ਟੈਕਸੀ ਯੂਨੀਅਨ ਦੀ ਸ਼ਿਕਾਇਤ ਨੇ ਖੋਲ੍ਹੀ ਪੋਲ: Chandigarh Airport ਦੇ CEO ਅਤੇ ਕਮਰਸ਼ੀਅਲ ਹੈੱਡ ਵਿਰੁੱਧ ਜਬਰੀ ਵਸੂਲੀ, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼
CBI ਵੱਲੋਂ ਦੋਵਾਂ ਖਿਲਾਫ਼ ਕੀਤਾ ਗਿਆ ਮਾਮਲਾ ਦਰਜ
ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਦੇ ਦੋ ਉੱਚ ਅਧਿਕਾਰੀ ਟੈਕਸੀ ਯੂਨੀਅਨ ਦੀ ਸ਼ਿਕਾਇਤ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (CBI) ਦੇ ਸ਼ਿਕੰਜੇ ਵਿੱਚ ਫਸ ਗਏ ਹਨ। ਸੀ.ਬੀ.ਆਈ. ਦੀ ਐਂਟੀ-ਕਰੱਪਸ਼ਨ ਬ੍ਰਾਂਚ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (CHIAL) ਦੇ ਤਤਕਾਲੀ ਸੀ.ਈ.ਓ. ਰਾਕੇਸ਼ ਰੰਜਨ ਸਹਾਏ ਅਤੇ ਕਮਰਸ਼ੀਅਲ ਵਿਭਾਗ ਦੇ ਮੁਖੀ ਅੰਮ੍ਰਿਤ ਗਰਗ ਵਿਰੁੱਧ ਜਬਰੀ ਵਸੂਲੀ, ਅਪਰਾਧਿਕ ਸਾਜ਼ਿਸ਼ ਅਤੇ ਰਿਸ਼ਵਤਖੋਰੀ ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ।
ਦਰਜ ਕੀਤੀ ਗਈ ਐੱਫ.ਆਈ.ਆਰ. ਅਨੁਸਾਰ, ਇਨ੍ਹਾਂ ਅਧਿਕਾਰੀਆਂ ’ਤੇ ਟੈਕਸੀ ਯੂਨੀਅਨ ਦੇ ਮੈਂਬਰਾਂ ਨੂੰ ਮਾਨਸਿਕ, ਸਰੀਰਕ ਅਤੇ ਵਿੱਤੀ ਤੌਰ ’ਤੇ ਪਰੇਸ਼ਾਨ ਕਰਨ, ਉਨ੍ਹਾਂ ਤੋਂ ਜਬਰੀ ਪੈਸੇ ਵਸੂਲਣ ਅਤੇ ਇੱਕ ਖਾਸ ਲਾਇਸੈਂਸਧਾਰਕ ਦੀ ਪੱਖਪਾਤ ਕਰਨ ਦੇ ਦੋਸ਼ ਹਨ। ਇਹ ਮਾਮਲਾ 2021 ਤੋਂ ਚੱਲ ਰਹੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਹੈ।
ਕਿਵੇਂ ਹੋਇਆ ਖੁਲਾਸਾ?
ਇਸ ਪੂਰੇ ਮਾਮਲੇ ਦੀ ਸ਼ੁਰੂਆਤ 26 ਅਪਰੈਲ 2024 ਨੂੰ ਹੋਈ, ਜਦੋਂ ਟੈਕਸੀ ਯੂਨੀਅਨ ਨੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਨੂੰ ਇੱਕ ਲਿਖਤੀ ਸ਼ਿਕਾਇਤ ਦੇ ਨਾਲ ਇੱਕ ਪੈੱਨ ਡਰਾਈਵ ਸੌਂਪੀ। ਇਸ ਪੈੱਨ ਡਰਾਈਵ ਵਿੱਚ ਅਧਿਕਾਰੀਆਂ ਦੀਆਂ ਕਥਿਤ ਆਡੀਓ ਰਿਕਾਰਡਿੰਗਾਂ ਸਨ। ਏ.ਏ.ਆਈ. ਦੀ ਵਿਜੀਲੈਂਸ ਟੀਮ ਨੇ ਜਦੋਂ ਮੁੱਢਲੀ ਜਾਂਚ ਕੀਤੀ, ਤਾਂ ਰਿਕਾਰਡ ਅਤੇ ਆਡੀਓ ਕਲਿੱਪਾਂ ਵਿੱਚ ਲਗਾਏ ਗਏ ਦੋਸ਼ਾਂ ਵਿੱਚ ਸੱਚਾਈ ਨਜ਼ਰ ਆਈ। ਹਾਲਾਂਕਿ, ਆਡੀਓ ਦੀ ਫੋਰੈਂਸਿਕ ਜਾਂਚ ਅਤੇ ਪੈਸਿਆਂ ਦੇ ਲੈਣ-ਦੇਣ (ਮਨੀ ਟ੍ਰੇਲ) ਦੀ ਡੂੰਘਾਈ ਨਾਲ ਜਾਂਚ ਲਈ ਕੇਂਦਰੀ ਵਿਜੀਲੈਂਸ ਕਮਿਸ਼ਨ (CVC) ਨੇ ਇਹ ਕੇਸ ਸੀ.ਬੀ.ਆਈ. ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ।
ਦੱਸ ਦਈਏ ਕਿ ਇਹ ਏਅਰਪੋਰਟ ਅਥਾਰਟੀ ਆਫ਼ ਇੰਡੀਆ (51%), ਪੰਜਾਬ ਸਰਕਾਰ (24.5%) ਅਤੇ ਹਰਿਆਣਾ ਸਰਕਾਰ (24.5%) ਦਾ ਸਾਂਝਾ ਉੱਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ 2015 ਨੂੰ ਇਸ ਦਾ ਉਦਘਾਟਨ ਕੀਤਾ ਸੀ। 28 ਸਤੰਬਰ 2022 ਨੂੰ ਇਸ ਦਾ ਨਾਮ ਬਦਲ ਕੇ ‘ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ’ ਰੱਖਿਆ ਗਿਆ ਸੀ।
ਸੀ.ਬੀ.ਆਈ. ਦੇ ਡੀ.ਐੱਸ.ਪੀ. ਪ੍ਰਕਾਸ਼ ਚੰਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਸੀ.ਬੀ.ਆਈ. ਵੱਲੋਂ ਆਡੀਓ ਕਲਿੱਪਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ ਤਾਂ ਜੋ ਅਧਿਕਾਰੀਆਂ ਦੀਆਂ ਆਵਾਜ਼ਾਂ ਦੀ ਪੁਸ਼ਟੀ ਹੋ ਸਕੇ। ਇਸ ਤੋਂ ਇਲਾਵਾ, ਦਫ਼ਤਰੀ ਰਿਕਾਰਡ ਅਤੇ ਈ-ਮੇਲਾਂ ਦੀ ਵੀ ਪੜਤਾਲ ਕੀਤੀ ਜਾਵੇਗੀ। ਮਾਹਿਰਾਂ ਅਨੁਸਾਰ, ਜਾਂਚ ਦੌਰਾਨ ਦੋਸ਼ੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਵੀ ਸੰਭਵ ਹੈ।
ਇਹ ਮਾਮਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਬਹੁਤ ਘੱਟ ਹੁੰਦਾ ਹੈ ਕਿ ਇੱਕ ਟੈਕਸੀ ਯੂਨੀਅਨ ਦੀ ਸ਼ਿਕਾਇਤ ’ਤੇ ਕਿਸੇ ਕੌਮਾਂਤਰੀ ਹਵਾਈ ਅੱਡੇ ਦੇ ਸਭ ਤੋਂ ਉੱਚੇ ਅਹੁਦਿਆਂ ’ਤੇ ਬੈਠੇ ਅਧਿਕਾਰੀਆਂ ਵਿਰੁੱਧ ਇੰਨੀ ਵੱਡੀ ਕਾਰਵਾਈ ਹੋਈ ਹੋਵੇ।

