DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Heatwave Deaths: ਅੰਮ੍ਰਿਤਸਰ ’ਚ ਲੂ ਲੱਗਣ ਕਾਰਨ 78 ਮੌਤਾਂ; NCRB ਦੇ ਅੰਕੜਿਆਂ ਨੇ ਵਧਾਈ ਚਿੰਤਾ

ਲਗਾਤਾਰ ਵਧ ਰਹੇ ਤਾਪਮਾਨ ਅਤੇ ਘਟਦੇ ਹਰਿਆਵਲ ਘੇਰੇ ਨੇ ਮਹਾਨਗਰ ’ਚ ਪੈਦਾ ਕੀਤੇ ਗੰਭੀਰ ਹਾਲਾਤ; ਪ੍ਰਸ਼ਾਸਨ ਵਲੋਂ ਜਾਂਚ ਦੇ ਹੁਕਮ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ (NCRB) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਇੱਕ ਵੱਡਾ ਚਿੰਤਾ ਦਾ ਵਿਸ਼ਾ ਖੜ੍ਹਾ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2024 ਦੌਰਾਨ ਦੇਸ਼ ਭਰ ਵਿੱਚੋਂ ਲੂ (ਹੀਟਸਟਰੋਕ) ਲੱਗਣ ਕਾਰਨ ਸਭ ਤੋਂ ਵੱਧ 78 ਮੌਤਾਂ ਇਕੱਲੇ ਅੰਮ੍ਰਿਤਸਰ ਸ਼ਹਿਰ ਵਿੱਚ ਦਰਜ ਕੀਤੀਆਂ ਗਈਆਂ ਹਨ। ਵੱਡੀ ਗਿਣਤੀ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ (ਫਲੋਟਿੰਗ ਪਾਪੂਲੇਸ਼ਨ) ਵਾਲੇ ਇਸ ਇਤਿਹਾਸਕ ਸ਼ਹਿਰ ਲਈ ਇਹ ਅੰਕੜਾ ਬੇਹੱਦ ਭਿਆਨਕ ਅਤੇ ਪਰੇਸ਼ਾਨ ਕਰਨ ਵਾਲਾ ਹੈ।

ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸੈਮਸਨ ਮਸੀਹ ਨੇ ਇਸ ਸਥਿਤੀ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿਸ਼ਵ ਭਰ ਵਿੱਚ ਆਪਣੀ ਪ੍ਰਹੁਣਾਚਾਰੀ ਅਤੇ ਸੇਵਾ ਲਈ ਜਾਣਿਆ ਜਾਂਦਾ ਹੈ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਲੰਗਰ ਹਾਲ ਵਿੱਚ 24 ਘੰਟੇ ਨਿਰੰਤਰ ਲੰਗਰ ਵਰਤਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਮੌਕਿਆਂ ’ਤੇ ਸ਼ਹਿਰ ਭਰ ਵਿੱਚ ਥਾਂ-ਥਾਂ ਮਿੱਠੇ ਤੇ ਠੰਢੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਜਾਂਦੇ ਹਨ। ਪਰ ਇਸ ਦੇ ਬਾਵਜੂਦ ਲੂ ਲੱਗਣ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਤਸਵੀਰ ਦਾ ਦੂਜਾ ਪਾਸਾ ਦੇਖਣ ਲਈ ਮਜਬੂਰ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੇਸਹਾਰਾ ਅਤੇ ਮੰਗਣ ਵਾਲੇ ਲੋਕ ਵੱਡੀ ਤਾਦਾਦ ਵਿੱਚ ਇੱਥੇ ਆਉਂਦੇ ਹਨ। ਇਹ ਵਰਗ ਸਭ ਤੋਂ ਵੱਧ ਸੰਵੇਦਨਸ਼ੀਲ ਹੈ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਰਹਿਣ ਦਾ ਕੋਈ ਪੱਕਾ ਟਿਕਾਣਾ ਹੁੰਦਾ ਹੈ ਅਤੇ ਨਾ ਹੀ ਮੌਸਮ ਦੀ ਮਾਰ ਤੋਂ ਬਚਣ ਦੇ ਸਾਧਨ। ਇਹ ਲੋਕ ਅਕਸਰ ਧਾਰਮਿਕ ਸਥਾਨਾਂ, ਮਜ਼ਾਰਾਂ ਦੇ ਬਾਹਰ, ਸੜਕਾਂ ਦੇ ਕਿਨਾਰਿਆਂ ਅਤੇ ਡਿਵਾਈਡਰਾਂ ’ਤੇ ਬੈਠੇ ਦੇਖੇ ਜਾ ਸਕਦੇ ਹਨ।

Advertisement

ਜਲਵਾਯੂ ਪਰਿਵਰਤਨ ਅਤੇ ਭੂਗੋਲਿਕ ਸਥਿਤੀ ਬਣੀ ਮੁੱਖ ਕਾਰਨ

ਮਾਹਰਾਂ ਅਨੁਸਾਰ ਅਪਰੈਲ ਤੋਂ ਜੂਨ 2024 ਤੱਕ ਦਾ ਸਮਾਂ ਬੇਹੱਦ ਗਰਮ ਅਤੇ ਲੰਬੀ ਲੂ ਵਾਲਾ ਰਿਹਾ, ਜਿਸ ਨੂੰ ਜਲਵਾਯੂ ਪਰਿਵਰਤਨ (ਕਲਾਈਮੇਟ ਚੇਂਜ) ਕਾਰਨ ਭਾਰਤ ਵਿੱਚ ਲਗਾਤਾਰ ਤੀਜੇ ਸਾਲ ਪੈਣ ਵਾਲੀ ਅਤਿ ਦੀ ਗਰਮੀ ਵਜੋਂ ਦਰਜ ਕੀਤਾ ਗਿਆ ਹੈ।

Advertisement

ਸਿਹਤ ਮਾਹਰ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਮਨੁੱਖੀ ਸਰੀਰ ਆਪਣੇ ਅੰਦਰੂਨੀ ਤਾਪਮਾਨ ਨੂੰ 37 ਡਿਗਰੀ ਸੈਲਸੀਅਸ ’ਤੇ ਬਣਾਈ ਰੱਖਣ ਲਈ ਨਿਰੰਤਰ ਕੰਮ ਕਰਦਾ ਹੈ ਅਤੇ ਸਰੀਰ ਨੂੰ ਠੰਢਾ ਰੱਖਣ ਦਾ ਮੁੱਖ ਜ਼ਰੀਆ ਮੁੜ੍ਹਾ ਆਉਣਾ ਹੈ। ਜਦੋਂ ਬਾਹਰਲਾ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਹਵਾ ਵਿੱਚ ਨਮੀ (ਹੁਮਸ) ਵੀ ਵਧ ਜਾਂਦੀ ਹੈ, ਤਾਂ ਮੁੜ੍ਹਕਾ ਸੁੱਕ ਨਹੀਂ ਪਾਉਂਦਾ। ਪੰਜਾਬ ਦੇ ਮੈਦਾਨੀ ਇਲਾਕਿਆਂ ਅਤੇ ਖਾਸ ਕਰਕੇ ਅੰਮ੍ਰਿਤਸਰ ਵਿੱਚ ਹਵਾ ਦੀ ਗਤੀ ਘੱਟ ਹੋਣ ਅਤੇ ਨਮੀ ਜ਼ਿਆਦਾ ਹੋਣ ਕਾਰਨ ਮੁੜ੍ਹਕਾ ਵਾਸ਼ਪੀਕ੍ਰਿਤ (ਇਵੈਪੋਰੇਟ) ਨਹੀਂ ਹੁੰਦਾ, ਜਿਸ ਨਾਲ ਸਰੀਰ ਦਾ ਕੁਦਰਤੀ ਕੂਲਿੰਗ ਸਿਸਟਮ ਫੇਲ੍ਹ ਹੋ ਜਾਂਦਾ ਹੈ ਅਤੇ ਵਿਅਕਤੀ ਹੀਟਸਟਰੋਕ ਦਾ ਸ਼ਿਕਾਰ ਹੋ ਜਾਂਦਾ ਹੈ।

ਇਸ ਤੋਂ ਇਲਾਵਾ, ਭੂਗੋਲਿਕ ਪੱਖੋਂ ਪੰਜਾਬ ਦੇ ਮੈਦਾਨੀ ਇਲਾਕੇ ਚਾਰੋਂ ਪਾਸਿਓਂ ਜ਼ਮੀਨ ਨਾਲ ਘਿਰੇ (ਲੈਂਡਲੌਕਡ) ਹੋਣ ਕਰਕੇ ਇੱਥੇ ਕੋਈ ਵੱਡਾ ਜਲ ਸਰੋਤ ਨਹੀਂ ਹੈ ਜੋ ਤਾਪਮਾਨ ਨੂੰ ਸੰਤੁਲਿਤ ਕਰ ਸਕੇ। ਇਸ ਕਾਰਨ ਗਰਮੀ ਤੇਜ਼ੀ ਨਾਲ ਵਧਦੀ ਹੈ ਅਤੇ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਵਿਕਾਸ ਦੀ ਭੇਟ ਚੜ੍ਹੀ ਹਰਿਆਵਲ ਅਤੇ ਵਧਦਾ ਪ੍ਰਦੂਸ਼ਣ

ਪਿਛਲੇ ਕੁਝ ਦਹਾਕਿਆਂ ਦੌਰਾਨ ਹੋਏ ਵੱਖ-ਵੱਖ ਅਧਿਐਨਾਂ ਤੋਂ ਸਾਹਮਣੇ ਆਇਆ ਹੈ ਕਿ ਸ਼ਹਿਰ ਵਿੱਚ ਚੱਲ ਰਹੇ ਵੱਡੇ ਨਿਰਮਾਣ ਕਾਰਜਾਂ, ਵਾਹਨਾਂ ਦੇ ਧੂੰਏਂ ਅਤੇ ਉਦਯੋਗਾਂ ਕਾਰਨ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਤੱਕ ਵਧਿਆ ਹੈ। ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਸੜਕਾਂ ਨੂੰ ਚੌੜਾ ਕਰਨ, ਫੋਰ-ਲੇਨਿੰਗ, ਦਿੱਲੀ-ਕਟੜਾ ਐਕਸਪ੍ਰੈਸਵੇਅ, ਐਲੀਵੇਟਿਡ ਰੋਡ ਨੈੱਟਵਰਕ, ਬੀ.ਆਰ.ਟੀ.ਐਸ. (BRTS) ਪ੍ਰੋਜੈਕਟ ਅਤੇ ਸ਼ਾਪਿੰਗ ਮਾਲਾਂ ਦੇ ਨਿਰਮਾਣ ਲਈ ਵੱਡੀ ਪੱਧਰ ’ਤੇ ਹਰੇ-ਭਰੇ ਰੁੱਖਾਂ ਦੀ ਕਟਾਈ ਕੀਤੀ ਗਈ, ਜਿਸ ਨੇ ਗਰਮੀ ਦੇ ਪ੍ਰਕੋਪ ਨੂੰ ਹੋਰ ਵਧਾ ਦਿੱਤਾ ਹੈ।

ਡਿਪਟੀ ਕਮਿਸ਼ਨਰ ਵਲੋਂ ਜਾਂਚ ਅਤੇ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਸਿਹਤ ਵਿਭਾਗ ਨੂੰ ਇਨ੍ਹਾਂ ਮੌਤਾਂ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ ਵੱਡੀ ਪੱਧਰ ’ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ, ਪਰ ਇਸ ਵਾਰ ਉਹ ਵਿਸ਼ੇਸ਼ ਤੌਰ ’ਤੇ ਇਹ ਜਾਂਚ ਕਰਵਾਉਣਗੇ ਕਿ ਪਹਿਲਾਂ ਲਗਾਏ ਗਏ ਪੌਦਿਆਂ ਦੇ ਜੀਵਤ ਰਹਿਣ ਦੀ ਦਰ (ਸਰਵਾਈਵਲ ਰੇਟ) ਕੀ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ (NGOs) ਅਤੇ ਵਿਦਿਅਕ ਅਦਾਰਿਆਂ ਨੂੰ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰਕੇ ਅਪੀਲ ਕੀਤੀ ਗਈ ਹੈ ਕਿ ਉਹ ਲੋਕਾਂ ਨੂੰ ਤਿਆਸ ਨਾ ਲੱਗਣ ’ਤੇ ਵੀ ਵੱਧ ਤੋਂ ਵੱਧ ਪਾਣੀ ਪੀਣ ਅਤੇ ਦੁਪਹਿਰ ਵੇਲੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕਰਨ। ਇਸ ਦੇ ਨਾਲ ਹੀ ਉਨ੍ਹਾਂ ਰੈੱਡ ਕਰਾਸ ਸੋਸਾਇਟੀ ਨੂੰ ਹਦਾਇਤ ਕੀਤੀ ਕਿ ਉਹ ਐਨ.ਜੀ.ਓਜ਼ ਨਾਲ ਮਿਲ ਕੇ ਜਨਤਕ ਥਾਵਾਂ ’ਤੇ ਆਮ ਲੋਕਾਂ ਲਈ ਠੰਢੇ ਪਾਣੀ ਦੇ ਪਿਆਊ ਲਗਾਉਣ, ਧੁੱਪ ਤੋਂ ਬਚਣ ਲਈ ਛਤਰੀਆਂ/ਸ਼ੈੱਡਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਉਲੀਕਣ।

Advertisement
×