Minorities in Pakistan: ਪਾਕਿਸਤਾਨ ’ਚ ਘੱਟ ਗਿਣਤੀਆਂ ਅਤੇ ਧਾਰਮਿਕ ਸਥਾਨ ਅਸੁਰੱਖਿਅਤ: ਪ੍ਰੋ. ਸਰਚਾਂਦ ਸਿੰਘ ਨੇ ਚੁੱਕਿਆ ਮੁੁੱਦਾ
ਪ੍ਰਧਾਨ ਮੰਤਰੀ ਨੂੰ ਕੌਮਾਂਤਰੀ ਪੱਧਰ ’ਤੇ ਮੁੱਦਾ ਉਠਾਉਣ ਦੀ ਅਪੀਲ
ਉਨ੍ਹਾਂ ਪਾਕਿਸਤਾਨੀ ਪੰਜਾਬ ਦੇ ਮੰਡੀ ਚੂੜਕਾਣਾ ਵਿਖੇ ਇਤਿਹਾਸਕ ਗੁਰਦੁਆਰਾ ਸਿੰਘ ਸਭਾ, ਜੋ ਗੁਰਦੁਆਰਾ ਸੱਚਾ ਸੌਦਾ ਦੇ ਨਜ਼ਦੀਕ ਸਥਿਤ ਹੈ, ਦੇ ਗੁੰਬਦ ਸਮੇਤ ਇੱਕ ਹਿੱਸੇ ਨੂੰ ਸਥਾਨਕ ਪ੍ਰਸ਼ਾਸਨ ਅਤੇ ਕਥਿਤ ਭੂ-ਮਾਫ਼ੀਆ ਦੀ ਮਿਲੀਭੁਗਤ ਨਾਲ ਢਾਹੇ ਜਾਣ ਦੀ ਸਖ਼ਤ ਨਿੰਦਾ ਕੀਤੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਮੌਕੇ ’ਤੇ ਪਹੁੰਚ ਕੇ ਇਸ ਕਾਰਵਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੀ ਸੁਰੱਖਿਆ ਹੇਠ ਹੋਣ ਦੇ ਬਾਵਜੂਦ ਬੋਰਡ ਇਸ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ।
ਪਹਿਲਾਂ ਵਾਪਰੀਆਂ ਪ੍ਰਮੁੱਖ ਘਟਨਾਵਾਂ ਅਤੇ ਨਾਜਾਇਜ਼ ਕਬਜ਼ੇ
ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵਾਪਰੀਆਂ ਮੁੱਖ ਘਟਨਾਵਾਂ:
- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਐਬਟਾਬਾਦ): ਜ਼ਿਲ੍ਹਾ ਅਟਕ ਦੇ ਇਸ ਇਤਿਹਾਸਕ ਗੁਰਦੁਆਰੇ ਨੂੰ ਕਥਿਤ ਤੌਰ ’ਤੇ ਇੱਕ ਅਧਿਕਾਰੀ ਵੱਲੋਂ ਇਕ ਕਰੋੜ ਰੁਪਏ ਰਿਸ਼ਵਤ ਲੈ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਗੁਰਦੁਆਰੇ ਦੇ ਅੰਦਰ ਬੁਟੀਕ ਖੋਲ੍ਹ ਕੇ ਵਪਾਰਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
- ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ: ਇੱਥੋਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੇ ਦੋਸ਼ ਲੱਗੇ। ਅਪਰੈਲ 2024 ਵਿੱਚ ਪਾਕਿਸਤਾਨੀ ਸੰਸਦ ਮੈਂਬਰ ਸੇਜਰਾ ਅਲੀ ਖਾਨ ਨੇ ਸੰਸਦ ਵਿੱਚ ਨਨਕਾਣਾ ਸਾਹਿਬ ਦੀ ਲਗਭਗ 20 ਏਕੜ ਜ਼ਮੀਨ ਦੇ ਮਾਮਲੇ ਨੂੰ ਉਠਾਉਂਦਿਆਂ ਬੋਰਡ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਧਾਰਮਿਕ ਮੰਤਰਾਲੇ ਨੇ ਬੋਰਡ ਦਾ ਰਿਕਾਰਡ ਵੀ ਆਪਣੇ ਕਬਜ਼ੇ ਵਿੱਚ ਲਿਆ।
- ਗੁਰਦੁਆਰਾ ਬੇਬੇ ਨਾਨਕੀ (ਲਾਹੌਰ): ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਕੰਪਲੈਕਸ ਵਿੱਚ ਸਥਿਤ ਇਸ ਗੁਰਦੁਆਰੇ ਨਾਲ ਸੰਬੰਧਿਤ ਲਗਭਗ 800 ਕਰੋੜ ਰੁਪਏ ਮੁੱਲ ਦੀ ਜ਼ਮੀਨ ਰਿਹਾਇਸ਼ੀ ਕਲੋਨੀ ਲਈ ਵੇਚੀ ਗਈ।
- ਨਾਨਕ ਮਹਿਲ (ਨਾਰੋਵਾਲ): ਮਈ 2019 ਵਿੱਚ ਇਸ ਸਦੀਆਂ ਪੁਰਾਣੇ ਮਹਿਲ ਦੇ ਹਿੱਸੇ ਢਾਹ ਕੇ ਕੀਮਤੀ ਦਰਵਾਜ਼ੇ ਅਤੇ ਖਿੜਕੀਆਂ ਵੇਚ ਦਿੱਤੀਆਂ ਗਈਆਂ।
ਗੁਰਦੁਆਰਾ ਦੀਵਾਨ ਖਾਨਾ ਸੁੰਦਰ (ਲਾਹੌਰ): ਚੂਨਾ ਮੰਡੀ ਸਥਿਤ ਇਹ ਗੁਰਦੁਆਰਾ, ਜੋ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਸਥਾਨ ਨਾਲ ਸੰਬੰਧਿਤ ਸੀ, ਨੂੰ ਢਾਹ ਕੇ ਉਸ ਦੀ ਜ਼ਮੀਨ 'ਤੇ ਪਲਾਜ਼ਾ ਉਸਾਰ ਦਿੱਤਾ ਗਿਆ।
ਹੋਰ ਬੇਅਦਬੀਆਂ: ਰਾਵਲਪਿੰਡੀ ਦੇ ਗੁਰਦੁਆਰਾ ਸ਼੍ਰੀ ਦਰਬਾਰ ਦਮਦਮਾ ਸਾਹਿਬ ਦੇ ਆਲੇ-ਦੁਆਲੇ ਬੁੱਚੜਖ਼ਾਨੇ ਅਤੇ ਮਾਸ ਦੀਆਂ ਦੁਕਾਨਾਂ ਚੱਲਣ, ਸਾਹੀਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਪੁਲੀਸ ਥਾਣੇ ਵਿੱਚ ਤਬਦੀਲ ਕਰਨ, ਗੁਰਦੁਆਰਾ ਕਿਲ੍ਹਾ ਸਾਹਿਬ 'ਤੇ ਨਾਜਾਇਜ਼ ਕਬਜ਼ੇ, ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ਅੰਦਰ ਮਜ਼ਾਰ ਬਣਾਉਣ ਅਤੇ ਕਸੂਰ ਦੇ ਗੁਰਦੁਆਰਾ ਭਾਈ ਫੇਰੂ ਵਿੱਚ ਪਸ਼ੂ ਬੰਨ੍ਹਣ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜੋ ਕਿ ਸਿੱਖ ਵਿਰਾਸਤ ਨਾਲ ਹੋ ਰਹੀ ਅਣਦੇਖੀ ਦੀਆਂ ਵੱਡੀਆਂ ਉਦਾਹਰਨਾਂ ਹਨ।
ਭਾਜਪਾ ਆਗੂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸੈਂਕੜੇ ਗੁਰਦੁਆਰੇ ਅਤੇ ਮੰਦਰ ਜਾਂ ਤਾਂ ਖੰਡਰ ਬਣਦੇ ਜਾ ਰਹੇ ਹਨ ਜਾਂ ਉਨ੍ਹਾਂ ਦੀਆਂ ਜ਼ਮੀਨਾਂ ਪ੍ਰਭਾਵਸ਼ਾਲੀ ਲੋਕਾਂ ਅਤੇ ਭੂ-ਮਾਫ਼ੀਆ ਦੇ ਕਬਜ਼ੇ ਹੇਠ ਹਨ। ਇਤਿਹਾਸਕ ਧਾਰਮਿਕ ਅਸਥਾਨ ਕੇਵਲ ਇਮਾਰਤਾਂ ਨਹੀਂ, ਸਗੋਂ ਸਿੱਖ ਕੌਮ ਦੀ ਆਸਥਾ, ਵਿਰਾਸਤ ਅਤੇ ਇਤਿਹਾਸ ਦੇ ਪ੍ਰਤੀਕ ਹਨ। ਉਨ੍ਹਾਂ ਦੀ ਬੇਅਦਬੀ ਪੂਰੇ ਵਿਸ਼ਵ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਬੋਰਡ ਦੀ ਆਮਦਨ ਅਤੇ ਖ਼ਰਚਿਆਂ ’ਤੇ ਸਵਾਲ
ਪ੍ਰੋ. ਖਿਆਲਾ ਨੇ ਕਿਹਾ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧੀਨ 517 ਗੁਰਦੁਆਰੇ ਅਤੇ 1130 ਮੰਦਰਾਂ ਨਾਲ ਸੰਬੰਧਿਤ ਲਗਭਗ 1.09 ਲੱਖ ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਅਤੇ 46 ਹਜ਼ਾਰ ਏਕੜ ਤੋਂ ਵੱਧ ਸ਼ਹਿਰੀ ਯੂਨਿਟ ਹਨ। ਬੋਰਡ ਦੀ ਸਾਲਾਨਾ ਆਮਦਨ ਅਧਿਕਾਰਤ ਤੌਰ ’ਤੇ 565 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ, ਪਰ ਇਸ ਦੇ ਬਾਵਜੂਦ ਕੇਵਲ ਚੁਣਵੇਂ 21 ਗੁਰਦੁਆਰਿਆਂ ਅਤੇ 14 ਮੰਦਰਾਂ ’ਤੇ ਹੀ ਸੀਮਤ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ 26 ਸਾਲਾਂ ਤੋਂ ਆਪਣਾ ਸਾਲਾਨਾ ਬਜਟ ਅਤੇ ਖ਼ਰਚਿਆਂ ਦਾ ਵੇਰਵਾ ਜਨਤਕ ਨਹੀਂ ਕੀਤਾ, ਜਿਸ ਨਾਲ ਪਾਰਦਰਸ਼ਤਾ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਸਵਾਗਤਯੋਗ ਕਦਮ ਹੈ, ਪਰ ਜੇਕਰ ਪਾਕਿਸਤਾਨ ਆਪਣੀ ਧਾਰਮਿਕ ਸਹਿਣਸ਼ੀਲਤਾ ਦਾ ਦਾਅਵਾ ਕਰਦਾ ਹੈ ਤਾਂ ਇਸ ਦੀ ਪਰਖ ਇਤਿਹਾਸਕ ਗੁਰਦੁਆਰਿਆਂ ਅਤੇ ਮੰਦਰਾਂ ਦੀ ਸੁਰੱਖਿਆ, ਸੰਭਾਲ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਨਾਲ ਹੋਵੇਗੀ, ਨਾ ਕਿ ਕੇਵਲ ਧਾਰਮਿਕ ਸੈਰ-ਸਪਾਟੇ ਦੇ ਪ੍ਰਚਾਰ ਨਾਲ।
ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਵਿੱਚ ਸਥਿਤ ਸਾਰੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਧਾਰਮਿਕ ਜਾਇਦਾਦਾਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ।, ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਭੂ-ਮਾਫ਼ੀਆ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਕੰਮਕਾਜ ਦਾ ਸੁਤੰਤਰ ਅਤੇ ਪਾਰਦਰਸ਼ੀ ਆਡਿਟ ਕਰਵਾਇਆ ਜਾਵੇ।ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਦੀ ਅਸਲ ਸੁਰੱਖਿਆ, ਵਿਰਾਸਤ ਦੀ ਸੰਭਾਲ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਧਾਰਮਿਕ ਸੈਰ-ਸਪਾਟੇ ਅਤੇ ਸਦਭਾਵਨਾ ਦੇ ਦਾਅਵੇ ਅਧੂਰੇ ਅਤੇ ਵਿਸ਼ਵਾਸਯੋਗ ਨਹੀਂ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਸਿੱਖ ਭਾਈਚਾਰਾ ਆਪਣੀ ਮਿਹਨਤ, ਕਾਰੋਬਾਰ ਅਤੇ ਸਮਾਜਿਕ ਤਰੱਕੀ ਲਈ ਲਗਾਤਾਰ ਯਤਨਸ਼ੀਲ ਹੈ। ਪਰ ਪਾਕਿਸਤਾਨ ਵਿੱਚ ਸਿੱਖਾਂ ਨੂੰ ਆਪਣੇ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਅਤੇ ਧਾਰਮਿਕ ਮਾਮਲਿਆਂ ਵਿੱਚ ਸੁਤੰਤਰ ਫ਼ੈਸਲੇ ਲੈਣ ਦਾ ਅਧਿਕਾਰ ਵੀ ਹਾਸਲ ਨਹੀਂ, ਜੋ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਆਤਮ-ਸਨਮਾਨ ਨੂੰ ਗੰਭੀਰ ਠੇਸ ਪਹੁੰਚਾ ਰਿਹਾ ਹੈ।
ਭਾਜਪਾ ਆਗੂ ਨੇ ਕਿਹਾ ਕਿ ਕੌਮਾਂਤਰੀ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਵੱਖ-ਵੱਖ ਰਿਪੋਰਟਾਂ ਵੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਅਸੁਰੱਖਿਅਤ ਸਥਿਤੀ ਵੱਲ ਇਸ਼ਾਰਾ ਕਰਦੀਆਂ ਹਨ। ਜਬਰੀ ਧਰਮ ਪਰਿਵਰਤਨ, ਘੱਟ ਗਿਣਤੀ ਭਾਈਚਾਰਿਆਂ ’ਤੇ ਹਮਲੇ ਅਤੇ ਧਾਰਮਿਕ ਜਾਇਦਾਦਾਂ ’ਤੇ ਕਬਜ਼ੇ ਲਗਾਤਾਰ ਚਿੰਤਾ ਦਾ ਕਾਰਨ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ।
