DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਬੋਹਰ ਤੋਂ ਬੰਗਲਾਦੇਸ਼ ਤੱਕ ਜਾਂਦਾ ਕਿੰਨੂ

  ਕਿੰਨੂ ਦੀ ਬਾਗਬਾਨੀ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਪਿਛਲੇ ਦੋ ਸਾਲਾਂ ਤੋਂ ਭਾਅ ਚੰਗਾ ਰਹਿਣ ਕਾਰਨ ਕਿੰਨੂ ਬਾਗਬਾਨ ਬਹੁਤ ਖੁਸ਼ ਹਨ। ਕਿੰਨੂਆਂ ਨੂੰ ਕਣਕ ਤੇ ਝੋਨੇ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ ਜਦਕਿ...

  • fb
  • twitter
  • whatsapp
  • whatsapp
Advertisement

ਕਿੰਨੂ ਦੀ ਬਾਗਬਾਨੀ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਪਿਛਲੇ ਦੋ ਸਾਲਾਂ ਤੋਂ ਭਾਅ ਚੰਗਾ ਰਹਿਣ ਕਾਰਨ ਕਿੰਨੂ ਬਾਗਬਾਨ ਬਹੁਤ ਖੁਸ਼ ਹਨ। ਕਿੰਨੂਆਂ ਨੂੰ ਕਣਕ ਤੇ ਝੋਨੇ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ ਜਦਕਿ ਕਮਾਈ ਵੱਧ ਹੁੰਦੀ ਹੈ। ਪੰਜਾਬ ਵਿੱਚ ਕਰੀਬ 50 ਹਜ਼ਾਰ ਹੈਕਟੇਅਰ ਰਕਬਾ ਕਿੰਨੂ ਹੇਠ ਹੈ। ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਕਿੰਨੂ ਲਈ ਜਾਣੇ ਜਾਂਦੇ ਹਨ ਅਤੇ ਦੇਸ਼ ਭਰ ’ਚ ਕਿੰਨੂ ਦੀ ਪੈਦਾਵਾਰ ਵਿੱਚ ਪੰਜਾਬ ਮੋਹਰੀ ਹੈ। ਉੱਤਰੀ ਭਾਰਤ ਵਿੱਚ ਕੇਲੇ ਅਤੇ ਅੰਬ ਤੋਂ ਬਾਅਦ ਕਿੰਨੂ ਤੀਜੀ ਵੱਡੀ ਬਾਗਬਾਨੀ ਹੈ।

Advertisement

ਫ਼ਸਲੀ ਵਿਭਿੰਨਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ 1954-55 ਵਿੱਚ ਕਿੰਨੂ ਕੈਲੇਫੋਰਨੀਆ ਤੋਂ ਪੰਜਾਬ ਲਿਆਂਦਾ ਗਿਆ ਸੀ ਕਿਉਂਕਿ ਪੰਜਾਬ ਦੀ ਮਿੱਟੀ ਅਤੇ ਜਲਵਾਯੂ ਕਿੰਨੂ ਦੀ ਬਾਗਬਾਨੀ ਦੇ ਅਨੁਕੂਲ ਸਨ ਪਰ ਪੰਜਾਬ ਵਿੱਚ ਕਿੰਨੂ ਵੱਡੇ ਕਿਸਾਨਾਂ ਤੱਕ ਹੀ ਸੀਮਤ ਰਿਹਾ ਕਿਉਂਕਿ ਕਿੰਨੂ ਦੇ ਬੂਟੇ ਚਾਰ ਸਾਲ ਦੀ ਉਮਰ ’ਚ ਅਸਲ ਪੈਦਾਵਾਰ ਸ਼ੁਰੂ ਕਰਦੇ ਹਨ। ਛੋਟੇ ਕਿਸਾਨ ਚਾਰ ਸਾਲ ਤੱਕ ਆਰਥਿਕ ਨੁਕਸਾਨ ਨਹੀਂ ਝੱਲ ਸਕਦੇ। ਦੂਜੇ ਪਾਸੇ ਕਿੰਨੂ ਦਾ ਸਰਕਾਰੀ ਮੰਡੀਕਰਨ ਨਾ ਹੋਣ ਕਾਰਨ ਵੀ ਛੋਟੇ ਕਿਸਾਨ ਇਸ ਤੋਂ ਕਿਨਾਰਾ ਕਰਦੇ ਹਨ। ਹਾਲਾਂਕਿ ਕਿੰਨੂ ਦਾ ਭਾਅ ਘਟਣ ’ਤੇ ਪੰਜਾਬ ਐਗਰੋ ਕਾਰਪੋਰੇਸ਼ਨ ਖਰੀਦ ਕਰਦੀ ਹੈ ਪਰ ਖਰੀਦ ਏਜੰਸੀ ਕੋਲ ਇੰਨੀ ਸਮਰਥਾ ਨਹੀਂ ਹੈ ਕਿ ਉਹ ਸਾਰਾ ਕਿੰਨੂ ਖਰੀਦ ਸਕੇ।

Advertisement

ਕਿੰਨੂ ਦੇ ਬਾਗ ਲਾਉਣ ਦਾ ਢੁਕਵਾਂ ਸਮਾਂ ਮੌਨਸੂਨ ਸੀਜ਼ਨ ’ਚ ਜੁਲਾਈ-ਸਤੰਬਰ ਮੰਨਿਆ ਜਾਂਦਾ ਹੈ। ਇੱਕ ਏਕੜ ਥਾਂ ਵਿੱਚ 109 ਤੋਂ 111 ਬੂਟੇ ਲੱਗਦੇ ਹਨ। ਕਿੰਨੂ ਦੇ ਬੂਟੇ ਨੂੰ ਡੇਢ ਤੋਂ 4 ਸਾਲ ਦੀ ਉਮਰ ਵਿੱਚ ਫ਼ਲ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਸ਼ੁਰੂਆਤ ਵਿੱਚ ਫ਼ਲ ਬਹੁਤ ਘੱਟ ਲੱਗਦਾ ਹੁੰਦਾ ਹੈ ਪਰ ਅਸਲ ਪੈਦਾਵਾਰ ਚੌਥੇ ਸਾਲ ਤੋਂ ਸ਼ੁਰੂ ਹੁੰਦੀ ਹੈ। ਅਗਸਤ ਤੋਂ ਨਵੰਬਰ ਤੱਕ ਫ਼ਲ ਵਧਦਾ-ਫੁੱਲਦਾ ਹੈ ਤੇ ਜਨਵਰੀ ਵਿੱਚ ਤੁੜਾਈ ਸ਼ੁਰੂ ਹੋ ਜਾਂਦੀ ਹੈ। ਕਿੰਨੂ ਦੇ ਤੰਦਰੁਸਤ ਬੂਟੇ ਨੂੰ ਅੰਦਾਜ਼ਨ 1000 ਫ਼ਲ ਲੱਗਦੇ ਹਨ ਜਾਂ ਇੱਕ ਬੂਟਾ ਕਰੀਬ 45 ਕਿੱਲੋ ਝਾੜ ਦਿੰਦਾ ਹੈ। ਕਿੰਨੂ ਦੇ ਬੂਟੇ ਦੀ ਉਮਰ ਕਰੀਬ 22 ਸਾਲ ਹੁੰਦੀ ਹੈ। ਬਾਗ ਲਾਉਣ ਲਈ ਪ੍ਰਤੀ ਹੈਕਟੇਅਰ 75 ਹਜ਼ਾਰ ਰੁਪਏ ਖਰਚਾ ਆਉਂਦਾ ਹੈ ਜਿਸ ਲਈ ਸਰਕਾਰ ਕਿਸਾਨਾਂ ਨੂੰ ਨੈਸ਼ਨਲ ਹੌਰਟੀਕਲਚਰ ਮਿਸ਼ਨ ਤਹਿਤ 40 ਫ਼ੀਸਦੀ ਸਬਸਿਡੀ ਦਿੰਦੀ ਹੈ। ਕਿਸਾਨ ਕਿੰਨੂ ਦੇ ਇਕ ਏਕੜ ਰਕਬੇ ’ਚੋਂ 2-3 ਲੱਖ ਰੁਪਏ ਕਮਾਉਂਦੇ ਹਨ।

ਇਹ ਨਿੰਬੂ ਦੀ ਜਾਤੀ ਦਾ ਬੂਟਾ ਹੈ। ਇਸ ਦੀਆਂ ਕਿਸਮਾਂ ਕਿੰਨੂ ਨੰਬਰ-1 (ਬੀਜ ਰਹਿਤ) ਅਤੇ ਡੇਜ਼ੀ ਟੈਂਜਰੀਨ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ‘ਬੀਜ ਰਹਿਤ’ ਕਿਸਮ ਨੂੰ ਕਿਸਾਨਾਂ ਨੇ ਪਸੰਦ ਨਹੀਂ ਕੀਤੀ ਕਿਉਂਕਿ ਉਸ ਦਾ ਝਾੜ ਘੱਟ ਹੈ। ਕਿੰਨੂ ਮਨੁੱਖ ਲਈ ਵਿਟਾਮਿਨ-ਸੀ ਦਾ ਵੱਡਾ ਸਰੋਤ ਹੈ। ਕਿੰਨੂ ਦੀ ਬਾਗਬਾਨੀ ਨਾਲ ਕਿਸਾਨ ਬਹੁ-ਫ਼ਸਲੀ ਵਿਧੀ ਤਹਿਤ ਸਬਜ਼ੀਆਂ ਤੇ ਹੋਰ ਫ਼ਸਲਾਂ ਬੀਜ ਸਕਦੇ ਹਨ। ਪਿਛਲੇ ਦੋ ਵਰ੍ਹਿਆਂ ਤੋਂ ਕਿੰਨੂ ਦਾ ਚੰਗਾ ਭਾਅ ਮਿਲ ਰਿਹਾ ਹੈ ਅਤੇ ਕਰੀਬ 3 ਤੋਂ ਸਾਢੇ 5 ਲੱਖ ਰੁਪਏ ਪ੍ਰਤੀ ਏਕੜ ਬਾਗ ਠੇਕੇ ’ਤੇ ਚੜ੍ਹੇ ਹਨ। ਲੰਬੀ ਹਲਕੇ ਵਿੱਚ ਬਾਗ ਸਾਲਾਨਾ ਉੱਕਾ-ਪੁੱਕਾ ਠੇਕੇ ’ਤੇ ਦੇਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਦਕਿ ਅਬੋਹਰ ਖੇਤਰ ਵਿੱਚ ਕਿੰਨੂ ਤੋਲ ਕੇ ਵੇਚਣ ਦਾ ਰੁਝਾਨ ਹੈ। ਸ੍ਰੀ ਮੁਕਤਸਰ ਜ਼ਿਲ੍ਹੇ ਦੇ ਬਾਗਬਾਨੀ ਵਾਲੇ ਕੁੱਲ 9068 ਏਕੜ ਰਕਬੇ ’ਚੋਂ ਕਰੀਬ 6365 ਏਕੜ (2576 ਹੈਕਟੇਅਰ) ਰਕਬੇ ਵਿੱਚ ਸਿਰਫ ਕਿੰਨੂ ਦੇ ਬਾਗ ਹਨ। ਲੰਬੀ ਹਲਕੇ ਵਿੱਚ ਸਭ ਤੋਂ ਵੱਧ ਕਿੰਨੂ ਬਾਗਬਾਨੀ ਦਾ ਲਗਪਗ 4936 ਏਕੜ (1997.7 ਹੈਕਟੇਅਰ) ਰਕਬਾ ਹੈ। ਮੁਕਤਸਰ ਬਲਾਕ ਵਿੱਚ 158 ਹੈਕਟੇਅਰ, ਮਲੋਟ ਬਲਾਕ ਵਿੱਚ 327 ਅਤੇ ਗਿੱਦੜਬਾਹਾ ਬਲਾਕ ਵਿੱਚ 93.3 ਹੈਕਟੇਅਰ ਰਕਬਾ ਕਿੰਨੂ ਹੇਠ ਹੈ।

ਸਰਕਾਰ ਜੂਸ ਫੈਕਟਰੀ ਲਾਵੇ: ਮਹੇਸ਼ਇੰਦਰ ਸਿੰਘ ਬਾਦਲ

ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ ਸਫ਼ਲ ਕਿੰਨੂ ਬਾਗਬਾਨ ਹਨ। ਉਨ੍ਹਾਂ ਦੇ ਮਰਹੂਮ ਪਿਤਾ ਤੇਜਾ ਸਿੰਘ ਬਾਦਲ ਨੇ ਕਰੀਬ 45-50 ਸਾਲ ਪਹਿਲਾਂ ਕਿੰਨੂਆਂ ਦਾ ਬਾਗ ਲਾਇਆ ਸੀ ਜਿਸ ਨੂੰ ਉਹ ਸਮੇਂ ਨਾਲ ਅਪਡੇਟ ਕਰਦੇ ਆ ਰਹੇ ਹਨ। ਉਨ੍ਹਾਂ ਆਖਿਆ ਕਿ ਕਿੰਨੂ ਸੰਵੇਦਨਸ਼ੀਲ ਬੂਟਾ ਹੈ। ਥੋੜ੍ਹੀ ਜਿਹੀ ਅਣਗਹਿਲੀ ਵੀ ਫਾਇਟੋਫਥੋਰਾ ਜਿਹੀ ਬਿਮਾਰੀ ਨੂੰ ਸੱਦਾ ਦੇ ਸਕਦੀ ਹੈ ਜਿਸ ਨਾਲ ਬੂਟਾ ਖ਼ਤਮ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿੰਨੂ ਦੀ ਕਮਾਈ ਵਪਾਰੀਆਂ ਦੇ ਮੁਨਾਫ਼ੇ ’ਤੇ ਨਿਰਭਰ ਹੈ। ਜੇਕਰ ਵਪਾਰੀ ਨੂੰ ਮੁਨਾਫ਼ਾ ਮਿਲਦਾ ਹੈ ਤਾਂ ਬਾਗਬਾਨ ਦੀ ਮਿਹਨਤ ਸਫ਼ਲ ਹੈ, ਨਹੀਂ ਤਾਂ ਸਭ ਮਿੱਟੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਕਿੰਨੂ ਬਾਗਬਾਨੀ ਲਈ ਉਪਰਾਲੇ ਹੋਏ ਸਨ ਪਰ ਉਸ ਤੋਂ ਬਾਅਦ ਸਰਕਾਰਾਂ ਨੇ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਛੋਟੇ ਕਿੰਨੂਆਂ (ਗੋਲੀ) ਲਈ ਸਰਕਾਰ ਨੂੰ ਜੂਸ ਫੈਕਟਰੀ ਲਾਉਣੀ ਚਾਹੀਦੀ ਹੈ ਤਾਂ ਜੋ ਬਗਬਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ।

ਟਿੱਕਾ ਭਰਾਵਾਂ ਦਾ 150 ਏਕੜ ’ਚ ਬਾਗ

ਡੇਢ ਸੌ ਏਕੜ ਰਕਬੇ ਵਿੱਚ ਕਿੰਨੂ ਦੀ ਬਾਗਬਾਨੀ ਕਰਨ ਵਾਲੇ ਅਬੁਲਖੁਰਾਣਾ ਦੇ ਬਲਵਿੰਦਰ ਸਿੰਘ ਟਿੱਕਾ ਨੂੰ ‘ਕਿੰਨੂ ਕਿੰਗ ਆਫ ਇੰਡੀਆ’ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ। ਉਹ ਕਿੰਨੂ ਬਾਗਬਾਨੀ ਨੂੰ ਤੁਪਕਾ ਵਿਧੀ ਰਾਹੀਂ ਸਿੰਜ ਕੇ ਜਲ ਬਚਾਓ ਮਿਸ਼ਨ ਵਿੱਚ ਯੋਗਦਾਨ ਪਾ ਰਹੇ ਹਨ। ਬਲਵਿੰਦਰ ਸਿੰਘ ਟਿੱਕਾ ਆਖਦੇ ਹਨ ਕਿ ਕਰੀਬ 45 ਸਾਲ ਪਹਿਲਾਂ ਉਨ੍ਹਾਂ ਨੂੰ ਕਿੰਨੂਆਂ ’ਚੋਂ ਭਵਿੱਖ ਨਜ਼ਰ ਆਇਆ ਸੀ। ਉਨ੍ਹਾਂ ਤਿੰਨ ਭਰਾਵਾਂ ਕੋਲ ਕੁੱਲ 200 ਏਕੜ ਜ਼ਮੀਨ ਹੈ। ਭਲੇ ਵੇਲਿਆਂ ਵਿੱਚ ਉਨ੍ਹਾਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਟਿੱਬਿਆਂ ਵਾਲੀਆਂ ਜ਼ਮੀਨਾਂ ਖਰੀਦ ਕੇ ਕਿੰਨੂਆਂ ਦੇ ਬਾਗ ਲਾਉਣੇ ਸ਼ੁਰੂ ਕੀਤੇ ਸਨ। ਉਹ ਆਖਦੇ ਹਨ ਕਿ ਕਰੀਬ ਡੇਢ ਸੌ ਏਕੜ ਬਾਗਾਂ ਵਿੱਚ ਪੰਜ ਪਾਣੀ ਦੇ ਟੈਂਕ ਹਨ, ਜਿਹੜੇ ਨਹਿਰ ਬੰਦੀ ਸਮੇਂ ਕਿੰਨੂਆਂ ਨੂੰ ਸਿੰਜਦੇ ਹਨ।

ਤਿੰਨ ਪੀੜ੍ਹੀਆਂ ਤੋਂ ਬਾਗਬਾਨੀ ਨਾਲ ਜੁੜਿਐ ਸਿੱਧੂ ਪਰਿਵਾਰ

9 ਸਾਲ ਪਹਿਲਾਂ ਪੰਜਾਬ ਪੁਲੀਸ ਤੋਂ ਸਵੈ-ਇੱਛੁਕ ਸੇਵਾਮੁਕਤੀ ਲੈਣ ਵਾਲੇ ਪਿੰਡ ਲੁਹਾਰਾ ਦੇ ਬਲਜੀਤ ਸਿੰਘ ਸਿੱਧੂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਿੰਨੂ ਬਾਗਬਾਨੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕੁੱਲ 35 ਏਕੜ ਰਕਬੇ ਵਿੱਚੋਂ 22 ਏਕੜ ਵਿੱਚ ਕਿੰਨੂ ਦਾ ਬਾਗ ਲਾਇਆ ਹੋਇਆ ਹੈ। ਬਲਜੀਤ ਸਿੰਘ ਸਿੱਧੂ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਉੱਧਮ ਸਿੰਘ ਨੇ 1973 ਵਿੱਚ ਬਾਗ ਲਾਇਆ ਸੀ। ਹੁਣ ਉਨ੍ਹਾਂ ਦੀਆਂ ਧੀਆਂ ਵੀ ਬਾਗਬਾਨੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਣਕ-ਝੋਨੇ ਤੋਂ ਇੱਕ ਕਿੱਲੇ ਵਿੱਚ ਜਿੱਥੇ ਔਸਤਨ 1 ਲੱਖ ਰੁਪਏ ਤੱਕ ਦੀ ਕਮਾਈ ਹੁੰਦੀ ਹੈ, ਉੱਥੇ ਕਿੰਨੂ ਬਾਗਬਾਨੀ ਵਿੱਚ ਚੰਗੇ ਭਾਅ ਨਾਲ ਤਿੰਨ ਲੱਖ ਰੁਪਏ ਆਮਦਨ ਹੋ ਸਕਦੀ ਹੈ। ਹਾਲਾਂਕਿ ਮੁਨਾਫ਼ਾ ਹਰ ਸਾਲ ਇਕਸਾਰ ਨਹੀਂ ਰਹਿੰਦਾ। ਬਲਜੀਤ ਸਿੰਘ ਸਿੱਧੂ ਮੁਤਾਬਕ ਇਕ ਏਕੜ ਵਿੱਚ ਔਸਤਨ 150 ਕੁਇੰਟਲ ਤੱਕ ਝਾੜ ਨਿਕਲ ਸਕਦਾ ਹੈ। ਉਨ੍ਹਾਂ ਦਾ ਬਾਗ 22 ਏਕੜ ਵਿੱਚ ਫੈਲਿਆ ਹੋਇਆ ਹੈ ਜੋ ਲਗਪਗ 50 ਲੱਖ ਰੁਪਏ ਠੇਕੇ ’ਤੇ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਪਰੈਲ-ਮਈ ਵਿੱਚ ਲੰਮੀ ਨਹਿਰਬੰਦੀ ਕਿੰਨੂ ਬਾਗਬਾਨੀ ਲਈ ਨੁਕਸਾਨਦੇਹ ਹੁੰਦੀ ਹੈ। ਜੇਕਰ ਇਸ ਵਕਫ਼ੇ ਦੌਰਾਨ ਬਾਗਾਂ ਲਈ ਉਚੇਚੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਉਹ ਕੁੱਲ 35 ਏਕੜ ਜ਼ਮੀਨ ਵਿੱਚ ਕਿੰਨੂ ਬਾਗ ਲਾਉਣ ਦੀ ਇੱਛਾ ਰੱਖਦੇ ਹਨ।

ਸਰਕਾਰ ਛੋਟੇ ਕਿਸਾਨਾਂ ਦੀ ਮਦਦ ਕਰੇ: ਢਿੱਲੋਂ

ਪਿੰਡ ਸਿੰਘੇਵਾਲਾ ਦੇ ਬਾਗਬਾਨ ਗੁਰਦਿਆਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਸਰਕਾਰ ਬਾਗਬਾਨੀ ਨੂੰ ਹੁਲਾਰਾ ਦੇਣ ਲਈ ਜ਼ਮੀਨ ਹੱਦਬੰਦੀ ਕਾਨੂੰਨ ਖ਼ਤਮ ਕਰੇ। ਉਨ੍ਹਾਂ ਆਖਿਆ ਕਿ ਘੱਟ ਰਕਬੇ ਵਾਲੀ ਕਿੰਨੂ ਬਾਗਬਾਨੀ ਵਿੱਚ ਛੋਟੇ ਕਿਸਾਨਾਂ ਕੋਲ ਹੋਰ ਆਰਥਿਕ ਵਸੀਲੇ ਨਾ ਹੋਣ ਕਰਕੇ ਨਵੇਂ ਬਾਗ ਦੇ ਸ਼ੁਰੂਆਤੀ 2-3 ਸਾਲ ਤੰਗੀ ਵਾਲੇ ਹੁੰਦੇ ਹਨ। ਇਸ ਲਈ ਸਰਕਾਰ ਨੂੰ ਛੋਟੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਅਬੋਹਰ ਤੋਂ ਦੇਸ਼ ਵਿਦੇਸ਼ ਜਾ ਰਿਹੈ ਕਿੰਨੂ

ਫਾਜ਼ਲਿਕਾ ਜ਼ਿਲ੍ਹੇ ਦੇ ਅਬੋਹਰ ਖੇਤਰ ਵਿੱਚ ਕਿੰਨੂ ਬਾਗਬਾਨੀ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਅਬੋਹਰ ਵਿੱਚ ਦਰਜਨ ਤੋਂ ਵੱਧ ਕਿੰਨੂ ਗਰੇਡਿੰਗ ਅਤੇ ਵੈਕਸਿੰਗ ਪਲਾਂਟ ਹਨ। ਇਨ੍ਹਾਂ ਪਲਾਂਟਾਂ ਰਾਹੀਂ ਵੱਡੇ ਪੱਧਰ ’ਤੇ ਕਿੰਨੂ ਬੰਗਲਾਦੇਸ਼, ਪੱਛਮੀ ਬੰਗਾਲ ਅਤੇ ਦੱਖਣੀ ਭਾਰਤ ਵਿੱਚ ਭੇਜਿਆ ਜਾ ਰਿਹਾ ਹੈ। ਬਾਗਬਾਨੀ ਵਿਭਾਗ ਦੇ ਅੰਕੜਿਆਂ ਅਨੁਸਾਰ ਸੇਮ ਵਧਣ ਕਾਰਨ ਜਿੱਥੇ ਕੁਝ ਪੁਰਾਣੇ ਬਾਗ ਪੁੱਟੇ ਜਾ ਰਹੇ ਹਨ, ਉੱਥੇ ਓਨੇ ਹੀ ਨਵੇਂ ਬਾਗ ਵੀ ਲਾਏ ਜਾ ਰਹੇ ਹਨ। ਪਿਛਲੇ ਸਾਲ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਰੀਬ 850 ਹੈਕਟੇਅਰ ਰਕਬੇ ਵਿੱਚ ਨਵੇਂ ਬਾਗ ਲੱਗੇ ਸਨ। ਹਾਲਾਂਕਿ ਅਬੋਹਰ ਦੇ ਬਾਗਬਾਨਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਪਿੰਡ ਪੱਟੀ ਸਦੀਕ ਦੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਬੋਹਰ ਮੰਡੀ ਵਿੱਚ ਵੱਡੇ ਵਪਾਰੀਆਂ ਕਾਰਨ ਛੋਟੇ ਬਾਗਬਾਨਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਦਾ 19 ਏਕੜ ਬਾਗ ਅਜੇ ਬਿਨਾਂ ਵਿਕੇ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀ ਆਪਣਾ ਫਰਜ਼ ਨਹੀਂ ਨਿਭਾਅ ਰਹੀ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਛੋਟੇ ਕਿੰਨੂ ਬਾਗਬਾਨਾਂ ਦੀ ਲੁੱਟ ਹੋ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਐਗਰੋ ਖਰੀਦ ਲਈ ਕਿੰਨੂ ਮਾਰਕੀਟ ਵਿੱਚ ਉੱਤਰੇ ਤਾਂ ਛੋਟੇ ਬਾਗਬਾਨਾਂ ਲਈ ਕਿੰਨੂ ਮੁਨਾਫ਼ੇਦਾਰ ਕਿੱਤਾ ਸਾਬਤ ਹੋ ਸਕਦਾ ਹੈ।

ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ: ਸਹਾਇਕ ਡਾਇਰੈਕਟਰ

ਬਾਗਬਾਨੀ ਵਿਭਾਗ ਮੁਕਤਸਰ ਸਾਹਿਬ ਦੇ ਸਹਾਇਕ ਡਾਇਰੈਕਟਰ ਡਾ. ਸੁਖਦੇਵ ਸਿੰਘ ਬਰਾੜ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਬਾਗਬਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਨਵੇਂ ਬਾਗਾਂ ਲਈ ਸਿਟਰਸ ਸਟੇਟ ਬਾਦਲ ਵਿੱਚ ਸਥਿਤ ਲੈਬ ਵਿੱਚ ਘੱਟ ਖਰਚੇ ’ਤੇ ਮਿੱਟੀ ਅਤੇ ਪਾਣੀ ਦੀ ਪਰਖ ਕੀਤੀ ਜਾਂਦੀ ਹੈ। ਬਾਗਬਾਨਾਂ ਨੂੰ ਬੂਟੇ ਲਾਉਣ ਲਈ ਡਿੱਗਰ, ਕਲਟੀਵੇਟਰ ਅਤੇ ਕਟਾਈ ਮਸ਼ੀਨਾਂ ਵਾਜਬ ਰੇਟਾਂ ’ਤੇ ਕਿਰਾਏ ਉੱਪਰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ਕਰਕੇ ਫ਼ਲਾਂ ਦੀ ਕਾਸ਼ਤ ਮੁਨਾਫ਼ੇ ਦਾ ਸੌਦਾ ਬਣ ਰਹੀ ਹੈ। ਸਿਟਰਸ ਅਸਟੇਟ ਬਾਦਲ ’ਤੇ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ, ਗਿੱਦੜਬਾਹਾ, ਮਲੋਟ ਅਤੇ ਸੰਗਤ ਬਲਾਕਾਂ ਦੇ 85 ਪਿੰਡਾਂ ਦੀ ਬਾਗਵਾਨੀ ਨਿਰਭਰ ਹੈ। ਬਾਗਬਾਨੀ ਵਿਕਾਸ ਅਫਸਰ ਡਾ. ਨਿਧੀ ਮਿੱਤਲ ਦਾ ਕਹਿਣਾ ਸੀ ਕਿ ਸਮੇਂ ਸਮੇਂ ’ਤੇ ਬਾਗਬਾਨਾਂ ਨੂੰ ਬਿਮਾਰੀਆਂ ਬਾਰੇ ਮਾਈਕਰੋ ਲੈਵਲ ਤੱਕ ਸਲਾਹ-ਮਸ਼ਵਰਾ ਦਿੱਤਾ ਜਾਂਦਾ ਹੈ।

ਪੰਜਾਬ ਦੇ ਸਿਆਸੀ ਬਾਗਬਾਨ

ਬਾਗਬਾਨੀ ਦੇ ਪੱਕੀ ਆਮਦਨ ਵਾਲੇ ਕਿੱਤੇ ਨਾਲ ਪੰਜਾਬ ਦੇ ਸਿਆਸੀ ਘਰਾਣੇ ਵੀ ਜੁੜੇ ਹੋਏ ਹਨ। ਬਾਗਬਾਨੀ ਵਿਭਾਗ ਮੁਤਾਬਕ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ, ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ,

ਸਾਬਕਾ ਟਰਾਂਸਪੋਰਟ ਮੰਤਰੀ ਮਰਹੂਮ ਹਰਦੀਪਇੰਦਰ ਸਿੰਘ ਬਾਦਲ ਦਾ ਪਰਿਵਾਰ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਿੰਨੂ ਦੀ ਬਾਗਬਾਨੀ ਕਰਦੇ ਹਨ। ਇਹ ਪਰਿਵਾਰ ਕਿੰਨੂ ਦੇ ਨਾਲ-ਨਾਲ ਅਮਰੂਦ, ਅੰਬ, ਮਾਲਟਾ, ਅੰਗੂਰ, ਨਾਖ, ਆੜੂ ਅਤੇ ਫੁੱਲਾਂ ਦੀ ਕਾਸ਼ਤ ਵੀ ਕਰਦੇ ਹਨ।

ਕਿਸਾਨਾਂ ਨੂੰ ਘਾਟੇ ਤੋਂ ਬਚਾਇਆ ਜਾਂਦੈ: ਅਧਿਕਾਰੀ

ਪੰਜਾਬ ਐਗਰੋ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਆਖਿਆ ਕਿ ਕਾਰਪੋਰੇਸ਼ਨ ਖਰੀਦ ਲਈ ਪਾਬੰਦ ਨਹੀਂ ਹੈ ਪਰ ਕਿੰਨੂ ਦਾ ਭਾਅ ਡਿੱਗਣ ’ਤੇ ਕਿਸਾਨਾਂ ਨੂੰ ਕਿੰਨੂ ਦਾ ਵਾਜਬ ਮੁੱਲ ਦੁਆਉਣ ਲਈ ਜ਼ਰੂਰ ਮੰਡੀ ਵਿੱਚ ਉਤਰਿਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਕਿੰਨੂ ਦਾ 4 ਤੋਂ 5 ਰੁਪਏ ਕਿਲੋ ਰਹਿ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਐਗਰੋ ਨੇ ਖੁੱਲ੍ਹੇ ਬਾਜ਼ਾਰ ਵਿੱਚ 15 ਰੁਪਏ ਕਿਲੋ ਕਿੰਨੂ ਖਰੀਦ ਕੇ ਕਿਸਾਨਾਂ ਨੂੰ ਘਾਟੇ ਤੋਂ ਬਚਾਇਆ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸਾਰਾ ਕਿੰਨੂ ਨਹੀਂ ਖਰੀਦ ਸਕਦੇ।

ਕਰੋਨਾ ਕਾਲ ’ਚ ਕਿੰਨੂ ਦੀ ਵੁੱਕਤ ਪਈ

ਪੰਜਾਬੀਆਂ ਵਿੱਚ ਸਰਦੀ ਮੌਸਮ ਦੇ ਇਸ ਵਿਟਾਮਿਨ-ਸੀ ਪਰਪੂਰ ਫਲ ਕਿੰਨੂ ਨੂੰ ਧੁੱਪ ਵਿੱਚ ਖਾਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਪਰ ਕੋਵਿਡ ਮਹਾਂਮਾਰੀ ਮਗਰੋਂ ਵਿਟਾਮਿਨ-ਸੀ ਪ੍ਰਤੀ ਜਾਗਰੂਕਤਾ ਕਰਕੇ ਲੋਕ ਦਾ ਰੁਝਾਨ ਵਧਣ ਕਰਕੇ ਕਿੰਨੂਆਂ ਦੀ ਬਾਜ਼ਾਰ ਵੁੱਕਤ ਪਈ ਹੈ।

ਸਿਟਰਸ ਅਸਟੇਟ ’ਚ ਬਾਗਬਾਨਾਂ ਲਈ ਸਹੂਲਤਾਂ

ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਦਕਾ ਪਿੰਡ ਬਾਦਲ ਵਿੱਚ ਸਿਟਰਸ ਅਸਟੇਟ ਅਤੇ ਪੰਜਾਬ ਐਗਰੋ ਫ਼ੂਡ ਕਾਰਪੋਰੇਸ਼ਨ ਦਾ ਸਰਕਾਰੀ ਵੈਕਸਿੰਗ ਪਲਾਂਟ ਸਥਾਪਿਤ ਹੈ। ਸਿਟਰਸ ਅਸਟੇਟ ਬਾਗਬਾਨਾਂ ਦਾ ਇੱਕ ਸਰਕਾਰੀ ਸਮੂਹ ਹੈ ਜਿਸ ਦੇ 980 ਬਾਗਬਾਨ ਮੈਂਬਰ ਹਨ। ਇਸ ਦੇ ਅਧੀਨ ਲੰਬੀ, ਮਲੋਟ, ਗਿੱਦੜਬਾਹਾ ਅਤੇ ਸੰਗਤ ਬਲਾਕ ਦੇ ਕਰੀਬ 85 ਪਿੰਡ ਆਉਂਦੇ ਹਨ। ਇੱਥੇ ਬਾਗਵਾਨਾਂ ਨੂੰ ਕਿੰਨੂ ਹੋਰ ਫ਼ਲਾਂ ਦੀ ਬਾਗਵਾਨੀ ਲਈ ਕਿਸਾਨਾਂ ਨੂੰ ਸਿਖਲਾਈ, ਤਕਨੀਕੀ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇੱਥੇ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਉੱਚ ਪੱਧਰੀ ਲੈਬਾਰਟਰੀ ਵੀ ਹੈ। ਇਥੇ ਬਾਗਾਂ ਵਿੱਚ ਨਵੇਂ ਬੂਟੇ ਲਾਉਣ, ਬੂਟਿਆਂ ਦੀ ਕਟਾਈ ਲਈ ਮਸ਼ੀਨ ਅਤੇ ਕਲਟੀਵੇਟਰ ਕਿਰਾਏ ’ਤੇ ਦਿੱਤੇ ਜਾਂਦੇ ਹਨ।

Advertisement
×