DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Passport Fees 2026 India: ਕੇਂਦਰ ਵੱਲੋਂ ਪਾਸਪੋਰਟ ਦਰਾਂ ’ਚ ਬਦਲਾਅ; ਬੱਚਿਆਂ ਅਤੇ ਬਜ਼ੁਰਗਾਂ ਨੂੰ ਮਿਲੇਗੀ 10 ਫ਼ੀਸਦੀ ਫ਼ੀਸ ’ਚ ਛੋਟ

Indian Passport Latest Update: ਪਹਿਲੀ ਜੁਲਾਈ ਤੋਂ ਪਾਸਪੋਰਟ ਨਿਯਮਾਂ ਵਿੱਚ ਬਦਲਾਅ; 8 ਸਾਲ ਤੱਕ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਨਵੇਂ ਪਾਸਪੋਰਟ ’ਤੇ ਮਿਲੇਗੀ ਰਾਹਤ

  • fb
  • twitter
  • whatsapp
  • whatsapp
Advertisement

Indian Passport Latest Update: ਭਾਰਤੀ ਪਾਸਪੋਰਟ ਬਣਵਾਉਣ ਵਾਲਿਆਂ ਨੂੰ 1 ਜੁਲਾਈ 2026 ਤੋਂ ਨਵੀਆਂ ਦਰਾਂ ਅਨੁਸਾਰ ਫ਼ੀਸ ਅਦਾ ਕਰਨੀ ਪਵੇਗੀ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਨਿਯਮਾਂ ਵਿੱਚ ਸੋਧ ਕਰਦੇ ਹੋਏ ਅਧਿਸੂਚਨਾ ਜਾਰੀ ਕੀਤੀ ਹੈ।

ਪਾਸਪੋਰਟ (ਸੋਧ) ਨਿਯਮ, 2026 ਤਹਿਤ ਪਾਸਪੋਰਟ ਨਿਯਮ 1980 ਦੀ ਸੂਚੀ-4 ਨੂੰ ਬਦਲ ਕੇ ਨਵਾਂ ਅਤੇ ਵਿਸਥਾਰਤ ਫ਼ੀਸ ਢਾਂਚਾ ਲਾਗੂ ਕੀਤਾ ਗਿਆ ਹੈ। ਇਸ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਬਿਨੈਕਾਰਾਂ, ਯਾਤਰਾ ਦਸਤਾਵੇਜ਼ਾਂ ਅਤੇ ਹੋਰ ਪਾਸਪੋਰਟ ਸੇਵਾਵਾਂ ਲਈ ਨਵੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ।

Advertisement

ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਛੋਟ

ਨਵੇਂ ਨਿਯਮਾਂ ਅਨੁਸਾਰ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ ਨੂੰ ਨਵੇਂ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ’ਤੇ 10 ਫ਼ੀਸਦੀ ਫ਼ੀਸ ਛੋਟ ਦਿੱਤੀ ਜਾਵੇਗੀ। ਇਹ ਛੋਟ ਸਿਰਫ਼ ਭਾਰਤ ਦੇ ਅੰਦਰ ਕੀਤੀਆਂ ਜਾਣ ਵਾਲੀਆਂ ਨਵੀਆਂ ਅਰਜ਼ੀਆਂ ’ਤੇ ਹੀ ਲਾਗੂ ਹੋਵੇਗੀ। ਪਾਸਪੋਰਟ ਦੀ ਰਿ-ਇਸ਼ੂ ਜਾਂ ਨਵੀਨੀਕਰਨ ਅਰਜ਼ੀ ’ਤੇ ਇਹ ਰਿਆਇਤ ਨਹੀਂ ਮਿਲੇਗੀ। ਸਰਕਾਰ ਦਾ ਮੰਨਣਾ ਹੈ ਕਿ ਪਹਿਲੀ ਵਾਰ ਆਪਣੇ ਬੱਚਿਆਂ ਲਈ ਪਾਸਪੋਰਟ ਬਣਵਾਉਣ ਵਾਲੇ ਪਰਿਵਾਰਾਂ ਅਤੇ ਪਹਿਲੀ ਵਾਰ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ ਬਜ਼ੁਰਗਾਂ ਨੂੰ ਇਸ ਨਾਲ ਆਰਥਿਕ ਰਾਹਤ ਮਿਲੇਗੀ।

Advertisement

ਬਾਲਗਾਂ ਲਈ ਨਵੀਂ ਫ਼ੀਸ

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਅਤੇ ਬਾਲਗ ਸ਼੍ਰੇਣੀ ਵਿੱਚ ਅਰਜ਼ੀ ਦੇਣ ਵਾਲੇ 15 ਤੋਂ 18 ਸਾਲ ਦੇ ਨਾਬਾਲਗਾਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਰਿ-ਇਸ਼ੂ ਪਾਸਪੋਰਟ ਦੀ ਫ਼ੀਸ ਭਾਰਤ ਵਿੱਚ ਨਾਰਮਲ ਸ਼੍ਰੇਣੀ ਅਧੀਨ 2,500 ਰੁਪਏ ਅਤੇ ਤਤਕਾਲ ਸ਼੍ਰੇਣੀ ਅਧੀਨ 5,000 ਰੁਪਏ ਹੋਵੇਗੀ। ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਬਿਨੈਕਾਰਾਂ ਲਈ ਇਹ ਫ਼ੀਸ ਕ੍ਰਮਵਾਰ 125 ਅਮਰੀਕੀ ਡਾਲਰ ਅਤੇ 250 ਅਮਰੀਕੀ ਡਾਲਰ ਹੋਵੇਗੀ। 60 ਸਫ਼ਿਆਂ ਵਾਲੇ ਪਾਸਪੋਰਟ ਲਈ ਨਾਰਮਲ ਸ਼੍ਰੇਣੀ ਵਿੱਚ 3,500 ਰੁਪਏ ਅਤੇ ਤਤਕਾਲ ਸ਼੍ਰੇਣੀ ਵਿੱਚ 6,000 ਰੁਪਏ ਦੇਣੇ ਪੈਣਗੇ। ਵਿਦੇਸ਼ਾਂ ਵਿੱਚ ਇਹ ਫ਼ੀਸ ਕ੍ਰਮਵਾਰ 175 ਡਾਲਰ ਅਤੇ 300 ਡਾਲਰ ਹੋਵੇਗੀ।

ਗੁੰਮ ਜਾਂ ਖ਼ਰਾਬ ਪਾਸਪੋਰਟ ਮੁੜ ਬਣਵਾਉਣਾ ਮਹਿੰਗਾ

36 ਸਫ਼ਿਆਂ ਵਾਲਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋਣ ਦੀ ਸਥਿਤੀ ਵਿੱਚ ਉਸ ਦੇ ਮੁੜ ਬਣਵਾਉਣ ਲਈ ਭਾਰਤ ਵਿੱਚ ਨਾਰਮਲ ਸ਼੍ਰੇਣੀ ਹੇਠ 5,000 ਰੁਪਏ ਅਤੇ ਤਤਕਾਲ ਸ਼੍ਰੇਣੀ ਹੇਠ 7,500 ਰੁਪਏ ਫ਼ੀਸ ਦੇਣੀ ਪਵੇਗੀ। ਵਿਦੇਸ਼ਾਂ ਵਿੱਚ ਰਹਿਣ ਵਾਲੇ ਬਿਨੈਕਾਰਾਂ ਲਈ ਇਹ ਫ਼ੀਸ 250 ਡਾਲਰ ਅਤੇ 375 ਡਾਲਰ ਹੋਵੇਗੀ। 60 ਸਫ਼ਿਆਂ ਵਾਲੇ ਪਾਸਪੋਰਟ ਲਈ ਭਾਰਤ ਵਿੱਚ ਨਾਰਮਲ ਸ਼੍ਰੇਣੀ ਹੇਠ 6,000 ਰੁਪਏ ਅਤੇ ਤਤਕਾਲ ਸ਼੍ਰੇਣੀ ਹੇਠ 8,500 ਰੁਪਏ ਫ਼ੀਸ ਨਿਰਧਾਰਤ ਕੀਤੀ ਗਈ ਹੈ। ਵਿਦੇਸ਼ਾਂ ਵਿੱਚ ਇਹ ਫ਼ੀਸ ਕ੍ਰਮਵਾਰ 300 ਡਾਲਰ ਅਤੇ 425 ਡਾਲਰ ਹੋਵੇਗੀ।

ਨਾਬਾਲਗਾਂ ਲਈ ਵੱਖਰੀਆਂ ਦਰਾਂ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 36 ਸਫ਼ਿਆਂ ਵਾਲੇ ਨਵੇਂ ਜਾਂ ਰਿ-ਇਸ਼ੂ ਪਾਸਪੋਰਟ ਦੀ ਫ਼ੀਸ ਨਾਰਮਲ ਸ਼੍ਰੇਣੀ ਵਿੱਚ 1,750 ਰੁਪਏ ਅਤੇ ਤਤਕਾਲ ਸ਼੍ਰੇਣੀ ਵਿੱਚ 4,250 ਰੁਪਏ ਹੋਵੇਗੀ। ਵਿਦੇਸ਼ਾਂ ਵਿੱਚ ਇਹ ਫ਼ੀਸ ਕ੍ਰਮਵਾਰ 90 ਡਾਲਰ ਅਤੇ 215 ਡਾਲਰ ਰਹੇਗੀ। ਜੇਕਰ ਨਾਬਾਲਗ ਦਾ ਪਾਸਪੋਰਟ ਗੁੰਮ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਨਵੇਂ ਲਈ ਭਾਰਤ ਵਿੱਚ 4,250 ਰੁਪਏ (ਨਾਰਮਲ) ਅਤੇ 6,750 ਰੁਪਏ (ਤਤਕਾਲ) ਫ਼ੀਸ ਦੇਣੀ ਪਵੇਗੀ। ਵਿਦੇਸ਼ਾਂ ਵਿੱਚ ਇਹ ਫ਼ੀਸ ਕ੍ਰਮਵਾਰ 215 ਡਾਲਰ ਅਤੇ 340 ਡਾਲਰ ਹੋਵੇਗੀ।

ਹੋਰ ਪਾਸਪੋਰਟ ਸੇਵਾਵਾਂ ਲਈ ਫ਼ੀਸ

ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੇ ਜਾਣ ਵਾਲੇ ਐਮਰਜੈਂਸੀ ਸਰਟੀਫਿਕੇਟ ਦੀ ਫ਼ੀਸ 15 ਅਮਰੀਕੀ ਡਾਲਰ ਰੱਖੀ ਗਈ ਹੈ। ਇਸ ਲਈ ਤਤਕਾਲ ਸੇਵਾ ਉਪਲਬਧ ਨਹੀਂ ਹੋਵੇਗੀ।

ਸਰਟੀਫਿਕੇਟ ਆਫ਼ ਆਈਡੈਂਟਿਟੀ ਲਈ ਭਾਰਤ ਵਿੱਚ 1,000 ਰੁਪਏ ਅਤੇ ਵਿਦੇਸ਼ਾਂ ਵਿੱਚ 50 ਡਾਲਰ ਫ਼ੀਸ ਨਿਰਧਾਰਤ ਕੀਤੀ ਗਈ ਹੈ। ਇਸ ’ਤੇ ਵੀ ਤਤਕਾਲ ਸੇਵਾ ਨਹੀਂ ਮਿਲੇਗੀ।

ਪੁਲੀਸ ਕਲੀਅਰੈਂਸ ਸਰਟੀਫਿਕੇਟ, ਸਰੰਡਰ ਸਰਟੀਫਿਕੇਟ, ਗਲੋਬਲ ਐਂਟਰੀ ਪ੍ਰੋਗਰਾਮ ਤਸਦੀਕ ਅਤੇ ਹੋਰ ਪਾਸਪੋਰਟ ਸਬੰਧੀ ਸਰਟੀਫਿਕੇਟਾਂ ਲਈ ਭਾਰਤ ਵਿੱਚ 750 ਰੁਪਏ ਅਤੇ ਵਿਦੇਸ਼ਾਂ ਵਿੱਚ 40 ਡਾਲਰ ਫ਼ੀਸ ਤੈਅ ਕੀਤੀ ਗਈ ਹੈ। ਇਨ੍ਹਾਂ ਸੇਵਾਵਾਂ ਲਈ ਵੀ ਤਤਕਾਲ ਸ਼੍ਰੇਣੀ ਉਪਲਬਧ ਨਹੀਂ ਹੋਵੇਗੀ।

ਪਾਸਪੋਰਟ ਦੀ ਮਿਆਦ ਵਿੱਚ ਕੋਈ ਬਦਲਾਅ ਨਹੀਂ

ਨਵੀਂ ਅਧਿਸੂਚਨਾ ਅਨੁਸਾਰ ਬਾਲਗਾਂ ਨੂੰ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਦੀ ਵੱਧ ਤੋਂ ਵੱਧ ਮਿਆਦ 10 ਸਾਲ ਹੀ ਰਹੇਗੀ। ਨਾਬਾਲਗਾਂ ਨੂੰ ਜਾਰੀ ਪਾਸਪੋਰਟ 5 ਸਾਲ ਜਾਂ ਫਿਰ ਉਨ੍ਹਾਂ ਦੇ 18 ਸਾਲ ਦੀ ਉਮਰ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਰਹੇਗਾ।

1 ਜੁਲਾਈ 2026 ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਪਾਸਪੋਰਟ ਨਿਯਮ, 1980 ਨੂੰ ਸਮੇਂ-ਸਮੇਂ ’ਤੇ ਪ੍ਰਸ਼ਾਸਨਿਕ ਅਤੇ ਆਰਥਿਕ ਲੋੜਾਂ ਅਨੁਸਾਰ ਸੋਧਿਆ ਜਾਂਦਾ ਰਿਹਾ ਹੈ। ਇਸ ਤੋਂ ਪਹਿਲਾਂ ਫਰਵਰੀ 2025 ਵਿੱਚ ਵੀ ਨਿਯਮਾਂ ਵਿੱਚ ਸੋਧ ਕੀਤੀ ਗਈ ਸੀ। ਹੁਣ ਜਾਰੀ ਕੀਤੀ ਗਈ ਇਹ ਸੋਧ 1 ਜੁਲਾਈ 2026 ਤੋਂ ਲਾਗੂ ਹੋਵੇਗੀ ਅਤੇ ਉਸ ਮਿਤੀ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਸਾਰੀਆਂ ਪਾਸਪੋਰਟ ਅਰਜ਼ੀਆਂ ’ਤੇ ਨਵਾਂ ਫ਼ੀਸ ਢਾਂਚਾ ਲਾਗੂ ਕੀਤਾ ਜਾਵੇਗਾ।

Advertisement
×