Jaspal Rana dies: ਆਪਣੇ ਅਸੂਲਾਂ ਲਈ ਜਾਣੇ ਜਾਂਦੇੇ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ’ਚ ਦੇਹਾਂਤ
ਦਿੱਲੀ ਦੇ ਹਸਪਤਾਲ ਵਿੱਚ ਲਿਆ ਆਖਰੀ ਸਾਹ; ; ਮਨੂ ਭਾਕਰ ਨੂੰ ਓਲੰਪਿਕ ਮੈਡਲ ਜਿਤਾਉਣ ਵਿੱਚ ਨਿਭਾਈ ਸੀ ਅਹਿਮ ਭੂਮਿਕਾ
Jaspal Rana dies: ਭਾਰਤੀ ਪਿਸਟਲ ਸ਼ੂਟਿੰਗ ਟੀਮ ਦੀਆਂ ਇਤਿਹਾਸਕ ਸਫ਼ਲਤਾਵਾਂ ਹਾਸਿਲ ਕਰਨ ਵਾਲੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਕੋਚ ਜਸਪਾਲ ਰਾਣਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਆਪਣੀ ਜ਼ਿੱਦ ਅਤੇ ਅਸੂਲਾਂ ਲਈ ਜਾਣੇ ਜਾਂਦੇ 49 ਸਾਲਾ ਰਾਣਾ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਦਿਲ ਵਿੱਚ ਬਲਾਕੇਜ ਹੋਣ ਕਾਰਨ ਹਸਪਤਾਲ ਵਿੱਚ ਉਨ੍ਹਾਂ ਦਾ ਸਟੰਟ ਪਾਉਣ ਦਾ ਅਪਰੇਸ਼ਨ (ਪ੍ਰੋਸੀਜਰ) ਹੋਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਜਲਦੀ ਹੀ ਦੂਜਾ ਪ੍ਰੋਸੀਜਰ ਤੈਅ ਕੀਤਾ ਹੋਇਆ ਸੀ। ਪਰ ਇਸ ਤੋਂ ਪਹਿਲਾਂ ਕਿ ਕੁਝ ਹੋਰ ਹੁੰਦਾ, ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪੂਰੇ ਖੇਡ ਜਗਤ ਅਤੇ ਸ਼ੂਟਿੰਗ ਭਾਈਚਾਰੇ ਨੂੰ ਡੂੰਘਾ ਸਦਮਾ ਦਿੱਤਾ ਹੈ।
ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੀ ਸੋਨ ਤਗਮਾ
ਜਸਪਾਲ ਰਾਣਾ ਦਾ ਜੀਵਨ ਬਿਲਕੁਲ ਉਨ੍ਹਾਂ ਦੇ ਖੇਡ ਕਰੀਅਰ ਦੀ ਤਰ੍ਹਾਂ ਹੀ ਉਤਰਾਅ-ਚੜ੍ਹਾਅ ਵਾਲਾ ਰਿਹਾ। ਇੱਕ ਨੌਜਵਾਨ ਸਿਤਾਰੇ ਵਜੋਂ, ਰਾਣਾ ਨੇ 1994 ਵਿੱਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ੀਆਈ ਖੇਡਾਂ ਦੇ ਸੈਂਟਰ ਫਾਇਰ ਪਿਸਟਲ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ। ਉਨ੍ਹਾਂ ਦੇ ਕਰੀਅਰ ਦਾ ਸੁਨਹਿਰੀ ਦੌਰ 2006 ਦੀਆਂ ਦੋਹਾ ਏਸ਼ੀਆਈ ਖੇਡਾਂ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ ਤਿੰਨ ਸੋਨ ਤਗਮੇ ਆਪਣੇ ਨਾਮ ਕੀਤੇ।ਹਾਲਾਂਕਿ, ਉਹ ਖੁਦ ਜਾਣਦੇ ਸਨ ਕਿ ਉਹ ਓਲੰਪਿਕ ਸਮੇਤ ਦੇਸ਼ ਲਈ ਕਈ ਹੋਰ ਤਗਮੇ ਜਿੱਤ ਸਕਦੇ ਸਨ। ਇਹ ਵੀ ਇੱਕ ਹੈਰਾਨੀਜਨਕ ਤੱਥ ਹੈ ਕਿ ਰਾਣਾ ਨੇ ਆਪਣੇ ਜੀਵਨ ਵਿੱਚ ਸਿਰਫ਼ ਇੱਕ ਵਾਰ 1996 ਦੀਆਂ ਅਟਲਾਂਟਾ (ਅਮਰੀਕਾ) ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
ਕੁਝ ਸਾਲ ਪਹਿਲਾਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਸੀ, “ਜਦੋਂ ਮੈਂ ਸ਼ੂਟਿੰਗ ਸ਼ੁਰੂ ਕੀਤੀ ਸੀ, ਉਦੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਸਮਝ ਨਹੀਂ ਸੀ। ਅਨੁਸ਼ਾਸਨ ਦੀ ਕਮੀ ਅਤੇ ਚੰਗੀ ਕੋਚਿੰਗ ਨਾ ਹੋਣਾ ਹੀ ਵੱਡਾ ਕਾਰਨ ਸੀ ਕਿ ਅਸੀਂ ਨਿਰੰਤਰ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ।”ਇੱਕ ਅਣਗੌਲਾ ਅਤੇ ਗ਼ਲਤ ਸਮਝਿਆ ਗਿਆ ਸਿਤਾਰਾਜਦੋਂ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ (NRAI) ਦੇ ਤਤਕਾਲੀ ਪ੍ਰਧਾਨ ਰਣਇੰਦਰ ਸਿੰਘ ਨੇ ਜਸਪਾਲ ਰਾਣਾ ਨੂੰ ਭਾਰਤ ਦੇ ਜੂਨੀਅਰ ਸ਼ੂਟਿੰਗ ਪ੍ਰੋਗਰਾਮ ਦੀ ਕਮਾਨ ਸੌਂਪੀ, ਤਾਂ ਉਨ੍ਹਾਂ ਨੇ ‘ਅਨੁਸ਼ਾਸਨ’ ਨੂੰ ਹੀ ਆਪਣੀ ਕੋਚਿੰਗ ਦਾ ਸਭ ਤੋਂ ਵੱਡਾ ਹਥਿਆਰ ਬਣਾਇਆ। ਨਤੀਜੇ ਵੀ ਬਹੁਤ ਜਲਦੀ ਸਾਹਮਣੇ ਆਏ। ਮਨੂ ਭਾਕਰ ਅਤੇ ਅਨੀਸ਼ ਭਾਨਵਾਲਾ ਵਰਗੇ ਨੌਜਵਾਨ ਨਿਸ਼ਾਨੇਬਾਜ਼ ਜੂਨੀਅਰ ਵਰਲਡ ਚੈਂਪੀਅਨ ਬਣੇ ਅਤੇ ਭਾਰਤ ਤਗਮਾ ਸੂਚੀ ਵਿੱਚ ਉੱਪਰ ਚੜ੍ਹਨ ਲੱਗਾ।
ਅਨੁਸ਼ਾਸਨ ਨਾਲ ਨਹੀਂ ਕੀਤਾ ਸਮਝੌਤਾ
ਪਰ ਰਾਣਾ ਨੇ ਅਨੁਸ਼ਾਸਨ ਨਾਲ ਕਦੇ ਸਮਝੌਤਾ ਨਹੀਂ ਕੀਤਾ। ਇੱਕ ਵਾਰ ਉਨ੍ਹਾਂ ਨੇ ਕੈਂਪ ਦੀ ਵਰਦੀ (ਇੰਡੀਆ ਟੀ-ਸ਼ਰਟ) ਪੈਂਟ ਦੇ ਅੰਦਰ (Tuck in) ਨਾ ਕਰਨ ’ਤੇ ਨੈਸ਼ਨਲ ਕੈਂਪ ਵਿੱਚ ਅਨੀਸ਼ ਭਾਨਵਾਲਾ ਨੂੰ ਸਭ ਦੇ ਸਾਹਮਣੇ ਸਖ਼ਤ ਫਿਟਕਾਰ ਲਗਾਈ ਸੀ।ਕਦੇ ਵੀ ਪਿੱਛੇ ਨਾ ਹਟਣ ਵਾਲੀ ਆਪਣੀ ਆਦਤ ਕਾਰਨ ਟੋਕੀਓ ਓਲੰਪਿਕ ਤੋਂ ਪਹਿਲਾਂ ਜਸਪਾਲ ਰਾਣਾ ਦੇ ਆਪਣੇ ਕਈ ਜੂਨੀਅਰ ਖਿਡਾਰੀਆਂ, ਖ਼ਾਸ ਕਰਕੇ ਮਨੂ ਭਾਕਰ ਨਾਲ ਮਤਭੇਦ ਹੋ ਗਏ ਸਨ। ਰਾਣਾ ਚਾਹੁੰਦੇ ਸਨ ਕਿ ਟੀਮ ਵਿੱਚ ਚਿੰਕੀ ਯਾਦਵ ਨੂੰ ਸ਼ਾਮਲ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਮਨੂ ਭਾਵੇਂ ਵਿਸ਼ਵ ਰੈਂਕਿੰਗ ਵਿੱਚ ਨੰਬਰ-1 ਹੈ, ਪਰ ਪਹਿਲੀ ਵਾਰ ਓਲੰਪਿਕ ਖੇਡਦਿਆਂ ਉਸ ਉੱਤੇ ਤਿੰਨ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਬੋਝ ਨਹੀਂ ਪਾਇਆ ਜਾਣਾ ਚਾਹੀਦਾ।
ਇਹ ਵਿਵਾਦ ਜਨਤਕ ਹੋ ਗਿਆ। NRAI ਨੇ ਮਨੂ ਦਾ ਸਾਥ ਦਿੱਤਾ ਅਤੇ ਮਨੂ ਦੀ ਬੇਨਤੀ ’ਤੇ ਕੋਚ ਬਦਲ ਕੇ ਰੌਨਕ ਪੰਡਿਤ ਨੂੰ ਜ਼ਿੰਮੇਵਾਰੀ ਸੌਂਪੀ ਗਈ। ਨਤੀਜਾ ਇਹ ਨਿਕਲਿਆ ਕਿ ਟੋਕੀਓ ਓਲੰਪਿਕ ਭਾਰਤੀ ਸ਼ੂਟਿੰਗ ਦਲ ਲਈ ਬੇਹੱਦ ਨਿਰਾਸ਼ਾਜਨਕ ਰਿਹਾ ਅਤੇ ਭਾਰਤ ਖਾਲੀ ਹੱਥ ਪਰਤਿਆ। ਉਦੋਂ ਐਸੋਸੀਏਸ਼ਨ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਸ ਹਾਰ ਦਾ ਸਾਰਾ ਭੀਕੜਾ ਜਸਪਾਲ ਰਾਣਾ ਸਿਰ ਭੰਨ ਦਿੱਤਾ ਸੀ। ਪਰ ਜਸਪਾਲ ਨੇ ਸਬਰ ਰੱਖਿਆ।
2024 ਦੀਆਂ ਪੈਰਿਸ ਓਲੰਪਿਕ ਖੇਡਾਂ ਤੋਂ ਤਕਰੀਬਨ ਇੱਕ ਸਾਲ ਪਹਿਲਾਂ ਜਦੋਂ ਮਨੂ ਭਾਕਰ ਦਾ ਪ੍ਰਦਰਸ਼ਨ ਲਗਾਤਾਰ ਡਿੱਗਣ ਲੱਗਾ, ਤਾਂ ਉਸਨੇ ਦੁਬਾਰਾ ਜਸਪਾਲ ਰਾਣਾ ਕੋਲ ਪਹੁੰਚ ਕੀਤੀ। ਪੈਰਿਸ ਵਿੱਚ ਰਾਣਾ ਦੀ ਮਿਹਨਤ ਰੰਗ ਲਿਆਈ ਅਤੇ ਮਨੂ ਨੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਮੈਡਲ ਮਨੂ ਦੇ ਸਨ, ਪਰ ਇਨ੍ਹਾਂ ਨੂੰ ਤਰਾਸ਼ਿਆ ਜਸਪਾਲ ਰਾਣਾ ਨੇ ਸੀ।ਉਸ ਇਤਿਹਾਸਕ ਦਿਨ ਪੈਰਿਸ ਤੋਂ ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਰਾਣਾ ਨੇ ਭਾਵੁਕ ਹੋ ਕੇ ਕਿਹਾ ਸੀ“ਸੱਚ ਕਹਾਂ ਤਾਂ ਮੈਨੂੰ ਬਹੁਤ ਸਕੂਨ ਮਿਲਿਆ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਟੋਕੀਓ ਖੇਡਾਂ ਤੋਂ ਜੋ ਕਲੰਕ (ਸਰਾਪ) ਮੈਂ ਆਪਣੇ ਮੋਢਿਆਂ ’ਤੇ ਚੁੱਕੀ ਫਿਰਦਾ ਸੀ, ਉਹ ਹੁਣ ਲਹਿ ਗਿਆ ਹੈ। ਮੈਂ ਇਹ ਨਹੀਂ ਕਹਾਂਗਾ ਕਿ ਸਭ ਕੁਝ ਖ਼ਤਮ ਹੋ ਗਿਆ ਹੈ, ਪਰ ਮੈਡਲ ਆਉਣ ਨਾਲ ਸਾਡੇ ਸਾਰਿਆਂ ਦੇ ਸਿਰ ਤੋਂ ਇੱਕ ਬਹੁਤ ਵੱਡਾ ਬੋਝ ਉਤਰ ਗਿਆ ਹੈ।”ਖੇਡ ਅਧਿਕਾਰੀਆਂ ਦੀਆਂ ਨਜ਼ਰਾਂ ਵਿੱਚ ਜਸਪਾਲ ਰਾਣਾ ਹਮੇਸ਼ਾ ‘ਮੂਡੀ’, ਬਦਮਿਜ਼ਾਜ ਅਤੇ ਤੇਜ਼-ਤਰਾਰ ਰਹੇ, ਕਿਉਂਕਿ ਉਹ ਅਧਿਕਾਰੀਆਂ ਦੇ ਅੱਗੇ ‘ਜੀ-ਹੁਜ਼ੂਰੀ’ (Yes Man) ਕਰਨ ਵਾਲੇ ਇਨਸਾਨ ਨਹੀਂ ਸਨ।
ਪਰ ਹਕੀਕਤ ਇਹ ਸੀ ਕਿ ਜਦੋਂ ਵੀ ਭਾਰਤੀ ਸ਼ੂਟਿੰਗ ਦਾ ਪ੍ਰਦਰਸ਼ਨ ਡਿੱਗਦਾ, ਐਸੋਸੀਏਸ਼ਨ ਨੂੰ ਹਮੇਸ਼ਾ ਜਸਪਾਲ ਰਾਣਾ ਦੀ ਹੀ ਯਾਦ ਆਉਂਦੀ ਸੀ।ਸਾਬਕਾ ਵਿਸ਼ਵ ਨੰਬਰ-1 ਡਬਲ ਟਰੈਪ ਸ਼ੂਟਰ ਰੰਜਨ ਸੋਢੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਰਾਣਾ ਦੇ ਅਸਲ ਕਿਰਦਾਰ ਨੂੰ ਬਿਆਨ ਕੀਤਾ “ ਜਸਪਾਲ ਮੇਰਾ ਬਹੁਤ ਪਿਆਰਾ ਦੋਸਤ ਸੀ। ਸਭ ਤੋਂ ਵੱਧ, ਉਹ ਇੱਕ ਬਿਹਤਰੀਨ ਇਨਸਾਨ ਸੀ ਜਿਸ ਨੂੰ ਬਹੁਤ ਘੱਟ ਲੋਕ ਸਮਝ ਸਕੇ। ਪਰ ਜਿਹੜੇ ਲੋਕ ਉਨ੍ਹਾਂ ਨੂੰ ਨੇੜਿਓਂ ਜਾਣਦੇ ਸਨ, ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਕਿੰਨੇ ਮਹਾਨ ਅਤੇ ਸਾਫ਼ ਦਿਲ ਇਨਸਾਨ ਸਨ।”
