੇ ਕੁਦਰਤੀ ਸੋਮੇ ਦਾ ਵਹਾਅ ਪ੍ਰਕ੍ਰਿਤਿਕ ਸੀਮਾ ਰੇਖਾ ਦਾ ਕੰਮ ਕਰਦਾ ਹੈ ਅਤੇ ਇਹ ਸੀਮਾ ਰੇਖਾ ਪਾਣੀ ਦੇ ਵਹਾਅ ਦੇ ਰੁਖ਼ ’ਤੇ ਨਿਰਭਰ ਕਰਦੀ ਹੈ। ਚਾਊ ਐਨ ਲਾਈ ਨੇ ਦੁਭਾਸ਼ੀਏ ਦੀ ਮਦਦ ਨਾਲ ਬਹੁਤ ਹੀ ਗਿਣੀ ਮਿਥੀ ਗੱਲ ਕੀਤੀ। ਉਦੋਂ ਤੱਕ ਮੈਨੂੰ ਇਹੀ ਪ੍ਰਭਾਵ ਸੀ ਕਿ ਅਕਸਾਈ ਚਿਨ ਸੜਕ ਦਾ ਵਿਵਾਦ ਹੱਲ ਹੋ ਗਿਆ ਹੈ ਪਰ ਚਾਊ ਐਨ ਲਾਈ ਨੇ ਇਸ ਮੌਕੇ ਦੋ-ਤਿੰਨ ਵਾਰੀ ਮੈਕਮੋਹਨ ਰੇਖਾ ਦੀ ਉਚਿਤਤਾ ’ਤੇ ਸੁਆਲ ਉਠਾਇਆ। ਪੰਤ ਨੂੰ ਲੱਗਿਆ ਕਿ ਜਿਵੇਂ ਮੈਕਮੋਹਨ ਰੇਖਾ ਪ੍ਰਵਾਨਿਤ ਤੱਥ ਹੈ ਜਦੋਂਕਿ ਹਕੀਕਤ ਇਹ ਸੀ ਕਿ ਚਾਊ ਐਨ ਲਾਈ ਨੇ ਮੈਕਮੋਹਨ ਰੇਖਾ ਪ੍ਰਵਾਨ ਨਹੀਂ ਕੀਤੀ ਸੀ ਅਤੇ ਉਸ ਦਾ ਕਹਿਣਾ ਸੀ ਕਿ ਅਜੇ ਇਸ ਦੀ ਅੰਤਿਮ ਰੂਪ ’ਚ ਵਿਆਖਿਆ ਕੀਤੀ ਜਾਣੀ ਹੈ। ਇਸ ਤੋਂ ਮਗਰੋਂ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਤੇ ਕੀਤੇ ਦਾਅਵੇ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ।

ਇਸੇ ਮੀਟਿੰਗ ਦੌਰਾਨ ਦੋਹੇਂ ਧਿਰਾਂ ਇਸ ਨਤੀਜੇ ’ਤੇ ਪਹੁੰਚੀਆਂ ਕਿ ਦੋਹਾਂ ਦੇਸ਼ਾਂ ਦੇ ਵੱਖੋ-ਵੱਖਰੇ ਦਾਅਵਿਆਂ ਬਾਰੇ ਸਾਂਝੀ ਨਜ਼ਰਸਾਨੀ ਦੀ ਲੋੜ ਹੈ। ਅਖੀਰ ਭਾਰਤ ਵੱਲੋਂ ਇਸ ਸਬੰਧੀ ਅਧਿਕਾਰਤ ਤੌਰ ’ਤੇ ਇਕ ਕਮੇਟੀ ਦਾ ਗਠਨ ਕੀਤਾ ਕੀਤਾ ਗਿਆ ਜਿਸ ਦੇ ਦੋ ਮੈਂਬਰ ਐਸ. ਗੋਪਾਲ ਅਤੇ ਜਗਤ ਮਹਿਤਾ ਸਨ। ਗੋਪਾਲ ਨੇ ਇਸ ਸਬੰਧੀ ਲੰਡਨ ਦਾ ਦੌਰਾ ਵੀ ਕੀਤਾ ਤਾਂ ਜੋ ਭਾਰਤੀ ਦਾਅਵੇ ਦੀ ਹਮਾਇਤ ਵਿਚ ਉੱਥੋਂ ਲੋੜੀਂਦੇ ਦਸਤਾਵੇਜ਼ ਤੇ ਹੋਰ ਸਮੱਗਰੀ ਲਿਆਂਦੀ ਜਾ ਸਕੇ। ਉਸ ਨੂੰ ਉੱਥੋਂ ਲੋੜੀਂਦੀ ਸਮੱਗਰੀ ਦੇ ਨਾਲ ਕੁਝ ਹੋਰ ਸਮੱਗਰੀ ਵੀ ਮਿਲ ਗਈ ਜੋ ਭਾਰਤੀ ਦਾਅਵੇ ਨੂੰ ਮਜ਼ਬੂਤ ਕਰਦੀ ਸੀ ਪ੍ਰੰਤੂ ਬਰਤਾਨਵੀ ਸਰਕਾਰ ਇਸ ਦੀਆਂ ਸਿਰਫ਼ ਫੋਟੋ ਸਟੇਟ ਕਾਪੀਆਂ ਦੇਣ ਲਈ ਹੀ ਰਾਜ਼ੀ ਹੋਈ। ਚੀਨੀਆਂ ਨੇ ਇਸ ਭਾਰਤੀ ਪ੍ਰਾਜੈਕਟ ਨੂੰ ਸਾਬੋਤਾਜ ਕਰਨ ਦਾ ਬਹੁਤ ਯਤਨ ਕੀਤਾ ਪਰ ਇੱਥੇ ਮਾਊਂਟਬੈਟਨ ਪਰਿਵਾਰ ਦਾ ਰਸੂਖ਼ ਭਾਰਤ ਦੇ ਕੰਮ ਆਇਆ। ਊਦੋਂ ਇਕ ਗੱਲ ਇਹ ਵੀ ਉੱਡੀ ਹੋਈ ਸੀ ਕਿ ਜਿਸ ਫਲਾਈਟ ਰਾਹੀਂ ਗੋਪਾਲ ਵਾਪਸ ਆ ਰਿਹਾ ਸੀ, ਉਸ ’ਚ ਚੀਨੀਆਂ ਨੇ ਉਸ ਤੋਂ ਇਹ ਸਮੱਗਰੀ ਖੋਹਣ ਦਾ ਯਤਨ ਵੀ ਕੀਤਾ ਸੀ। ਮੈਂ ਜਦੋਂ ਇਸ ਬਾਰੇ ਗੋਪਾਲ ਨੂੰ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਅਜਿਹਾ ਕੁਝ ਨਹੀਂ ਵਾਪਰਿਆ। ਗੋਪਾਲ ਅਤੇ ਮਹਿਤਾ ਚੀਨ ਦੌਰੇ ਦੌਰਾਨ ਆਪਣੇ ਨਾਲ ਥੱਬਿਆਂ ਦੇ ਥੱਬੇ ਦਸਤਾਵੇਜ਼ ਲੈ ਕੇ ਗਏ ਅਤੇ ਇਹ ਸਮੱਗਰੀ ਚੋਰੀ ਹੋਣ ਜਾਂ ਕਿਸੇ ਹੋਰ ਮਾੜੀ ਘਟਨਾ ਵਾਪਰਨ ’ਤੇ ਇਨ੍ਹਾਂ ਕੀਮਤੀ ਪ੍ਰਮਾਣਾਂ ਦੇ ਨਸ਼ਟ ਹੋਣ ਦੇ ਡਰੋਂ ਇਸ ਦੀਆਂ ਹੋਰ ਕਾਪੀਆਂ ਬਣਾ ਕੇ ਸੰਭਾਲ ਕੇ ਵੀ ਰੱਖ ਲਈਆਂ ਗਈਆਂ। ਇਸ ਭਾਰਤੀ ਦਾਅਵੇ ਸਬੰਧੀ ਲੋੜੀਂਦੇ ਪ੍ਰਮਾਣਾਂ ਦੇ ਆਧਾਰ ’ਤੇ ਬਾਦਲੀਲ ਰਿਪੋਰਟ ਤਿਆਰ ਕੀਤੀ ਗਈ ਸੀ ਪ੍ਰੰਤੂ ਚੀਨੀ ਧਿਰ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਇਹ ਭਾਰਤੀ ਟੀਮ ਅਜੇ ਚੀਨ ਲਈ ਰਵਾਨਾ ਵੀ ਨਹੀਂ ਸੀ ਹੋਈ ਕਿ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੀਟਿੰਗ ਦਾ ਕੋਈ ਖਾਸ ਸਿੱਟਾ ਨਹੀਂ ਨਿਕਲਣ ਵਾਲਾ। ਹੋਇਆ ਇਉਂ ਕਿ ਪੋਲੈਂਡ ਦੇ ਰਾਜਦੂਤ, ਜਿਸ ਨੂੰ ਮੈਂ ਪਹਿਲਾਂ ਵੀ ਕਈ ਡਿਪਲੋਮੈਟਿਕ ਪਾਰਟੀਆਂ ਵਿਚ ਮਿਲਿਆ ਸੀ, ਨੇ ਮੈਨੂੰ ਗੱਲਬਾਤ ਲਈ ਸੱਦਿਆ ਅਤੇ ਕਿਹਾ ਕਿ ਉਹ ਮੈਨੂੰ ਜੋ ਗੱਲ ਕਹਿ ਰਿਹਾ ਹੈ, ਮੈਂ ਉਹ ਜਾ ਕੇ ਪੰਤ ਨੂੰ ਦੱਸ ਦਿਆਂ। ਉਸ ਨੇ ਮੇਰੇ ਨਾਲ ਗੱਲ ਸ਼ੁਰੂ ਕਰਨ ਮੌਕੇ ਆਖਿਆ ਕਿ ਉਹ ਮੈਨੂੰ ਜਿਸ ਤਜਵੀਜ਼ ਬਾਰੇ ਦੱਸਣ ਲੱਗਿਆ ਹੈ, ਉਸ ਤਜਵੀਜ਼ ਨੂੰ ਕਮਿਊਨਿਸਟ ਦੇਸ਼ਾਂ ਅਤੇ ਖਾਸ ਕਰਕੇ ਸੋਵੀਅਤ ਸੰਘ ਦੀ ਹਮਾਇਤ ਹਾਸਲ ਹੈ। ਉਸ ਦੀ ਤਜਵੀਜ਼ ਸੀ ਕਿ ਮੈਕਮੋਹਨ ਲਾਈਨ ਨੂੰ ਕੌਮਾਂਤਰੀ ਸਰਹੱਦ ਵਜੋਂ ਚੀਨ ਦੀ ਮਾਨਤਾ ਦੇ ਲਈ ਭਾਰਤ ਨੂੰ ਇਹ ਸੌਦਾ ਕਰ ਲੈਣਾ ਚਾਹੀਦਾ ਹੈ। ਉਸ ਨੂੰ ਲੱਦਾਖ ਦਾ ਕੁਝ ਇਲਾਕਾ ਚੀਨ ਨੂੰ ਦੇ ਦੇਣਾ ਚਾਹੀਦਾ ਹੈ ਅਤੇ ਇਸ ਦੇ ਬਦਲੇ ਵਿਚ ਚੀਨ ਮੈਕਮੋਹਨ ਰੇਖਾ ਨੂੰ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਰੇਖਾ ਵਜੋਂ ਮਾਨਤਾ ਦੇ ਦੇਵੇਗਾ। ਉਸ ਦਾ ਕਹਿਣਾ ਸੀ, ‘‘ਚੀਨ ਵੱਲੋਂ ਜਿਸ ਇਲਾਕੇ ਦੀ ਮੰਗ ਕੀਤੀ ਜਾ ਰਹੀ ਹੈ ਉਸ ਬਾਰੇ ਦੋਹਾਂ ਦੇਸ਼ਾਂ ’ਚੋਂ ਕਿਸੇ ਨੂੰ ਵੀ ਪੱਕਾ ਪਤਾ ਨਹੀਂ ਕਿ ਇਸ ’ਤੇ ਕਿਸ ਦਾ ਕਬਜ਼ਾ ਰਿਹਾ ਹੈ। ਭਾਰਤ ਵੱਲੋਂ ਜਿਸ ਇਲਾਕੇ ’ਤੇ ਦਾਅਵਾ ਕੀਤਾ ਜਾਂਦਾ ਹੈ, ਉਸ ਉੱਤੇ ਬਰਤਾਨੀਆ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਸੀ। ਕੋਈ ਵੀ ਤਾਕਤ ਇਸ ਸਾਮਰਾਜਵਾਦੀ ਰੇਖਾ ਨੂੰ ਕਿਵੇਂ ਮਾਨਤਾ ਦੇ ਸਕਦੀ ਹੈ ਅਤੇ ਭਾਰਤ ਨੂੰ ਵੀ ਇਸ ’ਤੇ ਜ਼ੋਰ ਨਹੀਂ ਦੇਣਾ ਚਾਹੀਦਾ।’’ ਉਸ ਦਾ ਕਹਿਣਾ ਸੀ ਕਿ ਭਾਵੇਂ ਜੋ ਵੀ ਸਿੱਟਾ ਨਿਕਲੇ ਚੀਨ ਆਪਣੇ ਵੱਲੋਂ ਉਸਾਰੀ ਗਈ ਅਕਸਾਈ ਚਿਨ ਸੜਕ ਤੋਂ ਆਪਣਾ ਕਬਜ਼ਾ ਕਿਸੇ ਵੀ ਸੂਰਤ ’ਨਹੀਂ ਛੱਡੇਗਾ। ਉਸ ਦੀ ਦਲੀਲ ਸੀ ਕਿ ਇਹ ਸੜਕ ਸਿਨਕਿਆਂਗ ਅਤੇ ਚੀਨ ਦੇ ਬਾਕੀ ਹਿੱਸਿਆਂ ਵਿਚਾਲੇ ਜੀਵਨ ਰੇਖਾ ਦਾ ਕੰਮ ਕਰਦੀ ਹੈ। ਮੈਂ ਇਸ ਤਜਵੀਜ਼ ਬਾਰੇ ਪੰਤ ਨੂੰ ਜਾਣੂ ਕਰਵਾ ਦਿੱਤਾ ਪ੍ਰੰਤੂ ਉਨ੍ਹਾਂ ਮੇਰੀ ਗੱਲ ਸੁਣ ਕੇ ਕੋਈ ਪ੍ਰਤੀਕਰਮ ਜ਼ਾਹਰ ਨਾ ਕੀਤਾ।

(ਧੰਨਵਾਦ: ਯੂਨੀਸਟਾਰ ਬੁੱਕਸ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All