ਸੁਰਿੰਦਰ ਸਿੰਘ ਤੇਜ
ਪੁਲਾੜੀ ਖੋਜ ਦੇ ਖੇਤਰ ਵਿਚ ਬੜਾ ਕੁਝ ਵਾਪਰ ਰਿਹਾ ਹੈ। ਖ਼ੁਦ ਨੂੰ ਅਮਰੀਕਾ ਦੇ ਬਰਾਬਰ ਦੀ ਆਰਥਿਕ ਸ਼ਕਤੀ ਵਜੋਂ ਸਥਾਪਿਤ ਕਰਨ ਮਗਰੋਂ ਚੀਨ, ਪੁਲਾੜ ਖੋਜ ਵਿਚ ਵੀ ਅਮਰੀਕਾ ਦਾ ਹਾਣੀ ਬਣਨ ਦੇ ਸੁਪਨੇ ਸੰਜੋਅ ਰਿਹਾ ਹੈ। ਇਹ ਸ਼ਰੀਕੇਬਾਜ਼ੀ ਅਜੇ ਓਨੀ ਤਲਖ਼ ਨਹੀਂ ਜੋ ਕਿ 1960ਵਿਆਂ ਵਿਚ ਅਮਰੀਕਾ ਤੇ ਸੋਵੀਅਤ ਸੰਘ ਦਰਮਿਆਨ ਸੀ, ਪਰ ਰੰਗਤ ਅਤੇ ਸੰਗਤ ਪੱਖੋਂ ਇਸ ਨੇ ਮੰਜ਼ਰ ਉਸੇ ਦਹਾਕੇ ਵਰਗਾ ਰਚਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਸ਼ਰੀਕਾ ਇਸ ਕਿਸਮ ਦਾ ਹੋਵੇ ਤਾਂ ਇਖ਼ਲਾਕ ਤੇ ਇਨਸਾਨੀਅਤ ਵਰਗੇ ਤੱਤ, ਖੋਜ ਕਾਰਜ ਵਿਚੋਂ ਮਨਫ਼ੀ ਹੋਣ ਲੱਗਦੇ ਹਨ। ਇਹ ਵਿਗਿਆਨ ਦੀ ਬੇਹੁਰਮਤੀ ਹੈ, ਪਰ ਜ਼ੋਰਾਵਰਾਂ ਨੂੰ ਕੀ ਪਰਵਾਹ? ਉਨ੍ਹਾਂ ਲਈ ਤਾਂ ਵਿਗਿਆਨ ਵੀ ਧੌਂਸ ਜਮਾਉਣ ਦਾ ਜ਼ਰੀਆ ਹੈ, ਇਨਸਾਨੀ ਭਲਾਈ ਦਾ ਨਹੀਂ। ਸੋਚ ਤੇ ਸੁਹਜ ਦੀ ਇਸੇ ਤੰਦ ਨੂੰ ਉਭਾਰਦੀ ਹੈ ਸਟੀਫ਼ਨ ਵਾਕਰ ਦੀ ਕਿਤਾਬ ‘ਬਿਯੌਂਡ: ਦਿ ਅਸਟੌਨਿਸ਼ਿੰਗ ਸਟੋਰੀ ਆਫ਼ ਦਿ ਫਸਟ ਹਿਊਮਨ ਜਰਨੀ ਇਨਟੂ ਸਪੇਸ’ (ਪੁਲਾੜ ’ਚ ਪਹਿਲੇ ਇਨਸਾਨੀ ਸਫ਼ਰ ਦੀ ਹੈਰਾਨੀਜਨਕ ਕਹਾਣੀ; ਵਿਲਸਨ ਕੌਲਿਨਜ਼; 512 ਪੰਨੇ, 999 ਰੁਪਏ) ਮੂਲ ਰੂਪ ਵਿਚ ਇਹ ਦੁਨੀਆਂ ਦੇ ਪਹਿਲੇ ਪੁਲਾੜ ਯਾਤਰੀ ਯੂਰੀ ਗਗਾਰਿਨ ਦੀ ਜੀਵਨ ਕਥਾ ਹੈ, ਪਰ ਨਾਲ ਹੀ ਬ੍ਰਹਿਮੰਡੀ ਪਰਵਾਜ਼ਾਂ ਤੇ ਖੋਜ ਮਿਸ਼ਨਾਂ ਨਾਲ ਜੁੜੇ ਰਾਸ਼ਟਰਵਾਦੀ ਦਵੇਸ਼ਾਂ, ਦੁਸ਼ਵਾਰੀਆਂ ਅਤੇ ਜ਼ੋਰਾਵਰੀਆਂ ਦੀ ਬਾਤ ਵੀ ਪਾਉਂਦੀ ਹੈ; ਪੂਰੇ ਵਿਵੇਕਪੂਰਨ ਲਹਿਜੇ ਨਾਲ।
ਗਗਾਰਿਨ ਦੀ ਪਰਵਾਜ਼ 60 ਵਰ੍ਹੇ ਪੁਰਾਣੀ ਹੋ ਚੁੱਕੀ ਹੈ। ਇਹ ਕਿਤਾਬ ਉਸ ਦੀ 60ਵੀਂ ਵਰ੍ਹੇਗੰਢ ਮੌਕੇ ਅਮਰੀਕਾ ਵਿਚ ਰਿਲੀਜ਼ ਹੋਈ ਸੀ। ਸਾਡੇ ਮੁਲਕ ਹੁਣ ਪੁੱਜੀ ਹੈ। ਸਟੀਫ਼ਨ ਵਾਕਰ ਇਤਿਹਾਸਕਾਰ ਹੈ, ਪਰ ਉਸ ਤੋਂ ਵੱਧ ਨਾਮਚੀਨ ਉਹ ਦਸਤਾਵੇਜ਼ੀ ਫਿਲਮਸਾਜ਼ ਵਜੋਂ ਹੈ। ਗਗਾਰਿਨ ਬਾਰੇ ਦਰਜਨਾਂ ਕਿਤਾਬਾਂ ਪਹਿਲਾਂ ਹੀ ਉਪਲਬਧ ਹਨ, ਪਰ ਵਾਕਰ ਨੇ ਉਸ ਦੇ ਜੀਵਨ ਨੂੰ ਰੂਸੀ ਆਰਕਾਈਵਜ਼ ਦੇ ਤਹਿਖਾਨਿਆਂ ਵਿਚ ਦਹਾਕਿਆਂ ਤੋਂ ਦੱਬੇ ਪਏ ਗੁਪਤ ਦਸਤਾਵੇਜ਼ਾਂ ਅਤੇ ਗਗਾਰਿਨ ਦੇ ਸਹਿਯੋਗੀਆਂ-ਸਹਿਕਰਮੀਆਂ ਨਾਲ ਦਰਜਨਾਂ ਮੁਲਾਕਾਤਾਂ ਦੇ ਆਧਾਰ ’ਤੇ ਸਿਰਜਿਆ ਹੈ। ਬੜੀ ਲੱਜ਼ਤ ਤੇ ਰਵਾਨੀ ਹੈ ਇਸ ਕਹਾਣੀ ਵਿਚ। ਦੋ ਤਤਕਾਲੀ ਆਲਮੀ ਨੇਤਾ ਜੌਹਨ ਐੱਫ਼ ਕੈਨੇਡੀ ਤੇ ਨਿਕੀਤਾ ਖਰੁਸ਼ਚੋਵ ਵੀ ਇਸੇ ਕਹਾਣੀ ਦੇ ਅਹਿਮ ਕਿਰਦਾਰ ਹਨ।
ਇਕ ਗ਼ਰੀਬ ਤਰਖਾਣ ਦਾ ਪੁੱਤਰ ਸੀ ਯੂਰੀ ਅਲੈਕਸੀਵਿਚ ਗਗਾਰਿਨ। 1934 ਵਿਚ ਜਨਮਿਆ, 1968 ਵਿਚ ਚੱੱਲ ਵਸਿਆ। ਇਨ੍ਹਾਂ 34 ਵਰ੍ਹਿਆਂ ਵਿਚੋਂ ਸੱਤ ਵਰ੍ਹੇ ਉਹ ਸੋਵੀਅਤ ਸੰਘ ਤੇ ਉਸ ਦੇ ਹਮਾਇਤੀ ਮੁਲਕਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਰਿਹਾ; ਧਰਤੀ ਦਾ ਗੁਰੂਤਾ ਘੇਰਾ ਪਾਰ ਕਰ ਕੇ ਬ੍ਰਹਿਮੰਡ ਵਿਚ ਪੁੱਜਣ ਅਤੇ ਫਿਰ ਧਰਤੀ ਦਾ ਪੂਰਾ ਚੱਕਰ ਲਾਉਣ ਵਾਲਾ ਪਹਿਲਾ ਇਨਸਾਨ ਬਣ ਕੇ। ਪੁਲਾੜ ਵਿਚ ਉਸ ਨੇ 108 ਮਿੰਟ ਗੁਜ਼ਾਰੇ ਅਤੇ ਮਹਾਂਨਾਇਕੀ ਖੱਟ ਲਈ। ਗਗਾਰਿਨ ਦਾ ਬਚਪਨ ਤੇ ਅੱਲ੍ਹੜਪੁਣਾ ਬੜੇ ਦੁਸ਼ਵਾਰ ਰਹੇ। ਇਕ ਤਾਂ ਦੂਜੇ ਵਿਸ਼ਵ ਯੁੱਧ ਨੇ ਇਨਸਾਨੀ ਮੌਤਾਂ ਦੀ ਗਿਣਤੀ ਪੱਖੋਂ ਰੂਸ ਨੂੰ ਸਭ ਤੋਂ ਵੱਧ ਝੰਭਿਆ। ਫਿਰ ਉਪਰੋਂ ਸਟਾਲਿਨੀ ਯੁੱਗ ਨੇ ਵੀ ਘੱਟ ਕਹਿਰ ਨਹੀਂ ਢਾਹੇ। ਇਸ ਦੇ ਬਾਵਜੂਦ ਗਭਰੇਟੀ ਦੌਰਾਨ ਗਗਾਰਿਨ ਨੇ ਕੱਟੜ ਕਮਿਊਨਿਸਟ ਹੋਣ ਦਾ ਪ੍ਰਭਾਵ ਦਿੱਤਾ। ਇਸ ਪ੍ਰਭਾਵ ਨੇ ਉਸ ਦਾ ਰੁੂਸੀ ਹਵਾਈ ਫ਼ੌਜ ਵਿਚ ਦਾਖ਼ਲਾ ਵੀ ਆਸਾਨ ਬਣਾਇਆ ਅਤੇ ਪੁਲਾੜ ਯਾਤਰੀ ਵਜੋਂ ਚੋਣ ਵਿਚ ਵੀ ਖ਼ੂਬ ਸਾਥ ਦਿੱਤਾ।
ਸੋਵੀਅਤ ਸੰਘ ਤੇ ਅਮਰੀਕਾ ਦਰਮਿਆਨ ‘ਪੁਲਾੜੀ ਖਹਬਿਾਜ਼ੀ’ 1957 ਵਿਚ ਸ਼ੁਰੂ ਹੋਈ। ਉਸ ਵਰ੍ਹੇ ਸੋਵੀਅਤ ਸੰਘ ਨੇ ਸਪੂਤਨਿਕ ਰਾਕੇਟ ਪੁਲਾੜ ਵਿਚ ਸਫ਼ਲਤਾਪੂਰਵਕ ਦਾਗਿਆ। ਅਮਰੀਕਾ ਲਈ ਇਹ ਸੋਵੀਅਤ ਪ੍ਰਾਪਤੀ, ਰਾਸ਼ਟਰਪਤੀ ਆਈਜ਼ਨਹਾਵਰ ਦੇ ਸ਼ਬਦਾਂ ਅਨੁਸਾਰ, ‘‘ਹਿੱਕ ਵਿਚ ਆ ਵੱਜੇ ਤੀਰ ਵਾਂਗ ਸੀ।’’ ਉਨ੍ਹਾਂ ਨੇ ਇਸ ਦਾ ਜਵਾਬ ਮਨੁੱਖ ਨੂੰ ਪੁਲਾੜ ’ਚ ਪਹੁੰਚਾਉਣ ਪੱਖੋਂ ਪਹਿਲ ਦੇ ਰੂਪ ਵਿਚ ਉਲੀਕਿਆ। ਇਹ ਜੁਗਤ ਵੀ, ਇਤਫ਼ਾਕਵੱਸ, ਕਾਮਯਾਬ ਨਾ ਹੋਈ। ਅਮਰੀਕੀ ਪੁਲਾੜ ਖੋਜ ਏਜੰਸੀ (ਨਾਸਾ) ਦੇ ਅਧਿਕਾਰੀ ‘ਸੁਰੱਖਿਅਤ’ ਮਨੁੱਖੀ ਪਰਵਾਜ਼ ਦੀਆਂ ਤਿਆਰੀਆਂ ਕਰਦੇ ਰਹਿ ਗਏ, ਬਾਜ਼ੀ ਸੋਵੀਅਤ ਸੰਘ ਮਾਰ ਗਿਆ। ਅਮਰੀਕਾ, ਦਰਅਸਲ, ਅਗਸਤ 1960 ਵਿਚ ਇਸ ਪਰਵਾਜ਼ ਲਈ ਤਿਆਰ ਹੋ ਚੁੱਕਾ ਸੀ, ਪਰ ਉਸ ਦੇ ਪੁਲਾੜ ਪ੍ਰੋਗਰਾਮ ਨਾਲ ਜੁੜਿਆ ਸਾਬਕਾ ਨਾਜ਼ੀ ਰਾਕੇਟ ਵਿਗਿਆਨੀ ਵਰਨਰ ਵੌਨ ਬਰੌਨ, ਮਰਕਰੀ ਰੈੱਡਸਟੋਨ ਰਾਕੇਟ ਦੇ ਦੂਜੇ ਬੂਸਟਰ ਦੀ ਕਾਰਗਰਤਾ ਪ੍ਰਤੀ ਸੰਤੁਸ਼ਟ ਨਹੀਂ ਸੀ। ਉਹ ਮਨੁੱਖੀ ਪਰਵਾਜ਼ ਤੋਂ ਪਹਿਲਾਂ ਇਸ ਰਾਕੇਟ ਨੂੰ ਬਿਨਾਂ ਮਨੁੱਖੀ ਸਵਾਰੀ ਦੇ ਅਜ਼ਮਾਏ ਜਾਣ ’ਤੇ ਜ਼ੋਰ ਦਿੰਦਾ ਰਿਹਾ। ਅਜ਼ਮਾਇਸ਼ ਦੀਆਂ ਤਰੀਕਾਂ ਦਾ ਪਛੜਦੇ ਜਾਣਾ ਸੋਵੀਅਤਾਂ ਲਈ ਫ਼ਾਇਦੇਮੰਦ ਹੋਇਆ। ਪਹਿਲ ਉਨ੍ਹਾਂ ਨੇ ਕਰ ਲਈ। ‘ਨਾਸਾ’ ਨੇ ਮਨੁੱਖੀ ਪਰਵਾਜ਼ ਲਈ ਐਲਨ ਸੈਪਰਡ ਦੀ ਚੋਣ ਕੀਤੀ ਸੀ। ਸੈਪਰਡ ਤਰਜਬੇਕਾਰ ਪਾਇਲਟ ਸੀ। 2340 ਘੰਟੇ ਹਵਾਈ ਉਡਾਣਾਂ ਭਰ ਚੁੱਕਾ ਸੀ। ਇਤਿਹਾਸ ਸਿਰਜਣ ਲਈ ਦ੍ਰਿੜ੍ਹ ਸੀ। ਜਦੋਂ ਗਗਾਰਿਨ ਬਾਜ਼ੀ ਮਾਰ ਗਿਆ ਤਾਂ ਸੈਪਰਡ ਨੂੰ ਘੋਰ ਨਿਰਾਸ਼ਾ ਹੋਈ। ਦੋ ਹਫ਼ਤੇ ਬਾਅਦ ਉਹ ਵੀ ਪੁਲਾੜ ’ਚ ਪੁੱਜਿਆ, ਪਰ ਇਹ ਪਰਵਾਜ਼ ਸਿਰਫ਼ 16 ਮਿੰਟਾਂ ਦੀ ਰਹੀ। ਉਸ ਦੇ ਮਰਕਰੀ-7 ਰਾਕੇਟ ਦਾ ਇਕ ਇੰਜਣ ਬੰਦ ਹੋ ਗਿਆ, ਰਾਕੇਟ ਆਪਣੇ ਗ੍ਰਹਿ-ਪੰਧ ਤੋਂ 40 ਮੀਲ ਨੀਵਾਂ ਰਿਹਾ। ਇਸੇ ਕਰਕੇ ਉਹ ਧਰਤੀ ਦੇ ਗੁਰੂਤਾ ਚੱਕਰ ’ਚ ਮੁੜ ਆਣ ਵੜਿਆ ਅਤੇ ਅੰਧ-ਮਹਾਂਸਾਗਰ ਵਿਚ ਜਾ ਡਿੱਗਿਆ। ਅਮਰੀਕਾ ਨੇ ਪੇਸ਼ਬੰਦੀਆਂ ਪਹਿਲਾਂ ਤੋਂ ਕੀਤੀਆਂ ਹੋਈਆਂ ਸਨ। ਚੰਦ ਮਿੰਟਾਂ ਦੇ ਅੰਦਰ ਸੈਪਰਡ ਨੂੰ ਬਚਾ ਲਿਆ ਗਿਆ। ਉਂਜ, ਇਸ ਨਾਕਾਮੀ ਦੇ ਬਾਵਜੂਦ ਉਸ ਨੇ ਇਤਿਹਾਸ ਰਚਿਆ; ਇਕ ਦਹਾਕੇ ਬਾਅਦ ਚੰਦਰਮਾ ਉੱਤੇ ਉਤਰ ਕੇ। ਅਜਿਹਾ ਕਰਨ ਸਦਕਾ ਉਹ ਦੋ ਵਾਰ ਪੁਲਾੜ ਯਾਤਰਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਇਨਸਾਨ ਬਣਿਆ।
ਗਗਾਰਿਨ ਨੂੰ ਬ੍ਰਹਿਮੰਡ ਵਿਚ ਸੈਰ ਕਰਨ ਦਾ ਦੂਜਾ ਮੌਕਾ ਨਹੀਂ ਮਿਲਿਆ। ਰਾਸ਼ਟਰਪਤੀ ਖਰੁਸ਼ਚੋਵ ਸ਼ਖ਼ਸੀ ਪੂਜਾ ਦੇ ਸਖ਼ਤ ਖਿਲਾਫ਼ ਸੀ, ਪਰ ਗਗਾਰਿਨ ਦੇ ਮਾਮਲੇ ਵਿਚ ਉਹ ਪੂਰਾ ਫਰਾਖ਼ਦਿਲ ਸਾਬਤ ਹੋਇਆ। ਗਗਾਰਿਨ ਦੇ ਪੁਲਾੜ ਵਿਚ ਪੁੱਜਣ ਦੀ ਖ਼ਬਰ ਉਸ ਦੀ ਪਰਵਾਜ਼ ਦੇ 55 ਮਿੰਟ ਪੂਰੇ ਹੋਣ ’ਤੇ ਨਸ਼ਰ ਕੀਤੀ ਗਈ, ਨਾਲ ਹੀ ਉਸ ਨੂੰ ਲੈਫਟੀਨੈਂਟ ਤੋਂ ਸਿੱਧਾ ਮੇਜਰ ਬਣਾਏ ਜਾਣ ਦਾ ਐਲਾਨ ਵੀ। ਉਸ ਨੂੰ ਵੱਡਾ ਘਰ ਮਿਲਿਆ, ਪੱਛਮੀ ਮੁਲਕਾਂ ਦੇ ਘਰਾਂ ਵਾਲੀਆਂ ਸਾਰੀਆਂ ਸੁੱਖ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ। ਕਾਰ ਵੀ ਅਲਾਟ ਕੀਤੀ ਗਈ। ਉਸ ਦੇ ਜੱਦੀ ਸ਼ਹਿਰ, ਇਕ ਪਹਾੜੀ ਤੇ ਇਕ ਗਲੇਸ਼ੀਅਰ ਦਾ ਨਾਮ ਉਸ ਦੇ ਨਾਮ ’ਤੇ ਰੱਖਿਆ ਗਿਆ। ਇਨਾਮ-ਸਨਮਾਨ ਵੀ ਦਰਜਨਾਂ ਮਿਲੇ। ਪਰ ਸੋਵੀਅਤ ਪੁਲਾੜ ਪ੍ਰੋਗਰਾਮ ਦਾ ਮੁੜ ਕੇ ਉਸ ਨੂੰ ਹਿੱਸਾ ਨਹੀਂ ਬਣਾਇਆ ਗਿਆ। 1968 ਵਿਚ ਇਕ ਮਿੱਗ ਹਾਦਸੇ ਵਿਚ ਆਪਣੇ ਟ੍ਰੇਨਰ ਸਾਥੀ ਨਾਲ ਮੌਤ ਨੇ ਗਗਾਰਿਨ ਦੀ ਜੀਵਨ ਕਥਾ ਦਾ ਅੰਤ ਕਰ ਦਿੱਤਾ। ਹਾਂ, ਦੰਦ ਕਥਾਵਾਂ ਵਿਚ ਉਹ ਅੱਜ ਵੀ ਜਿਊਂਦਾ ਹੈ। ਉਸ ਦੀ ਪ੍ਰਾਪਤੀ, ਉਸ ਦੀ ਸਹਿਣ-ਸ਼ਕਤੀ, ਉਸ ਦੀ ਦਲੇਰੀ ਦੇ ਸੋਹਲੇ ਅੱਜ ਰੂਸ ਵਿਚ ਵੀ ਗਾਏ ਜਾਂਦੇ ਅਤੇ ਪੁੁਲਾੜ ਵਿਗਿਆਨ ਨਾਲ ਜੁੜੇ ਹੋਰਨਾਂ ਲੋਕਾਂ ਵੱਲੋਂ ਵੀ। ਇਹੋ ਸੋਹਲੇ ਸਟੀਫ਼ਨ ਵਾਕਰ ਨੇ ਵੀ ਗਾਏ ਹਨ, ਅਮਰੀਕੀ ਹੋਣ ਦੇ ਬਾਵਜੂਦ ਬਿਨਾਂ ਕਿਸੇ ਪੱਖਪਾਤ ਜਾਂ ਖ਼ਲਿਸ਼ ਤੋਂ।
ਬੜੀ ਜਾਨਦਾਰ ਹੈ ਵਾਕਰ ਦੀ ਕਿਤਾਬ। ਗਗਾਰਿਨ ਤੇ ਉਸ ਦੇ ਸਮਕਾਲੀਆਂ ਦੀਆਂ ਕਹਾਣੀਆਂ ਦੇ ਅੰਦਰ ਹੀ ਪੁੁਲਾੜ ਵਿਗਿਆਨ ਨਾਲ ਜੁੜੇ ਇਖ਼ਲਾਕੀ ਮੁੱਦੇ ਸੁਹਜਮਈ ਢੰਗ ਨਾਲ ਗੁੰਦੇ ਗਏ ਹਨ। ਵਿਗਿਆਨ ਦੀ ਪ੍ਰਗਤੀ, ਰੂਹ ਨਾਲ ਸਲਾਹੀ ਗਈ ਹੈ, ਪਰ ਇਸੇ ਪ੍ਰਗਤੀ ਦੇ ਅੰਦਰ ਉਭਰੇ ਕੁਢੱਬਾਂ ਤੇ ਕਰੂਰਤਾ ਉੱਤੇ ਵੀ ਬੇਬਾਕੀ ਨਾਲ ਉਂਗਲ ਧਰੀ ਗਈ ਹੈ। ਸੱਚਮੁੱਚ ਪੜ੍ਹਨਯੋਗ ਤੇ ਪੜ੍ਹਾਉਣਯੋਗ ਹੈ ਇਹ ਕਿਤਾਬ।
* * *
12006721CD _SCANPRO 20_JUN_2021 4_02 PM
ਸਆਦਤ ਹਸਨ ਮੰਟੋ ਵਰਗੀਆਂ ਬਹੁਪੱਖੀ ਅਦਬੀ ਸ਼ਖ਼ਸੀਅਤਾਂ ਕਦੇ-ਕਦਾਈਂ ਪੈਦਾ ਹੁੰਦੀਆਂ ਹਨ। ਅਸਲਵਾਦ ਤੇ ਬੇਬਾਕੀ ਉਸ ਦੇ ਅਦਬੀ ਹੁਨਰ ਦੇ ਮੁੱਖ ਗੁਣ ਸਨ। ਸ਼ਾਇਰੀ ਨੂੰ ਛੱਡ ਕੇ ਬਾਕੀ ਸਾਰੀਆਂ ਅਦਬੀ ਵਿਧਾਵਾਂ ’ਤੇ ਉਸ ਨੇ ਹੱਥ ਅਜ਼ਮਾਇਆ। ਸ਼ਾਇਰੀ ਦੀ ਲੋੜ ਵੀ ਨਹੀਂ ਲੱਗੀ; ਉਸ ਦੀ ਵਾਰਤਕ ਵਿਚ ਹੀ ਬਾਕਮਾਲ ਕਾਵਿਕਤਾ ਤੇ ਰਵਾਨੀ ਸੀ। ਮੁੰਬਈ (ਉਦੋਂ ਬੰਬਈ) ਨੇ ਰੋਟੀ-ਰੋਜ਼ੀ ਦਾ ਆਧਾਰ ਜੁਟਾਉਣ ਤੋਂ ਇਲਾਵਾ ਉਸ ਦੇ ਹੁਨਰ ਨੂੰ ਨਿਖ਼ਾਰਨ ਲਈ ਢੁਕਵਾਂ ਮੰਚ ਪ੍ਰਦਾਨ ਕੀਤਾ। 1939 ਵਿਚ ਜਦੋਂ ਆਰਥਿਕ ਹਾਲਤ ਪਤਲੀ ਪੈ ਗਈ ਤਾਂ ਦਿੱਲੀ ਜਾ ਕੇ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਵਿਚ ਨੌਕਰੀ ਕਰ ਲਈ। ਇਸ ਨੌਕਰੀ ਤੇ ਵੱਧ ਖੱਟ-ਕਮਾਉਣ ਦੀਆਂ ਮਜਬੂਰੀਆਂ ਨੇ ਉਸ ਦੇ ਅੰਦਰਲਾ ਨਾਟਕਕਾਰ ਜਗਾਇਆ। ਉੱਘੇ ਨਾਟਕਕਾਰ ਤੇ ਰੰਗਕਰਮੀ ਕੇਵਲ ਧਾਲੀਵਾਲ ਅਨੁਸਾਰ ਮੰਟੋ ਨੇ ਸੌ ਤੋਂ ਵੱਧ ਨਾਟਕ ਲਿਖੇ। ਇਨ੍ਹਾਂ ਵਿਚੋਂ ਕਈ ਸ਼ਾਹਕਾਰਾਂ ਦੀ ਕਤਾਰ ਵਿਚ ਆਉਂਦੇ ਹਨ। ਡੇਢ ਕੁ ਸਾਲ ਬਾਅਦ ਮੰਟੋ ਨੇ ਫਿਰ ਬੰਬਈ ਵੱਲ ਕੂਚ ਕਰ ਦਿੱਤਾ। ਉੱਥੇ ਫਿਲਮਾਂ ਦੀਆਂ ਪਟਕਥਾਵਾਂ ਤੇ ਸੰਵਾਦ ਲਿਖੇ। ‘ਆਠ ਦਿਨ’ (1946) ਸਮੇਤ ਕੁਝ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ।
ਬਹੁਤੇ ਅਦਬੀ ਦੀਵਾਨੇ ਮੰਟੋ ਦੇ ਫ਼ਸਾਨਿਆਂ-ਅਫ਼ਸਾਨਿਆਂ ਬਾਰੇ ਬਹੁਤ ਕੁਝ ਜਾਣਦੇ ਹਨ। ਨਾਟਕਾਂ ਬਾਰੇ ਜਾਣਕਾਰੀ ਘੱਟ ਹੈ। ਬਹੁਵਿਧਾਈ ਲੇਖਕ ਤੇ ਅਨੁਵਾਦਕ ਤਰਸੇਮ ਨੇ ਜਾਣਕਾਰੀ ਦਾ ਇਹ ਪਾੜਾ ਮੇਟਣ ਦਾ ਯਤਨ ਕੀਤਾ ਹੈ। ਇਹ ਉੱਦਮ ‘ਮੰਟੋ ਦੇ ਨਾਟਕ’ (ਨਵਯੁਗ ਪਬਲਿਸ਼ਰਜ਼; 214 ਪੰਨੇ; 400 ਰੁਪਏ) ਨਾਮੀ ਸੰਗ੍ਰਹਿ ਦੇ ਰੂਪ ਵਿਚ ਹੈ। ਇਕ ਦਰਜਨ ਨਾਟਕ ਹਨ ਇਸ ਕਿਤਾਬ ਵਿਚ। ਇਨ੍ਹਾਂ ਵਿੱਚੋਂ ‘ਜੇਬਕਤਰਾ’, ‘ਕਬੂਤਰੀ’, ‘ਨੀਲੀਆਂ ਰਗਾਂ’, ‘ਟੇਢੀ ਲਕੀਰ’, ‘ਕਰਵਟ’, ‘ਮਾਚਿਸ ਦੀ ਡੱਬੀ’ ਤੇ ‘ਹੱਤਕ’ ਖ਼ਾਸ ਤੌਰ ’ਤੇ ਜ਼ਿਕਰਯੋਗ ਹਨ। ਅਨੁਵਾਦ ਮਿਆਰੀ ਅਤੇ ਨਾਟਕਾਂ ਦੇ ਵਿਸ਼ਾ-ਵਸਤੂ ਦੇ ਅਨੁਰੂਪ ਹੈ। ਕਿਤਾਬ ਸਾਂਭਣਯੋਗ ਹੈ।