EXPLAINER: ਕੌਣ ਸੀ ਅਲੀ ਲਾਰੀਜਾਨੀ (Ali Larijani) ? ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨ ਦੀ ਚੋਟੀ ਦੇ ਅਧਿਕਾਰੀ
EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ ਅਲੀ ਲਾਰੀਜਾਨੀ (67) ਦੀ ਮੌਤ ਹੋ ਗਈ। ਇਰਾਨੀ ਅਧਿਕਾਰੀਆਂ ਨੇ...
EXPLAINER: ਪੱਛਮੀ ਏਸ਼ੀਆ ਵਿੱਚ ਵਧਦੀ ਜੰਗ ਦੇ ਦਰਮਿਆਨ ਇਰਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਜ਼ਰਾਈਲੀ ਹਮਲੇ ਵਿੱਚ ਦੇਸ਼ ਦੇ ਕੱਦਵਾਰ ਨੇਤਾ ਅਤੇ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ ਅਲੀ ਲਾਰੀਜਾਨੀ (67) ਦੀ ਮੌਤ ਹੋ ਗਈ। ਇਰਾਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਉਨ੍ਹਾਂ ਦਾ ਪੁੱਤਰ ਮੁਰਤਜ਼ਾ ਲਾਰੀਜਾਨੀ ਵੀ ਮਾਰਿਆ ਗਿਆ ਹੈ।
ਪਿਛਲੇ ਮਹੀਨੇ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਵਿੱਚ ਇਰਾਨ ਦੇ ਸਰਵਉੱਚ ਰਹਿਬਰ (ਸੁਪਰੀਮ ਲੀਡਰ) ਦੀ ਮੌਤ ਤੋਂ ਬਾਅਦ, ਲਾਰੀਜਾਨੀ ਨੂੰ ਹੀ ਦੇਸ਼ ਦਾ ਅਣ-ਅਧਿਕਾਰਤ ਮੁਖੀ ਮੰਨਿਆ ਜਾ ਰਿਹਾ ਸੀ। ਹਾਲਾਂਕਿ ਸ਼ੀਆ ਧਰਮ ਗੁਰੂ ਨਾ ਹੋਣ ਕਰਕੇ ਉਹ ਰਸਮੀ ਤੌਰ ’ਤੇ ਸਰਵਉੱਚ ਰਹਿਬਰ ਨਹੀਂ ਬਣ ਸਕਦੇ ਸਨ, ਪਰ ਮੰਨਿਆ ਜਾਂਦਾ ਹੈ ਕਿ ਇਰਾਨੀ ਲੀਡਰਸ਼ਿਪ ਦੇ ਰੂਪੋਸ਼ ਹੋਣ ਤੋਂ ਬਾਅਦ ਸਾਰਾ ਸ਼ਾਸਨ ਉਹੀ ਚਲਾ ਰਹੇ ਸਨ। ਉਹ ਪਰਮਾਣੂ ਵਾਰਤਾਵਾਂ ਵਿੱਚ ਸਵਰਗੀ ਆਇਤੁੱਲਾ ਖਮੇਨੇਈ ਦੇ ਮੁੱਖ ਸਲਾਹਕਾਰ ਵੀ ਰਹੇ ਸਨ।
ਸਿਆਸੀ ਪਿਛੋਕੜ ਅਤੇ ਸਖ਼ਤ ਰੁਖ
ਲਾਰੀਜਾਨੀ ਇਰਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਸ ਦੀ ਤੁਲਨਾ ਅਮਰੀਕਾ ਦੇ ‘ਕੇਨੇਡੀ ਪਰਿਵਾਰ6 ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੇ ਇੱਕ ਭਰਾ ਸਾਬਕਾ ਨਿਆਂਪਾਲਿਕਾ ਮੁਖੀ ਅਤੇ ਦੂਜੇ ਭਰਾ ਸੀਨੀਅਰ ਡਿਪਲੋਮੈਟ ਰਹਿ ਚੁੱਕੇ ਹਨ।
ਲਾਰੀਜਾਨੀ ਦਾ ਸਿਆਸੀ ਸਫ਼ਰ ਕਾਫ਼ੀ ਲੰਬਾ ਰਿਹਾ:
1990 ਦਾ ਦਹਾਕਾ: ਸੱਭਿਆਚਾਰ ਮੰਤਰੀ ਵਜੋਂ ਸੈਂਸਰਸ਼ਿਪ ਨੂੰ ਸਖ਼ਤ ਕੀਤਾ।
2008-2020: ਲਗਾਤਾਰ 12 ਸਾਲ ਇਰਾਨੀ ਸੰਸਦ (ਮਜਲਿਸ) ਦੇ ਸਪੀਕਰ ਰਹੇ।
ਹਾਲੀਆ ਭੂਮਿਕਾ: ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਮੁਖੀ।
ਟਰੰਪ ਨਾਲ ਟਕਰਾਅ
ਸਿਰਫ਼ ਇੱਕ ਹਫ਼ਤਾ ਪਹਿਲਾਂ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰਮੁਜ਼ ਜਲਡਮਰੂ ਮੱਧ ਵਿੱਚ ਤੇਲ ਦੀ ਸਪਲਾਈ ਰੋਕਣ ’ਤੇ ਇਰਾਨ ਨੂੰ ‘ਵੀਹ ਗੁਣਾ ਸਖ਼ਤ’ ਹਮਲੇ ਦੀ ਧਮਕੀ ਦਿੱਤੀ ਸੀ, ਤਾਂ ਲਾਰੀਜਾਨੀ ਨੇ ਸੋਸ਼ਲ ਮੀਡੀਆ ਐਕਸ ’ਤੇ ਜਵਾਬ ਦਿੱਤਾ ਸੀ। ਉਨ੍ਹਾਂ ਲਿਖਿਆ ਸੀ, “ ਇਰਾਨੀ ਕੌਮ ਤੁਹਾਡੀਆਂ ਖੋਖਲੀਆਂ ਧਮਕੀਆਂ ਤੋਂ ਨਹੀਂ ਡਰਦੀ... ਸਾਵਧਾਨ ਰਹੋ ਕਿ ਕਿਤੇ ਤੁਸੀਂ ਖ਼ੁਦ ਹੀ ਖ਼ਤਮ ਨਾ ਹੋ ਜਾਵੋ।”
ਉਹ ਸਿਆਸਤਦਾਨ ਹੋਣ ਦੇ ਨਾਲ-ਨਾਲ ਲਾਰੀਜਾਨੀ ਇੱਕ ਬੁੱਧੀਜੀਵੀ ਵੀ ਸਨ। ਉਨ੍ਹਾਂ ਨੇ ਫਲਸਫੇ (Philosophy) ’ਤੇ ਛੇ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਵਿੱਚੋਂ ਤਿੰਨ ਕਿਤਾਬਾਂ ਜਰਮਨ ਦਾਰਸ਼ਨਿਕ ਇਮੈਨੁਅਲ ਕਾਂਟ ਦੇ ਕੰਮ ’ਤੇ ਆਧਾਰਿਤ ਸਨ। ਹਾਲਾਂਕਿ, ਜਨਵਰੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਸਖ਼ਤੀ ਨਾਲ ਕੁਚਲਣ ਵਿੱਚ ਉਨ੍ਹਾਂ ਦੀ ਭੂਮਿਕਾ ਕਾਰਨ ਉਹ ਕੌਮਾਂਤਰੀ ਪੱਧਰ ’ਤੇ ਪਾਬੰਦੀਆਂ ਦਾ ਸਾਹਮਣਾ ਵੀ ਕਰ ਰਹੇ ਸਨ।

