Explainer: ਘਰੌਂਡਾ ਟੋਲ 'ਤੇ ਹੁਣ ਨਹੀਂ ਲੱਗੇਗੀ Break! ਜਾਣੋ ਕੀ ਹੈ MLFF ਤਕਨੀਕ, ਜਿਸ ਨਾਲ ਹਵਾ ਵਿੱਚ ਹੀ ਕੱਟ ਜਾਵੇਗਾ ਟੋਲ
MLFF Tolling Explainer : ਕੌਮੀ ਰਾਜਮਾਰਗ-44 (ਪਾਣੀਪਤ-ਜਲੰਧਰ ਰੂਟ) ਦੇ ਘਰੌਂਡਾ ਟੋਲ ਪਲਾਜ਼ਾ 'ਤੇ ਹੁਣ ਤੁਹਾਨੂੰ ਆਪਣੀ ਗੱਡੀ ਰੋਕਣ ਦੀ ਲੋੜ ਨਹੀਂ ਹੈ। ਭਾਰਤੀ ਕੌਮੀ ਰਾਜਮਾਰਗ ਅਥਾਰਟੀ (NHAI) ਨੇ ਇੱਥੇ ਵੀਰਵਾਰ ਨੂੰ ਮਲਟੀ-ਲੇਨ ਫ੍ਰੀ ਫਲੋ (MLFF) ਟੋਲਿੰਗ ਪ੍ਰਣਾਲੀ ਦੀ ਰਸਮੀ ਸ਼ੁਰੂਆਤ...
MLFF Tolling Explainer : ਕੌਮੀ ਰਾਜਮਾਰਗ-44 (ਪਾਣੀਪਤ-ਜਲੰਧਰ ਰੂਟ) ਦੇ ਘਰੌਂਡਾ ਟੋਲ ਪਲਾਜ਼ਾ 'ਤੇ ਹੁਣ ਤੁਹਾਨੂੰ ਆਪਣੀ ਗੱਡੀ ਰੋਕਣ ਦੀ ਲੋੜ ਨਹੀਂ ਹੈ। ਭਾਰਤੀ ਕੌਮੀ ਰਾਜਮਾਰਗ ਅਥਾਰਟੀ (NHAI) ਨੇ ਇੱਥੇ ਵੀਰਵਾਰ ਨੂੰ ਮਲਟੀ-ਲੇਨ ਫ੍ਰੀ ਫਲੋ (MLFF) ਟੋਲਿੰਗ ਪ੍ਰਣਾਲੀ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਹ ਤਕਨੀਕ ਰਵਾਇਤੀ ਟੋਲ ਪਲਾਜ਼ਾ ਤੋਂ ਬਿਲਕੁਲ ਵੱਖਰੀ ਹੈ, ਜਿੱਥੇ ਨਾ ਕੋਈ ਬੈਰੀਅਰ ਹੈ ਅਤੇ ਨਾ ਹੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ। ਆਖਰਕਾਰ ਇਹ ਐੱਮ ਐੱਲ ਐੱਫ ਐੱਫ (MLFF) ਸਿਸਟਮ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਜੇਕਰ ਤੁਹਾਡਾ ਫਾਸਟੈਗ ਕੰਮ ਨਹੀਂ ਕਰਦਾ ਤਾਂ ਕੀ ਹੋਵੇਗਾ? ਆਓ, ਇਸ ਐਕਸਪਲੇਨਰ ਵਿੱਚ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਵਿਸਤਾਰ ਵਿੱਚ ਸਮਝਦੇ ਹਾਂ।
ਆਖਰ ਕੀ ਹੈ ਐੱਮ ਐੱਲ ਐੱਫ ਐੱਫ (MLFF) ਪ੍ਰਣਾਲੀ?
ਮਲਟੀ-ਲੇਨ ਫ੍ਰੀ ਫਲੋ (MLFF) ਟੋਲ ਵਸੂਲਣ ਦੀ ਇੱਕ ਨਵੀਂ ਅਤੇ ਆਧੁਨਿਕ ਤਕਨੀਕ ਹੈ, ਜੋ ਵਾਹਨਾਂ ਨੂੰ ਬਿਨਾਂ ਰੋਕੇ ਜਾਂ ਉਨ੍ਹਾਂ ਦੀ ਗਤੀ ਘੱਟ ਕੀਤੇ ਬਿਨਾਂ ਟੋਲ ਵਸੂਲਣ ਦੇ ਸਮਰੱਥ ਹੈ। ਇਸ ਵਿੱਚ ਟੋਲ ਪਲਾਜ਼ਾ 'ਤੇ ਕੋਈ ਭੌਤਿਕ ਬੈਰੀਅਰ (ਬੂਮ ਬੈਰੀਅਰ) ਨਹੀਂ ਹੁੰਦਾ। ਹਾਈਵੇਅ ਦੀ ਆਮ ਗਤੀ 'ਤੇ ਚੱਲਦੇ ਹੋਏ ਵਾਹਨਾਂ ਤੋਂ ਆਟੋਮੈਟਿਕ ਤੌਰ 'ਤੇ ਫਾਸਟੈਗ (FASTag) ਦੇ ਜ਼ਰੀਏ ਟੋਲ ਕੱਟ ਲਿਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ 'ਜ਼ੀਰੋ ਵੇਟਿੰਗ ਟਾਈਮ' (ਸਿਫ਼ਰ ਉਡੀਕ ਸਮਾਂ) ਯਕੀਨੀ ਬਣਾਉਣਾ ਹੈ।
ਹਵਾ ਵਿੱਚ ਕਿਵੇਂ ਕੱਟਦਾ ਹੈ ਟੋਲ, ਕੀ ਹੈ ਗੈਂਟਰੀ ਸਿਸਟਮ?
ਇਸ ਪ੍ਰਣਾਲੀ ਵਿੱਚ ਹਾਈਵੇਅ ਦੇ ਉੱਪਰ ਲੋਹੇ ਦਾ ਇੱਕ ਵੱਡਾ ਢਾਂਚਾ ਬਣਾਇਆ ਜਾਂਦਾ ਹੈ, ਜਿਸ ਨੂੰ ਗੈਂਟਰੀ ਕਹਿੰਦੇ ਹਨ।
ਗੈਂਟਰੀ ਦੀ ਉਚਾਈ ਸੜਕ ਤੋਂ ਲਗਪਗ 5.5 ਤੋਂ 6.0 ਮੀਟਰ ਉੱਪਰ ਹੁੰਦੀ ਹੈ, ਤਾਂ ਜੋ ਉੱਚੇ ਵਾਹਨ ਵੀ ਆਸਾਨੀ ਨਾਲ ਲੰਘ ਸਕਣ।
ਇਸ ਢਾਂਚੇ 'ਤੇ ਉੱਚ ਸਮਰੱਥਾ ਵਾਲੇ ਲੇਜ਼ਰ ਸੈਂਸਰ, ਏ ਐੱਨ ਪੀ ਆਰ (ANPR) ਕੈਮਰੇ ਅਤੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਰੀਡਰ ਲੱਗੇ ਹੁੰਦੇ ਹਨ।
ਜਦੋਂ ਕੋਈ ਵਾਹਨ ਇਸ ਦੇ ਹੇਠੋਂ ਲੰਘਦਾ ਹੈ, ਤਾਂ ਸਿਸਟਮ ਪਲਕ ਝਪਕਦਿਆਂ ਹੀ ਵਾਹਨ ਦੀ ਸ਼੍ਰੇਣੀ ਪਛਾਣ ਲੈਂਦਾ ਹੈ ਅਤੇ ਵਿੰਡਸ਼ੀਲਡ 'ਤੇ ਲੱਗੇ ਫਾਸਟੈਗ ਨਾਲ ਲਿੰਕ ਬੈਂਕ ਖਾਤੇ ਚੋਂ ਪੈਸੇ ਕੱਟ ਲੈਂਦਾ ਹੈ।
ਬਿਨਾਂ ਰੁਕੇ ਸਫ਼ਰ ਦੇ ਤਿੰਨ ਵੱਡੇ ਫਾਇਦੇ
ਸਮੇਂ ਅਤੇ ਤੇਲ (fuel) ਦੀ ਬਚਤ: ਟੋਲ 'ਤੇ ਵਾਰ-ਵਾਰ ਬਰੇਕ ਲਗਾਉਣ, ਇੰਜਣ ਚਾਲੂ ਰੱਖ ਕੇ ਇੰਤਜ਼ਾਰ ਕਰਨ ਅਤੇ ਫਿਰ ਸਪੀਡ ਵਧਾਉਣ ਦੀ ਲੋੜ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਤੇਲ ਬਚਦਾ ਹੈ ਅਤੇ ਸਫ਼ਰ ਦਾ ਸਮਾਂ ਘਟਦਾ ਹੈ।
ਜਾਮ ਤੋਂ ਮੁਕਤੀ: ਭੌਤਿਕ ਬੈਰੀਅਰ ਹਟਣ ਨਾਲ ਵਾਹਨਾਂ ਦੀ ਨਿਰਵਿਘਨ ਆਵਾਜਾਈ ਹੁੰਦੀ ਹੈ, ਜਿਸ ਨਾਲ ਜਾਮ ਦੀ ਸਥਿਤੀ ਪੈਦਾ ਨਹੀਂ ਹੁੰਦੀ।
ਉੱਨਤ ਸੁਰੱਖਿਆ: ਰਾਤ ਦੇ ਸਫ਼ਰ ਨੂੰ ਸੁਰੱਖਿਅਤ ਅਤੇ ਸੁਖਾਲਾ ਬਣਾਉਣ ਲਈ ਇਸ ਪੂਰੇ ਹਿੱਸੇ (ਜ਼ੋਨ) ਵਿੱਚ ਉੱਚੀਆਂ ਅਤੇ ਤੇਜ਼ ਰੋਸ਼ਨੀ ਵਾਲੀਆਂ ਲਾਈਟਾਂ (ਹਾਈ-ਮਾਸਟ ਲਾਈਟਿੰਗ), ਸੜਕ ਕਿਨਾਰੇ ਮਜ਼ਬੂਤ ਲੋਹੇ ਦੇ ਜੰਗਲੇ (ਕ੍ਰੈਸ਼ ਬੈਰੀਅਰ) ਅਤੇ ਰਾਤ ਨੂੰ ਚਮਕਣ ਵਾਲੇ ਖ਼ਾਸ ਬੋਰਡ ਤੇ ਬੈਰੀਕੇਡ (ਰੇਟਰੋ-ਰਿਫਲੈਕਟਿਵ) ਲਗਾਏ ਗਏ ਹਨ।
ਟੋਲਿੰਗ ਜ਼ੋਨ ਵਿੱਚ ਨਿਯਮਾਂ ਦੀ ਸਖ਼ਤੀ
ਇਸ ਪ੍ਰਣਾਲੀ ਨੂੰ ਸਫ਼ਲ ਬਣਾਉਣ ਲਈ NHAI ਨੇ ਸਖ਼ਤ ਨਿਯਮ ਵੀ ਲਾਗੂ ਕੀਤੇ ਹਨ। ਐੱਮ ਐੱਲ ਐੱਫ ਐੱਫ (MLFF) ਟੋਲਿੰਗ ਜ਼ੋਨ ਦੇ ਦੋਵੇਂ ਪਾਸੇ 200 ਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਵਾਹਨ ਦੀ ਪਾਰਕਿੰਗ ਅਤੇ ਰੁਕਣ 'ਤੇ ਪੂਰੀ ਤਰ੍ਹਾਂ ਮਨਾਹੀ ਹੈ। ਰੂਟ ਪੈਟਰੋਲ ਵਾਹਨ (RPV) ਲਗਾਤਾਰ ਗਸ਼ਤ ਕਰਨਗੇ ਅਤੇ ਗਲਤ ਦਿਸ਼ਾ ਵਿੱਚ ਚੱਲਣ ਵਾਲਿਆਂ ਜਾਂ ਟੋਲ ਚੋਰੀ ਕਰਨ ਵਾਲਿਆਂ 'ਤੇ ਕਾਰਵਾਈ ਕਰਨਗੇ।
ਫਾਸਟੈਗ ਕੰਮ ਨਾ ਕਰਨ 'ਤੇ ਕੀ ਹੋਵੇਗਾ?
ਜੇਕਰ ਫਾਸਟੈਗ ਵਿੱਚ ਪੈਸੇ ਨਹੀਂ ਹਨ, ਟੈਗ ਖ਼ਰਾਬ ਹੈ ਜਾਂ ਕਿਸੇ ਕਾਰਨ ਕਰਕੇ ਟੋਲ ਨਹੀਂ ਕੱਟਦਾ ਹੈ, ਤਾਂ ਵਾਹਨ ਚਾਲਕ ਨੂੰ ਈ-ਨੋਟਿਸ ਭੇਜਿਆ ਜਾਵੇਗਾ। ਇਸ ਨੂੰ ਲੈ ਕੇ NHAI ਨੇ ਸਪਸ਼ਟ '72 ਘੰਟਿਆਂ ਦਾ ਨਿਯਮ' ਬਣਾਇਆ ਹੈ:
ਈ-ਨੋਟਿਸ ਕਿਵੇਂ ਦੇਖੀਏ: ਵਾਹਨ ਮਾਲਕ ਐੱਨ ਆਈ ਸੀ (NIC) ਪੋਰਟਲ (nhfeenotice.parivahan.gov.in) 'ਤੇ ਜਾ ਕੇ ਆਪਣਾ ਵਾਹਨ ਨੰਬਰ ਦਰਜ ਕਰ ਸਕਦੇ ਹਨ। ਇਸ ਤੋਂ ਬਾਅਦ 'ਵਾਹਨ' (VAHAN) ਡਾਟਾਬੇਸ ਵਿੱਚ ਰਜਿਸਟਰਡ ਮੋਬਾਈਲ ਨੰਬਰ 'ਤੇ ਓ ਟੀ ਪੀ (OTP) ਆਵੇਗਾ, ਜਿਸ ਨਾਲ ਨੋਟਿਸ ਦੇਖਿਆ ਜਾ ਸਕੇਗਾ।
72 ਘੰਟਿਆਂ ਦੇ ਅੰਦਰ ਭੁਗਤਾਨ: ਜੇਕਰ ਈ-ਨੋਟਿਸ ਜਾਰੀ ਹੋਣ ਦੇ 72 ਘੰਟਿਆਂ ਦੇ ਅੰਦਰ ਭੁਗਤਾਨ ਕੀਤਾ ਜਾਂਦਾ ਹੈ, ਤਾਂ ਸਿਰਫ਼ ਆਮ ਟੋਲ ਰਾਸ਼ੀ (1x) ਹੀ ਦੇਣੀ ਹੋਵੇਗੀ।
72 ਘੰਟਿਆਂ ਤੋਂ ਬਾਅਦ ਜੁਰਮਾਨਾ: ਸਮਾਂ ਸੀਮਾ ਬੀਤ ਜਾਣ ਤੋਂ ਬਾਅਦ ਭੁਗਤਾਨ ਕਰਨ 'ਤੇ ਨਿਯਮ ਦੇ ਮੁਤਾਬਕ ਦੁੱਗਣੀ ਦਰ (2x) ਨਾਲ ਟੋਲ ਫੀਸ ਵਸੂਲੀ ਜਾਵੇਗੀ।
ਸ਼ਿਕਾਇਤ ਦਾ ਮੌਕਾ: ਜੇਕਰ ਤੁਹਾਨੂੰ ਲੱਗਦਾ ਹੈ ਕਿ ਈ-ਨੋਟਿਸ ਗਲਤ ਕੱਟਿਆ ਹੈ, ਤਾਂ ਤੁਸੀਂ 72 ਘੰਟਿਆਂ ਦੇ ਅੰਦਰ ਪੋਰਟਲ 'ਤੇ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਵਾਹਨ ਚਾਲਕਾਂ ਲਈ ਅਹਿਮ ਸਲਾਹ
NHAI ਨੇ ਚਾਲਕਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਫਾਸਟੈਗ ਖਾਤੇ ਵਿੱਚ ਲੋੜੀਂਦਾ ਬੈਲੇਂਸ ਰੱਖਣ, ਟੈਗ ਨੂੰ ਸਹੀ ਜਗ੍ਹਾ 'ਤੇ ਲਗਾਉਣ ਅਤੇ ਵਾਹਨ 'ਤੇ ਲਾਜ਼ਮੀ ਤੌਰ 'ਤੇ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਦੀ ਹੀ ਵਰਤੋਂ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਜਾਂ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
