24 ਜਨਵਰੀ: ਮੁੱਖ ਮੰਤਰੀ ਖ਼ਿਜ਼ਰ ਹਯਾਤ ਟਿਵਾਣਾ ਨੇ ਮੁਸਲਿਮ ਨੈਸ਼ਨਲ ਗਾਰਡ ਅਤੇ ਆਰਐੱਸਐੱਸ ਉੱਤੇ ਪਾਬੰਦੀ ਲਾਈ; ਮੁਸਲਿਮ ਲੀਗ ਨੇ ਖ਼ਿਜ਼ਰ ਸਰਕਾਰ ਖ਼ਿਲਾਫ਼ ਸਿੱਧਾ ਐਕਸ਼ਨ ਸ਼ੁਰੂ ਕੀਤਾ।
20 ਫਰਵਰੀ: ਬਰਤਾਨਵੀ ਹਕੂਮਤ ਨੇ ਹਿੰਦੋਸਤਾਨੀ ਬਰ-ਏ-ਸਗ਼ੀਰ (ਭਾਰਤੀ ਉਪ-ਮਹਾਂਦੀਪ) ਵਿਚੋਂ ਜੂਨ 1948 ਤੱਕ ਬਰਤਾਨਵੀ ਰਾਜ ਦੇ ਖ਼ਾਤਮੇ ਦਾ ਐਲਾਨ ਕੀਤਾ।
26 ਫਰਵਰੀ: ਮੁਸਲਿਮ ਲੀਗ ਨੇ ਸਿਵਲ ਨਾ-ਫ਼ੁਰਮਾਨੀ ਅੰਦੋਲਨ ਵਾਪਸ ਲਿਆ, ਸਾਰੇ ਬੰਦੀ ਰਿਹਾਅ ਕਰ ਦਿੱਤੇ ਗਏ।
2 ਮਾਰਚ: ਖ਼ਿਜ਼ਰ ਹਯਾਤ ਟਿਵਾਣਾ ਨੇ ਅਸਤੀਫ਼ਾ ਦਿੱਤਾ ਅਤੇ ਭਾਰੀ ਸਿਆਸੀ ਤੇ ਸੰਵਿਧਾਨਕ ਸੰਕਟ ਖੜ੍ਹਾ ਕਰ ਦਿੱਤਾ।
3 ਮਾਰਚ: ਮਾਸਟਰ ਤਾਰਾ ਸਿੰਘ ਨੇ ਪਾਕਿਸਤਾਨ ਦੀ ਕਾਇਮੀ ਦਾ ਵਿਰੋਧ ਕਰਦਿਆਂ ਲਾਹੌਰ ਵਿਖੇ ਪੰਜਾਬ ਅਸੈਂਬਲੀ ਦੀਆਂ ਪੌੜੀਆਂ ਉੱਤੇ ਆਪਣੀ ਕਿਰਪਾਨ ਲਹਿਰਾਈ। ਲਾਹੌਰ ਵਿਖੇ ਹੀ ਇਕ ਜਲਸੇ ਵਿਚ ਹਿੰਦੂ ਤੇ ਸਿੱਖ ਆਗੂਆਂ ਨੇ ਪਾਕਿਸਤਾਨ ਬਣਾਏ ਜਾਣ ਦਾ ਵਿਰੋਧ ਕਰਨ ਦਾ ਅਹਿਦ ਲਿਆ।
4 ਮਾਰਚ: ਅੰਮ੍ਰਿਤਸਰ ਤੇ ਲਾਹੌਰ ਵਿਚ ਹਿੰਦੂ-ਸਿੱਖ ਪ੍ਰਦਰਸ਼ਨਕਾਰੀਆਂ ਅਤੇ ਮੁਸਲਿਮ ਵਿਰੋਧੀਆਂ ਦਰਮਿਆਨ ਝੜਪਾਂ ਸ਼ੁਰੂ ਹੋ ਗਈਆਂ।
5 ਮਾਰਚ: ਦੰਗੇ ਮੁਲਤਾਨ ਤੇ ਰਾਵਲਪਿੰਡੀ ਤੱਕ ਫੈਲ ਗਏ; ਕੁਝ ਘੱਟ ਸ਼ਿੱਦਤ ਨਾਲ ਇਹ ਜਲੰਧਰ ਤੇ ਕੇਂਦਰੀ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿਚ ਵੀ ਭੜਕ ਪਏ।
5 ਮਾਰਚ: ਪੰਜਾਬ ਦੇ ਗਵਰਨਰ ਸਰ ਈਵਾਨ ਜੇਨਕਿਨਜ਼ ਨੇ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਕੀਤਾ ਜੋ 15 ਅਗਸਤ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੀਆਂ ਸਰਕਾਰਾਂ ਨੂੰ ਸੱਤਾ ਸੌਂਪੇ ਜਾਣ ਤੱਕ ਜਾਰੀ ਰਿਹਾ।
6-13 ਮਾਰਚ: ਰਾਵਲਪਿੰਡੀ, ਕੈਂਪਬੈੱਲਪੁਰ (ਅਟਕ) ਅਤੇ ਜੇਹਲਮ ਜ਼ਿਲ੍ਹਿਆਂ ਵਿਚਲੇ ਸਿੱਖ ਬਹੁਗਿਣਤੀ ਵਾਲੇ ਪਿੰਡਾਂ ਉੱਤੇ ਹਥਿਆਰਬੰਦ ਮੁਸਲਮਾਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ। ਦੰਗਿਆਂ ਵਿਚ 2 ਤੋਂ 5 ਹਜ਼ਾਰ ਤੱਕ ਹਿੰਦੂ ਤੇ ਸਿੱਖ ਮਾਰੇ ਗਏ। ਹਜ਼ਾਰਾਂ ਸਿੱਖਾਂ ਨੇ ਜਾਨਾਂ ਬਚਾ ਕੇ ਪੰਜਾਬ ਦੇ ਪੂਰਬੀ ਜ਼ਿਲ੍ਹਿਆਂ ਅਤੇ ਰਿਆਸਤਾਂ ਵਿਚ ਸ਼ਰਨ ਲਈ।
8 ਮਾਰਚ: ਕਾਂਗਰਸ ਪਾਰਟੀ ਨੇ ਸਿੱਖਾਂ ਵੱਲੋਂ ਕੀਤੀ ਗਈ ਪੰਜਾਬ ਦੇ ਬਟਵਾਰੇ ਦੀ ਮੰਗ ਦੀ ਹਮਾਇਤ ਕੀਤੀ।
24 ਮਾਰਚ: ਲਾਰਡ ਲੂਈ ਮਾਊਂਟਬੈਟਨ ਨੇ ਭਾਰਤ ਦੇ ਆਖ਼ਰੀ ਵਾਇਸਰਾਏ ਅਤੇ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲਿਆ।
ਅਪਰੈਲ-ਜੂਨ: ਲਾਹੌਰ ਤੇ ਅੰਮ੍ਰਿਤਸਰ ਵਿਚ ਵੱਡੇ ਪੱਧਰ ’ਤੇ ਲਗਾਤਾਰ ਛੁਰੇਬਾਜ਼ੀ, ਅੱਗਜ਼ਨੀ ਤੇ ਦੇਸੀ ਬੰਬਾਂ ਦੇ ਹਮਲਿਆਂ ਦੀਆਂ ਘਟਨਾਵਾਂ ਵਾਪਰਨ ਲੱਗੀਆਂ। ਹਿੰਦੂਆਂ ਅਤੇ ਸਿੱਖਾਂ ਦੇ ਵੱਡੇ-ਵੱਡੇ ਕਾਫ਼ਲਿਆਂ ਨੇ ਪੱਛਮੀ ਪੰਜਾਬ ਤੋਂ ਚੜ੍ਹਦੇ ਪਾਸੇ ਵੱਲ ਦੇ ਸੁਰੱਖਿਅਤ ਟਿਕਾਣਿਆਂ ਵੱਲ ਹਿਜਰਤ ਸ਼ੁਰੂ ਕਰ ਦਿੱਤੀ।
14-15 ਮਈ: ਮੁਹੰਮਦ ਅਲੀ ਜਿਨਾਹ ਤੇ ਲਿਆਕਤ ਅਲੀ ਨੇ ਸਿੱਖਾਂ ਵੱਲੋਂ ਪਾਕਿਸਤਾਨ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਵਿਚਾਰਨ ਲਈ ਮਹਾਰਾਜਾ ਪਟਿਆਲਾ ਤੇ ਦੂਜੇ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ; ਗੱਲਬਾਤ ਨਾਕਾਮ ਰਹੀ।
3 ਜੂਨ: ਮਾਊਂਟਬੈਟਨ ਵੱਲੋਂ ਬਟਵਾਰੇ ਦੀ ਯੋਜਨਾ ਦਾ ਐਲਾਨ; ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਅਗਸਤ 1947 ਦੇ ਮੱਧ ਤੱਕ ਭਾਰਤੀ ਅਤੇ ਪਾਕਿਸਤਾਨੀ ਸਰਕਾਰਾਂ ਨੂੰ ਸੱਤਾ ਸੌਂਪ ਦਿੱਤੀ ਜਾਵੇਗੀ।
23 ਜੂਨ: ਪੰਜਾਬ ਅਸੈਂਬਲੀ ਦੇ ਮੈਂਬਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਗਰੁੱਪਾਂ ਵਜੋਂ ਇਕੱਤਰ ਹੋਏ ਅਤੇ ਪੰਜਾਬ ਦੇ ਬਟਵਾਰੇ ਦੇ ਹੱਕ ਵਿਚ ਵੋਟਾਂ ਪਾਈਆਂ।
8 ਜੁਲਾਈ: ਸਰ ਸਾਇਰਿਲ ਰੈਡਕਲਿਫ ਹੱਦਬੰਦੀ ਕਮਿਸ਼ਨ (Boundary Commission) ਦੀ ਅਗਵਾਈ ਕਰਨ ਲਈ ਹਿੰਦੋਸਤਾਨ ਪੁੱਜਾ।
18 ਜੁਲਾਈ: ਬਰਤਾਨਵੀ ਸੰਸਦ ਨੇ ਇੰਡੀਆ ਇੰਡੀਪੈਂਡੈਂਸ ਐਕਟ (India Independence Act) 1947 ਪਾਸ ਕੀਤਾ।
21 ਜੁਲਾਈ-31 ਜੁਲਾਈ: ਪੰਜਾਬ ਹੱਦਬੰਦੀ ਕਮਿਸ਼ਨ ਨੇ ਬਰਤਾਨਵੀ ਹਕੂਮਤ ਵਾਲੇ ਪੰਜਾਬ ਵਿਚ ਕਾਂਗਰਸ, ਮੁਸਲਿਮ ਲੀਗ, ਸਿੱਖਾਂ ਅਤੇ ਕੁਝ ਘੱਟਗਿਣਤੀ ਸਮੂਹਾਂ ਵੱਲੋਂ ਪੇਸ਼ ਵਿਰੋਧੀ-ਇਲਾਕਾਈ ਦਾਅਵਿਆਂ ਦੀ ਪੜਚੋਲ ਕੀਤੀ।
ਜੁਲਾਈ ਵਿਚ ਅਗਾਂਹ: ਪੁਰਾਣਾ ਪੰਜਾਬ ਵੰਡਿਆ ਗਿਆ ਅਤੇ ਪੇਂਡੂ ਇਲਾਕਿਆਂ ਵਿਚ ਦੰਗੇ-ਫ਼ਸਾਦ ਸ਼ੁਰੂ ਹੋ ਗਏ; ਸਰਕਾਰ ਦਾ ਪ੍ਰਭਾਵ ਤੇਜ਼ੀ ਨਾਲ ਘਟਦਾ ਗਿਆ; ਪੰਜਾਬ ਦੇ ਪੂਰਬੀ ਜ਼ਿਲ੍ਹਿਆਂ ਵਿਚ ਸਿੱਖ ਜਥਿਆਂ ਨੇ ਮੁਸਲਮਾਨਾਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ।
1 ਅਗਸਤ: ਮੇਜਰ ਜਨਰਲ ਰੀਸ ਦੀ ਅਗਵਾਈ ਹੇਠਲੀ ਮਾੜੇ ਪ੍ਰਬੰਧ ਵਾਲੀ ਅਤੇ ਸਾਜ਼ੋ-ਸਾਮਾਨ ਤੋਂ ਰਹਿਤ ਪੰਜਾਬ ਬਾਊਂਡਰੀ ਫੋਰਸ (ਪੀਬੀਐਫ) ਨੇ ਪੰਜਾਬ ਦੇ ਬਰਤਾਨਵੀ ਹਕੂਮਤ ਵਾਲੇ ਬਾਰਾਂ ਜ਼ਿਲ੍ਹਿਆਂ ਵਿਚ ਹਾਲਾਤ ’ਤੇ ਕਾਬੂ ਪਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ। ਇਸ ਫੋਰਸ ਨੂੰ ਰਿਆਸਤਾਂ ਵਿਚ ਕੋਈ ਅਖ਼ਤਿਆਰ ਨਹੀਂ ਸੀ।
12 ਅਗਸਤ: ਗਵਰਨਰ ਜੇਨਕਿਨਜ਼ ਨੇ ਪੂਰਬੀ ਜ਼ਿਲ੍ਹਿਆਂ ਤੋਂ ਮੁਸਲਮਾਨਾਂ ਦੇ ਮੁਸਲਿਮ ਬਹੁਗਿਣਤੀ ਵਾਲੇ ਲਹਿੰਦੇ ਪਾਸੇ ਵੱਲ ਵੱਡੇ ਪੱਧਰ ’ਤੇ ਹਿਜਰਤ ਦੀ ਪਹਿਲੀ ਰਿਪੋਰਟ ਦਰਜ ਕੀਤੀ।
15 ਅਗਸਤ: ਸੱਤਾ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੀਆਂ ਸਰਕਾਰਾਂ ਨੂੰ ਸੌਂਪ ਦਿੱਤੀ ਗਈ ਤੇ ਹਿੰਦੋਸਤਾਨੀ ਬਰ-ਏ-ਸਗ਼ੀਰ ਵਿਚੋਂ ਬਰਤਾਨਵੀ ਹਕੂਮਤ ਦਾ ਖ਼ਾਤਮਾ ਹੋ ਗਿਆ।
17 ਅਗਸਤ: ਭਾਰਤ ਅਤੇ ਪਾਕਿਸਤਾਨ ਦਰਮਿਆਨ ਕੌਮਾਂਤਰੀ ਸਰਹੱਦ ਦੀ ਨਿਸ਼ਾਨਦੇਹੀ ਕਰਦੇ ਰੈਡਕਲਿਫ ਐਵਾਰਡ ਦਾ ਜਨਤਕ ਐਲਾਨ ਕਰ ਦਿੱਤਾ ਗਿਆ। ਇਸ ਨੇ ਵੱਡੇ ਪੱਧਰ ’ਤੇ ਹਿੰਸਾ ਭੜਕਾ ਦਿੱਤੀ ਕਿਉਂਕਿ ਲੱਖਾਂ ਹੀ ਹਿੰਦੂ, ਮੁਸਲਮਾਨ ਤੇ ਸਿੱਖ ਨਵੀਂ ਸਰਹੱਦ ਦੇ ਉਲਟ ਪਾਸੇ ਵੱਲ ਰਹਿੰਦੇ ਸਨ।
1 ਸਤੰਬਰ: ਪੀਬੀਐਫ ਨੂੰ ਭੰਗ ਕਰ ਦਿੱਤਾ ਗਿਆ; ਭਾਰਤ ਤੇ ਪਾਕਿਸਤਾਨ ਸਰਕਾਰਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਆਰ-ਪਾਰ ਜਾਣ ਵਾਲੇ ਪਨਾਹਗੀਰਾਂ ਦੇ ਕਾਫ਼ਲਿਆਂ ਦੀ ਸੁਰੱਖਿਆ ਲਈ ਸਾਂਝੀਆਂ ਇਕਾਈਆਂ ਕਾਇਮ ਕਰ ਦਿੱਤੀਆਂ।
17 ਅਗਸਤ ਤੋਂ 31 ਦਸੰਬਰ: ਵੰਡੇ ਗਏ ਪੰਜਾਬ ਦੇ ਦੋਹੀਂ ਪਾਸੀਂ ਫ਼ਿਰਕੂ ਕਤਲੇਆਮ ਚੱਲਦੇ ਰਹੇ।
31 ਦਸੰਬਰ: ਵੰਡੇ ਗਏ ਪੰਜਾਬ ਦੇ ਦੋਹੀਂ ਪਾਸਿਆਂ ਦੇ ਇਕ ਕਰੋੜ ਦੇ ਕਰੀਬ ਅਣਚਾਹੇ ਪੰਜਾਬੀਆਂ ਵਿਚੋਂ ਬਹੁਤੇ ਸਰਹੱਦ ਟੱਪ ਕੇ ਦੂਜੇ ਪਾਸੇ ਪੁੱਜ ਗਏ ਜਦੋਂਕਿ ਇਸ ਦੌਰਾਨ 5 ਤੋਂ 8 ਲੱਖ ਦੇ ਕਰੀਬ ਪੰਜਾਬੀ ਮਾਰੇ ਗਏ।
(ਇਸ਼ਤਿਆਕ ਅਹਿਮਦ ਦੀ ਕਿਤਾਬ ‘The Punjab Bloodied, Partitioned and Cleansed’ ਦੇ ਆਧਾਰ ’ਤੇ)