Explainer : ਹੁਣ ਛਾਉਣੀ ਖੇਤਰਾਂ ਵਿੱਚ ਮਾਮੂਲੀ ਗਲਤੀ 'ਤੇ ਨਹੀਂ ਹੋਵੇਗੀ ਜੇਲ੍ਹ! ਜਾਣੋ ਕੈਂਟੋਨਮੈਂਟ ਐਕਟ 'ਚ ਹੋਏ ਵੱਡੇ ਬਦਲਾਅ
ਸੰਸਦ ਵੱਲੋਂ ਪਾਸ ਕੀਤੇ ਗਏ 'ਜਨ ਵਿਸ਼ਵਾਸ (ਪ੍ਰਬੰਧਾਂ ਦੀ ਸੋਧ) ਬਿੱਲ, 2026' ਨੇ ਦੇਸ਼ ਦੀਆਂ 61 ਛਾਉਣੀਆਂ (Cantonments) ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਲਈ ਰਾਹਤ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਾਲਾਂ ਪੁਰਾਣੇ ਸਖ਼ਤ ਅਤੇ ਨਿਯੰਤਰਣ-ਅਧਾਰਤ ਕਾਨੂੰਨਾਂ ਨੂੰ ਬਦਲਦੇ...
ਸੰਸਦ ਵੱਲੋਂ ਪਾਸ ਕੀਤੇ ਗਏ 'ਜਨ ਵਿਸ਼ਵਾਸ (ਪ੍ਰਬੰਧਾਂ ਦੀ ਸੋਧ) ਬਿੱਲ, 2026' ਨੇ ਦੇਸ਼ ਦੀਆਂ 61 ਛਾਉਣੀਆਂ (Cantonments) ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਲਈ ਰਾਹਤ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਾਲਾਂ ਪੁਰਾਣੇ ਸਖ਼ਤ ਅਤੇ ਨਿਯੰਤਰਣ-ਅਧਾਰਤ ਕਾਨੂੰਨਾਂ ਨੂੰ ਬਦਲਦੇ ਹੋਏ ਹੁਣ ਸਰਕਾਰ ਨੇ ਅਪਰਾਧ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਜੇਕਰ ਤੁਸੀਂ ਵੀ ਕਿਸੇ ਛਾਉਣੀ ਖੇਤਰ ਵਿੱਚ ਰਹਿੰਦੇ ਹੋ ਜਾਂ ਉੱਥੇ ਵਪਾਰ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ।
ਇਤਿਹਾਸਕ ਪੱਖ ਤੋਂ ਦੇਖਿਆ ਜਾਵੇ ਤਾਂ ਕੈਂਟੋਨਮੈਂਟ ਐਕਟ (2006) ਆਮ ਨਗਰ ਪਾਲਿਕਾ ਦੇ ਕਾਨੂੰਨਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੁੰਦਾ ਸੀ, ਕਿਉਂਕਿ ਇਹ ਰੱਖਿਆ ਜ਼ਮੀਨ ਦੇ ਪ੍ਰਬੰਧ ਅਤੇ ਫ਼ੌਜੀ ਸੁਰੱਖਿਆ ਨਾਲ ਜੁੜਿਆ ਹੋਇਆ ਸੀ। ਪੁਰਾਣੇ ਕਾਨੂੰਨ ਮੁਤਾਬਕ, ਨਾਗਰਿਕਾਂ ਵੱਲੋਂ ਹੋਣ ਵਾਲੀਆਂ ਛੋਟੀਆਂ-ਛੋਟੀਆਂ ਭੁੱਲਾਂ ਜਿਵੇਂ ਕਿ ਸਫ਼ਾਈ ਦੇ ਨਿਯਮ ਤੋੜਨਾ, ਵਪਾਰਕ ਲਾਇਸੈਂਸ ਲੈਣ ਵਿੱਚ ਦੇਰੀ ਜਾਂ ਮਾਮੂਲੀ ਉਸਾਰੀ ਦੇ ਕੰਮ ਨੂੰ ਵੀ 'ਅਪਰਾਧਿਕ' ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।
ਇਨ੍ਹਾਂ ਛੋਟੀਆਂ ਗਲਤੀਆਂ ਲਈ ਵੀ ਲੋਕਾਂ ਨੂੰ ਅਦਾਲਤ ਦੇ ਚੱਕਰ ਕੱਟਣੇ ਪੈਂਦੇ ਸਨ ਅਤੇ ਉਨ੍ਹਾਂ 'ਤੇ ਅਪਰਾਧਿਕ ਜੁਰਮਾਨਾ ਲੱਗਦਾ ਸੀ। ਇਸ ਨਾਲ ਨਾ ਸਿਰਫ਼ ਅਦਾਲਤਾਂ 'ਤੇ ਬੋਝ ਵਧਦਾ ਸੀ, ਸਗੋਂ ਆਮ ਨਾਗਰਿਕਾਂ ਨੂੰ ਵੀ ਬੇਵਜ੍ਹਾ ਮਾਨਸਿਕ ਪਰੇਸ਼ਾਨੀ ਅਤੇ ਅਪਰਾਧੀ ਹੋਣ ਦੇ ਧੱਬੇ ਦਾ ਸਾਹਮਣਾ ਕਰਨਾ ਪੈਂਦਾ ਸੀ।
ਹੁਣ ਜੇਲ੍ਹ ਨਹੀਂ, ਸਿਰਫ਼ ਹਰਜਾਨਾ
ਨਵੇਂ ਕਾਨੂੰਨ ਤਹਿਤ ਰੱਖਿਆ ਮੰਤਰਾਲੇ ਨੇ ਕੈਂਟੋਨਮੈਂਟ ਐਕਟ ਦੇ 38 ਅਪਰਾਧਿਕ ਪ੍ਰਬੰਧਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਹੈ। ਇਨ੍ਹਾਂ ਵਿੱਚੋਂ 31 ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ (Decriminalise) ਕਰ ਦਿੱਤਾ ਗਿਆ ਹੈ।
ਬਦਲਾਅ ਦੀ ਮੁੱਖ ਗੱਲ: ਹੁਣ ਜ਼ਿਆਦਾਤਰ ਧਾਰਾਵਾਂ ਵਿੱਚੋਂ 'ਜੁਰਮਾਨੇ ਨਾਲ ਸਜ਼ਾਯੋਗ' (Punishable with fine) ਸ਼ਬਦ ਨੂੰ ਹਟਾ ਕੇ 'ਹਰਜਾਨੇ ਲਈ ਜ਼ਿੰਮੇਵਾਰ' (Liable to penalty) ਕਰ ਦਿੱਤਾ ਗਿਆ ਹੈ।
ਮਤਲਬ ਕੀ ਹੈ? ਹੁਣ ਇਨ੍ਹਾਂ ਗਲਤੀਆਂ ਨੂੰ ਅਪਰਾਧ ਨਹੀਂ, ਸਗੋਂ ਕੁਤਾਹੀ ਮੰਨਿਆ ਜਾਵੇਗਾ। ਇਸ ਦੇ ਲਈ ਪੁਲੀਸ ਕੇਸ ਜਾਂ ਕੋਰਟ ਟਰਾਇਲ ਦੀ ਲੋੜ ਨਹੀਂ ਹੋਵੇਗੀ।
ਸੀ ਈ ਓ (CEO) ਨੂੰ ਮਿਲੀ ਪਾਵਰ; ਮੌਕੇ 'ਤੇ ਹੀ ਨਿਪਟਣਗੇ ਮਾਮਲੇ
ਇਸ ਸੁਧਾਰ ਦੀ ਸਭ ਤੋਂ ਵੱਡੀ ਕੜੀ ਨਵੀਂ ਧਾਰਾ 333A ਹੈ। ਇਸ ਦੇ ਤਹਿਤ ਹੁਣ ਸਜ਼ਾ ਨਿਰਧਾਰਤ ਕਰਨ ਲਈ ਇੱਕ ਸੁਤੰਤਰ ਪ੍ਰਬੰਧਕੀ ਢਾਂਚਾ ਤਿਆਰ ਕੀਤਾ ਗਿਆ ਹੈ।
ਅਧਿਕਾਰੀ ਦੀ ਚੋਣ: ਹੁਣ ਛਾਉਣੀ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਨੂੰ ਹੀ ਹਰਜਾਨਾ ਲਗਾਉਣ ਦਾ ਅਧਿਕਾਰ ਦਿੱਤਾ ਗਿਆ ਹੈ।
ਸੁਣਵਾਈ ਲਾਜ਼ਮੀ: ਹਰਜਾਨਾ ਲਗਾਉਣ ਤੋਂ ਪਹਿਲਾਂ ਸਬੰਧਤ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
ਅਪੀਲ ਦੀ ਸਹੂਲਤ: ਜੇਕਰ ਤੁਸੀਂ ਸੀ ਈ ਓ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤਾਂ ਛਾਉਣੀ ਬੋਰਡ ਦੇ ਪ੍ਰਧਾਨ ਕੋਲ ਅਪੀਲ ਕਰ ਸਕਦੇ ਹੋ। ਇਹ ਪੂਰੀ ਪ੍ਰਕਿਰਿਆ ਸਮਾਂਬੱਧ ਹੋਵੇਗੀ, ਜਿਸ ਨਾਲ ਮਾਮਲੇ ਸਾਲਾਂ ਤੱਕ ਨਹੀਂ ਲਟਕਣਗੇ।
ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਕੀ ਮਿਲਿਆ?
ਛਾਉਣੀ ਖੇਤਰਾਂ ਦੇ ਵਪਾਰੀਆਂ ਲਈ ਇਹ ਕਦਮ ਸੰਜੀਵਨੀ ਵਾਂਗ ਹੈ। ਅਕਸਰ ਟਰੇਡ ਲਾਇਸੈਂਸ ਦੀਆਂ ਸ਼ਰਤਾਂ ਜਾਂ ਦੁਕਾਨ ਦੇ ਬਾਹਰ ਮਾਮੂਲੀ ਕਬਜ਼ੇ ਵਰਗੇ ਮੁੱਦਿਆਂ 'ਤੇ ਵਪਾਰੀਆਂ ਨੂੰ ਪੁਲੀਸ ਅਤੇ ਕੋਰਟ ਦੇ ਡਰ ਦਾ ਸਾਹਮਣਾ ਕਰਨਾ ਪੈਂਦਾ ਸੀ।
ਰਾਹਤ: ਹੁਣ ਪਹਿਲੀ ਵਾਰ ਜਾਂ ਤਕਨੀਕੀ ਪੱਧਰ 'ਤੇ ਹੋਈ ਭੁੱਲ ਲਈ ਕੇਵਲ ਹਰਜਾਨਾ ਦੇਣਾ ਹੋਵੇਗਾ। ਇਸ ਨਾਲ 'ਕਾਰੋਬਾਰ ਕਰਨ ਦੀ ਸੌਖ' (Ease of doing business) ਨੂੰ ਹੁਲਾਰਾ ਮਿਲੇਗਾ।
ਪ੍ਰਬੰਧਕੀ ਗਤੀ: ਪ੍ਰਸ਼ਾਸਨ ਹੁਣ ਕੋਰਟ ਜਾਣ ਦੀ ਬਜਾਏ ਸਿੱਧੇ ਹਰਜਾਨਾ ਵਸੂਲ ਸਕੇਗਾ, ਜਿਸ ਨਾਲ ਮਾਲੀਆ ਵੀ ਵਧੇਗਾ ਅਤੇ ਸਫ਼ਾਈ ਤੇ ਵਿਵਸਥਾ ਵੀ ਤੁਰੰਤ ਸੁਧਰੇਗੀ।
ਕੈਂਟੋਨਮੈਂਟ ਐਕਟ ਵਿੱਚ ਹੋਏ ਬਦਲਾਅ ਤੋਂ ਬਾਅਦ ਹੁਣ ਉਲੰਘਣਾ ਦੇ ਮਾਮਲਿਆਂ ਵਿੱਚ ਹਰਜਾਨੇ ਦਾ ਨਵਾਂ ਹਿਸਾਬ-ਕਿਤਾਬ ਲਾਗੂ ਹੋਵੇਗਾ। ਇਮਾਰਤ ਦੀ ਵਰਤੋਂ (ਧਾਰਾ 244) ਦੇ ਮਾਮਲੇ ਵਿੱਚ ਪਹਿਲੀ ਵਾਰ ਗਲਤੀ ਹੋਣ 'ਤੇ 1 ਲੱਖ ਰੁਪਏ ਤੱਕ ਦਾ ਹਰਜਾਨਾ ਲਗਾਇਆ ਜਾਵੇਗਾ, ਪਰ ਦੂਜੀ ਵਾਰ ਜਾਂ ਵਾਰ-ਵਾਰ ਉਲੰਘਣਾ ਕਰਨ 'ਤੇ ਇਹ ਮਾਮਲਾ ਅਪਰਾਧਿਕ ਕਾਰਵਾਈ ਦੇ ਦਾਇਰੇ ਵਿੱਚ ਆਵੇਗਾ, ਜਿਸ ਵਿੱਚ 2 ਲੱਖ ਰੁਪਏ ਤੱਕ ਜੁਰਮਾਨਾ ਅਤੇ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ। ਇਸੇ ਤਰ੍ਹਾਂ ਨਾਜਾਇਜ਼ ਉਸਾਰੀ (ਧਾਰਾ 247) ਦੇ ਮਾਮਲੇ ਵਿੱਚ ਪਹਿਲੀ ਵਾਰ ਸਿਰਫ਼ ਪ੍ਰਬੰਧਕੀ ਹਰਜਾਨਾ ਲਗਾਇਆ ਜਾਵੇਗਾ, ਜਦੋਂ ਕਿ ਵਾਰ-ਵਾਰ ਨਿਯਮ ਤੋੜਨ ਵਾਲਿਆਂ ਨੂੰ ਸਖ਼ਤ ਸਜ਼ਾ ਅਤੇ ਰੋਜ਼ਾਨਾ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।
ਸਾਵਧਾਨ! ਦੁਬਾਰਾ ਗਲਤੀ ਕੀਤੀ ਤਾਂ ਖ਼ੈਰ ਨਹੀਂ
ਕਾਨੂੰਨ ਵਿੱਚ ਦਿੱਤੀ ਗਈ ਨਰਮੀ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਹੁਣ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਸਕਣਗੀਆਂ। ਸਰਕਾਰ ਨੇ ਇਸ ਲਈ 'ਗ੍ਰੇਡਡ ਇਨਫੋਰਸਮੈਂਟ' (ਦਰਜੇਵਾਰ ਕਾਰਵਾਈ) ਦਾ ਮਾਡਲ ਅਪਣਾਇਆ ਹੈ। ਇਸ ਦਾ ਮਤਲਬ ਹੈ ਕਿ ਪਹਿਲੀ ਵਾਰ ਗਲਤੀ ਹੋਣ 'ਤੇ ਹਰਜਾਨਾ ਲਗਾ ਕੇ ਮਾਫ਼ੀ ਦਿੱਤੀ ਜਾ ਸਕਦੀ ਹੈ, ਪਰ ਜੇਕਰ ਕੋਈ ਵਾਰ-ਵਾਰ ਗਲਤੀ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸੁਧਾਰ ਦਾ ਉਦੇਸ਼ ਬਿਲਕੁਲ ਸਪਸ਼ਟ ਹੈ ਕਿ ਅਣਜਾਣੇ ਵਿੱਚ ਹੋਈ ਭੁੱਲ 'ਤੇ ਰਾਹਤ ਦਿੱਤੀ ਜਾਵੇ, ਪਰ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇ। ਕੈਂਟੋਨਮੈਂਟ ਐਕਟ ਵਿੱਚ ਕੀਤੇ ਗਏ ਇਹ ਬਦਲਾਅ ਸਾਬਤ ਕਰਦੇ ਹਨ ਕਿ ਸਰਕਾਰ ਹੁਣ ਸਖ਼ਤ 'ਕੰਟਰੋਲ' ਦੀ ਬਜਾਏ ਨਿਯਮਾਂ ਦੀ ਸਹੀ 'ਪਾਲਣਾ' 'ਤੇ ਵੱਧ ਜ਼ੋਰ ਦੇ ਰਹੀ ਹੈ। ਇਹ ਕਦਮ ਨਾ ਸਿਰਫ਼ ਭ੍ਰਿਸ਼ਟਾਚਾਰ ਨੂੰ ਘਟਾਏਗਾ, ਸਗੋਂ ਛਾਉਣੀ ਖੇਤਰਾਂ ਦੇ ਵਸਨੀਕਾਂ ਨੂੰ ਇੱਕ ਸਨਮਾਨਜਨਕ ਜੀਵਨ ਵੀ ਪ੍ਰਦਾਨ ਕਰੇਗਾ।

