US Iran peace deal: ਅਮਰੀਕਾ ਇਰਾਨ ਜੰਗ ਖਤਮ ਕਰਨ ਲਈ ਇਕ ਦਿਨ ਪਹਿਲਾਂ ਹੀ ਹੋ ਗਿਆ ਸਮਝੌਤਾ
ਇਰਾਨ ਦੇ ਸਾਹਮਣੇ ਟਰੰਪ ਦਾ ਰਣਨੀਤਕ ਸਮਝੌਤਾ?: ਜੰਗ ’ਚ 7 ਹਜ਼ਾਰ ਤੋਂ ਵੱਧ ਮੌਤਾਂ, 40 ਹਜ਼ਾਰ ਜ਼ਖਮੀ, 10 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਦੇ ਬਾਵਜੂਦ ਅਮਰੀਕਾ ਨੂੰ ਕੀ ਮਿਲਿਆ?
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ 14 ਨੁਕਾਤੀ ਸ਼ਾਂਤੀ ਸਮਝੌਤੇ ’ਤੇ ਦਸਤਖਤ ਹੋ ਗਏ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਵਰਸੇਲਜ਼ ਪੈਲੇਸ ਵਿੱਚ ਇਸ ਸਮਝੌਤੇ ਨਾਲ ਸਬੰਧਿਤ ਸਮਝੌਤਾ ਪੱਤਰ (ਐੱਮਓਯੂ) ’ਤੇ ਦਸਤਖਤ ਕੀਤੇ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਮੌਜੂਦ ਸਨ।
ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਟਰੰਪ ਵਰਸੇਲਜ਼ ਪੈਲੇਸ ਤੋਂ ਬਾਹਰ ਆਏ। ਇਸ ਦੌਰਾਨ ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਸ਼ਾਂਤੀ ਸਮਝੌਤੇ ਬਾਰੇ ਸਵਾਲ ਪੁੱਛਿਆ ਤਾਂ ਟਰੰਪ ਨੇ ਉੱਚੀ ਆਵਾਜ਼ ਵਿੱਚ ਕਿਹਾ, “ਡੀਲ ਸਾਈਨ ਹੋ ਗਈ ਹੈ।”
ਟਰੰਪ ਤੋਂ ਬਾਅਦ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਵੀ ਇਰਾਨ ਤੋਂ ਹੀ ਇਲੈਕਟ੍ਰਾਨਿਕ ਤਰੀਕੇ ਨਾਲ ਇਸ ਸਮਝੌਤੇ ’ਤੇ ਦਸਤਖਤ ਕੀਤੇ। ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 5:30 ਵਜੇ ਇਸ ਸਮਝੌਤੇ ਦਾ ਅਧਿਕਾਰਕ ਐਲਾਨ ਕੀਤਾ ਗਿਆ। ਐਲਾਨ ਦੇ ਨਾਲ ਹੀ ਇਹ ਸਮਝੌਤਾ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਹੋ ਗਿਆ।
ਇਸ ਸਮਝੌਤੇ ਤਹਿਤ ਇਰਾਨ ਅਤੇ ਲੈਬਨਾਨ ਵਿੱਚ ਚੱਲ ਰਹੀਆਂ ਫੌਜੀ ਕਾਰਵਾਈਆਂ ਨੂੰ ਖਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰੂਟਾਂ ਵਿੱਚੋਂ ਇੱਕ ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਲਗਾਈ ਗਈ ਸਮੁੰਦਰੀ ਨਾਕਾਬੰਦੀ ਵੀ ਖਤਮ ਕਰ ਦਿੱਤੀ ਜਾਵੇਗੀ।
ਇਹ ਸਮਝੌਤਾ ਅਸਲ ਵਿੱਚ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਨੇੜੇ ਸਥਿਤ ਲੂਸਰਨ ਸ਼ਹਿਰ ਵਿੱਚ ਸਾਈਨ ਕੀਤਾ ਜਾਣਾ ਸੀ। ਹਾਲਾਂਕਿ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਬਣ ਜਾਣ ਕਾਰਨ ਨਿਰਧਾਰਿਤ ਕਾਰਜਕ੍ਰਮ ਤੋਂ ਇੱਕ ਦਿਨ ਪਹਿਲਾਂ ਹੀ ਇਸ ’ਤੇ ਦਸਤਖਤ ਕਰ ਦਿੱਤੇ ਗਏ।
ਇਸ ਕਦਮ ਨੂੰ ਖੇਤਰ ਵਿੱਚ ਤਣਾਅ ਘਟਾਉਣ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਵੱਲ ਇੱਕ ਮਹੱਤਵਪੂਰਨ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖ਼ਿਲਾਫ਼ ਜੰਗ ਸ਼ੁਰੂ ਤਾਂ ਕਰ ਦਿੱਤੀ ਪਰ ਖਤਮ ਬਹੁਤ ਔਖੀ ਹੋਈ। ਇਸ ਜੰਗ ਨੂੰ ਸ਼ੁਰੂ ਕਰਨ ਵੇਲੇ ਟਰੰਪ ਨੇ ਚਾਰ ਵੱਡੇ ਟੀਚੇ ਰੱਖੇ ਸਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ ਜੰਗ ਅਤੇ ਫੌਜੀ ਦਬਾਅ ਦੀ ਨੀਤੀ ਨੂੰ ਚਾਰ ਮੁੱਖ ਟੀਚਿਆਂ ਨਾਲ ਜੋੜਿਆ ਸੀ। ਪਹਿਲਾ ਟੀਚਾ ਇਰਾਨ ਵਿੱਚ ਮੌਜੂਦਾ ਇਸਲਾਮਿਕ ਸੱਤਾ ਪ੍ਰਣਾਲੀ ਨੂੰ ਕਮਜ਼ੋਰ ਕਰਨਾ ਜਾਂ ਬਦਲਣਾ ਸੀ। ਦੂਜਾ ਟੀਚਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੀ। ਤੀਜਾ ਟੀਚਾ ਇਰਾਨ ਸਮਰਥਿਤ ਪ੍ਰਾਕਸੀ ਸੰਗਠਨਾਂ ਦੀ ਤਾਕਤ ਨੂੰ ਖਤਮ ਕਰਨਾ ਸੀ, ਜਦਕਿ ਚੌਥਾ ਟੀਚਾ ਇਰਾਨ ਦੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਤਬਾਹ ਕਰਨਾ ਸੀ।
ਜੰਗ ਵਿੱਚ ਭਾਰੀ ਜਾਨੀ ਅਤੇ ਆਰਥਿਕ ਨੁਕਸਾਨ
ਇਸ ਟਕਰਾਅ ਦੌਰਾਨ ਦੋਵਾਂ ਪੱਖਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਅੰਕੜਿਆਂ ਮੁਤਾਬਕ ਇਸ ਜੰਗ ਵਿਚ 7 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ, ਜਦਕਿ 40 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ। ਇਸ ਤੋਂ ਇਲਾਵਾ ਅਮਰੀਕਾ ਨੂੰ ਜੰਗੀ ਕਾਰਵਾਈਆਂ, ਹਥਿਆਰਾਂ, ਫੌਜੀ ਤਾਇਨਾਤੀ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਲਗਭਗ 10 ਲੱਖ ਕਰੋੜ ਰੁਪਏ ਖਰਚ ਕਰਨ ਪਏ।
ਪਹਿਲਾ ਟੀਚਾ: ਕੀ ਇਰਾਨ ਦੀ ਸੱਤਾ ਬਦਲੀ?
ਜੰਗ ਖਤਮ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਮਰੀਕਾ ਆਪਣਾ ਪਹਿਲਾ ਟੀਚਾ ਹਾਸਲ ਕਰ ਸਕਿਆ। ਇਸ ਦਾ ਜਵਾਬ ਨਾਂਹ ਵਿੱਚ ਨਜ਼ਰ ਆਉਂਦਾ ਹੈ। ਇਰਾਨ ਦੀ ਇਸਲਾਮਿਕ ਸਰਕਾਰ ਅਜੇ ਵੀ ਸੱਤਾ ਵਿੱਚ ਹੈ ਅਤੇ ਦੇਸ਼ ਦੀ ਰਾਜਨੀਤਕ ਪ੍ਰਣਾਲੀ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ ਜਿਸ ਸਰਕਾਰ ਨੂੰ ਕਮਜ਼ੋਰ ਕਰਨ ਜਾਂ ਹਟਾਉਣ ਦੀ ਗੱਲ ਕੀਤੀ ਜਾ ਰਹੀ ਸੀ, ਉਹ ਅਜੇ ਵੀ ਕਾਇਮ ਹੈ।
ਦੂਜਾ ਟੀਚਾ: ਪਰਮਾਣੂ ਪ੍ਰੋਗਰਾਮ
ਅਮਰੀਕਾ ਦਾ ਦੂਜਾ ਮੁੱਖ ਟੀਚਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੀ। ਹਾਲਾਂਕਿ ਜੰਗ ਅਤੇ ਹਵਾਈ ਹਮਲਿਆਂ ਕਾਰਨ ਕੁਝ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ ਪਰ ਇਰਾਨ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਭਾਵੇਂ ਪਰਮਾਣੂ ਮੁੱਦੇ 'ਤੇ ਇਰਾਨ ਨੇ ਮੁੜ ਦੁਹਰਾਇਆ ਹੈ ਕਿ ਉਹ ਨਾ ਤਾਂ ਪਰਮਾਣੂ ਹਥਿਆਰ ਪ੍ਰਾਪਤ ਕਰੇਗਾ ਅਤੇ ਨਾ ਹੀ ਵਿਕਸਤ ਕਰੇਗਾ। ਦੋਵੇਂ ਦੇਸ਼ ਆਪਸੀ ਸਹਿਮਤੀ ਵਾਲੇ ਵਿਧੀ ਰਾਹੀਂ ਤਹਿਰਾਨ ਦੇ ਭਰਪੂਰ ਸਮੱਗਰੀ ਦੇ ਭੰਡਾਰ ਨੂੰ ਹੱਲ ਕਰਨ ਲਈ ਸਹਿਮਤ ਹੋਏ, ਜਿਸਦੀ ਘੱਟੋ-ਘੱਟ ਲੋੜ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਹੇਠ ਸਾਈਟ 'ਤੇ ਡਾਊਨ ਬਲੈਂਡਿੰਗ ਹੋਵੇਗੀ ਪਰ ਹੁਣ ਵੀ ਕਈ ਵਿਸ਼ਲੇਸ਼ਕ ਮੰਨਦੇ ਹਨ ਕਿ ਇਰਾਨ ਕੋਲ ਅਜੇ ਵੀ ਪਰਮਾਣੂ ਤਕਨੀਕੀ ਸਮਰੱਥਾ ਅਤੇ ਵਿਗਿਆਨਕ ਢਾਂਚਾ ਮੌਜੂਦ ਹੈ।
ਤੀਜਾ ਟੀਚਾ: ਪ੍ਰਾਕਸੀ ਸੰਗਠਨਾਂ ਦਾ ਪ੍ਰਭਾਵ ਜਾਰੀ
ਇਰਾਨ ਦੀ ਖੇਤਰੀ ਤਾਕਤ ਦਾ ਇੱਕ ਵੱਡਾ ਆਧਾਰ ਉਸ ਦੇ ਸਮਰਥਨ ਵਾਲੇ ਪ੍ਰਾਕਸੀ ਸੰਗਠਨ ਹਨ। ਜੰਗ ਦੇ ਬਾਵਜੂਦ ਇਨ੍ਹਾਂ ਸੰਗਠਨਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਮੱਧ ਪੂਰਬ ਵਿੱਚ ਇਰਾਨ ਦਾ ਪ੍ਰਭਾਵ ਅਜੇ ਵੀ ਕਈ ਖੇਤਰਾਂ ਵਿੱਚ ਬਰਕਰਾਰ ਦਿਖਾਈ ਦਿੰਦਾ ਹੈ।
ਚੌਥਾ ਟੀਚਾ: ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਵੀ ਕਾਇਮ
ਇਰਾਨ ਦੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ਨੂੰ ਖਤਮ ਕਰਨਾ ਵੀ ਅਮਰੀਕਾ ਦਾ ਇੱਕ ਵੱਡਾ ਉਦੇਸ਼ ਸੀ ਪਰ ਜੰਗ ਖਤਮ ਹੋਣ ਤੋਂ ਬਾਅਦ ਵੀ ਇਰਾਨ ਦੀ ਮਿਜ਼ਾਇਲ ਸਮਰੱਥਾ ਪੂਰੀ ਤਰ੍ਹਾਂ ਖਤਮ ਹੋਣ ਦੇ ਸਪੱਸ਼ਟ ਸੰਕੇਤ ਨਹੀਂ ਮਿਲੇ। ਇਹ ਖੇਤਰ ਅਜੇ ਵੀ ਅਮਰੀਕਾ ਅਤੇ ਉਸਦੇ ਸਾਥੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਫਿਰ ਅਮਰੀਕਾ ਨੂੰ ਮਿਲਿਆ ਕੀ?
ਜੰਗ ਦੇ ਅੰਤ ਵਿੱਚ ਅਮਰੀਕਾ ਨੂੰ ਇੱਕ ਸਮਝੌਤਾ ਤਾਂ ਮਿਲ ਗਿਆ ਪਰ ਜਿਨ੍ਹਾਂ ਚਾਰ ਮੁੱਖ ਟੀਚਿਆਂ ਨੂੰ ਲੈ ਕੇ ਇਹ ਟਕਰਾਅ ਸ਼ੁਰੂ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਕੋਈ ਵੀ ਪੂਰੀ ਤਰ੍ਹਾਂ ਹਾਸਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਕਾਰਨ ਕਈ ਵਿਸ਼ਲੇਸ਼ਕ ਇਸ ਸਮਝੌਤੇ ਨੂੰ ਅਮਰੀਕਾ ਦੀ ਜਿੱਤ ਦੀ ਬਜਾਏ ਇੱਕ ਮਜ਼ਬੂਰੀ ਵਾਲਾ ਸਮਝੌਤਾ ਜਾਂ ਟਰੰਪ ਦਾ ‘ਸਰੰਡਰ’ ਕਰਾਰ ਦੇ ਰਹੇ ਹਨ।
ਜੰਗ ਦਾ ਸਭ ਤੋਂ ਵੱਡਾ ਸਬਕ
ਇਸ ਟਕਰਾਅ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਆਧੁਨਿਕ ਜੰਗਾਂ ਵਿੱਚ ਭਾਰੀ ਜਾਨੀ ਨੁਕਸਾਨ ਅਤੇ ਖਰਬਾਂ ਰੁਪਏ ਖਰਚ ਹੋਣ ਦੇ ਬਾਵਜੂਦ ਰਾਜਨੀਤਕ ਅਤੇ ਰਣਨੀਤਕ ਟੀਚੇ ਹਾਸਲ ਕਰਨਾ ਆਸਾਨ ਨਹੀਂ ਹੁੰਦਾ। ਹਜ਼ਾਰਾਂ ਮੌਤਾਂ, ਹਜ਼ਾਰਾਂ ਜ਼ਖਮੀਆਂ ਅਤੇ ਭਾਰੀ ਆਰਥਿਕ ਨੁਕਸਾਨ ਤੋਂ ਬਾਅਦ ਵੀ ਜੇਕਰ ਮੁੱਖ ਟੀਚੇ ਪੂਰੇ ਨਾ ਹੋਣ ਤਾਂ ਜੰਗ ਦੀ ਕੀਮਤ ਹੋਰ ਵੀ ਵੱਧ ਮਹਿਸੂਸ ਹੁੰਦੀ ਹੈ।
