DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer ਕੌਣ ਹੈ ਗੋਲਡੀ ਬਰਾੜ, ਮੁਹਾਲੀ ਕੋਰਟ ਦੇ ਬਾਹਰ ਕਤਲ ਨਾਲ ਉਸ ਦਾ ਕੀ ਸਬੰਧ ਹੈ?

ਭਗੌੜਾ ਅਤਿਵਾਦੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਆਪਣੇ ਉਮਰ ਦੇ 30ਵਿਆਂ ਦੇ ਸ਼ੁਰੂ ਵਿੱਚ ਸੋਸ਼ਲ ਮੀਡੀਆ ’ਤੇ ਜਾਰੀ ਕਥਿਤ ਆਡੀਓ ਕਲਿੱਪ ਰਾਹੀਂ ਮੁੜ ਸੁਰਖੀਆਂ ਵਿੱਚ ਆਇਆ ਹੈ। ਇਸ ਕਲਿੱਪ ਵਿਚ ਗੋਲਡੀ...

  • fb
  • twitter
  • whatsapp
  • whatsapp
Advertisement

ਭਗੌੜਾ ਅਤਿਵਾਦੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਆਪਣੇ ਉਮਰ ਦੇ 30ਵਿਆਂ ਦੇ ਸ਼ੁਰੂ ਵਿੱਚ ਸੋਸ਼ਲ ਮੀਡੀਆ ’ਤੇ ਜਾਰੀ ਕਥਿਤ ਆਡੀਓ ਕਲਿੱਪ ਰਾਹੀਂ ਮੁੜ ਸੁਰਖੀਆਂ ਵਿੱਚ ਆਇਆ ਹੈ। ਇਸ ਕਲਿੱਪ ਵਿਚ ਗੋਲਡੀ ਬਰਾੜ ਨੇ ਬੁੱਧਵਾਰ ਦੁਪਹਿਰ ਨੂੰ ਮੁਹਾਲੀ ਅਦਾਲਤ ਦੇ ਬਾਹਰ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਗੁਰਵਿੰਦਰ 2020 ਵਿੱਚ ਵਿਦਿਆਰਥੀ ਆਗੂ ਗੁਰਲਾਲ ਬਰਾੜ, ਜੋ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ, ਦੇ ਕਤਲ ਕੇਸ ਵਿਚ ਮੁਲਜ਼ਮ ਸੀ।

ਚੰਡੀਗੜ੍ਹ ਨਾਲ ਲੱਗਦੇ ਮੁਹਾਲੀ ਸ਼ਹਿਰ ਵਿੱਚ ਬਾਅਦ ਦੁਪਹਿਰ ਹੋਏ ਇਸ ਸਨਸਨੀਖੇਜ਼ ਕਤਲ ਨੇ ਪੂਰੇ ਪੰਜਾਬ ਨੂੰ ਸੁੰਨ ਕਰ ਦਿੱਤਾ। ਕਤਲ ਦੀ ਇਹ ਵਾਰਦਾਤ ਅਜਿਹੇ ਮੌਕੇ ਹੋਈ ਹੈ ਜਦੋਂ ਪੰਜਾਬ ਪੁਲੀਸ ਨੇ ਸੂਬੇ ਵਿਚ ‘ਗੈਂਗਸਟਰਾਂ ਤੇ ਵਾਰ’ ਨਾਂ ਦੀ ਮੁਹਿੰਮ ਵਿੱਢੀ ਹੋਈ ਹੈ। ਗੋਲਡੀ ਬਰਾੜ ਭਾਰਤ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ, ਜਿਸ ਵਿੱਚ ਕਤਲ, ਜਬਰੀ ਵਸੂਲੀ ਅਤੇ ਸੰਗਠਿਤ ਅਪਰਾਧ ਸ਼ਾਮਲ ਹਨ।

Advertisement

ਗੋਲਡੀ ਬਰਾੜ 2022 ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਕੌਮੀ ਸੁਰਖੀਆਂ ਵਿੱਚ ਆਇਆ। ਉਦੋਂ ਉਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਦਾਅਵਾ ਕੀਤਾ। ਉਦੋਂ ਤੋਂ ਉਸ ਦਾ ਨਾਮ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਗਿਣਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ(Target killings), ਧਮਕੀਆਂ ਅਤੇ ਜਬਰੀ ਵਸੂਲੀ ਦੇ ਰੈਕੇਟ ਨਾਲ ਜੁੜੇ ਮਾਮਲਿਆਂ ਵਿੱਚ ਵਾਰ-ਵਾਰ ਸਾਹਮਣੇ ਆਇਆ ਹੈ।

Advertisement

ਵਿਦੇਸ਼ ਤੋਂ ਕੰਮ ਕਰਦੇ ਗੋਲਡੀ ’ਤੇ ਮੁਕਾਮੀ ਨਿਸ਼ਾਨੇਬਾਜ਼ਾਂ ਰਾਹੀਂ ਅਪਰਾਧਾਂ ਨੂੰ ਅੰਜਾਮ ਦੇਣ ਅਤੇ ਜ਼ਿੰਮੇਵਾਰੀ ਲੈਣ ਅਤੇ ਵਿਰੋਧੀਆਂ ਨੂੰ ਧਮਕੀ ਦੇਣ ਲਈ ਅਕਸਰ ਆਡੀਓ ਸੁਨੇਹੇ ਜਾਰੀ ਕਰਨ ਦਾ ਦੋਸ਼ ਹੈ। ਕੇਂਦਰ ਸਰਕਾਰ ਨੇ ਉਸ ਨੂੰ 2024 ਵਿੱਚ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (UAPA) ਤਹਿਤ ਅਤਿਵਾਦੀ ਨਾਮਜ਼ਦ ਕੀਤਾ ਸੀ।

ਮੁਹਾਲੀ ਪ੍ਰਸ਼ਾਸਕੀ ਕੰਪਲੈਕਸ ਦੇ ਬਾਹਰ ਬੁੱਧਵਾਰ ਨੂੰ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲੀਸ ਮੁਲਾਜ਼ਮ। ਫੋਟੋ: ਵਿੱਕੀ ਘਾਰੂ

ਗੋਲਡੀ ਤੇ ਕੁਝ ਹੋਰਨਾਂ ਨੌਜਵਾਨਾਂ ਖਿਲਾਫ਼ ਅਗਸਤ 2014 ਵਿੱਚ ਮੁਕਤਸਰ ਦੇ ਸਰਕਾਰੀ ਕਾਲਜ ਦੇ ਬਾਹਰ ਨੌਜਵਾਨ ਦੇ ਕਤਲ ਲਈ ਮਾਮਲਾ ਦਰਜ ਕੀਤਾ ਗਿਆ ਸੀ। ਉਦੋਂ ਤੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਬਣ ਗਿਆ। ਬਿਸ਼ਨੋਈ ਨੇ ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਵੀ ਧਮਕੀ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਗੋਲਡੀ ਅਤੇ ਲਾਰੈਂਸ ਦੋਵੇਂ ਹਾਲ ਹੀ ਵਿੱਚ ਵੱਖ ਹੋ ਗਏ ਹਨ। ਗੋਲਡੀ, ਜੋ ਸਾਬਕਾ ਵਿਦਿਆਰਥੀ ਆਗੂ ਸੀ, ਕਦੇ ਕੁਝ ਅਕਾਲੀ ਆਗੂਆਂ ਦੇ ਨੇੜੇ ਸੀ ਅਤੇ ਉਨ੍ਹਾਂ ਨਾਲ ਉਸਦੀਆਂ ਤਸਵੀਰਾਂ ਅਜੇ ਵੀ ਸੋਸ਼ਲ ਮੀਡੀਆ ’ਤੇ ਉਪਲਬਧ ਹਨ। ਗੋਲਡੀ ਨੂੰ ਸ਼ੁਰੂ ਵਿੱਚ ਉਸ ਦੇ ਕੋਡ ਨਾਮ ‘ਡਾਕਟਰ’ ਨਾਲ ਜਾਣਿਆ ਜਾਂਦਾ ਸੀ।

ਇਹ ਵੀ ਪੜ੍ਹੋ: ਗੋਲਡੀ ਬਰਾੜ ਦੀ ਕਥਿਤ ਆਡੀਓ ਸਾਹਮਣੇ ਆਈ, ਸੂਬਾ ਸਰਕਾਰ ਤੇ ਪੁਲੀਸ ਨੂੰ ਚੇਤਾਵਨੀ

ਗੋਲਡੀ ਦੇ ਪਿਤਾ ਸ਼ਮਸ਼ੇਰ ਸਿੰਘ ਪੁਲੀਸ ਵਿੱਚ ਸਹਾਇਕ ਸਬ-ਇੰਸਪੈਕਟਰ ਸਨ, ਪਰ ਮੁਕਤਸਰ ਜ਼ਿਲ੍ਹੇ ਵਿੱਚ ਇੱਕ ਕਤਲ ਕੇਸ ਵਿੱਚ ਉਸ ਦੀ ਕਥਿਤ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ 2021 ਵਿੱਚ ਉਨ੍ਹਾਂ ਨੂੰ ਜਬਰੀ ਸੇਵਾਮੁਕਤੀ ਦੇ ਦਿੱਤੀ ਗਈ ਸੀ। ਉਸ ਦੇ ਪਿਤਾ ਅਤੇ ਮਾਤਾ ਪ੍ਰਿਤਪਾਲ ਕੌਰ ਇਸ ਸਮੇਂ 2024 ਦੇ ਇੱਕ ਜਬਰੀ ਵਸੂਲੀ ਮਾਮਲੇ ਵਿੱਚ ਮੁਕਤਸਰ ਪੁਲੀਸ ਦੀ ਹਿਰਾਸਤ ਵਿੱਚ ਹਨ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਚੁੱਕਿਆ ਸੀ ਉਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ - ਜਿਸ ਦਾ ਜ਼ਿਕਰ ਗੋਲਡੀ ਬਰਾੜ ਨੇ ਆਪਣੀ ਕਥਿਤ ਆਡੀਓ ਕਲਿੱਪ ਵਿੱਚ ਵੀ ਕੀਤਾ ਹੈ।

ਮੁਹਾਲੀ ਕੋਰਟ ਦੇ ਬਾਹਰ ਕਤਲ

ਸੋਸ਼ਲ ਮੀਡੀਆ ’ਤੇ ਜਾਰੀ 4 ਮਿੰਟ-14 ਸਕਿੰਟ ਦੀ ਆਡੀਓ ਕਲਿੱਪ (ਜੋ ਪੰਜਾਬੀ ਵਿੱਚ ਹੈ) ਵਿਚ ਖ਼ੁਦ ਨੂੰ ਗੋਲਡੀ ਬਰਾੜ ਦੱਸਣ ਵਾਲੇ ਨੇ ਨਾ ਸਿਰਫ਼ ਗੁਰਵਿੰਦਰ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ, ਸਗੋਂ ਇਹ ਦੋਸ਼ ਵੀ ਲਗਾਇਆ ਕਿ ਪੁਲੀਸ ਨੇ ਗੁਰਲਾਲ ਕਤਲ ਕੇਸ ਦੀ ਨਿਰਪੱਖ ਜਾਂਚ ਨਹੀਂ ਕੀਤੀ। ਗੋਲਡੀ ਦੀ ਕਥਿਤ ਆਵਾਜ਼ ਵਾਲੀ ਇਸ ਵੀਡੀਓ ਕਲਿੱਪ ਵਿਚ ਦੂਜਿਆਂ ਨੂੰ ਚੇਤਾਵਨੀ ਦਿੱਤੀ ਗਈ ਜੇਕਰ ਉਹ ਉਸ ਨੂੰ ਚੁਣੌਤੀ ਦਿੰਦੇ ਰਹੇ ਤਾਂ ਉਨ੍ਹਾਂ ਦਾ ਵੀ ਇਹੀ ਹਾਲ ਹੋਵੇਗਾ। ‘ਗੋਲਡੀ ਬਰਾੜ ਰੋਹਿਤ ਗੋਦਾਰਾ’ ਸਿਰਲੇਖ ਵਾਲੇ ਇੱਕ ਪੇਜ ਤੋਂ ਫੇਸਬੁੱਕ ਪੋਸਟ ਵੀ ਆਈ, ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ ਅਤੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਿਆ ਗਿਆ।

ਪਹਿਲਾਂ ਵੀ ਗੋਲਡੀ ਦੇ ਕਈ ਆਡੀਓ ਤੇ ਫੇਸਬੁੱਕ ਪੋਸਟ ਸਾਹਮਣੇ ਆਏ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੋਲਡੀ ਨੇ ਫੇਸਬੁੱਕ ਪੋਸਟ ਜਾਂ ਆਡੀਓ ਸੰਦੇਸ਼ ਰਾਹੀਂ ਕਿਸੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪਹਿਲਾਂ ਵੀ, ਅਜਿਹੇ ਕਈ ਆਡੀਓ ਅਤੇ ਫੇਸਬੁੱਕ ਪੋਸਟ ਸਾਹਮਣੇ ਆ ਚੁੱਕੇ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਡੀਓ ਕਲਿੱਪ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੁਨੇਹੇ ਅਕਸਰ ਡਰ ਪੈਦਾ ਕਰਨ, ਗਰੋਹ ਦੇ ਦਬਦਬੇ ਦਾ ਦਾਅਵਾ ਕਰਨ ਅਤੇ ਵਿਰੋਧੀਆਂ ਨੂੰ ਚੇਤਾਵਨੀਆਂ ਭੇਜਣ ਲਈ ਜਾਰੀ ਕੀਤੇ ਜਾਂਦੇ ਹਨ।

Advertisement
×