DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: ਅਮਰੀਕਾ ਨਾਲ ਗੱਲਬਾਤ ਵਿਚਾਲੇ Cuba ਦਾ ਭਵਿੱਖ ਤੈਅ ਕਰਨ ਵਾਲੇ 'ਖਿਡਾਰੀ' ਕੌਣ ਹਨ?

ਕਿਊੂਬਾ ਉੱਤੇ ਹਮਲਾ ਕਰਨ ਦੀ ਧਮਕੀ ਦੇ ਚੁੱਕੇ ਹਨ ਅਮਰੀਕੀ ਰਾਸ਼ਟਰਪਤੀ

  • fb
  • twitter
  • whatsapp
  • whatsapp
Advertisement

Explainer: ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਅਤੇ ਵੈਨੇਜ਼ੁਏਲਾ ਤੋਂ ਬਾਅਦ ਹੁਣ ਕਿਊਬਾ ਦੀ ਵਾਰੀ ਹੈ। ਹਾਲਾਂਕਿ ਅਮਰੀਕਾ ਅਤੇ ਕਿਊਬਾ ਨੇ ਭਾਰੀ ਤਣਾਅ ਦੇ ਬਾਵਜੂਦ ਆਪਸੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਊਬਾ ਦੀ ਤੇਲ ਸਪਲਾਈ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਕਾਰਨ ਕਿਊਬਾ ਦੀ ਕਮਿਊਨਿਸਟ ਸਰਕਾਰ 'ਤੇ ਸਮਝੌਤਾ ਕਰਨ ਲਈ ਦਬਾਅ ਬਹੁਤ ਵਧ ਗਿਆ ਹੈ।

ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ ਚਾਹੁੰਦੇ ਹਨ ਕਿ ਅਮਰੀਕਾ ਨਾਲ ਗੱਲਬਾਤ ਬਰਾਬਰੀ ਅਤੇ ਇੱਜ਼ਤ ਨਾਲ ਹੋਵੇ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਕਈ ਵਾਰ ਧਮਕੀ ਦਿੱਤੀ ਹੈ ਕਿ ਉਹ ਆਪਣੇ ਗੁਆਂਢੀ ਦੇਸ਼ ਕਿਊਬਾ ਨਾਲ ਜੋ ਚਾਹੁਣ ਕਰ ਸਕਦੇ ਹਨ, ਭਾਵੇਂ ਉਹ ਇੱਕ ਆਜ਼ਾਦ ਦੇਸ਼ ਹੀ ਕਿਉਂ ਨਾ ਹੋਵੇ।

Advertisement

ਟਰੰਪ ਪ੍ਰਸ਼ਾਸਨ ਦੇ ਸੂਤਰਾਂ ਨੇ ਮੀਡੀਆ ਨੂੰ ਜਾਣਕਾਰੀ ਲੀਕ ਕੀਤੀ ਹੈ ਕਿ ਕਿਸੇ ਕਿਸਮ ਦਾ ਸੌਦਾ ਹੋ ਸਕਦਾ ਹੈ। 'ਦਿ ਨਿਊਯਾਰਕ ਟਾਈਮਜ਼' ਮੁਤਾਬਕ ਅਮਰੀਕਾ ਚਾਹੁੰਦਾ ਹੈ ਕਿ ਕਿਊਬਾ ਦੇ ਰਾਸ਼ਟਰਪਤੀ ਡਿਆਜ਼-ਕਾਨੇਲ ਆਪਣੀ ਕੁਰਸੀ ਛੱਡ ਦੇਣ। ਇਸ ਦੇ ਬਦਲੇ ਅਮਰੀਕਾ ਨੇ ਲਾਲਚ ਦਿੱਤਾ ਹੈ ਕਿ ਉਹ ਕਿਊਬਾ 'ਤੇ ਲਗਾਈਆਂ ਪਾਬੰਦੀਆਂ ਹਟਾ ਦੇਵੇਗਾ ਅਤੇ ਕਾਸਤਰੋ ਪਰਿਵਾਰ 'ਤੇ ਕੋਈ ਕਾਰਵਾਈ ਨਹੀਂ ਕਰੇਗਾ।

Advertisement

ਉਹ ਖਿਡਾਰੀ ਜਿਨ੍ਹਾਂ ਦਾ ਕਮਿਊਨਿਸਟ ਸ਼ਾਸਤ ਦੇਸ਼ ਦੇ ਭਵਿੱਖ 'ਤੇ ਪੈ ਸਕਦਾ ਹੈ ਸਭ ਤੋਂ ਵੱਧ ਪ੍ਰਭਾਵ  :

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ

ਡੋਨਲਡ ਟਰੰਪ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਕਿਊਬਾ ਨੂੰ ਕਈ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਕਿਊਬਾ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਰਾਨ 'ਤੇ ਹਮਲਾ ਕਰਨ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਉਹ ਕਿਊਬਾ ਨਾਲ ਗੱਲ ਤਾਂ ਕਰ ਰਹੇ ਹਨ ਪਰ ਪਹਿਲਾਂ ਉਹ ਇਰਾਨ ਦਾ ਮੁੱਦਾ ਨਿਬੇੜਨਗੇ। ਹਾਲਾਂਕਿ, ਅਮਰੀਕੀ ਫੌਜ ਦੇ ਵੱਡੇ ਜਨਰਲ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਅਮਰੀਕੀ ਫੌਜ ਕਿਊਬਾ 'ਤੇ ਹਮਲਾ ਕਰਨ ਜਾਂ ਉਸ ਨੂੰ ਹੜੱਪਣ ਦੀ ਕੋਈ ਤਿਆਰੀ ਨਹੀਂ ਕਰ ਰਹੀ।

ਰਿਪੋਰਟਾਂ ਮੁਤਾਬਕ ਅਮਰੀਕਾ ਕਿਊਬਾ ਵਿੱਚ ਵੀ ਉਹੀ ਕੁਝ ਕਰਨਾ ਚਾਹੁੰਦਾ ਹੈ ਜੋ ਉਸ ਨੇ ਵੈਨੇਜ਼ੁਏਲਾ ਵਿੱਚ ਕੀਤਾ ਸੀ। ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜ ਨੇ 3 ਜਨਵਰੀ ਨੂੰ ਇੱਕ ਅਪਰੇਸ਼ਨ ਕਰਕੇ ਉੱਥੋਂ ਦੇ ਰਾਸ਼ਟਰਪਤੀ ਮਾਦੁਰੋ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉੱਥੇ ਕੋਈ ਨਵੀਂ ਵਿਰੋਧੀ ਸਰਕਾਰ ਬਣਾਉਣ ਦੀ ਬਜਾਏ ਟਰੰਪ ਨੇ ਪੁਰਾਣੀ ਸਰਕਾਰ ਦੇ ਹੀ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਮਾਦੁਰੋ ਦੇ ਜਾਣ ਤੋਂ ਬਾਅਦ ਸੱਤਾ ਸੰਭਾਲੀ ਸੀ। ਦੂਜੇ ਪਾਸੇ ਅਮਰੀਕੀ ਫੌਜਾਂ ਮਾਦੁਰੋ ਨੂੰ ਆਪਣੇ ਨਾਲ ਲੈ ਗਈਆਂ ਸਨ।

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਜੋ ਕਿ ਖੁਦ ਇੱਕ ਕਿਊਬਨ-ਅਮਰੀਕੀ ਹਨ ਅਤੇ ਕਿਊਬਾ ਨਾਲ ਹੋ ਰਹੀ ਗੱਲਬਾਤ ਦੀ ਅਗਵਾਈ ਕਰ ਰਹੇ ਹਨ। ਰੂਬੀਓ 2028 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਰੂਬੀਓ ਮਿਆਮੀ ਵਿੱਚ ਜਨਮੇ ਅਤੇ ਅਜਿਹੇ ਮਾਹੌਲ ਵਿੱਚ ਪਲੇ ਹਨ ਜਿੱਥੇ ਕਿਊਬਾ ਦੀ ਕਮਿਊਨਿਸਟ ਸਰਕਾਰ ਨੂੰ ਨਫ਼ਰਤ ਨਾਲ ਦੇਖਿਆ ਜਾਂਦਾ ਹੈ। ਇਸ ਲਈ ਜੇਕਰ ਕੋਈ ਅਜਿਹਾ ਸਮਝੌਤਾ ਹੁੰਦਾ ਹੈ ਜਿਸ ਵਿੱਚ ਕਿਊਬਾ ਦੀ ਕਮਿਊਨਿਸਟ ਪਾਰਟੀ ਸੱਤਾ ਵਿੱਚ ਬਣੀ ਰਹਿੰਦੀ ਹੈ ਜਾਂ ਕਾਸਤਰੋ ਪਰਿਵਾਰ ਨੂੰ ਕੋਈ ਸਜ਼ਾ ਨਹੀਂ ਮਿਲਦੀ ਤਾਂ ਫਲੋਰਿਡਾ ਵਿੱਚ ਰਹਿਣ ਵਾਲੇ ਕਿਊਬਨ ਮੂਲ ਦੇ ਲੋਕ ਇਸ ਦਾ ਸਖ਼ਤ ਵਿਰੋਧ ਕਰਨਗੇ।

ਪਰ ਜੇ ਰੂਬੀਓ ਦੀ ਯੋਜਨਾ ਕਿਊਬਾ ਦੀ ਸਰਕਾਰ ਨੂੰ ਧੱਕੇ ਨਾਲ ਹਟਾਉਣ ਦੀ ਹੈ ਤਾਂ ਇਸ ਨਾਲ ਹਿੰਸਾ ਅਤੇ ਵੱਡੇ ਪੱਧਰ 'ਤੇ ਕਿਊਬਾ ਦੇ ਪ੍ਰਵਾਸ ਦੀ ਸੰਭਾਵਨਾ ਪੈਦਾ ਹੋਵੇਗੀ। ਇੱਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਮੌਜੂਦਾ ਕਿਊਬਾ ਸਰਕਾਰ ਨਸ਼ਿਆਂ ਦੀ ਤਸਕਰੀ ਰੋਕਣ ਵਿੱਚ ਅਮਰੀਕਾ ਦੀ ਮਦਦ ਕਰਦੀ ਹੈ। ਜੇਕਰ ਇਹ ਸਰਕਾਰ ਅਚਾਨਕ ਹਟ ਗਈ ਤਾਂ ਅਪਰਾਧਿਕ ਗੈਂਗਾਂ ਨੂੰ ਖੁੱਲ੍ਹ ਮਿਲ ਜਾਵੇਗੀ, ਜੋ ਅਮਰੀਕਾ ਦੇ ਬਹੁਤ ਨੇੜੇ ਹੋਣ ਕਾਰਨ ਉੱਥੋਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਹਨ।

ਰਾਉਲ ਕਾਸਤਰੋ

94 ਸਾਲ ਰਾਉਲ ਕਾਸਤਰੋ ਨੇ 1959 ਦੀ ਕ੍ਰਾਂਤੀ ਵਿੱਚ ਆਪਣੇ ਵੱਡੇ ਭਰਾ ਫਿਦੇਲ ਕਾਸਤਰੋ ਦਾ ਪੂਰਾ ਸਾਥ ਦਿੱਤਾ ਸੀ। ਉਹ ਕਈ ਸਾਲਾਂ ਤੱਕ ਕਿਊਬਾ ਦੇ ਰੱਖਿਆ ਮੰਤਰੀ ਰਹੇ। ਜਦੋਂ 2006 ਵਿੱਚ ਫਿਦੇਲ ਬਿਮਾਰ ਹੋਏ ਤਾਂ ਰਾਉਲ ਨੇ ਕੰਮ ਸੰਭਾਲਿਆ ਅਤੇ 2008 ਵਿੱਚ ਉਹ ਪੱਕੇ ਤੌਰ 'ਤੇ ਰਾਸ਼ਟਰਪਤੀ ਬਣ ਗਏ। 2016 ਵਿੱਚ ਫਿਦੇਲ ਦੀ ਮੌਤ ਤੋਂ ਬਾਅਦ ਰਾਉਲ ਹੀ ਕਿਊਬਾ ਦੇ ਸਭ ਤੋਂ ਵੱਡੇ ਅਤੇ ਇਕਲੌਤੇ ਸ਼ਕਤੀਸ਼ਾਲੀ ਨੇਤਾ ਰਹਿ ਗਏ ਸਨ।

ਭਾਵੇਂ ਰਾਉਲ ਕਾਸਤਰੋ ਨੇ 2018 ਵਿੱਚ ਰਾਸ਼ਟਰਪਤੀ ਦਾ ਅਹੁਦਾ ਅਤੇ 2021 ਵਿੱਚ ਪਾਰਟੀ ਦੀ ਲੀਡਰਸ਼ਿਪ ਛੱਡ ਦਿੱਤੀ ਸੀ ਪਰ ਉਹ ਅੱਜ ਵੀ ਕਿਊਬਾ ਦੀ ਸਭ ਤੋਂ ਤਾਕਤਵਰ ਸਖਸ਼ੀਅਤ ਹਨ। ਉਨ੍ਹਾਂ ਕੋਲ ਆਰਮੀ ਜਨਰਲ ਦਾ ਵੱਡਾ ਖਿਤਾਬ ਹੈ। ਮੌਜੂਦਾ ਰਾਸ਼ਟਰਪਤੀ ਡਿਆਜ਼-ਕਾਨੇਲ ਨੇ ਖੁਦ ਮੰਨਿਆ ਹੈ ਕਿ ਅਮਰੀਕਾ ਨਾਲ ਗੱਲਬਾਤ ਕਰਨ ਦਾ ਫੈਸਲਾ ਉਨ੍ਹਾਂ ਨੇ ਕਾਸਤਰੋ ਨਾਲ ਮਿਲ ਕੇ ਲਿਆ ਸੀ। ਇੱਥੋਂ ਤੱਕ ਕਿ ਕਿਊਬਾ ਦੀ ਕਮਿਊਨਿਸਟ ਪਾਰਟੀ ਇਸ ਸਾਲ ਡਿਆਜ਼-ਕਾਨੇਲ ਦੇ ਉੱਤਰਾਧਿਕਾਰੀ ਦੀ ਚੋਣ ਕਰਨ ਦੀ ਤਿਆਰੀ ਕਰ ਰਹੀ ਸੀ ਤਾਂ ਕਾਸਤਰੋ ਦੇ ਕਹਿਣ 'ਤੇ ਉਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ, ਕਿਉਂਕਿ ਦੇਸ਼ ਦੀ ਆਰਥਿਕ ਹਾਲਤ ਖ਼ਰਾਬ ਸੀ। ਪੂਰੀ ਪਾਰਟੀ ਅੱਜ ਵੀ ਉਨ੍ਹਾਂ ਦੀ ਹਰ ਗੱਲ ਮੰਨਦੀ ਹੈ।

ਮਿਗੁਏਲ ਡਿਆਜ਼-ਕਾਨੇਲ

ਮਿਗੁਏਲ ਡਿਆਜ਼-ਕਾਨੇਲ ਕਿਊਬਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜੋ ਕਾਸਤਰੋ ਪਰਿਵਾਰ ਵਿੱਚੋਂ ਨਹੀਂ ਹਨ। 1959 ਤੋਂ ਬਾਅਦ ਪਹਿਲੀ ਵਾਰ ਕਿਸੇ ਬਾਹਰਲੇ ਬੰਦੇ ਨੇ 2018 ਵਿੱਚ ਦੇਸ਼ ਦੀ ਕਮਾਨ ਸੰਭਾਲੀ। ਪਰ ਰਾਸ਼ਟਰਪਤੀ ਬਣਦਿਆਂ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਵਧ ਗਈਆਂ। ਪਹਿਲਾਂ ਬਰਾਕ ਓਬਾਮਾ ਨੇ ਕਿਊਬਾ ਨਾਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਜਿਵੇਂ ਹੀ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ, ਉਨ੍ਹਾਂ ਨੇ ਉਹ ਸਾਰੀਆਂ ਨਰਮ ਨੀਤੀਆਂ ਖ਼ਤਮ ਕਰ ਦਿੱਤੀਆਂ ਅਤੇ ਕਿਊਬਾ 'ਤੇ ਦੁਬਾਰਾ ਸਖ਼ਤੀ ਕਰ ਦਿੱਤੀ।

2020 ਵਿੱਚ ਕੋਰੋਨਾ ਮਹਾਂਮਾਰੀ ਕਾਰਨ ਕਿਊਬਾ ਦੀ ਹਾਲਤ ਬਹੁਤ ਖ਼ਰਾਬ ਹੋ ਗਈ। ਕਿਊਬਾ ਦੀ ਕਮਾਈ ਦਾ ਵੱਡਾ ਹਿੱਸਾ ਸੈਰ-ਸਪਾਟੇ ਤੋਂ ਆਉਂਦਾ ਹੈ ਪਰ ਸਭ ਕੁਝ ਬੰਦ ਹੋ ਗਿਆ। ਸਰਕਾਰ ਨੇ ਨਵੇਂ ਹੋਟਲਾਂ 'ਤੇ ਅਰਬਾਂ ਰੁਪਏ ਖਰਚੇ ਸਨ ਪਰ ਹੁਣ ਉਹ ਖਾਲੀ ਪਏ ਰਹੇ। ਸਭ ਤੋਂ ਵੱਡਾ ਝਟਕਾ 11 ਜੁਲਾਈ, 2021 ਨੂੰ ਲੱਗਿਆ ਜਦੋਂ ਪੂਰੇ ਦੇਸ਼ ਵਿੱਚ ਲੋਕ ਸੜਕਾਂ 'ਤੇ ਉਤਰ ਆਏ ਅਤੇ ਸਰਕਾਰ ਦਾ ਵਿਰੋਧ ਕਰਨ ਲੱਗੇ। ਰਾਸ਼ਟਰਪਤੀ ਡਿਆਜ਼-ਕਾਨੇਲ ਨੇ ਆਪਣੇ ਸਮਰਥਕਾਂ ਨੂੰ ਪ੍ਰਦਰਸ਼ਨਕਾਰੀਆਂ ਨਾਲ ਲੜਨ ਲਈ ਕਿਹਾ ਅਤੇ ਫੌਜ ਦੀ ਮਦਦ ਨਾਲ ਇਸ ਵਿਰੋਧ ਨੂੰ ਧੱਕੇ ਨਾਲ ਕੁਚਲ ਦਿੱਤਾ। ਇਸ ਘਟਨਾ ਨੇ ਉਨ੍ਹਾਂ ਦੇ ਅਕਸ ਨੂੰ ਬਹੁਤ ਖ਼ਰਾਬ ਕਰ ਦਿੱਤਾ।

ਇਸ ਸਖ਼ਤੀ ਅਤੇ ਦੇਸ਼ ਵਿੱਚ ਚੱਲ ਰਹੇ ਪੈਸੇ ਦੇ ਸੰਕਟ ਕਾਰਨ ਲੋਕਾਂ ਵਿੱਚ ਉਨ੍ਹਾਂ ਦੀ ਇੱਜ਼ਤ ਬਹੁਤ ਘੱਟ ਗਈ ਹੈ। ਜੇਕਰ ਅਮਰੀਕਾ ਦੇ ਦਬਾਅ ਹੇਠ ਉਹ ਆਪਣਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਅਹੁਦਾ ਛੱਡ ਦਿੰਦੇ ਹਨ ਤਾਂ ਇਹ ਕਿਊਬਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਅਤੇ ਬਹੁਤ ਵੱਡੀ ਗੱਲ ਹੋਵੇਗੀ।

ਰਾਉਲ ਗੁਈਲੇਰਮੋ ਰੋਡਰਿਗਜ਼ ਕਾਸਤਰੋ

ਐਲ ਕੈਂਗਰੇਜੋ (El Cangrejo), ਜਾਂ ਦਿ ਕਰੈਬ (The Crab) ਵਜੋਂ ਜਾਣੇ ਜਾਂਦੇ, 41 ਸਾਲਾ ਰੋਡਰਿਗਜ਼ ਕਾਸਤਰੋ ਨੂੰ ਉਨ੍ਹਾਂ ਦੇ ਦਾਦਾ ਰਾਉਲ ਕਾਸਤਰੋ ਦੇ ਸਭ ਤੋਂ ਨਜ਼ਦੀਕੀ ਵਿਸ਼ਵਾਸਪਾਤਰਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਹੈ। ਆਪਣੇ ਦਾਦਾ ਦੇ ਸਾਬਕਾ ਬਾਡੀਗਾਰਡ ਵਜੋਂ, ਉਹ ਉਨ੍ਹਾਂ ਦੇ ਪੂਰੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਉਨ੍ਹਾਂ ਨਾਲ ਰਹੇ ਸਨ। ਉਨ੍ਹਾਂ ਕੋਲ ਲੈਫਟੀਨੈਂਟ ਕਰਨਲ ਦਾ ਰੈਂਕ ਹੋਣ ਦੀਆਂ ਰਿਪੋਰਟਾਂ ਹਨ। ਕਿਊਬਾ ਸਰਕਾਰ ਨੇ ਰੋਡਰਿਗਜ਼ ਕਾਸਤਰੋ ਦੀ ਜੀਵਨੀ ਜਾਂ ਗੱਲਬਾਤ ਵਿੱਚ ਸੰਭਾਵੀ ਭੂਮਿਕਾ ਬਾਰੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।

ਐਕਸੀਓਸ (Axios) ਨੇ ਤਿੰਨ ਅਣਪਛਾਤੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ 18 ਫਰਵਰੀ ਨੂੰ ਰਿਪੋਰਟ ਦਿੱਤੀ ਕਿ ਰੋਡਰਿਗਜ਼ ਕਾਸਤਰੋ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨਾਲ ਗੁਪਤ ਗੱਲਬਾਤ ਕਰ ਰਹੇ ਸਨ। 'ਮਿਆਮੀ ਹੇਰਾਲਡ' ਨੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ 26 ਫਰਵਰੀ ਨੂੰ ਰਿਪੋਰਟ ਦਿੱਤੀ ਕਿ ਰੂਬੀਓ ਦੇ ਕਰੀਬੀ ਅਧਿਕਾਰੀ ਸੇਂਟ ਕਿਟਸ ਐਂਡ ਨੇਵਿਸ ਵਿੱਚ ਖੇਤਰੀ ਕੈਰੇਬੀਅਨ ਕਮਿਊਨਿਟੀ ਕਾਨਫਰੰਸ ਦੇ ਦੌਰਾਨ ਰੋਡਰਿਗਜ਼ ਕਾਸਤਰੋ ਨੂੰ ਮਿਲੇ ਸਨ।

ਮੈਨੂਅਲ ਮਾਰੀਰੋ

ਮੈਨੂਅਲ ਮਾਰੀਰੋ ਕਿਊਬਾ ਦੇ ਪ੍ਰਧਾਨ ਮੰਤਰੀ ਹਨ। ਉਹ ਪਹਿਲਾਂ ਨਕਸ਼ਾ-ਨਵੀਸ ਸਨ ਅਤੇ ਲਗਪਗ 15 ਸਾਲ ਦੇਸ਼ ਦੇ ਸੈਰ-ਸਪਾਟਾ ਮੰਤਰੀ ਰਹੇ। 2021 ਵਿੱਚ ਉਨ੍ਹਾਂ ਨੂੰ ਕਮਿਊਨਿਸਟ ਪਾਰਟੀ ਦੀ ਸਭ ਤੋਂ ਉੱਚੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਕਿਊਬਾ ਦੇ ਅਗਲੇ ਸੰਭਾਵੀ ਰਾਸ਼ਟਰਪਤੀ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਫੌਜ ਦੀ ਵੱਡੀ ਕੰਪਨੀ (GAESA) ਵਿੱਚ ਵੀ ਉੱਚੇ ਅਹੁਦੇ 'ਤੇ ਕੰਮ ਕੀਤਾ ਹੈ ਅਤੇ ਕਈ ਹੋਟਲ ਬਣਾਉਣ ਵਿੱਚ ਮਦਦ ਕੀਤੀ ਹੈ।

ਆਸਕਰ ਪੇਰੇਜ਼-ਓਲੀਵਾ ਫਰਾਗਾ

ਆਸਕਰ ਪੇਰੇਜ਼-ਓਲੀਵਾ ਫਰਾਗਾ ਕਿਊਬਾ ਦੀ ਰਾਜਨੀਤੀ ਵਿੱਚ ਇੱਕ ਚਮਕਦਾ ਸਿਤਾਰਾ ਹਨ ਜੋ ਬਹੁਤ ਤੇਜ਼ੀ ਨਾਲ ਉੱਪਰ ਆਏ ਹਨ। 2024 ਵਿੱਚ ਮੰਤਰੀ ਬਣਨ ਤੋਂ ਬਾਅਦ, ਉਹ 2025 ਵਿੱਚ ਉਪ-ਪ੍ਰਧਾਨ ਮੰਤਰੀ ਵੀ ਬਣ ਗਏ। ਉਨ੍ਹਾਂ ਦਾ ਖਾਸ ਸਬੰਧ ਕਾਸਤਰੋ ਪਰਿਵਾਰ ਨਾਲ ਹੈ ਉਹ ਫਿਦੇਲ ਅਤੇ ਰਾਉਲ ਕਾਸਤਰੋ ਦੀ ਭੈਣ ਦੇ ਪੋਤੇ ਹਨ। ਇਸ ਕਾਰਨ ਉਨ੍ਹਾਂ ਕੋਲ ਕਾਸਤਰੋ ਪਰਿਵਾਰ ਵਾਲਾ ਮਾਣ-ਸਤਿਕਾਰ ਤਾਂ ਹੈ ਪਰ ਉਨ੍ਹਾਂ ਦੇ ਨਾਮ ਦੇ ਪਿੱਛੇ 'ਕਾਸਤਰੋ' ਸਰਨੇਮ ਨਹੀਂ ਲੱਗਦਾ, ਜੋ ਉਨ੍ਹਾਂ ਲਈ ਇੱਕ ਫਾਇਦਾ ਹੈ। ਸਰਕਾਰ ਉਨ੍ਹਾਂ 'ਤੇ ਬਹੁਤ ਭਰੋਸਾ ਕਰਦੀ ਹੈ, ਇਸੇ ਲਈ ਉਨ੍ਹਾਂ ਨੂੰ ਟੀਵੀ 'ਤੇ ਨਵੀਆਂ ਨੀਤੀਆਂ ਸਮਝਾਉਣ ਲਈ ਕਾਫੀ ਸਮਾਂ ਦਿੱਤਾ ਜਾਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕਿਊਬਾ ਵਿੱਚ ਸਰਕਾਰ ਬਦਲਦੀ ਹੈ, ਤਾਂ ਉਹ ਵੈਨੇਜ਼ੁਏਲਾ ਦੀ ਡੇਲਸੀ ਰੌਡਰਿਗਜ਼ ਵਾਂਗ ਮੁੱਖ ਭੂਮਿਕਾ ਨਿਭਾ ਸਕਦੇ ਹਨ।

Advertisement
×