ਜਾਂਬਾਜ਼ ਨਾਇਕ ਦੇ ਜਜ਼ਬੇ ਦੀ ਕਹਾਣੀ; ‘ਮਿਸ ਇੰਡੀਆ’ ਜਹਾਜ਼ ਨਾਲ ਇਤਿਹਾਸ ਸਿਰਜਣ ਵਾਲੇ ਦੇਸ਼ ਦੇ ਪਹਿਲੇ ਪਾਇਲਟ ਫਲਾਇੰਗ ਅਫ਼ਸਰ ‘ਮਨਮੋਹਨ ਸਿੰਘ’
ਦੂਜੇ ਵਿਸ਼ਵ ਯੁੱਧ ਦੌਰਾਨ ਆਸਟਰੇਲੀਆ ਦੀ ਧਰਤੀ ’ਤੇ ਸ਼ਹੀਦ ਹੋਣ ਵਾਲੇ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਅਫ਼ਸਰ ‘ਮਨਮੋਹਨ ਸਿੰਘ’
ਜਦੋਂ ਭਾਰਤੀ ਹਵਾਈ ਸੈਨਾ (IAF) ਦੇ ਆਧੁਨਿਕ ਰਾਫੇਲ ਲੜਾਕੂ ਜਹਾਜ਼ ਅਤੇ C-17 ਗਲੋਬਮਾਸਟਰ ਟਰਾਂਸਪੋਰਟ ਜਹਾਜ਼ ਬਹੁ-ਕੌਮੀ ਹਵਾਈ ਯੁੱਧ ਅਭਿਆਸ 'ਐਕਸਰਸਾਈਜ਼ ਪਿੱਚ ਬਲੈਕ' ਵਿੱਚ ਹਿੱਸਾ ਲੈਣ ਲਈ ਆਸਟਰੇਲੀਆ ਦੇ ਡਾਰਵਿਨ ਏਅਰਬੇਸ ’ਤੇ ਉਤਰੇ, ਤਾਂ ਇਹ ਸਿਰਫ਼ ਇੱਕ ਫ਼ੌਜੀ ਮਸ਼ਕ ਨਹੀਂ ਸੀ। ਇਹ ਮੌਕਾ ਭਾਰਤੀ ਹਵਾਬਾਜ਼ੀ ਇਤਿਹਾਸ ਦੇ ਉਸ ਦਲੇਰ ਮੋਢੀ ਨੂੰ ਯਾਦ ਕਰਨ ਦਾ ਵੀ ਸੀ, ਜਿਸ ਨੇ ਕਰੀਬ ਨੌਂ ਦਹਾਕੇ ਪਹਿਲਾਂ ਇੱਕ ਇਤਿਹਾਸਕ ਉਡਾਣ ਭਰ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਆਸਟਰੇਲੀਆ ਦੀ ਧਰਤੀ ਦੀ ਰੱਖਿਆ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਉਹ ਨਾਂ ਹੈ ਫਲਾਇੰਗ ਅਫ਼ਸਰ ਮਨਮੋਹਨ ਸਿੰਘ ਦਾ, ਜਿਨ੍ਹਾਂ ਦਾ ਨਾਂ ਅੱਜ ਵੀ ਡਾਰਵਿਨ ਦੇ ਯੁੱਧ ਸਮਾਰਕ ’ਤੇ ਸੁਨਹਿਰੀ ਅੱਖਰਾਂ ਵਿੱਚ ਉੱਕਰਿਆ ਹੋਇਆ ਹੈ।
ਅਣਵੰਡੇ ਭਾਰਤ ਦੇ ਰਾਵਲਪਿੰਡੀ ਦੇ ਇੱਕ ਨਾਮਵਰ ਡਾਕਟਰ ਪਰਿਵਾਰ ਵਿੱਚ ਜਨਮੇ ਮਨਮੋਹਨ ਸਿੰਘ ਨੇ ਉਸ ਦੌਰ ਵਿੱਚ ਜਹਾਜ਼ ਉਡਾਉਣ ਨੂੰ ਆਪਣਾ ਜਨੂੰਨ ਬਣਾਇਆ, ਜਦੋਂ ਇਹ ਬੇਹੱਦ ਜੋਖਮ ਭਰਿਆ ਕੰਮ ਮੰਨਿਆ ਜਾਂਦਾ ਸੀ। ਬ੍ਰਿਟੇਨ ਤੋਂ ਸਿਖਲਾਈ ਲੈਣ ਤੋਂ ਬਾਅਦ ਉਨ੍ਹਾਂ ਨੇ ਕਈ ਸਾਹਸੀ ਉਡਾਣਾਂ ਭਰੀਆਂ। ਸਾਲ 1930 ਵਿੱਚ ਉਨ੍ਹਾਂ ਨੇ ‘ਡੀ ਹੈਵੀਲੈਂਡ ਜਿਪਸੀ ਮੌਥ’ ਜਹਾਜ਼ ਰਾਹੀਂ ਇੰਗਲੈਂਡ ਤੋਂ ਭਾਰਤ ਤੱਕ ਇਕੱਲਿਆਂ ਉਡਾਣ ਭਰ ਕੇ ਇਤਿਹਾਸ ਰਚ ਦਿੱਤਾ।
ਇਸ ਜਹਾਜ਼ ਦਾ ਨਾਂ ‘ਮਿਸ ਇੰਡੀਆ’ ਰੱਖਿਆ ਗਿਆ ਸੀ, ਜਿਸ ਦਾ ਨਾਮਕਰਨ ਕੂਚ ਬਿਹਾਰ ਰਿਆਸਤ ਦੀ ਮਹਾਰਾਣੀ ਇੰਦਰਾ ਦੇਵੀ ਨੇ ਲੰਡਨ ਦੇ ਸਟੈਗ ਲੇਨ ਐਰੋਡ੍ਰੋਮ ਵਿਖੇ ਕੀਤਾ ਸੀ।
ਇਹ ਇਤਿਹਾਸਕ ਸਫ਼ਲਤਾ ਉਨ੍ਹਾਂ ਨੂੰ ਬੇਹੱਦ ਮੁਸ਼ਕਲਾਂ ਤੋਂ ਬਾਅਦ ਮਿਲੀ। ਲਗਾਤਾਰ ਦੋ ਵਾਰ ਜਹਾਜ਼ ਹਾਦਸਾਗ੍ਰਸਤ ਹੋਣ ਦੇ ਬਾਵਜੂਦ, ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਤੀਜੇ ਯਤਨ ਵਿੱਚ 8 ਅਪਰੈਲ 1930 ਨੂੰ ਲੰਡਨ ਤੋਂ ਉਡਾਣ ਭਰ ਕੇ 9 ਮਈ ਨੂੰ ਕਰਾਚੀ ਪਹੁੰਚੇ। ਹਾਲਾਂਕਿ, ਫਰਾਂਸ ਵਿੱਚ ਐਮਰਜੈਂਸੀ ਲੈਂਡਿੰਗ ਕਾਰਨ ਉਹ ਵੱਕਾਰੀ ‘ਆਗਾ ਖਾਨ ਟਰਾਫੀ’ ਜਿੱਤਣ ਤੋਂ ਸਿਰਫ਼ ਇੱਕ ਦਿਨ ਦੇ ਫਰਕ ਨਾਲ ਖੁੰਝ ਗਏ (ਕਿਉਂਕਿ ਸਫ਼ਰ 30 ਦਿਨਾਂ ਵਿੱਚ ਪੂਰਾ ਕਰਨਾ ਸੀ ਅਤੇ ਉਨ੍ਹਾਂ ਨੂੰ 31 ਦਿਨ ਲੱਗੇ), ਪਰ ਉਹ ਇੰਗਲੈਂਡ ਤੋਂ ਭਾਰਤ ਤੱਕ ਇਕੱਲਿਆਂ ਉਡਾਣ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਜ਼ਰੂਰ ਬਣ ਗਏ। ਇਸ ਮੁਕਾਬਲੇ ਵਿੱਚ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਜੇ.ਆਰ.ਡੀ. ਟਾਟਾ ਵੀ ਸ਼ਾਮਲ ਸਨ। ਉਨ੍ਹਾਂ ਦੀ ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਉਨ੍ਹਾਂ ਨੂੰ ਆਪਣਾ ਮੁੱਖ ਪਾਇਲਟ ਨਿਯੁਕਤ ਕੀਤਾ ਸੀ।
ਮਨਮੋਹਨ ਸਿੰਘ ਦਾ ਸਾਹਸ ਇੱਥੇ ਹੀ ਨਹੀਂ ਰੁਕਿਆ
ਸਾਲ 1934-35 ਵਿੱਚ ਉਹ ਇੰਗਲੈਂਡ ਤੋਂ ਦੱਖਣੀ ਅਫ਼ਰੀਕਾ ਤੱਕ ਹਲਕੇ ਜਹਾਜ਼ ਵਿੱਚ ਇਕੱਲਿਆਂ ਉਡਾਣ ਭਰਨ ਵਾਲੇ ਵੀ ਪਹਿਲੇ ਭਾਰਤੀ ਬਣੇ। ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਵੇਲੇ ਉਨ੍ਹਾਂ ਨੂੰ 'ਇੰਡੀਅਨ ਏਅਰ ਫੋਰਸ ਵਲੰਟੀਅਰ ਰਿਜ਼ਰਵ' ਲਈ ਚੁਣਿਆ ਗਿਆ। ਉਨ੍ਹਾਂ ਨੇ ਪਹਿਲਾਂ ਐਟਲਾਂਟਿਕ ਮਹਾਸਾਗਰ ਵਿੱਚ ਜਰਮਨ ਪਣਡੁੱਬੀਆਂ ਦੀ ਖੋਜ ਕੀਤੀ ਅਤੇ ਬਾਅਦ ਵਿੱਚ ਕੈਟਾਲੀਨਾ ਫਲਾਇੰਗ ਬੋਟ ਦੀ ਕਮਾਨ ਸੰਭਾਲਦਿਆਂ ਸਿੰਗਾਪੁਰ ਤਾਇਨਾਤ ਹੋਏ।
3 ਮਾਰਚ 1942 ਨੂੰ ਜਦੋਂ ਜਾਪਾਨੀ ਸੈਨਾ ਨੇ ਪੱਛਮੀ ਆਸਟਰੇਲੀਆ ਦੇ ਬਰੂਮ (Broome) ਖੇਤਰ ’ਤੇ ਅਚਨਚੇਤ ਹਵਾਈ ਹਮਲਾ ਕੀਤਾ, ਤਾਂ ਉਸ ਭਿਆਨਕ ਜੰਗ ਦੌਰਾਨ ਫਲਾਇੰਗ ਅਫ਼ਸਰ ਮਨਮੋਹਨ ਸਿੰਘ ਦੁਸ਼ਮਣ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ। ਅੱਜ ਜਦੋਂ ਭਾਰਤੀ ਹਵਾਈ ਸੈਨਾ ਦੁਨੀਆ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾ ਰਹੀ ਹੈ, ਤਾਂ ਮਨਮੋਹਨ ਸਿੰਘ ਦੀ ਇਹ ਅਣਗੌਲੀ ਦਾਸਤਾਨ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੱਜ ਦੀਆਂ ਬੁਲੰਦ ਉਡਾਣਾਂ ਦੀ ਨੀਂਹ ਅਜਿਹੇ ਹੀ ਜਾਂਬਾਜ਼ ਨਾਇਕਾਂ ਦੇ ਜਜ਼ਬੇ ਅਤੇ ਕੁਰਬਾਨੀ ਸਦਕਾ ਰੱਖੀ ਗਈ ਸੀ।

