Explainer: ਤਿੰਨ ਦਿਨਾਂ ’ਚ 2000 ਅੰਕ ਕਿਉਂ ਡਿੱਗਿਆ ਸੈਂਸੈਕਸ? ਜਾਣੋ ਕੀ ਰਿਹਾ ਵੱਡਾ ਕਾਰਨ
Indian Stock Market: ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਨਿਘਾਰ ਦਾ ਸਾਹਮਣਾ ਕਰ ਰਿਹਾ ਹੈ। ਬੁੱਧਵਾਰ ਨੂੰ ਸੈਂਸੈਕਸ ਕਰੀਬ 800 ਅੰਕ ਡਿੱਗ ਗਿਆ, ਜਿਸ ਨਾਲ ਪਿਛਲੇ ਤਿੰਨ ਦਿਨਾਂ ਵਿੱਚ ਇਸ ਦੀ ਕੁੱਲ ਗਿਰਾਵਟ 2,000 ਅੰਕਾਂ ਤੋਂ ਵੱਧ ਹੋ ਗਈ। ਹਾਲਾਂਕਿ,...
Indian Stock Market: ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਨਿਘਾਰ ਦਾ ਸਾਹਮਣਾ ਕਰ ਰਿਹਾ ਹੈ। ਬੁੱਧਵਾਰ ਨੂੰ ਸੈਂਸੈਕਸ ਕਰੀਬ 800 ਅੰਕ ਡਿੱਗ ਗਿਆ, ਜਿਸ ਨਾਲ ਪਿਛਲੇ ਤਿੰਨ ਦਿਨਾਂ ਵਿੱਚ ਇਸ ਦੀ ਕੁੱਲ ਗਿਰਾਵਟ 2,000 ਅੰਕਾਂ ਤੋਂ ਵੱਧ ਹੋ ਗਈ। ਹਾਲਾਂਕਿ, ਦੁਪਹਿਰ ਨੂੰ ਇਹ ਥੋੜ੍ਹਾ ਜਿਹਾ ਠੀਕ ਹੋ ਗਿਆ। ਵਧਦੇ ਭੂ-ਸਿਆਸੀ ਤਣਾਅ, ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ ਅਤੇ ਕਮਜ਼ੋਰ ਤਿਮਾਹੀ ਨਤੀਜਿਆਂ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ।
ਬੁੱਧਵਾਰ ਸਵੇਰੇ 10:50 ਵਜੇ ਤੱਕ S&P BSE ਸੈਂਸੈਕਸ 755.89 ਅੰਕ ਡਿੱਗ ਕੇ 81,424.58 'ਤੇ ਆ ਗਿਆ, ਜਦੋਂ ਕਿ NSE ਨਿਫਟੀ50 222.45 ਅੰਕ ਡਿੱਗ ਕੇ 25,010.05 ’ਤੇ ਪਹੁੰਚ ਗਿਆ। ਹਾਲਾਂਕਿ, ਸੈਂਸੈਕਸ ਅਤੇ ਨਿਫਟੀ ਦੋਵੇਂ ਬਾਅਦ ਵਿੱਚ ਥੋੜ੍ਹਾ ਜਿਹਾ ਠੀਕ ਹੋ ਗਏ। ਇਸ ਸਮੇਂ ਦੌਰਾਨ, BSE ਮਿਡਕੈਪ ਇੰਡੈਕਸ 2.52 ਫੀਸਦ ਡਿੱਗਿਆ ਅਤੇ ਸਮਾਲਕੈਪ ਇੰਡੈਕਸ 2.74 ਫੀਸਦ ਡਿੱਗਿਆ।
ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ। ਸੈਂਸੈਕਸ ਅੱਠ ਮਹੀਨਿਆਂ ਵਿੱਚ ਆਪਣੀ ਸਭ ਤੋਂ ਵੱਡੇ ਨਿਘਾਰ ਨਾਲ ਬੰਦ ਹੋਇਆ ਅਤੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਲਗਾਤਾਰ ਵਿਕਰੀ ਸਾਫ਼ ਤੌਰ ’ਤੇ ਦਰਸਾਉਂਦੀ ਹੈ ਕਿ ਨਿਵੇਸ਼ਕ ਅਜੇ ਵੀ ਵਿਦੇਸ਼ੀ ਪੂੰਜੀ ਦੀ ਨਿਕਾਸੀ, ਕਮਜ਼ੋਰ ਕਮਾਈ ਅਤੇ ਆਲਮੀ ਬੇਯਕੀਨੀ ਬਾਰੇ ਫ਼ਿਕਰਮੰਦ ਹਨ। ਖਪਤਕਾਰ ਟਿਕਾਊ ਵਸਤਾਂ ਵਿੱਚ 3 ਫੀਸਦ ਦੀ ਗਿਰਾਵਟ ਆਈ, ਅਤੇ ਨਿਫਟੀ ਰਿਆਲਟੀ ਵਿੱਚ 5 ਫੀਸਦ ਤੋਂ ਵੱਧ ਦਾ ਨਿਘਾਰ ਆਇਆ, ਜਦੋਂ ਕਿ ਆਟੋ, ਆਈਟੀ, ਧਾਤ ਅਤੇ ਫਾਰਮਾ ਖੇਤਰ ਕਰੀਬ 2 ਫੀਸਦ ਡਿੱਗ ਗਏ। ਵਿੱਤੀ ਸੇਵਾਵਾਂ ਸੂਚਕ ਅੰਕ 1.16 ਫੀਸਦ ਡਿੱਗਿਆ, ਅਤੇ ਨਿਫਟੀ ਬੈਂਕ 0.81 ਫੀਸਦ ਡਿੱਗ ਗਿਆ।
ਇਹ ਵੀ ਪੜ੍ਹੋਂ: Rupee all-time low: ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ, ਡਾਲਰ ਦੇ ਮੁਕਾਬਲੇ ਕੀਮਤ 91.74
ਭਾਰਤੀ ਸਟਾਕ ਮਾਰਕੀਟ ਕਿਉਂ ਡਿੱਗ ਰਿਹੈ?
1. ਵਪਾਰਕ ਜੰਗ ਤੇ ਭੂ-ਸਿਆਸੀ ਤਣਾਅ ਦਾ ਡਰ
ਨਿਵੇਸ਼ਕ ਬਦਲਦੇ ਆਲਮੀ ਹਾਲਾਤ ਬਾਰੇ ਫਿਕਰਮੰਦ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਅਤੇ ਯੂਰਪੀਅਨ ਯੂਨੀਅਨ ਵਿਰੁੱਧ ਵਪਾਰਕ ਜੰਗ ਮੁੜ ਸ਼ੁਰੂ ਕਰਨ ਦੀ ਧਮਕੀ ਨੇ ਆਲਾਮੀ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਟਰੰਪ ਨੇ ਇਸ ਮੁੱਦੇ ਦਾ ਵਿਰੋਧ ਕਰਨ ਵਾਲੇ ਅੱਠ ਯੂਰਪੀਅਨ ਮੁਲਕਾਂ ’ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਆਲਮੀ ਵਪਾਰ ’ਤੇ ਸੰਭਾਵੀ ਪ੍ਰਭਾਵ ਦਾ ਡਰ ਪੈਦਾ ਹੋ ਗਿਆ ਹੈ।
2. ਕਮਜ਼ੋਰ ਤੇ ਨਿਰਾਸ਼ਾਜਨਕ ਤੀਜੀ ਤਿਮਾਹੀ (Q3) ਦੇ ਨਤੀਜੇ
ਹੁਣ ਤੱਕ ਤੀਜੀ ਤਿਮਾਹੀ ਦੇ ਨਤੀਜੇ ਮਿਲੇ-ਜੁਲੇ ਰਹੇ ਹਨ। ਨਵੇਂ ਕਿਰਤ ਕਾਨੂੰਨਾਂ ਦੇ ਸਾਂਝੇ ਅਸਰ ਨੇ ਬਹੁਤ ਸਾਰੀਆਂ ਕੰਪਨੀਆਂ ਦੇ ਪ੍ਰਦਰਸ਼ਨ ’ਤੇ ਅਸਰ ਪਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੰਕੜੇ ਸਥਿਰ ਹਨ, ਪਰ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਵਧਾਉਣ ਵਾਲੇ ਕੋਈ ਵੱਡੇ ਸਕਾਰਾਤਮਕ ਹੈਰਾਨੀਜਨਕ ਨਤੀਜੇ ਨਹੀਂ ਸਨ।
3. ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਵਿਕਰੀ
ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਲਗਾਤਾਰ ਸ਼ੇਅਰ ਵੇਚ ਰਹੇ ਹਨ। 2 ਜਨਵਰੀ ਨੂੰ ਇੱਕ ਛੋਟੀ ਜਿਹੀ ਖਰੀਦਦਾਰੀ ਨੂੰ ਛੱਡ ਕੇ, FIIs ਨੇ ਇਸ ਮਹੀਨੇ ਹੁਣ ਤੱਕ ਹਰ ਵਪਾਰਕ ਸੈਸ਼ਨ ਵਿੱਚ ਸ਼ੇਅਰ ਵੇਚੇ ਹਨ। ਇਕੱਲੇ ਸੋਮਵਾਰ ਨੂੰ, FIIs ਨੇ 3,262.82 ਕਰੋੜ ਦੇ ਸ਼ੇਅਰ ਵੇਚੇ, ਜਿਸ ਨਾਲ ਬਾਜ਼ਾਰ ’ਤੇ ਕਾਫ਼ੀ ਦਬਾਅ ਪਿਆ।
4. ਸੁਰੱਖਿਅਤ ਪਨਾਹ ਵੱਲ ਸ਼ਿਫਟ
ਭੂ-ਸਿਆਸੀ ਤੇ ਆਰਥਿਕ ਬੇਯਕੀਨੀ ਨਿਵੇਸ਼ਕਾਂ ਨੂੰ ਜੋਖਮ ਭਰੀਆਂ ਸੰਪਤੀਆਂ ਤੋਂ ਦੂਰ ਕਰ ਰਹੀ ਹੈ। ਬਹੁਤ ਸਾਰੇ ਨਿਵੇਸ਼ਕ ਇਕੁਇਟੀ ਵਿੱਚ ਮੁਨਾਫਾ ਬੁੱਕ ਕਰ ਰਹੇ ਹਨ ਅਤੇ ਸੋਨੇ ਅਤੇ ਚਾਂਦੀ ਵਰਗੇ ਸੁਰੱਖਿਅਤ ਪਨਾਹਗਾਹਾਂ ਵੱਲ ਮੁੜ ਰਹੇ ਹਨ। ਸੋਨਾ ਅਤੇ ਚਾਂਦੀ, ਜੋ ਕਿ ਰਿਕਾਰਡ ਉੱਚਾਈ ’ਤੇ ਪਹੁੰਚ ਗਏ ਹਨ, ਅਮਰੀਕੀ ਫੈੱਡ ਦੁਆਰਾ ਵਿਆਜ ਦਰ ਵਿੱਚ ਕਟੌਤੀ, ਟੈਰਿਫ ਜੰਗ ਅਤੇ ਵਿਸ਼ਵਵਿਆਪੀ ਤਣਾਅ ਕਾਰਨ ਨਿਵੇਸ਼ਕਾਂ ਲਈ ਵਧੇਰੇ ਆਕਰਸ਼ਕ ਬਣ ਰਹੇ ਹਨ।
5. ਬਜਟ 2026 ਤੋਂ ਪਹਿਲਾਂ ਸਾਵਧਾਨੀ
ਕੇਂਦਰੀ ਬਜਟ 2026 ਤੋਂ ਪਹਿਲਾਂ ਬਾਜ਼ਾਰ ਵੀ ਚੌਕਸ ਹੈ। ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸਰਕਾਰ ਖਪਤਕਾਰਾਂ ਦੀ ਮੰਗ, ਨੌਕਰੀਆਂ ਦੀ ਸਿਰਜਣਾ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਕਦਮ ਚੁੱਕੇਗੀ। ਹਾਲਾਂਕਿ, ਇਹ ਚਿੰਤਾਵਾਂ ਹਨ ਕਿ ਜੇਕਰ ਸਰਕਾਰ ਵਿੱਤੀ ਘਾਟੇ ਨੂੰ ਘਟਾਉਣ ’ਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ, ਤਾਂ ਇਹ ਸਰਕਾਰੀ ਪੂੰਜੀ ਖਰਚ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨੂੰ ਬਾਜ਼ਾਰ ਲਈ ਇੱਕ ਨਕਾਰਾਤਮਕ ਸੰਕੇਤ ਮੰਨਿਆ ਜਾਂਦਾ ਹੈ।

