Explainer winnipeg Crisis: ਰਿਕਾਰਡ ਤੋੜ ਮਹਿੰਗਾਈ ਅਤੇ ਟੈਕਸਾਂ ਵਿਚਾਲੇ ਕਿਵੇਂ ਫਸ ਰਿਹਾ ਆਮ ਨਾਗਰਿਕ ਦਾ ਬਜਟ?
ਵਿਨੀਪੈਗ ਇਸ ਸਮੇਂ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਜਿੱਥੇ ਆਰਥਿਕ ਦਬਾਅ ਅਤੇ ਬੁਨਿਆਦੀ ਸੇਵਾਵਾਂ ਦੀ ਗੁਣਵੱਤਾ ਵਿਚਕਾਰ ਪਾੜਾ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਸ਼ਹਿਰ ਵਿੱਚ ਜੀਵਨ ਪੱਧਰ ਦੀ ਲਾਗਤ, ਖ਼ਾਸਕਰ ਰਿਹਾਇਸ਼ ਦੀਆਂ ਕੀਮਤਾਂ ਅਤੇ ਮਹਿੰਗਾਈ,...
ਜੇ ਅੱਜ ਵਿਨੀਪੈਗ ਵਾਸੀਆਂ ਨੂੰ ਪੁੱਛਿਆ ਜਾਵੇ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ, ਤਾਂ ਹਰ ਕੋਈ ਆਪਣੀ ਪਰੇਸ਼ਾਨੀ ਦੱਸੇਗਾ। ਕੋਈ ਮਹਿੰਗਾਈ, ਕੋਈ ਪ੍ਰਾਪਰਟੀ ਟੈਕਸ, ਕੋਈ ਡਾਊਨਟਾਊਨ ਦੀ ਸੁਰੱਖਿਆ ਤਾਂ ਕੋਈ ਜਨਤਕ ਆਵਾਜਾਈ (ਟਰਾਂਜ਼ਿਟ) ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰੇਗਾ। ਜੇ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਇਕੱਠਾ ਦੇਖੀਏ, ਤਾਂ ਤਸਵੀਰ ਇਹ ਉਭਰਦੀ ਹੈ ਕਿ ਸ਼ਹਿਰ ਵਿੱਚ ਰਹਿਣਾ ਲਗਾਤਾਰ ਮਹਿੰਗਾ ਹੋ ਰਿਹਾ ਹੈ, ਪਰ ਉਸ ਮੁਕਾਬਲੇ ਨਾਗਰਿਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ।
ਮਹਿੰਗਾਈ ਅਤੇ ਟੈਕਸਾਂ ਦਾ ਬੋਝ
ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਮਈ 2026 ਵਿੱਚ ਵਿਨੀਪੈਗ ਦੀ ਸਾਲਾਨਾ ਮਹਿੰਗਾਈ ਦਰ 4.5 ਫ਼ੀਸਦੀ ਸੀ, ਜੋ ਕਿ 3.2 ਫ਼ੀਸਦੀ ਦੀ ਕੌਮੀ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ। ਇਸ ਦਾ ਮਤਲਬ ਹੈ ਕਿ ਵਿਨੀਪੈਗ ਦੇ ਲੋਕਾਂ ਦੀ ਪੈਸਾ ਖ਼ਰਚਣ ਦੀ ਸਮਰੱਥਾ ਹੋਰ ਸ਼ਹਿਰਾਂ ਦੇ ਮੁਕਾਬਲੇ ਤੇਜ਼ੀ ਨਾਲ ਘਟ ਰਹੀ ਹੈ। ਇਸ ਉੱਤੇ ਸੋਨੇ 'ਤੇ ਸੁਹਾਗਾ 2025 ਵਿੱਚ ਲੱਗਿਆ, ਜਦੋਂ ਸਿਟੀ ਹਾਲ ਨੇ ਪ੍ਰਾਪਰਟੀ ਟੈਕਸ ਵਿੱਚ 5.95 ਫ਼ੀਸਦੀ ਦਾ ਵਾਧਾ ਕਰ ਦਿੱਤਾ—ਜੋ ਪਿਛਲੇ 34 ਸਾਲਾਂ ਦਾ ਸਭ ਤੋਂ ਵੱਡਾ ਵਾਧਾ ਹੈ। ਮੈਨੀਟੋਬਾ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ, ਇਸ ਦਾ ਅਸਰ ਅਕਤੂਬਰ 2026 ਤੱਕ ਮਹਿੰਗਾਈ ਦੇ ਅੰਕੜਿਆਂ ਵਿੱਚ ਦਿਖਾਈ ਦਿੰਦਾ ਰਹੇਗਾ। ਸ਼ਹਿਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਾਧਾ ਸੇਵਾਵਾਂ ਲਈ ਜ਼ਰੂਰੀ ਸੀ, ਪਰ ਆਮ ਲੋਕ ਇਸ ਦੇ ਬੋਝ ਹੇਠ ਦੱਬੇ ਹੋਏ ਹਨ।
ਰਿਹਾਇਸ਼ ਅਤੇ ਬੇਘਰ ਹੋਣ ਦੀ ਸਮੱਸਿਆ
ਰਿਹਾਇਸ਼ ਦਾ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਵਿਨੀਪੈਗ ਰਿਜਨਲ ਰੀਅਲ ਐਸਟੇਟ ਬੋਰਡ ਅਨੁਸਾਰ, ਮਈ 2026 ਵਿੱਚ ਘਰਾਂ ਦੀ ਔਸਤ ਕੀਮਤ 4,77,313 ਡਾਲਰ ਤੱਕ ਪਹੁੰਚ ਗਈ, ਜੋ ਹੁਣ ਤੱਕ ਦਾ ਰਿਕਾਰਡ ਹੈ। ਇਸ ਕਾਰਨ ਨੌਜਵਾਨਾਂ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਲਈ ਆਪਣਾ ਘਰ ਲੈਣਾ ਬਹੁਤ ਮੁਸ਼ਕਲ ਹੋ ਗਿਆ ਹੈ।
ਦੂਜੇ ਪਾਸੇ, 'ਐਂਡ ਹੋਮਲੈੱਸਨੈੱਸ ਵਿਨੀਪੈਗ' ਨੇ ਚੇਤਾਵਨੀ ਦਿੱਤੀ ਹੈ ਕਿ ਸ਼ਹਿਰ ਵਿੱਚ ਬੇਘਰ ਹੋਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਹਾਊਸਿੰਗ ਲਈ ਦਿੱਤੇ ਗਏ 93.8 ਮਿਲੀਅਨ ਡਾਲਰ ਦੇ ਫ਼ੰਡ ਵਿੱਚੋਂ ਕਰੀਬ 38 ਫ਼ੀਸਦੀ ਰਕਮ ਸਿਰਫ਼ ਪ੍ਰਸ਼ਾਸਨਿਕ ਕੰਮਾਂ ਅਤੇ ਸਲਾਹਕਾਰਾਂ 'ਤੇ ਖ਼ਰਚ ਹੋ ਗਈ, ਜਿਸ 'ਤੇ ਵਿਰੋਧੀ ਧਿਰ ਵੱਡੇ ਸਵਾਲ ਚੁੱਕ ਰਹੀ ਹੈ।
ਸੁਰੱਖਿਆ ਅਤੇ ਟਰਾਂਜ਼ਿਟ ਦੀ ਚੁਣੌਤੀ
ਸ਼ਹਿਰ ਵਿੱਚ ਸੁਰੱਖਿਆ ਨੂੰ ਲੈ ਕੇ ਦੋਹਰੀ ਸਥਿਤੀ ਹੈ। ਪੁਲੀਸ ਦੀ ਰਿਪੋਰਟ ਕਹਿੰਦੀ ਹੈ ਕਿ ਗੰਭੀਰ ਅਪਰਾਧ ਅਤੇ ਕਤਲਾਂ ਵਿੱਚ ਕਮੀ ਆਈ ਹੈ, ਪਰ ਡਾਊਨਟਾਊਨ ਵਿੱਚ ਅਪਰਾਧ 17 ਫ਼ੀਸਦੀ ਅਤੇ ਪੋਰਟੇਜ ਐਵਿਨਿਊ ਦੇ ਕੁਝ ਹਿੱਸਿਆਂ ਵਿੱਚ ਜਾਇਦਾਦ ਨਾਲ ਜੁੜੇ ਅਪਰਾਧ 26 ਫ਼ੀਸਦੀ ਵਧੇ ਹਨ। 339 ਮਿਲੀਅਨ ਡਾਲਰ ਦਾ ਬਜਟ ਹੋਣ ਦੇ ਬਾਵਜੂਦ, ਜੇ ਲੋਕ ਖ਼ੁਦ ਨੂੰ ਸੁਰੱਖਿਅਤ ਨਹੀਂ ਮੰਨਦੇ ਤਾਂ ਇਹ ਵੱਡੀ ਚਿੰਤਾ ਹੈ। ਇਸੇ ਤਰ੍ਹਾਂ ਟਰਾਂਜ਼ਿਟ ਪ੍ਰਣਾਲੀ ਵੀ ਫ਼ੇਲ੍ਹ ਹੁੰਦੀ ਨਜ਼ਰ ਆ ਰਹੀ ਹੈ।
20.4 ਮਿਲੀਅਨ ਡਾਲਰ ਦੀ ਨਵੀਂ ਯੋਜਨਾ ਦੇ ਬਾਵਜੂਦ, ਯਾਤਰੀਆਂ ਨੂੰ ਬੱਸਾਂ ਦੀ ਭੀੜ ਅਤੇ ਲੰਬੇ ਸਫ਼ਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਤੀਜਾ ਇਹ ਹੈ ਕਿ ਰੋਜ਼ਾਨਾ ਬੱਸ ਸਫ਼ਰ ਕਰਨ ਵਾਲਿਆਂ ਦੀ ਗਿਣਤੀ 14 ਫ਼ੀਸਦੀ ਘਟ ਗਈ ਹੈ ਅਤੇ ਟਰਾਂਜ਼ਿਟ ਵਿਭਾਗ 18.4 ਮਿਲੀਅਨ ਡਾਲਰ ਦੇ ਘਾਟੇ ਵਿੱਚ ਹੈ।
ਚੋਣਾਂ ਦਾ ਵੱਡਾ ਮੁੱਦਾ
ਤਾਜ਼ਾ ਸਰਵੇਖਣ ਦੱਸਦੇ ਹਨ ਕਿ ਲੋਕ ਹੁਣ ਵਿਕਾਸ ਦੇ ਵੱਡੇ ਵਾਅਦਿਆਂ ਤੋਂ ਉੱਪਰ ਉੱਠ ਕੇ ਇਹ ਦੇਖਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਕਿੰਨੀ ਸਸਤੀ, ਸੌਖੀ ਅਤੇ ਸੁਰੱਖਿਅਤ ਹੋਈ ਹੈ। ਅਕਤੂਬਰ 2026 ਦੀਆਂ ਨਗਰ ਨਿਗਮ ਚੋਣਾਂ ਵਿੱਚ ਅਪਰਾਧ, ਮਹਿੰਗਾਈ ਅਤੇ ਰਿਹਾਇਸ਼ ਹੀ ਮੁੱਖ ਮੁੱਦੇ ਹੋਣਗੇ। ਲੋਕ ਸਿਰਫ਼ ਮੇਅਰ ਜਾਂ ਕੌਂਸਲਰ ਨਹੀਂ ਚੁਣਨਗੇ, ਸਗੋਂ ਇਸ ਗੱਲ ਦਾ ਫ਼ੈਸਲਾ ਕਰਨਗੇ ਕਿ ਕੀ ਵਿਨੀਪੈਗ ਸੱਚਮੁੱਚ ਰਹਿਣ ਦੇ ਯੋਗ ਇੱਕ ਬਿਹਤਰ ਸ਼ਹਿਰ ਬਣਿਆ ਹੈ ਜਾਂ ਨਹੀਂ।
