DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer : PM ਮੋਦੀ ਨੇ ਭਾਰਤੀਆਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ ਦੀ ਕਿਉਂ ਕੀਤੀ ਅਪੀਲ?

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਨੂੰ ਘੱਟੋ-ਘੱਟ ਇੱਕ ਸਾਲ ਲਈ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਆਲਮੀ ਸੰਕਟ ਦੇ ਵਿਚਕਾਰ, ਸੋਨੇ ਦੀ ਖਰੀਦ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ (foreign exchange reserves) 'ਤੇ ਹੋਰ ਬੋਝ...

  • fb
  • twitter
  • whatsapp
  • whatsapp
featured-img featured-img
(@NarendraModi/YT via PTI Photo)
Advertisement

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਨੂੰ ਘੱਟੋ-ਘੱਟ ਇੱਕ ਸਾਲ ਲਈ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਆਲਮੀ ਸੰਕਟ ਦੇ ਵਿਚਕਾਰ, ਸੋਨੇ ਦੀ ਖਰੀਦ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ (foreign exchange reserves) 'ਤੇ ਹੋਰ ਬੋਝ ਪਾਵੇਗੀ।

ਹੈਦਰਾਬਾਦ ਵਿੱਚ ਭਾਜਪਾ ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਖਰਚੇ ਘਟਾਉਣ ਅਤੇ ਕਿਫਾਇਤੀ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਖਾਣ ਵਾਲੇ ਤੇਲ ਦੀ ਵਰਤੋਂ ਘੱਟ ਕਰਨ, ਸੋਨਾ ਨਾ ਖਰੀਦਣ, ਪੈਟਰੋਲ-ਡੀਜ਼ਲ ਦੀ ਬਚਤ ਕਰਨ ਅਤੇ ਵਿਦੇਸ਼ੀ ਯਾਤਰਾਵਾਂ ਨੂੰ ਕੁਝ ਸਮੇਂ ਲਈ ਟਾਲਣ ਵਰਗੇ ਸੁਝਾਅ ਦਿੱਤੇ ਹਨ। ਇਹ ਅਪੀਲ ਇਸ ਲਈ ਕੀਤੀ ਗਈ ਹੈ ਕਿਉਂਕਿ ਸਰਕਾਰ ਇਸ ਵੇਲੇ ਦੁਨੀਆ ਭਰ ਵਿੱਚ ਚੱਲ ਰਹੇ ਊਰਜਾ ਸੰਕਟ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪੈਦਾ ਹੋਏ ਆਰਥਿਕ ਹਾਲਾਤਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ।

Advertisement

ਭਾਰਤ ਆਪਣਾ ਲਗਪਗ ਸਾਰਾ ਸੋਨਾ ਦਰਾਮਦ (import) ਕਰਦਾ ਹੈ ਅਤੇ ਪਿਛਲੇ ਸਾਲ ਭਾਰਤ ਨੇ ਇਕੱਲੇ ਸੋਨੇ 'ਤੇ 72 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਖਰਚ ਕੀਤੇ, ਜੋ ਕਿ ਪ੍ਰਤੀ ਮਹੀਨਾ ਲਗਪਗ 6 ਬਿਲੀਅਨ ਅਮਰੀਕੀ ਡਾਲਰ ਬਣਦਾ ਹੈ। ਸੋਨਾ ਜਿੱਥੇ ਆਮ ਲੋਕਾਂ ਲਈ ਵਰਤੋਂ ਦੀ ਚੀਜ਼ ਹੈ, ਉੱਥੇ ਹੀ ਇਹ ਦੇਸ਼ ਦੇ ਰਾਖਵੇਂ ਖ਼ਜ਼ਾਨੇ (ਸੰਪਤੀ) ਦਾ ਵੀ ਹਿੱਸਾ ਹੈ। ਸੋਨੇ ਦੇ ਇਨ੍ਹਾਂ ਦੋ ਵੱਖ-ਵੱਖ ਰੂਪਾਂ ਕਾਰਨ ਹਾਲਾਤ ਹੋਰ ਵੀ ਉਲਝ ਜਾਂਦੇ ਹਨ।

Advertisement

ਮਾਰਚ 2026 ਤੱਕ, ਭਾਰਤੀ ਰਿਜ਼ਰਵ ਬੈਂਕ (RBI) ਦੇ ਖ਼ਜ਼ਾਨੇ ਵਿੱਚ ਸੋਨੇ ਦੀ ਮਾਤਰਾ ਵਧ ਕੇ 880 ਟਨ ਤੱਕ ਪਹੁੰਚ ਗਈ ਸੀ। ਇਸ ਵਿੱਚ ਪਿਛਲੇ ਇੱਕ ਸਾਲ ਦੌਰਾਨ ਲੰਡਨ ਤੋਂ ਲਿਆਂਦਾ ਗਿਆ 168 ਟਨ ਸੋਨਾ ਵੀ ਸ਼ਾਮਲ ਹੈ। ਹੁਣ ਭਾਰਤ ਦੇ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੀ ਹਿੱਸੇਦਾਰੀ ਵਧ ਕੇ 16 ਫ਼ੀਸਦੀ ਹੋ ਗਈ ਹੈ, ਜੋ ਕਿ ਪਿਛਲੇ ਸਾਲ ਸਿਰਫ਼ 10 ਫ਼ੀਸਦੀ ਸੀ।

ਇਸ ਤੋਂ ਇਲਾਵਾ, ਤਿਉਹਾਰਾਂ ਅਤੇ ਵਿਆਹਾਂ ਦੇ ਦਿਨਾਂ ਵਿੱਚ ਸੋਨੇ ਦੀ ਖਰੀਦਦਾਰੀ ਆਮ ਨਾਲੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ। ਸੋਨੇ ਦੀ ਇਸ ਵਧਦੀ ਮੰਗ ਕਾਰਨ ਡਾਲਰ ਦੇ ਰੂਪ ਵਿੱਚ ਪੈਸਾ ਦੇਸ਼ ਤੋਂ ਬਾਹਰ ਜਾਂਦਾ ਹੈ, ਜਿਸ ਨਾਲ ਦੇਸ਼ ਦਾ ਦਰਾਮਦ (ਇੰਪੋਰਟ) ਬਿੱਲ ਵੱਧ ਜਾਂਦਾ ਹੈ, ਕਿਉਂਕਿ ਭਾਰਤ ਵਿੱਚ ਜ਼ਿਆਦਾਤਰ ਸੋਨਾ ਦੂਜੇ ਦੇਸ਼ਾਂ ਤੋਂ ਹੀ ਦਰਾਮਦ ਕੀਤਾ ਜਾਂਦਾ ਹੈ।

ਉੱਥੇ ਹੀ ਅਮਰੀਕਾ-ਇਰਾਨ ਟਕਰਾਅ ਕਾਰਨ ਆਲਮੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਅਸਥਿਰ ਰਹੀਆਂ ਹਨ। ਪੱਛਮੀ ਏਸ਼ੀਆ ਵਿੱਚ ਜੰਗਬੰਦੀ ਦੀ ਹਰ ਕੋਸ਼ਿਸ਼ ਅਤੇ ਟਕਰਾਅ ਦੇ ਨਾਲ ਬੁਲੀਅਨ ਮਾਰਕੀਟ (ਸੋਨਾ-ਚਾਂਦੀ ਬਾਜ਼ਾਰ) ਵਿੱਚ ਵੱਡੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ।

'ਟ੍ਰੇਡਿੰਗ ਇਕਨਾਮਿਕਸ' ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਕੋਲ ਲਗਪਗ 690.69 ਬਿਲੀਅਨ ਅਮਰੀਕੀ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ। ਆਰ ਬੀ ਆਈ (RBI) ਦੇ ਅੰਕੜਿਆਂ ਅਨੁਸਾਰ, ਫਰਵਰੀ ਵਿੱਚ ਭੰਡਾਰ ਵਧ ਕੇ ਲਗਪਗ 728 ਬਿਲੀਅਨ ਡਾਲਰ ਹੋ ਗਿਆ ਸੀ ਪਰ ਦੁਨੀਆ ਭਰ ਵਿੱਚ ਵਧਦੀ ਅਨਿਸ਼ਚਿਤਤਾ ਕਾਰਨ ਇਹ ਅਪਰੈਲ ਵਿੱਚ ਘਟ ਕੇ ਲਗਪਗ 691 ਬਿਲੀਅਨ ਡਾਲਰ ਰਹਿ ਗਿਆ।

ਆਈ ਐੱਮ ਐੱਫ (IMF) ਦੇ ਅੰਦਾਜ਼ੇ ਮੁਤਾਬਕ, ਸਾਲ 2026 ਵਿੱਚ ਭਾਰਤ ਦਾ ਚਾਲੂ ਖਾਤਾ ਘਾਟਾ (CAD) ਵਧ ਕੇ 84.5 ਬਿਲੀਅਨ ਡਾਲਰ ਹੋ ਸਕਦਾ ਹੈ, ਜੋ ਕਿ ਦੇਸ਼ ਦੀ ਕੁੱਲ ਜੀ ਡੀ ਪੀ (GDP) ਦਾ ਲਗਪਗ 2 ਫੀਸਦੀ ਬਣਦਾ ਹੈ। ਇਸ ਘਾਟੇ ਦੇ ਵਧਣ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਆਉਣ ਵਾਲੇ ਪੈਸੇ ਦੇ ਮੁਕਾਬਲੇ ਦੇਸ਼ ਵਿੱਚੋਂ ਬਾਹਰ ਜਾਣ ਵਾਲਾ ਪੈਸਾ ਜ਼ਿਆਦਾ ਹੈ।

ਇਸ ਵਿੱਤੀ ਘਾਟੇ ਦਾ ਇੱਕ ਵੱਡਾ ਕਾਰਨ ਸੋਨਾ ਹੈ। ਵਿੱਤੀ ਸਾਲ 2026 ਵਿੱਚ, ਭਾਰਤ ਨੇ 72 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਸੋਨਾ ਦਰਾਮਦ ਕੀਤਾ ਹੈ, ਜੋ ਕਿ ਪਿਛਲੇ ਸਾਲ ਨਾਲੋਂ 24 ਫ਼ੀਸਦੀ ਜ਼ਿਆਦਾ ਹੈ।

ਦੁਨੀਆ ਵਿੱਚ ਚੱਲ ਰਹੇ ਰਾਜਸੀ ਸੰਕਟਾਂ ਦੌਰਾਨ ਸੋਨੇ ਨੂੰ ਆਮ ਤੌਰ 'ਤੇ ਇੱਕ "ਸੁਰੱਖਿਅਤ" ਨਿਵੇਸ਼ ਮੰਨਿਆ ਜਾਂਦਾ ਹੈ, ਇਹੀ ਕਾਰਨ ਹੈ ਕਿ ਜੰਗ ਜਾਂ ਅਨਿਸ਼ਚਿਤਤਾ ਦੇ ਸਮੇਂ ਨਿਵੇਸ਼ਕ ਸੋਨਾ ਖਰੀਦਣ ਨੂੰ ਪਹਿਲ ਦਿੰਦੇ ਹਨ।

ਹਾਲਾਂਕਿ, ਮੌਜੂਦਾ ਟਕਰਾਅ ਹਾਲਾਤਾਂ ਨੂੰ ਹੋਰ ਗੁੰਝਲਦਾਰ ਬਣਾ ਰਿਹਾ ਹੈ ਕਿਉਂਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਸ਼ਵ ਭਰ ਵਿੱਚ ਲੰਮੇ ਸਮੇਂ ਤੱਕ ਰਹਿਣ ਵਾਲੀ ਮਹਿੰਗਾਈ ਅਤੇ ਵਧੀਆਂ ਵਿਆਜ ਦਰਾਂ ਬਾਰੇ ਚਿੰਤਾਵਾਂ ਨੂੰ ਵੀ ਵਧਾ ਰਹੀਆਂ ਹਨ।

Advertisement
×