ਦੋ ਫਰਵਰੀ 1881 ਨੂੰ ਦੇਸ਼ ਅਤੇ ਪੰਜਾਬ ਦੇ ਗਿਆਨ-ਖੇਤਰ, ਪੱਤਰਕਾਰੀ ਅਤੇ ਇਤਿਹਾਸ ਵਿਚ ਇਕ ਨਵੀਂ ਸ਼ੁਰੁੂਆਤ ਹੋਈ। ਇਸ ਦਿਨ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਲਾਹੌਰ, ਜੋ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ, ਤੋਂ ‘ਦਿ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕੀਤਾ। ਇਹ ਅਖ਼ਬਾਰ ਦੇਸ਼ ਅਤੇ ਪੰਜਾਬ ਦੇ ਇਤਿਹਾਸ ਦਾ ਗਵਾਹ ਹੈ। ਆਪਣੇ 140 ਵਰ੍ਹੇ ਪੂਰੇ ਹੋਣ ’ਤੇ 2 ਫਰਵਰੀ 2021 ਨੂੰ ‘ਦਿ ਟ੍ਰਿਬਿਊਨ’ ਨੇ ਵਿਸ਼ੇਸ਼ ਸਪਲੀਮੈਂਟ ਕੱਢਿਆ। ਅਸੀਂ ਉਸ ਸਪਲੀਮੈਂਟ ਵਿਚੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉੱਘੇ ਕਲਾ ਆਲੋਚਕ ਬੀ.ਐੱਨ. ਗੋਸਵਾਮੀ ਅਤੇ ਇਤਿਹਾਸਕਾਰ ਨੋਨਿਕਾ ਦੱਤਾ ਦੇ ਲੇਖ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
ਡਾ. ਮਨਮੋਹਨ ਸਿੰਘ*
ਭਾਰਤ ਦੇ ਸਭ ਤੋਂ ਵੱਧ ਸ਼ਾਨਾਂਮੱਤੇ ਰੋਜ਼ਾਨਾ ਅਖ਼ਬਾਰ ‘ਦਿ ਟ੍ਰਬਿਿਊੁਨ’ ਦੀ ਸਥਾਪਨਾ ਦੇ 140 ਸਾਲ ਪੂਰੇ ਹੋ ਗਏ ਹਨ। ਇਸ ਸਮੇਂ ਦੌਰਾਨ ਇਹ ਬਿਨਾਂ ਭੋਰਾ ਭਰ ਸ਼ੱਕ ਦੇ, ਰੋਜ਼ਾਨਾ ਲੋੜ ਬਣ ਕੇ ਉੱਭਰਿਆ ਹੈ ਅਤੇ ਨਾਲ ਹੀ ਉੱਤਰ ਭਾਰਤੀ ਸੂਬਿਆਂ ਹੀ ਨਹੀਂ ਸਗੋਂ ਦੇਸ਼ ਦਾ ਵੀ ਰਿਕਾਰਡ ਸੰਭਾਲਣ ਵਾਲਾ ਪਹਿਰੇਦਾਰ ਬਣਿਆ ਰਿਹਾ ਹੈ। ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਇਹ ਬਹੁਤ ਲੰਬੇ ਸਮੇਂ ਤੋਂ ਮੇਰਾ ‘ਸਵੇਰ ਦਾ ਅਖ਼ਬਾਰ’ ਬਣਿਆ ਹੋਇਆ ਹੈ ਤੇ ਬਣਿਆ ਰਹੇਗਾ।
ਇਸ ਮਹਾਨ ਅਖ਼ਬਾਰ ਦਾ 140 ਸਾਲਾਂ ਦਾ ਸਫ਼ਰ, ਨਾਲ ਹੀ ਭਾਰਤ ਦਾ ਸਫ਼ਰ ਵੀ ਹੈ – ਸਾਡੇ ਆਜ਼ਾਦ ਪ੍ਰਭੂਤਾ ਸੰਪੰਨ ਮੁਲਕ ਬਣਨ ਅਤੇ ਉਸ ਤੋਂ ਬਾਅਦ ਕੌਮ-ਉਸਾਰੀ ਦਾ ਸਫ਼ਰ। ਇਹ ਇਸ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਦੂਰਅੰਦੇਸ਼ੀ ਦਾ ਸ਼ਾਨਦਾਰ ਸਬੂਤ ਵੀ ਹੈ। ਉਦਾਰਵਾਦੀ ਕਦਰਾਂ-ਕੀਮਤਾਂ ਦੇ ਰੰਗ ਵਿਚ ਰੰਗੇ ਹੋਏ ਅਤੇ ਰੂੜੀਵਾਦ ਤੇ ਅੰਧ-ਵਿਸ਼ਵਾਸਾਂ ਖ਼ਿਲਾਫ਼ ਲੜਨ ਲਈ ਦ੍ਰਿੜ੍ਹ ਸਰਦਾਰ ਮਜੀਠੀਆ ਸਮਾਜ ਨੂੰ ਸੁਧਾਰਨ ਦਾ ਇਕ ਸਾਧਨ ਚਾਹੁੰਦੇ ਸਨ। ਉਹ ਇਕ ਰੌਸ਼ਨ ਖ਼ਿਆਲ ਤੇ ਦੂਰਅੰਦੇਸ਼ ਦੇਸ਼ਭਗਤ ਸਨ ਜਿਹੜੇ ਇਸ ਗੱਲ ਵਿਚ ਵਿਸ਼ਵਾਸ ਰੱਖਦੇ ਸਨ ਕਿ ਮੁਲਕ ਦਾ ਪਾਰ-ਉਤਾਰਾ ਸਰਬਪੱਖੀ, ਯੋਜਨਾਬੱਧ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਵਿਚ ਹੈ। ਇਸ ਮਹਾਨ ਟੀਚੇ ਦੀ ਪੂਰਤੀ ਲਈ ਉਨ੍ਹਾਂ ਆਪਣੀ ਜਾਇਦਾਦ ਦਾ ਬੜਾ ਵੱਡਾ ਹਿੱਸਾ ਤਿੰਨ ਟਰੱਸਟ ਕਾਇਮ ਕਰਨ ਲਈ ਦੇ ਦਿੱਤਾ ਅਤੇ ਇਹ ਤਿੰਨੋਂ ਟਰੱਸਟ ਅਜਿਹੇ ਅਦਾਰੇ ਕਾਇਮ ਕਰਨ ਲਈ ਜ਼ਿੰਮੇਵਾਰ ਸਨ ਜਿਹੜੇ ਸਮੇਂ ਦੀਆਂ ਪਰਖਾਂ ’ਤੇ ਖਰੇ ਉਤਰਨ। ਇਸ ਤਰ੍ਹਾਂ ਇਨ੍ਹਾਂ ਟਰੱਸਟਾਂ ਰਾਹੀਂ ਇਕ ਅੰਗਰੇਜ਼ੀ ਅਖ਼ਬਾਰ, ਇਕ ਜਨਤਕ ਲਾਇਬਰੇਰੀ ਅਤੇ ਇਕ ਕਾਲਜ ਹੋਂਦ ਵਿਚ ਆਇਆ। ਇਨ੍ਹਾਂ ਵਿਚੋਂ ਫਰਵਰੀ 1881 ਵਿਚ ਸ਼ੁਰੂ ਕੀਤਾ ਗਿਆ ‘ਦਿ ਟ੍ਰਿਬਿਊਨ’ ਸਭ ਤੋਂ ਵੱਧ ਮਕਬੂਲ ਅਤੇ ਇਸ ਤੋਂ ਵੀ ਅੱਗੇ ਸਭ ਤੋਂ ਜ਼ਿਆਦਾ ਰਸੂਖ਼ਵਾਨ ਸਾਬਤ ਹੋਇਆ।
ਇਸ ਦੇ ਮੁੱਢ ਮੌਕੇ ਹੀ, ਟ੍ਰਿਬਿਊਨ ਦੀ ਸ਼ੁਰੂਆਤ ਕਰਨ ਵਾਲੇ ਮੁਹਰੈਲਾਂ ਨੇ ਇਸ ਮੁਤੱਲਕ ਆਪਣੇ ਮਕਸਦਾਂ ਬਾਰੇ ਇਕ ਬਿਆਨ ਜਾਰੀ ਕੀਤਾ ਜਿਸ ਦੇ ਸ਼ਬਦ ਅੱਜ ਵੀ ਸੱਚ ਹਨ। ਇਸ ਬਿਆਨ ਦਾ ਸਿਰਲੇਖ ਸੀ ‘‘ਸਾਡੇ ਬਾਰੇ’’, ਜਿਸ ਵਿਚ ਦਲੇਰਾਨਾ ਢੰਗ ਨਾਲ ਐਲਾਨ ਕੀਤਾ ਗਿਆ ਕਿ, ‘‘ਦਿ ਟ੍ਰਿਬਿਊਨ ਦੇ ਪੇਸ਼ਕਾਰਾਂ ਅਤੇ ਚਾਲਕਾਂ ਦੇ ਨਾ ਤਾਂ ਕੋਈ ਪੱਕੇ ਸਿਧਾਂਤ ਹਨ ਅਤੇ ਨਾ ਹੀ ਨਿੱਜੀ ਹਿੱਤ ਹਨ ਜਿਨ੍ਹਾਂ ਨੂੰ ਇਸ ਪਰਚੇ ਜ਼ਰੀਏ ਅੱਗੇ ਵਧਾਇਆ ਜਾਵੇ। ਇਸ ਉੱਦਮ ਲਈ ਉਨ੍ਹਾਂ ਨੂੰ ਕਿਸੇ ਮਾਲੀ ਮੁਨਾਫ਼ੇ ਦੇ ਵਿਚਾਰ ਨੇ ਨਹੀਂ ਉਕਸਾਇਆ। ਉਹ ਸਿਰਫ਼ ਆਮ ਜਨਤਾ ਦੀ ਭਲਾਈ ਲਈ ਕੰਮ ਕਰਨ ਦਾ ਦਾਅਵਾ ਕਰਦੇ ਹਨ ਅਤੇ ਉਹ ਸੁਚੇਤ ਹਨ ਕਿ ਜਨਤਕ ਭਲਾਈ ਨੂੰ ਈਰਖਾ-ਖੁਣਸ ਅਤੇ ਖਰਵੇ ਬੋਲਾਂ ਦੀ ਥਾਂ ਉਦਾਰਤਾ ਅਤੇ ਸੰਜਮ ਰਾਹੀਂ ਜ਼ਿਆਦਾ ਅੱਗੇ ਵਧਾਇਆ ਜਾ ਸਕਦਾ ਹੈ।’’ ਟ੍ਰਿਬਿਊਨ ਨੇ ‘ਨਿਰਪੱਖਤਾ ਤੇ ਸੰਜਮੀ ਢੰਗ ਨਾਲ ਖ਼ਾਮੋਸ਼ (mute) ਆਮ ਲੋਕਾਂ ਦੇ ਮੰਤਵਾਂ ਦੀ ਵਕਾਲਤ’ ਕਰਨ ਦੀ ਉਮੀਦ ਦਿੱਤੀ। ਟ੍ਰਿਬਿਊਨ ਲੋਕ ਰਾਇ ਦੀ ਨੁਮਾਇੰਦਗੀ ਕਰਨ ਅਤੇ ਅਜਿਹੀ ਲੋਕ ਰਾਇ ਨੂੰ ਉਸਾਰਨ ਤੇ ਇਸ ਬਾਰੇ ਸਿੱਖਿਅਤ ਕਰਨ ਦਾ ਚਾਹਵਾਨ ਸੀ। ਇਹ ਆਪਣੇ ਆਪ ਨੂੰ ਕਿਸੇ ਖ਼ਾਸ ਜਮਾਤ, ਨਸਲ ਜਾਂ ਪਾਰਟੀ ਲਾਈਨ ਤੋਂ ਬੇਲਾਗ਼ ਰੱਖਦਿਆਂ ਅੱਗੇ ਵਧਦਾ ਰਿਹਾ ਅਤੇ ਲੋਕ ਹਿੱਤਾਂ ਦਾ ਝੰਡਾਬਰਦਾਰ ਬਣਿਆ ਰਿਹਾ ਅਤੇ ਉਸ ਸੂਰਤ ਵਿਚ ਜਮਾਤੀ ਹਿੱਤਾਂ ਖ਼ਿਲਾਫ਼ ਬੋਲਣ ਦੇ ਅਹਿਦ ਉੱਤੇ ਡਟਿਆ ਰਿਹਾ, ਜੇ ਉਹ ਆਮ ਲੋਕਾਂ ਦੀ ਭਲਾਈ ਦੇ ਖ਼ਿਲਾਫ਼ ਜਾਂਦੇ ਸਨ। ਇਸ ਤਰ੍ਹਾਂ ਇਹ ਲੋਕਾਂ ਦੀ ਧਿਰ ਬਣ ਕੇ ਖਲੋਤਾ ਰਿਹਾ ਅਤੇ ਇੰਝ ਇਸ ਨੇ ਪੱਤਰਕਾਰੀ ਨੂੰ ਲੋਕ ਸੇਵਾ ਦਾ ਔਜ਼ਾਰ ਬਣਾ ਲਿਆ।
ਇਸ ਦੀ ਕਵਰੇਜ ਕੌਮੀ/ਕੌਮਾਂਤਰੀ ਘਟਨਾਵਾਂ ਦੇ ਵਾਪਰਨ ਸਾਰ ਹੀ ਆਮ ਲੋਕਾਂ ਨੂੰ ਉਨ੍ਹਾਂ ਨਾਲ ਜੋੜਦੀ ਸੀ। ਇਹ ਆਪਣੇ ਸਫ਼ਰ ਦੌਰਾਨ ਇਕ ਤੋਂ ਦੂਜਾ ਮੀਲ ਪੱਥਰ ਪਾਰ ਕਰਦਾ ਗਿਆ ਅਤੇ ਇਸ ਦੌਰਾਨ ਟ੍ਰਿਬਿਊਨ ਭਾਰਤੀ ਆਜ਼ਾਦੀ ਘੋਲ ਦੇ ਉਤਰਾਵਾਂ-ਚੜ੍ਹਾਵਾਂ, ਅੰਗਰੇਜ਼ ਹਕੂਮਤ ਦੌਰਾਨ ਦੇਸ਼ ਵਿਚ ਵਾਪਰ ਰਹੇ ਘਟਨਾਚੱਕਰਾਂ, ਦੋ ਆਲਮੀ ਜੰਗਾਂ, ਜਲ੍ਹਿਆਂਵਾਲਾ ਬਾਗ਼ ਕਾਂਡ ਆਦਿ ਘਟਨਾਵਾਂ ਦੀ ਰਿਪੋਰਟਿੰਗ ਕਰਦਾ ਗਿਆ। ਇਸੇ ਤਰ੍ਹਾਂ ਇਸ ਨੇ ਲਾਹੌਰ, ਜਿੱਥੋਂ ਉਦੋਂ ਟ੍ਰਿਬਿਊਨ ਪ੍ਰਕਾਸ਼ਿਤ ਹੁੰਦਾ ਸੀ, ਵਿਖੇ ਰਾਵੀ ਦਰਿਆ ਦੇ ਕੰਢੇ ਭਾਰਤ ਦੀ ਆਜ਼ਾਦੀ ਦਾ ਮਤਾ ਪਾਸ ਕੀਤੇ ਜਾਣ, ਦੇਸ਼ ਦੀ ਵੰਡ, ਆਜ਼ਾਦ ਭਾਰਤ ਦੇ ਜਨਮ, ਸੰਵਿਧਾਨ ਨੂੰ ਪਾਸ ਕੀਤੇ ਜਾਣ ਅਤੇ ਸੰਸਦ ਦੀ ਕਾਇਮੀ, ਆਜ਼ਾਦ ਨਿਆਂਪਾਲਿਕਾ, ਆਜ਼ਾਦ ਪ੍ਰੈਸ ਅਤੇ ਹੋਰ ਬਹੁਤ ਕੁਝ ਦੀ ਜਾਣਕਾਰੀ ਵੀ ਲੋਕਾਂ ਤੱਕ ਪਹੁੰਚਾਈ। ਟ੍ਰਿਬਿਊਨ ਇਸ ਦੌਰਾਨ ਭਾਰਤ ਦੇ ਅਗਾਂਹ ਵਧਣ ਦੇ ਸਫ਼ਰ ਦਾ ਗਵਾਹ ਅਤੇ ਨਿਰਪੱਖ ਜਾਣਕਾਰੀ ਦੇਣ ਵਾਲਾ ਬਣਿਆ ਰਿਹਾ। ਇਹ ਗੱਲ ਜ਼ੋਰ ਦੇ ਕੇ ਆਖੀ ਜਾ ਸਕਦੀ ਹੈ ਕਿ ‘ਦਿ ਟ੍ਰਿਬਿਊਨ’ ਨੇ ਭਾਰਤੀ ਰਾਸ਼ਟਰਵਾਦ ਦੇ ਸਿਧਾਂਤ ਨੂੰ ਫੈਲਾਉਣ ਅਤੇ ਧਰਮ, ਜਾਤ, ਭਾਸ਼ਾ ਅਤੇ ਖ਼ਿੱਤਿਆਂ ਵਰਗੇ ਵਖਰੇਵਿਆਂ ਵਿਚ ਵੰਡੇ ਹੋਏ ਭਾਰਤੀ ਸਮਾਜ ਵਿਚ ਏਕਤਾ ਲਿਆਉਣ ਪੱਖੋਂ ਸ਼ਾਨਦਾਰ ਭੂਮਿਕਾ ਨਿਭਾਈ।
ਮੈਂ ‘ਦਿ ਟ੍ਰਿਬਿਊਨ’ ਦਾ ਰੋਜ਼ਾਨਾ ਪਾਠਕ ਚਲਿਆ ਆ ਰਿਹਾ ਹਾਂ ਅਤੇ ਮੈਂ ਸਮਝਦਾ ਹਾਂ ਕਿ ਟ੍ਰਿਬਿਊਨ ਅਜਿਹੇ ਕੁਝ ਕੁ ਅਖ਼ਬਾਰਾਂ ਵਿਚ ਸ਼ੁਮਾਰ ਹੈ, ਜਿਹੜੇ ਖ਼ਬਰਾਂ ਤੇ ਵਿਚਾਰਾਂ ਨੂੰ ਬਿਨਾਂ ਕਿਸੇ ਪੱਖਪਾਤ ਜਾਂ ਵਿਤਕਰੇ ਦੇ ਪ੍ਰਕਾਸ਼ਿਤ ਕਰਦੇ ਹਨ। ਤਰਫ਼ਦਾਰੀ ਦੀ ਥਾਂ ਸੰਜਮ ਅਤੇ ਜ਼ਬਤ ਹੀ ਇਸ ਅਦਾਰੇ ਦੀ ਖ਼ੂਬੀ ਹੈ। ਇਸ ਨੇ ਆਪਣੇ ਬਾਨੀ ਦੀਆਂ ਖ਼ਾਹਿਸ਼ਾਂ ਮੁਤਾਬਿਕ ਆਜ਼ਾਦ ਨੀਤੀ ਦਾ ਪਾਲਣ ਕੀਤਾ ਹੈ ਅਤੇ ਆਪਣੇ ਪਾਠਕਾਂ ਵਿਚ ਉਦਾਰ ਤੇ ਧਰਮ ਨਿਰਪੱਖ ਸੋਚ ਪੈਦਾ ਕਰਨ ਦੀਆਂ ਠੋਸ ਕੋਸ਼ਿਸ਼ਾਂ ਕੀਤੀਆਂ ਹਨ।
ਮੈਂ ਬੜੇ ਮੌਕਿਆਂ ’ਤੇ ‘ਦਿ ਟ੍ਰਿਬਿਊਨ’ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਵੱਖੋ-ਵੱਖ ਵਿਸ਼ਿਆਂ ਉੱਤੇ ਆਪਣੀ ਰਾਇ ਦਾ ਇਜ਼ਹਾਰ ਕੀਤਾ ਅਤੇ ਨਾਲ ਹੀ ਉਨ੍ਹਾਂ ਵੱਲੋਂ ਮੈਨੂੰ ਸ਼ਲਾਘਾ ਵੀ ਮਿਲਦੀ ਰਹੀ ਤੇ ਨਾਲ ਹੀ ਸਖ਼ਤ ਆਲੋਚਨਾ ਵੀ। ਜਦੋਂ ਸੋਨੀਆ ਜੀ ਨੇ ਪ੍ਰਧਾਨ ਮੰਤਰੀ ਵਜੋਂ ਮੇਰਾ ਨਾਂ ਸੁਝਾਇਆ ਤਾਂ 20 ਮਈ 2004 ਨੂੰ ‘ਦਿ ਟ੍ਰਿਬਿਊਨ’ ਨੇ ਲਿਖਿਆ: ‘‘ਦੇਸ਼ ਸੁਰੱਖਿਅਤ ਹੱਥਾਂ ਵਿਚ – ਆਪਣੀਆਂ ਸਾਰੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਮੁਲਕ ਵਿਚ ਅਜਿਹੀ ਸਮਝ ਤੇ ਨਰਮਾਈ ਹੈ ਕਿ ਉਹ ਅਜਿਹਾ ਪ੍ਰਧਾਨ ਮੰਤਰੀ ਚੁਣ ਸਕਦਾ ਹੈ, ਜਿਸ ’ਤੇ ਅਜਿਹੀ ਹਰ ਤਰ੍ਹਾਂ ਦੀ ਲੀਡਰਸ਼ਿਪ ਮੁਹੱਈਆ ਕਰਾਉਣ ਲਈ ਭਰੋਸਾ ਕੀਤਾ ਜਾ ਸਕਦਾ ਹੈ, ਜਿਸ ਦੀ ਇਸ ਮੁਲਕ ਨੂੰ ਇਸ ਮੌਕੇ ਲੋੜ ਹੈ… ਥੋੜ੍ਹੇ ਜਿਹੇ ਝਿਜਕ-ਝਾਕੇ ਤੋਂ ਬਾਅਦ ਮੁਲਕ ਨੇ ਇਕ ਅਜਿਹਾ ਬੰਦਾ ਲੱਭ ਲਿਆ ਹੈ ਜੋ ਗ਼ਰੀਬਾਂ, ਇਕਲਾਪੇ ਅਤੇ ਗਵਾਚੇ ਦਾ ਦਰਦ ਸਮਝ ਸਕਦਾ ਹੈ, ਅਤੇ ਉਸੇ ਵਕਤ ਹੀ ਅਜਿਹੀ ਸੋਚ ਅੱਗੇ ਵਧਾ ਸਕਦਾ ਹੈ ਜਿਹੜੀ ਇੱਕੀਵੀਂ ਸਦੀ ਦੇ ਭਾਰਤ ਲਈ ਲੋੜੀਂਦਾ ਮਜ਼ਬੂਤ ਅਰਥਚਾਰਾ ਉਸਾਰ ਸਕੇ।’’ ਇਸ ਗੱਲ ਨੂੰ ਮਹੀਨਾ ਵੀ ਨਹੀਂ ਸੀ ਲੰਘਿਆ ਕਿ 12 ਜੂਨ 2004 ਨੂੰ ਟ੍ਰਬਿਿਊੁਨ ਦੀ ਸੁਰਖ਼ੀ ਸੀ: ‘‘ਸੰਸਦ ਵਿਚ ਅਪਰਾਧੀ: ਖ਼ਤਰਾ ਸਾਂਝਾ ਹੈ ਤੇ ਹੱਲ ਵੀ – ਜੋ ਵੀ ਸਿਆਸੀ ਮਜਬੂਰੀਆਂ ਹੋਣ, ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਅਜਿਹੇ ਮੈਂਬਰਾਂ ਨਾਲ ਸੱਤਾ ਸਾਂਝੀ ਕਰਨ ਲਈ ਰਾਜ਼ੀ ਨਹੀਂ ਸੀ ਹੋਣਾ ਚਾਹੀਦਾ ਜਿਹੜੇ ਕਿਸੇ ਵੀ ਤਰ੍ਹਾਂ ਸੰਸਦ ਵਿਚ ਹੋਣ ਦੇ ਹੱਕਦਾਰ ਨਹੀਂ ਅਤੇ ਘੱਟੋ-ਘੱਟ ਸਰਕਾਰ ਵਿਚ ਹੋਣ ਦੇ ਤਾਂ ਬਿਲਕੁਲ ਨਹੀਂ।’’
ਮੈਂ ਹਮੇਸ਼ਾ ਆਖਿਆ ਹੈ ਕਿ ਮੀਡੀਆ/ਪੱਤਰਕਾਰੀ ਦੇ ਮਾਮਲੇ ਵਿਚ ਭਰੋਸੇਯੋਗਤਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਅਤੇ ਇਸ ਅਖ਼ਬਾਰ ਨੇ ਆਪਣੀ ਪੁਰਾਤਨਤਾ ਤੇ ਵਿਰਾਸਤ ਦੇ ਨਾਲ ਹੀ ਸਮੇਂ ਦੀ ਪਰਖ ਉੱਤੇ ਖਰਾ ਉਤਰਦਿਆਂ 140 ਸਾਲਾਂ ਦੇ ਲੰਬੇ ਅਰਸੇ ਦੌਰਾਨ ਨਿਸ਼ਕਾਮ ਸੇਵਾ ਕਰਦਿਆਂ ਬਹੁਤ ਜ਼ਿਆਦਾ ਪੱਧਰ ’ਤੇ ਆਪਣੀ ਸਾਖ਼ ਬਣਾਈ ਰੱਖੀ ਹੈ। ਅੱਜ ਜਦੋਂ ਮੈਂ ਇਹ ਵਿਚਾਰ ਲਿਖ ਰਿਹਾ ਹਾਂ ਤਾਂ ਮੈਨੂੰ ਵਿਲੀਅਮ ਸ਼ੇਕਸਪੀਅਰ ਦੀ ਇਹ ਟਿੱਪਣੀ ਯਾਦ ਆ ਰਹੀ ਹੈ, ‘‘ਕੰਮ ਹੋ ਗਿਆ ਤਾਂ ਹੋ ਗਿਆ, ਖ਼ੁਸ਼ੀ ਤਾਂ ਇਸ ਨੂੰ ਕੀਤੇ ਜਾਣ ਵਿਚ ਵੱਸਦੀ ਹੈ’’। ਮੈਂ ‘ਦਿ ਟ੍ਰਿਬਿਊਨ’ ਦੇ ਸੰਪਾਦਕ, ਪੱਤਰਕਾਰਾਂ, ਸਮੁੱਚੇ ਸਟਾਫ਼ ਅਤੇ ਮੈਨੇਜਮੈਂਟ ਨੂੰ ਇਹ ਵਿਸ਼ਾਲ ਮੀਲ ਪੱਥਰ ਸਰ ਕਰਨ ਲਈ ਮੁਬਾਰਕਬਾਦ ਦਿੰਦਾ ਹਾਂ। ਮੇਰਾ ਉਨ੍ਹਾਂ ਨੂੰ ਇਹੋ ਸੰਦੇਸ਼ ਹੈ ਕਿ ਉਹ ਅਗਾਂਹ ਵੀ ਉਹੋ ਕੁਝ ਕਰਦੇ ਰਹਿਣ ਜੋ ਉਹ ਬੀਤੇ 140 ਸਾਲਾਂ ਤੋਂ ਬਾਖ਼ੁਸ਼ੀ ਕਰਦੇ ਆ ਰਹੇ ਹਨ!
* ਸਾਬਕਾ ਪ੍ਰਧਾਨ ਮੰਤਰੀ