DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਾਇਕ ਉਸਤਾਦ ਪੂਰਨ ਸ਼ਾਹਕੋਟੀ - ਇੱਕ ਯੁੱਗ ਦਾ ਅੰਤ

ਸੁਰਾਂ ਦਾ ਉਹ ਬੋਹੜ ਨਹੀਂ ਰਿਹਾ, ਜਿਸ ਦੀ ਛਾਂ ਹੇਠ ਪੰਜਾਬੀ ਗਾਇਕੀ ਦੇ ਕਿੰਨੇ ਹੀ ‘ਸਿਤਾਰੇ’ ਪਲ ਕੇ ਜਵਾਨ ਹੋਏ

  • fb
  • twitter
  • whatsapp
  • whatsapp
featured-img featured-img
ਫੋਟੋ: ਫੇਸਬੁੱਕ
Advertisement

ਪੰਜਾਬੀ ਸੰਗੀਤ ਜਗਤ ਨੂੰ ਅੱਜ ਅਜਿਹਾ ਘਾਟਾ ਪਿਆ ਹੈ ਜਿਸ ਦੀ ਟੀਸ ਸਦੀਆਂ ਤੱਕ ਮਹਿਸੂਸ ਹੁੰਦੀ ਰਹੇਗੀ। ਦੁਆਬੇ ਦੀ ਮਿੱਟੀ ਵਿੱਚੋਂ ਉੱਠ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਉਸਤਾਦ ਪੂਰਨ ਸ਼ਾਹਕੋਟੀ ਜਹਾਨੋਂ ਰੁਖ਼ਸਤ ਹੋ ਗਏ ਹਨ। ਉਹ ਸਿਰਫ਼ ਇੱਕ ਗਾਇਕ ਜਾਂ ਸੰਗੀਤਕਾਰ ਨਹੀਂ ਸਨ, ਬਲਕਿ ਪੰਜਾਬੀ ਵਿਰਸੇ ਦਾ ਉਹ ਸਿਤਾਰਾ ਸਨ, ਜਿਨ੍ਹਾਂ ਨੇ ਆਖ਼ਰੀ ਸਾਹ ਤੱਕ ਸੰਗੀਤ ਦੀ ਮਸ਼ਾਲ ਜਗਾਈ ਰੱਖੀ।

‘ਸੰਗੀਤ’ ਪੂਰਨ ਸ਼ਾਹਕੋਟੀ ਸਾਹਿਬ ਨੂੰ ਵਿਰਾਸਤ ਵਿੱਚ ਮਿਲਿਆ ਸੀ। ਆਪਣੇ ਦਾਦਾ ਅਤੇ ਪਿਤਾ ਦੀਆਂ ਪੈੜਾਂ ’ਤੇ ਚੱਲਦਿਆਂ ਉਨ੍ਹਾਂ ਨੇ ਮਹਿਜ਼ 5 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗੀਤ ‘ਲੈਲੋ ਜੀ ਭੰਭੀਰੀਆਂ’ ਗਾ ਕੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਇੱਕ ਮਹਾਨ ਫ਼ਨਕਾਰ ਦਾ ਜਨਮ ਹੋ ਚੁੱਕਾ ਹੈ। ਪਟਿਆਲਾ ਘਰਾਣੇ ਦੇ ਮਰਹੂਮ ਉਸਤਾਦ ਬਾਕਰ ਹੁਸੈਨ ਖਾਨ ਸਾਹਿਬ ਤੋਂ ਤਾਲੀਮ ਹਾਸਿਲ ਕਰਕੇ ਉਨ੍ਹਾਂ ਨੇ ਸੰਗੀਤਕ ਸਾਜ਼ਾਂ ਅਤੇ ਸੁਰਾਂ ਵਿੱਚ ਉਹ ਮੁਹਾਰਤ ਹਾਸਿਲ ਕੀਤੀ, ਜੋ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ।

Advertisement

ਅੱਜ ਜਿਨ੍ਹਾਂ ਗਾਇਕਾਂ ਦੀ ਦੁਨੀਆ ਦੀਵਾਨੀ ਹੈ, ਉਨ੍ਹਾਂ ਨੂੰ ਤਰਾਸ਼ਣ ਵਾਲੇ ਜੌਹਰੀ ਪੂਰਨ ਸ਼ਾਹਕੋਟੀ ਹੀ ਸਨ। ਪਦਮ ਸ਼੍ਰੀ ਹੰਸ ਰਾਜ ਹੰਸ, ਮਰਹੂਮ ਸਾਬਰ ਕੋਟੀ, ਜਸਬੀਰ ਜੱਸੀ ਅਤੇ ਉਨ੍ਹਾਂ ਦੇ ਆਪਣੇ ਫਰਜ਼ੰਦ ਮਾਸਟਰ ਸਲੀਮ ਇਹ ਸਾਰੇ ਨਾਮ ਉਸੇ ਸੰਗੀਤਕ ਸਕੂਲ ਦੀ ਦੇਣ ਹਨ, ਜਿੱਥੇ ਸੁਰ, ਸ਼ਬਦ ਅਤੇ ਤਾਲ ਦਾ ਪਾਠ ਪੜ੍ਹਾਇਆ ਜਾਂਦਾ ਸੀ।

Advertisement

ਰਾਮਲੀਲਾ ਦੇ ਕਿਰਦਾਰਾਂ ਤੋਂ ਲੈ ਕੇ ਜਗਰਾਤਿਆਂ ਤੱਕਉਸਤਾਦ ਜੀ ਨੇ ਕਦੇ ਕਿਸੇ ਮੰਚ ਨੂੰ ਛੋਟਾ ਨਹੀਂ ਸਮਝਿਆ। ਰਾਮਲੀਲਾ ਦੇ ਕਿਰਦਾਰਾਂ ਤੋਂ ਲੈ ਕੇ ਜਗਰਾਤਿਆਂ ਦੀਆਂ ਭੇਟਾਂ ਤੱਕ, ਉਨ੍ਹਾਂ ਨੇ ਹਰ ਥਾਂ ਆਪਣੀ ਕਲਾ ਦੀ ਛਾਪ ਛੱਡੀ। ਉਨ੍ਹਾਂ ਦਾ ਇੱਕੋ ਮੰਤਰ ਸੀ ‘ਚੰਗਾ ਗਾਇਕ ਬਣਨ ਲਈ ਸੁਰ ਅਤੇ ਸ਼ਬਦ ਦੀ ਸਮਝ ਹੋਣੀ ਲਾਜ਼ਮੀ ਹੈ।’

ਪੰਜਾਬੀ ਮਾਂ-ਬੋਲੀ ਦਾ ਇਹ ਅਨਮੋਲ ਹੀਰਾ ਅੱਜ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਰਿਹਾ, ਪਰ ਉਨ੍ਹਾਂ ਦੀਆਂ ਸਿਰਜੀਆਂ ਧੁਨਾਂ ਅਤੇ ਉਨ੍ਹਾਂ ਦੇ ਪੜ੍ਹਾਏ ਸ਼ਗਿਰਦ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣਗੇ।

Advertisement
×