DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦਾ ਕਲਾਕਾਰਾਂ ਨਾਲ ਰਿਸ਼ਤਾ: ਕਦੇ ਮੋਹ ਕਦੇ ਨਫ਼ਰਤ!

ਦਿਲਜੀਤ ਦੋਸਾਂਝ ਨੂੰ ਸਿਆਸਤ ਵਿੱਚ ਆਉਣ ਦੀ ਅਪੀਲ ਨੇ ਛੇੜੀ ਨਵੀਂ ਬਹਿਸ; ਕੀ ਪੰਜਾਬ ਸਿਆਸੀ ਖਲਾਅ ਭਰਨ ਲਈ ਕਲਾਕਾਰਾਂ ਵੱਲ ਝਾਕ ਰਿਹਾ ਹੈ?

  • fb
  • twitter
  • whatsapp
  • whatsapp
featured-img featured-img
(From left) Chamkila, Diljit Dosanjh and Sidhu Moosewala. File photos
Advertisement

ਜਦੋਂ ਇਸ ਹਫ਼ਤੇ ਸੇਵਾਮੁਕਤ ਨੌਕਰਸ਼ਾਹਾਂ, ਅਕਾਦਮਿਕ ਮਾਹਿਰਾਂ ਅਤੇ ਫ਼ੌਜੀ ਅਧਿਕਾਰੀਆਂ ਦੇ ਇੱਕ ਸਮੂਹ ਨੇ ‘ਟ੍ਰਿਬਿਊਨ’ ਵਿੱਚ ਪੂਰੇ ਪੰਨੇ ਦਾ ਇਸ਼ਤਿਹਾਰ ਦੇ ਕੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦੀ ਅਪੀਲ ਕੀਤੀ, ਤਾਂ ਇਹ ਸਿਰਫ਼ ਇੱਕ ਅਨੋਖਾ ਸਿਆਸੀ ਪਲ ਨਹੀਂ ਸੀ। ਇਹ ਪੰਜਾਬ ਦੇ ਆਪਣੇ ਸੱਭਿਆਚਾਰਕ ਨਾਇਕਾਂ ਨਾਲ ਉਸ ਗੁੰਝਲਦਾਰ ‘ਮੋਹ-ਨਫ਼ਰਤ’ ਦੇ ਰਿਸ਼ਤੇ ਦਾ ਇੱਕ ਨਵਾਂ ਅਧਿਆਏ ਸੀ, ਜਿਸ ਨੂੰ ਇਹ ਸੂਬਾ ਕਦੇ ਸੁਲਝਾ ਨਹੀਂ ਸਕਿਆ।

ਇਹ ਉਹ ਸੂਬਾ ਹੈ ਜਿਸ ਨੇ ਆਪਣੇ ਗਾਇਕਾਂ, ਸ਼ਾਇਰਾਂ ਅਤੇ ਅਦਾਕਾਰਾਂ ਨੂੰ ਰੱਬ ਵਾਂਗ ਪੂਜਿਆ ਹੈ, ਸਿਆਸੀ ਸੰਕਟ ਵੇਲੇ ਉਨ੍ਹਾਂ ਦਾ ਪੱਲਾ ਫੜਿਆ ਹੈ, ਪਰ ਉਸੇ ਸਾਹ ਨਾਲ ਉਨ੍ਹਾਂ ’ਤੇ ਪਰਚੇ ਵੀ ਦਰਜ ਕੀਤੇ, ਉਨ੍ਹਾਂ ਨੂੰ ਦਬਾਇਆ ਅਤੇ ਕਾਲੇ ਦੌਰ ਵਿੱਚ ਉਨ੍ਹਾਂ ਨੂੰ ਦਿਨ-ਦਿਹਾੜੇ ਗੋਲੀਆਂ ਨਾਲ ਛਲਣੀ ਹੁੰਦੇ ਵੀ ਵੇਖਿਆ। ਦੋਸਾਂਝ, ਜਿਨ੍ਹਾਂ ਨੇ ਐਕਸ ’ਤੇ ਪੋਸਟ ਪਾ ਕੇ ਇਸ ਅਪੀਲ ਨੂੰ ਨਿਮਰਤਾ ਸਹਿਤ ਠੁਕਰਾ ਦਿੱਤਾ ਹੈ, ਪੰਜਾਬ ਦੀ ਸਿਆਸੀ ਕਲਪਨਾ ਦੇ ਕੇਂਦਰ ਵਿੱਚ ਆਉਣ ਵਾਲੇ ਤਾਜ਼ਾ ਕਲਾਕਾਰ ਹਨ।

Advertisement

ਜੇਕਰ ਅਸੀਂ ਚਾਰ ਵੱਖ-ਵੱਖ ਪੰਜਾਬਾਂ ਦੀ ਗੱਲ ਕਰੀਏ : ਅਸਲ ਪੰਜਾਬ, ਦਿੱਲੀ ਦੀਆਂ ਸਰਕਾਰਾਂ ਦੇ ਮਨ ਵਾਲਾ ਪੰਜਾਬ, ਕੈਨੇਡਾ ਵਾਲਾ ਪੰਜਾਬ ਅਤੇ ਰੈਡਕਲਿਫ਼ ਲਾਈਨ ਦੇ ਉਸ ਪਾਰ ਵਾਲਾ ਪੰਜਾਬ, ਤਾਂ ਦਿਲਜੀਤ ਦੋਸਾਂਝ ਇਕਲੌਤਾ ਅਜਿਹਾ ਚਿਹਰਾ ਹੈ ਜੋ ਇਨ੍ਹਾਂ ਚਾਰਾਂ ਵਿੱਚ ਇੱਕੋ ਵੇਲੇ ਪ੍ਰਵਾਨਿਤ ਹੈ।

Advertisement

ਅੱਜ ਪੰਜਾਬ ਦਾ ਕੋਈ ਵੀ ਸਿਆਸਤਦਾਨ ਉਸ ਵਰਗੀ ਪਹੁੰਚ ਨਹੀਂ ਰੱਖਦਾ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਦਾ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖ਼ੁਦ ਚੱਲ ਕੇ ਉਸਦੇ ਕੰਸਰਟ ਦੇ ਸਟੇਜ ’ਤੇ ਆਉਂਦੇ ਹਨ। ਉਸਨੇ ਕਿਸਾਨੀ ਅੰਦੋਲਨ ਵੇਲੇ ਸਿੰਘੂ ਬਾਰਡਰ ’ਤੇ ਖੜ੍ਹ ਕੇ ਆਪਣਾ ਕਰੀਅਰ ਦਾਅ ’ਤੇ ਲਾਇਆ ਅਤੇ ਕੰਗਨਾ ਰਣੌਤ ਵਰਗੀਆਂ ਹਸਤੀਆਂ ਨੂੰ ਪੰਜਾਬ ਦੀ ਅਣਖ ਲਈ ਮੂੰਹ-ਤੋੜਵਾਂ ਜਵਾਬ ਦਿੱਤਾ। ‘ਜਸਵੰਤ ਸਿੰਘ ਖਾਲੜਾ’ ਵਰਗੇ ਮਨੁੱਖੀ ਅਧਿਕਾਰ ਕਾਰਕੁੰਨ ਦੀ ਭੂਮਿਕਾ ਨਿਭਾਉਣੀ ਹੋਵੇ ਜਾਂ ਪਾਕਿਸਤਾਨੀ ਅਦਾਕਾਰ ਨਾਲ ਕੰਮ ਕਰਨਾ, ਦਿਲਜੀਤ ਨੇ ਹਮੇਸ਼ਾ ਅਜਿਹੇ ਫੈਸਲੇ ਲਏ ਜੋ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਸਨ।

‘ਜਾਗੋ ਪੰਜਾਬ ਮੰਚ’ ਵੱਲੋਂ ਦਿੱਤੇ ਇਸ ਇਸ਼ਤਿਹਾਰ ਵਿੱਚ ਪਦਮ ਸ਼੍ਰੀ ਐੱਸ.ਐੱਸ. ਬੋਪਾਰਾਏ (ਸਾਬਕਾ ਆਈ.ਏ.ਐੱਸ.) ਅਤੇ ਕਈ ਸੇਵਾਮੁਕਤ ਬ੍ਰਿਗੇਡੀਅਰਾਂ ਤੇ ਕਰਨਲਾਂ ਦੇ ਨਾਮ ਸ਼ਾਮਲ ਸਨ। ਬ੍ਰਿਗੇਡੀਅਰ ਇੰਦਰ ਮੋਹਨ ਸਿੰਘ (ਰਿਟਾ.) ਨੇ ਕਿਹਾ, “ਅਸੀਂ ਕਿਸਾਨ ਆਗੂਆਂ ਨੂੰ ਅਜ਼ਮਾਇਆ ਪਰ ਉਹ ਸਿਰਫ਼ ਸੜਕਾਂ ’ਤੇ ਸੰਘਰਸ਼ ਤੱਕ ਸੀਮਤ ਰਹੇ। ਦਿਲਜੀਤ ਕਹਿੰਦਾ ਹੈ ਕਿ ਉਹ ਆਪਣੇ ਕੰਮ ਤੋਂ ਖੁਸ਼ ਹੈ, ਅਸੀਂ ਵੀ ਆਪਣੀਆਂ ਪੈਨਸ਼ਨਾਂ ਤੋਂ ਖੁਸ਼ ਹਾਂ, ਪਰ ਕੀ ਪੰਜਾਬ ਖੁਸ਼ ਹੈ? ਪੰਜਾਬ ਸਿਆਸੀ ਖਲਾਅ ਅਤੇ ਮਾੜੇ ਪ੍ਰਸ਼ਾਸਨ ਦਾ ਸਾਹਮਣਾ ਕਰ ਰਿਹਾ ਹੈ।”

ਪੰਜਾਬ ਨੇ ਕਦੇ ਵੀ ਸਟੇਜ ਅਤੇ ਸਿਆਸਤ ਵਿੱਚ ਬਹੁਤਾ ਫ਼ਰਕ ਨਹੀਂ ਸਮਝਿਆ। ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਅਤੇ ਟੀਵੀ ਦੀ ਪ੍ਰਸਿੱਧੀ ਨਾਲ ਸਿਆਸਤ ਵਿੱਚ ਥਾਂ ਬਣਾਈ। ਭਗਵੰਤ ਮਾਨ, ਜਿਨ੍ਹਾਂ ਨੇ ਦੋ ਦਹਾਕੇ ਪੰਜਾਬ ਨੂੰ ਹਸਾਇਆ, ਅੱਜ ਮੁੱਖ ਮੰਤਰੀ ਵਜੋਂ ਸੂਬਾ ਚਲਾ ਰਹੇ ਹਨ। ਦੀਪ ਸਿੱਧੂ, ਹੰਸ ਰਾਜ ਹੰਸ, ਮੁਹੰਮਦ ਸਦੀਕ, ਅਨਮੋਲ ਗਗਨ ਮਾਨ ਅਤੇ ਸੰਨੀ ਦਿਓਲ ਵਰਗੇ ਨਾਂ ਇਸ ਲਿਸਟ ਨੂੰ ਲੰਬੀ ਕਰਦੇ ਹਨ।

ਸਮਾਜ ਸ਼ਾਸਤਰੀ ਡਾ. ਪਰਮਜੀਤ ਜੱਜ ਮੁਤਾਬਕ, “ਪੰਜਾਬੀ ਗਾਇਕ ਉਹ ਗੱਲ ਕਹਿ ਦਿੰਦਾ ਹੈ ਜੋ ਆਮ ਬੰਦਾ ਨਹੀਂ ਕਹਿ ਸਕਦਾ। ਇਹ ਭੂਮਿਕਾ ਤਾਕਤ ਵੀ ਦਿੰਦੀ ਹੈ ਅਤੇ ਜੋਖਮ ਵੀ।” ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਕਲਾਕਾਰ ਦੀ ਆਵਾਜ਼ ਸਿਸਟਮ ਜਾਂ ਸਿਆਸਤ ਲਈ ਚੁਣੌਤੀ ਬਣੀ, ਤਾਂ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

  • 1988: ਅਮਰ ਸਿੰਘ ਚਮਕੀਲਾ ਅਤੇ ਕ੍ਰਾਂਤੀਕਾਰੀ ਕਵੀ ਪਾਸ਼ ਨੂੰ ਗੋਲੀਆਂ ਨਾਲ ਖ਼ਤਮ ਕਰ ਦਿੱਤਾ ਗਿਆ।

  • 2022: ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਅਤੇ ਉਸੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ।

ਡਾ. ਜੱਜ ਕਹਿੰਦੇ ਹਨ ਕਿ ਸਮਾਜ ਸਿਰਫ਼ ਸਿਆਸਤਦਾਨਾਂ ਨਾਲ ਨਹੀਂ, ਬਲਕਿ ਬੁੱਧੀਜੀਵੀਆਂ ਅਤੇ ਕਲਾਕਾਰਾਂ ਨਾਲ ਪਛਾਣਿਆ ਜਾਂਦਾ ਹੈ। ਜਦੋਂ ਸਿਰਫ਼ ਸਿਆਸਤਦਾਨ ਹੀ ਸਮਾਜ ਦੀ ਪਰਿਭਾਸ਼ਾ ਤੈਅ ਕਰਨ ਲੱਗ ਜਾਣ, ਤਾਂ ਇਹ ਗਿਰਾਵਟ ਦੀ ਨਿਸ਼ਾਨੀ ਹੈ। ਦਿਲਜੀਤ ਦੋਸਾਂਝ ਦਾ ਉਭਾਰ ਪੰਜਾਬੀ ਸੰਗੀਤ ਦੇ ਵਿਸ਼ਵ ਵਿਆਪੀ ਦਬਦਬੇ ਦਾ ਪ੍ਰਤੀਕ ਹੈ, ਪਰ ਕੀ ਉਹ ਪੰਜਾਬ ਦਾ ‘ਮਸੀਹਾ’ ਬਣਨਗੇ? ਫਿਲਹਾਲ ਦਿਲਜੀਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਕਲਾ ਰਾਹੀਂ ਹੀ ਪੰਜਾਬ ਦੀ ਸੇਵਾ ਕਰਨੀ ਚਾਹੁੰਦੇ ਹਨ।

Advertisement
×