DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

EXPLAINER: ਸਾਈਲੈਂਟ ਕਿਲਰ' ਦੀ ਗ੍ਰਿਫ਼ਤ ਵਿੱਚ ਦੇਸ਼ ਦੀ ਨੌਜਵਾਨੀ; ਹਰ ਪੰਜਵਾਂ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ

ਪੀਜੀਆਈ ਦੀ ਖੋਜ ਰਿਪੋਰਟ ਵਿੱਚ ਵੱਡੇ ਖ਼ੁਲਾਸੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

EXPLAINER: ਜਿਸ ਹਾਈ ਬਲੱਡ ਪ੍ਰੈਸ਼ਰ ਨੂੰ ਅਕਸਰ ‘ਬੁਢਾਪੇ ਦੀ ਬਿਮਾਰੀ’ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਉਹ ਹੁਣ ਦੇਸ਼ ਦੇ ਨੌਜਵਾਨਾਂ ਨੂੰ ਖ਼ਾਮੋਸ਼ੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇੱਕ ਤਾਜ਼ਾ ਵਿਸ਼ਲੇਸ਼ਣ ਅਨੁਸਾਰ, ਭਾਰਤ ਦਾ ਹਰ ਪੰਜਵਾਂ ਨੌਜਵਾਨ ਇਸ ‘ਸਾਈਲੈਂਟ ਕਿਲਰ’ ਦੀ ਲਪੇਟ ਵਿੱਚ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਿਮਾਰ ਹੋਣ ਦੇ ਬਾਵਜੂਦ ਬਹੁਤੇ ਨੌਜਵਾਨਾਂ ਨੂੰ ਇਸ ਦਾ ਅਹਿਸਾਸ ਤੱਕ ਨਹੀਂ ਹੈ। ਪੀਜੀਆਈ ਚੰਡੀਗੜ੍ਹ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੀ ਇਸ ਅਹਿਮ ਖੋਜ ਨੂੰ ਅੱਜ ਪੀਜੀਆਈ ਦੇ ‘ਇੰਸਟੀਚਿਊਟ ਡੇਅ’ (ਸਥਾਪਨਾ ਦਿਵਸ) ਮੌਕੇ ਪ੍ਰੋਫੈਸਰਾਂ ਦੀ ‘ਮੈਡੀਸਨ ਸ਼੍ਰੇਣੀ’ ਵਿੱਚ ਦੂਜਾ ਸਰਵੋਤਮ ਪੁਰਸਕਾਰ ਦਿੱਤਾ ਜਾ ਰਿਹਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਅਧਿਐਨ ਭਾਰਤ ਵਿੱਚ ਸਿਹਤ ਨੀਤੀਆਂ ਘੜਨ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS-5) ਦੇ ਅੰਕੜਿਆਂ 'ਤੇ ਅਧਾਰਿਤ ਇਸ ਰਿਪੋਰਟ ਨੇ ਸਿਹਤ ਤੰਤਰ ਦੀਆਂ ਕਮੀਆਂ ਨੂੰ ਜੱਗ-ਜ਼ਾਹਿਰ ਕਰ ਦਿੱਤਾ ਹੈ। ਅਧਿਐਨ ਮੁਤਾਬਕ 15 ਤੋਂ 54 ਸਾਲ ਦੀ ਆਬਾਦੀ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਦਰ 18.3 ਫੀਸਦੀ ਤੱਕ ਪਹੁੰਚ ਗਈ ਹੈ।

Advertisement

ਅੰਕੜੇ ਦੱਸਦੇ ਹਨ ਕਿ ਕਰੀਬ 70 ਫੀਸਦੀ ਲੋਕਾਂ ਨੇ ਕਦੇ ਨਾ ਕਦੇ ਬੀਪੀ ਦੀ ਜਾਂਚ ਤਾਂ ਕਰਵਾਈ, ਪਰ ਉਨ੍ਹਾਂ ਵਿੱਚੋਂ ਸਿਰਫ਼ 34 ਫੀਸਦੀ ਨੂੰ ਹੀ ਆਪਣੀ ਬਿਮਾਰੀ ਬਾਰੇ ਪਤਾ ਲੱਗ ਸਕਿਆ। ਸਭ ਤੋਂ ਗੰਭੀਰ ਸਥਿਤੀ ਇਲਾਜ ਦੀ ਹੈ; ਨਿਯਮਤ ਦਵਾਈ ਲੈਣ ਦੇ ਬਾਵਜੂਦ ਸਿਰਫ਼ 7.8 ਫੀਸਦੀ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਹੀ ਕਾਬੂ ਹੇਠ ਪਾਇਆ ਗਿਆ। ਇਹ ਦਰਸਾਉਂਦਾ ਹੈ ਕਿ ਸਾਡੀ ਸਿਹਤ ਪ੍ਰਣਾਲੀ ਸਿਰਫ਼ ਜਾਂਚ ਤੱਕ ਸੀਮਤ ਹੈ ਅਤੇ ਸਹੀ ‘ਫਾਲੋ-ਅਪ’ ਦੇ ਮਾਮਲੇ ਵਿੱਚ ਕਾਫ਼ੀ ਪਿੱਛੇ ਹੈ।

Advertisement

ਮਰਦਾਂ ਅਤੇ ਪੇਂਡੂ ਖੇਤਰਾਂ ’ਤੇ ਵਧੇਰੇ ਜੋਖਮ

‘ਲੈਂਸੈੱਟ ਰੀਜਨਲ ਹੈਲਥ-ਸਾਊਥਈਸਟ ਏਸ਼ੀਆ’ ਵਿੱਚ ਪ੍ਰਕਾਸ਼ਿਤ ਇਹ ਖੋਜ ਦੱਸਦੀ ਹੈ ਕਿ ਇਹ ਬਿਮਾਰੀ ਔਰਤਾਂ ਦੇ ਮੁਕਾਬਲੇ ਮਰਦਾਂ ’ਤੇ ਵਧੇਰੇ ਕਹਿਰ ਢਾਹ ਰਹੀ ਹੈ। ਜਿੱਥੇ ਔਰਤਾਂ ਵਿੱਚ ਇਸ ਦਾ ਅਸਰ 14.8 ਫੀਸਦੀ ਹੈ, ਉੱਥੇ ਮਰਦਾਂ ਵਿੱਚ ਇਹ 21.6 ਫੀਸਦੀ ਦੀ ਖ਼ਤਰਨਾਕ ਸੀਮਾ ਪਾਰ ਕਰ ਗਿਆ ਹੈ। ਰਿਪੋਰਟ ਅਨੁਸਾਰ ਪੇਂਡੂ ਇਲਾਕਿਆਂ ਦੇ ਘੱਟ ਆਮਦਨ ਵਾਲੇ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਇਸ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹਨ। ਖ਼ਾਸ ਕਰਕੇ ਅਣਵਿਆਹੇ ਮਰਦਾਂ ਅਤੇ ਸਰੀਰਕ ਮਿਹਨਤ ਤੋਂ ਦੂਰ ਰਹਿਣ ਵਾਲੀ ਆਬਾਦੀ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ।

ਨਸ਼ੇ ਅਤੇ ਜੀਵਨਸ਼ੈਲੀ ਬਣੇ ਮੁੱਖ ਕਾਰਨ

ਪੀਜੀਆਈ ਚੰਡੀਗੜ੍ਹ ਤੋਂ ਡਾ. ਸੋਨੂ ਗੋਇਲ ਅਤੇ ਡਾ. ਸੋਨਿਕਾ ਰਾਜ ਦੀ ਅਗਵਾਈ ਵਾਲੀ ਟੀਮ ਨੇ ਖ਼ੁਲਾਸਾ ਕੀਤਾ ਹੈ ਕਿ ਬਦਲਦੀ ਜੀਵਨਸ਼ੈਲੀ ਦੇ ਨਾਲ-ਨਾਲ ਸਿਗਰਟਨੋਸ਼ੀ, ਤੰਬਾਕੂ ਅਤੇ ਸ਼ਰਾਬ ਦੀ ਲਤ ਇਸ ਬਿਮਾਰੀ ਦੇ ਸਭ ਤੋਂ ਵੱਡੇ ਕਾਰਨ ਹਨ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ।

ਭਾਰਤ ਨੇ ਸਾਲ 2025 ਤੱਕ ਹਾਈ ਬੀਪੀ ਦੇ ਮਾਮਲਿਆਂ ਵਿੱਚ 25 ਫੀਸਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਹੈ, ਜਿਸ ਲਈ ਪੇਂਡੂ ਖੇਤਰਾਂ ਵਿੱਚ ਦਵਾਈਆਂ ਦੀ ਨਿਰਵਿਘਨ ਸਪਲਾਈ ਅਤੇ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਇਲਾਜ ਨਾਲ ਜੋੜਨ ਦੀ ਰਣਨੀਤੀ ਬਣਾਉਣੀ ਹੋਵੇਗੀ।

Advertisement
×