Explainer: El Niño, La Niña ਅਤੇ ਪੰਜਾਬ ਦੇ ਮੌਨਸੂਨ ਦੀ ਕਹਾਣੀ
ਬਦਲਦਾ ਜਲਵਾਯੂ ਅਤੇ ਮੌਨਸੂਨ ਦਾ ਸੰਕਟ: ਐਲ ਨੀਨੋ ਦੇ ਸਾਏ ਹੇਠ ਪੰਜਾਬ ਦੀ ਖੇਤੀ ਤੇ ਸਿਹਤ
ਪੰਜਾਬ ਦੀ ਮੌਨਸੂਨ ਦੀ ਕਹਾਣੀ ਸਿਰਫ਼ ਮੀਂਹ ਦੇ ਅੰਕੜਿਆਂ ਜਾਂ ਫ਼ਸਲੀ ਕੈਲੰਡਰ ਤੱਕ ਸੀਮਿਤ ਨਹੀਂ ਹੈ। ਇਹ ਉਹਨਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀ ਸਿਹਤ, ਰੋਜ਼ੀ-ਰੋਟੀ ਅਤੇ ਰੋਜ਼ਾਨਾ ਦੀ ਜ਼ਿੰਦਗੀ ਮੌਸਮ ਨਾਲ ਡੂੰਘੇ ਤੌਰ ’ਤੇ ਜੁੜੀ ਹੋਈ ਹੈ। ਪੰਜਾਬ ਵਿੱਚ ਹਰ ਸਾਲ ਮੀਂਹ ਦੀ ਮਾਤਰਾ ਵਿੱਚ ਆਉਣ ਵਾਲੇ ਉਤਾਰ-ਚੜ੍ਹਾਅ ’ਤੇ Southern Oscillation ਦਾ ਵੱਡਾ ਪ੍ਰਭਾਵ ਪੈਂਦਾ ਹੈ। ਇਹ ਇੱਕ ਵਿਸ਼ਵ ਪੱਧਰੀ ਜਲਵਾਯੂ ਪ੍ਰਕਿਰਿਆ ਹੈ ਜਿਸ ਦੇ ਦੋ ਵਿਰੋਧੀ ਪੜਾਅ ਹਨ, ਐਲ ਨੀਨੋ (El Niño) ਅਤੇ ਲਾ ਨੀਨਾ (La Niña)। ਇਹ ਦੋਵੇਂ ਘਟਨਾਵਾਂ ਪ੍ਰਸ਼ਾਂਤ ਮਹਾਂਸਾਗਰ (Pacific Ocean) ਵਿੱਚ ਸ਼ੁਰੂ ਹੁੰਦੀਆਂ ਹਨ, ਪਰ ਇਨ੍ਹਾਂ ਦਾ ਅਸਰ ਦੁਨੀਆ ਭਰ ਵਿੱਚ ਮਹਿਸੂਸ ਹੁੰਦਾ ਹੈ ਅਤੇ ਇਹ ਭਾਰਤੀ ਗਰਮੀ ਦੇ ਮੌਨਸੂਨ ਦੀ ਤਾਕਤ ਅਤੇ ਵਰਖਾ ਦੇ ਵੰਡ ਨੂੰ ਪ੍ਰਭਾਵਿਤ ਕਰਦੀਆਂ ਹਨ।
ਐਲ ਨੀਨੋ ਅਤੇ ਲਾ ਨੀਨਾ ਕੀ ਹਨ?
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੀ ਮੁੱਖ ਖੇਤੀਬਾੜੀ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਦੱਸਦੀਆਂ ਹਨ:
ਐਲ ਨੀਨੋ (El Niño):
ਇਹ ਪੇਰੂ ਦੇ ਦੱਖਣੀ ਤੱਟ ਦੇ ਨੇੜੇ ਸਮੁੰਦਰ ਦੇ ਪਾਣੀ ਦੇ ਅਸਧਾਰਨ ਤੌਰ ’ਤੇ ਗਰਮ ਹੋ ਜਾਣ ਦੀ ਸਥਿਤੀ ਹੈ। ਕੁਝ ਸਾਲਾਂ ਵਿੱਚ ਪ੍ਰਸ਼ਾਂਤ ਮਹਾਂਸਾਗਰ ਦੀ ਸਤ੍ਵਾ ਠੰਢੀ ਹੋਣ ਦੀ ਬਜਾਏ ਗਰਮ ਰਹਿੰਦੀ ਹੈ। ਇਸ ਨਾਲ Trade Winds ਕਮਜ਼ੋਰ ਪੈ ਜਾਂਦੀਆਂ ਹਨ, ਦੱਖਣੀ ਏਸ਼ੀਆ ਵਿੱਚ ਬੱਦਲ ਬਣਨ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਅਕਸਰ ਆਮ ਨਾਲੋਂ ਘੱਟ ਵਰਖਾ ਹੁੰਦੀ ਹੈ। ਪੇਰੂ ਵਿੱਚ ਮੱਛੀ ਪਾਲਣ ਪ੍ਰਭਾਵਿਤ ਹੁੰਦਾ ਹੈ, ਜਦਕਿ ਹਜ਼ਾਰਾਂ ਕਿਲੋਮੀਟਰ ਦੂਰ ਪੰਜਾਬ ਦੇ ਕਿਸਾਨ ਸੋਕੇ ਦਾ ਸਾਹਮਣਾ ਕਰਦੇ ਹਨ।
ਲਾ ਨੀਨਾ (La Niña):
ਇਹ ਐਲ ਨੀਨੋ ਦਾ ਉਲਟ ਪੜਾਅ ਹੈ। ਇਸ ਦੌਰਾਨ Trade Winds ਆਮ ਨਾਲੋਂ ਵੱਧ ਮਜ਼ਬੂਤ ਹੁੰਦੀਆਂ ਹਨ, ਜੋ ਗਰਮ ਪਾਣੀ ਨੂੰ ਪੱਛਮ ਵੱਲ ਧੱਕਦੀਆਂ ਹਨ। ਇਸ ਨਾਲ ਏਸ਼ੀਆ ਵਿੱਚ ਵਰਖਾ ਵਧਦੀ ਹੈ। ਪੰਜਾਬ ਵਿੱਚ ਇਸ ਦਾ ਨਤੀਜਾ ਵੱਧ ਮੀਂਹ ਅਤੇ ਕਈ ਵਾਰ ਹੜ੍ਹਾਂ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ।
ਹਾਲਾਂਕਿ ਇਹ ਸੰਬੰਧ ਹਰ ਵਾਰ ਇੱਕੋ ਜਿਹਾ ਨਹੀਂ ਹੁੰਦਾ। ਵਾਤਾਵਰਣ ਦੀਆਂ ਸਥਾਨਕ ਸਥਿਤੀਆਂ, ਮਿੱਟੀ ਵਿੱਚ ਨਮੀ ਅਤੇ ਹਿਮਾਲਿਆ ਦਾ ਪ੍ਰਭਾਵ ਵੀ ਮੌਨਸੂਨ ਨੂੰ ਪ੍ਰਭਾਵਿਤ ਕਰਦੇ ਹਨ। ਫਿਰ ਵੀ ਆਮ ਰੁਝਾਨ ਇਹ ਹੈ ਕਿ ਐਲ ਨੀਨੋ ਦੌਰਾਨ ਸੋਕੇ ਅਤੇ ਲਾ ਨੀਨਾ ਦੌਰਾਨ ਵੱਧ ਵਰਖਾ ਦੀ ਸੰਭਾਵਨਾ ਵਧ ਜਾਂਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਹੁਣ ਇਨ੍ਹਾਂ ਪ੍ਰਭਾਵਾਂ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਪ੍ਰਭਜੋਤ ਕੌਰ, ਮੁੱਖ ਵਿਗਿਆਨੀ (ਖੇਤੀਬਾੜੀ ਮੌਸਮ ਵਿਗਿਆਨ), ਕਹਿੰਦੇ ਹਨ, “ਸਾਡੇ ਕਿਸਾਨ ਪ੍ਰਸ਼ਾਂਤ ਮਹਾਂਸਾਗਰ ਨੂੰ ਨਹੀਂ ਬਦਲ ਸਕਦੇ, ਪਰ ਉਹ ਆਪਣੇ ਖੇਤਾਂ ਨੂੰ ਬਦਲਦੇ ਮੌਸਮ ਲਈ ਤਿਆਰ ਕਰ ਸਕਦੇ ਹਨ। ਅਨੁਕੂਲਨ (Adaptation) ਹੀ ਅੱਗੇ ਵਧਣ ਦਾ ਰਸਤਾ ਹੈ।”
ਪੰਜਾਬ ਵਿੱਚ ਵਰਖਾ ਦੇ ਰੁਝਾਨ
* ਪੰਜਾਬ ਵਿੱਚ ਔਸਤ ਸਾਲਾਨਾ ਵਰਖਾ: 500 ਮਿਲੀਮੀਟਰ
* ਸੋਕੇ ਵਾਲਾ ਸਾਲ: ਆਮ ਨਾਲੋਂ 19% ਜਾਂ ਇਸ ਤੋਂ ਵੱਧ ਘੱਟ ਵਰਖਾ
* ਹੜ੍ਹ ਵਾਲਾ ਸਾਲ: ਆਮ ਨਾਲੋਂ 19% ਜਾਂ ਇਸ ਤੋਂ ਵੱਧ ਵੱਧ ਵਰਖਾ
ਹਾਲੀਆ ਅਤਿ ਸਥਿਤੀਆਂ:
* 2014: ਆਮ ਨਾਲੋਂ 49% ਘੱਟ ਵਰਖਾ (ਸਭ ਤੋਂ ਭਿਆਨਕ ਸੋਕਾ)
* 2012: 46% ਘੱਟ ਵਰਖਾ
* 2008: 20% ਵੱਧ ਵਰਖਾ
* 2025: 41% ਵੱਧ ਵਰਖਾ (ਲਾ ਨੀਨਾ ਸਾਲ, ਰਿਕਾਰਡ ਵਰਖਾ)
ਪਿਛਲੇ 25 ਸਾਲਾਂ ਵਿੱਚ:
* 13 ਸੋਕੇ ਵਾਲੇ ਸਾਲ, ਜਿਨ੍ਹਾਂ ਵਿੱਚੋਂ 8 ਐਲ ਨੀਨੋ ਨਾਲ ਜੁੜੇ ਸਨ।
* ਸਿਰਫ਼ 3 ਵੱਧ ਵਰਖਾ ਵਾਲੇ ਸਾਲ ਲਾ ਨੀਨਾ ਨਾਲ ਸੰਬੰਧਿਤ ਸਨ।
ਇਹ ਦਰਸਾਉਂਦਾ ਹੈ ਕਿ ਪੰਜਾਬ ਹੜ੍ਹਾਂ ਨਾਲੋਂ ਸੋਕੇ ਲਈ ਵੱਧ ਸੰਵੇਦਨਸ਼ੀਲ ਹੈ, ਹਾਲਾਂਕਿ ਦੋਵੇਂ ਤਰ੍ਹਾਂ ਦੀਆਂ ਅਤਿ ਸਥਿਤੀਆਂ ਦੀ ਤੀਬਰਤਾ ਵਧ ਰਹੀ ਹੈ।
ਜਲਵਾਯੂ ਪਰਿਵਰਤਨ ਦਾ ਵਧਦਾ ਅਸਰ
ਬਦਲਦੇ ਜਲਵਾਯੂ ਨੇ ਮੌਸਮ ਦੇ ਅਤਿ ਰੂਪਾਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ।
* 2025 ਵਿੱਚ 41% ਵੱਧ ਵਰਖਾ
* 2014 ਵਿੱਚ 49% ਘੱਟ ਵਰਖਾ
500 ਮਿਲੀਮੀਟਰ ਵਾਲਾ “ਆਮ” ਮੌਨਸੂਨ ਹੁਣ ਘੱਟ ਹੀ ਵੇਖਣ ਨੂੰ ਮਿਲਦਾ ਹੈ। ਇਸ ਦੀ ਬਜਾਏ ਪੰਜਾਬ ਨੂੰ ਕਦੇ ਬਹੁਤ ਘੱਟ ਤੇ ਕਦੇ ਬਹੁਤ ਵੱਧ ਮੀਂਹ ਵਾਲੇ ਚੱਕਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਖੇਤੀਬਾੜੀ ਦਾ ਰਵਾਇਤੀ ਕੈਲੰਡਰ ਪ੍ਰਭਾਵਿਤ ਹੋ ਰਿਹਾ ਹੈ।
ਪੀਏਯੂ ਦੀ ਸਹਾਇਕ ਪ੍ਰੋਫੈਸਰ (ਖੇਤੀਬਾੜੀ ਮੌਸਮ ਵਿਗਿਆਨ) ਹਰਲੀਨ ਕੌਰ ਦੱਸਦੀਆਂ ਹਨ ਕਿ 2026 ਵਿੱਚ ਐਲ ਨੀਨੋ ਦੀ ਸੰਭਾਵਨਾ ਦੇ ਮੱਦੇਨਜ਼ਰ ਘੱਟ ਵਰਖਾ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ’ਤੇ ਹੋਰ ਨਿਰਭਰ ਹੋਣਾ ਪਵੇਗਾ, ਜਿਸ ਨਾਲ ਪਹਿਲਾਂ ਹੀ ਘਟ ਰਹੇ ਧਰਤੀ ਹੇਠਲੇ ਪਾਣੀ ’ਤੇ ਹੋਰ ਦਬਾਅ ਪਵੇਗਾ।
ਫ਼ਸਲਾਂ ’ਤੇ ਪ੍ਰਭਾਵ:
* ਮਿੱਟੀ ਵਿੱਚ ਨਮੀ ਦੀ ਘਾਟ: ਵੱਧ ਤਾਪਮਾਨ ਕਾਰਨ ਮਿੱਟੀ ਜਲਦੀ ਸੁੱਕਦੀ ਹੈ।
* ਫ਼ਸਲਾਂ ਦੀ ਚੋਣ: ਬਾਜਰਾ, ਜੁਆਰ, ਅਰਹਰ, ਮੂੰਗ ਅਤੇ ਤਿਲਹਨ ਵਰਗੀਆਂ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਅਤੇ ਸੋਕਾ ਸਹਿਣ ਵਾਲੀਆਂ ਫ਼ਸਲਾਂ ਨੂੰ ਤਰਜੀਹ।
* ਸਿੰਚਾਈ ਦੇ ਤਰੀਕੇ: ਰਵਾਇਤੀ ਹੜ੍ਹ ਸਿੰਚਾਈ ਦੀ ਥਾਂ ਡ੍ਰਿਪ ਅਤੇ ਸਪ੍ਰਿੰਕਲਰ ਸਿਸਟਮ ਅਪਣਾਉਣ ਨਾਲ 30 ਤੋਂ 50 ਫੀਸਦੀ ਪਾਣੀ ਦੀ ਬਚਤ ਹੋ ਸਕਦੀ ਹੈ। ਸਿੰਚਾਈ ਸਵੇਰੇ ਜਲਦੀ ਜਾਂ ਰਾਤ ਸਮੇਂ ਕਰਨੀ ਚਾਹੀਦੀ ਹੈ।
* ਅੰਤਰ-ਫ਼ਸਲੀ ਖੇਤੀ: ਮੱਕੀ ਨਾਲ ਅਰਹਰ ਦੀ ਮਿਲੀ-ਜੁਲੀ ਖੇਤੀ ਆਮਦਨ ਨੂੰ ਸੁਰੱਖਿਅਤ ਬਣਾਉਂਦੀ ਹੈ।
* ਮਲਚਿੰਗ: ਪਰਾਲੀ ਜਾਂ ਪਲਾਸਟਿਕ ਨਾਲ ਮਿੱਟੀ ਢੱਕਣ ਨਾਲ ਨਮੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।
* ਖਾਦ ਪ੍ਰਬੰਧਨ: ਯੂਰੀਆ ਦੀ ਵੱਧ ਮਾਤਰਾ ਤੋਂ ਬਚੋ। 2% ਪੋਟਾਸ਼ੀਅਮ ਕਲੋਰਾਈਡ (KCl) ਦਾ ਪੱਤਿਆਂ ’ਤੇ ਛਿੜਕਾਅ ਕਰੋ ਅਤੇ ਜੈਵਿਕ ਖਾਦ ਦੀ ਵਰਤੋਂ ਵਧਾਓ
ਪਸ਼ੂਧਨ ’ਤੇ ਪ੍ਰਭਾਵ
* ਸੁੱਕਾ ਚਾਰਾ ਪਹਿਲਾਂ ਹੀ ਇਕੱਠਾ ਕਰਕੇ ਸੰਭਾਲੋ।
* ਵਾਧੂ ਹਰੇ ਚਾਰੇ ਤੋਂ ਸਾਇਲੇਜ ਤਿਆਰ ਕਰੋ।
* ਪਸ਼ੂਆਂ ਲਈ ਖਣਿਜ ਲੂਣ ਵਾਲੀਆਂ ਇੱਟਾਂ (ਮਿਨਰਲ ਬ੍ਰਿਕਸ) ਰੱਖੋ।
* ਗਰਮੀ ਦੌਰਾਨ ਛਾਂ, ਠੰਢਾ ਪਾਣੀ ਅਤੇ ਚੰਗੀ ਹਵਾ ਦੀ ਵਿਵਸਥਾ ਕਰੋ।
ਗਰਮੀ ਦੀਆਂ ਲਹਿਰਾਂ ਕਾਰਨ ਦੁੱਧ ਉਤਪਾਦਨ ਘਟਦਾ ਹੈ, ਰੋਗ-ਰੋਧਕ ਸਮਰੱਥਾ ਕਮਜ਼ੋਰ ਹੁੰਦੀ ਹੈ ਅਤੇ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਲੋਕਾਂ ਦੀ ਸਿਹਤ ’ਤੇ ਪ੍ਰਭਾਵ
ਮੌਨਸੂਨ ਵਿੱਚ ਆਉਣ ਵਾਲੇ ਬਦਲਾਅ ਲੋਕਾਂ ਦੀ ਸਿਹਤ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੇ ਹਨ।
* ਗਰਮੀ ਦੀਆਂ ਲਹਿਰਾਂ: ਐਲ ਨੀਨੋ ਵਾਲੇ ਸਾਲਾਂ ਵਿੱਚ ਡੀਹਾਈਡ੍ਰੇਸ਼ਨ, ਹੀਟ ਸਟ੍ਰੋਕ ਅਤੇ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਵਧਦੀਆਂ ਹਨ।
* ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ: ਲਾ ਨੀਨਾ ਕਾਰਨ ਹੜ੍ਹਾਂ ਤੋਂ ਬਾਅਦ ਮਲੇਰੀਆ ਅਤੇ ਡੇਂਗੂ ਦਾ ਖਤਰਾ ਵੱਧ ਜਾਂਦਾ ਹੈ।
* ਸਾਹ ਦੀਆਂ ਬਿਮਾਰੀਆਂ: ਧੂੜ-ਭਰੀਆਂ ਹਨੇਰੀਆਂ ਅਤੇ ਲੰਬੇ ਸੁੱਕੇ ਦੌਰ ਕਾਰਨ ਦਮੇ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ।
* ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ: ਹੜ੍ਹਾਂ ਦੌਰਾਨ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਨਾਲ ਦਸਤ, ਹੈਜ਼ਾ ਅਤੇ ਹੋਰ ਜਲ-ਜਨਿਤ ਬਿਮਾਰੀਆਂ ਫੈਲ ਸਕਦੀਆਂ ਹਨ।
