Explainer: ਗੈਂਗਸਟਰਾਂ ਦੀ ‘ਸੌਖੀ ਕਮਾਈ’ ਦਾ ਅੱਡਾ ਬਣੀ ‘ਮਾਂ ਖੇਡ ਕਬੱਡੀ’ !
ਬਾਬੂ ਸਿੰਘ ਮਾਨ ਦੇ ਲਿਖੇ ਅਤੇ ਸੁਖਵਿੰਦਰ ਸਿੰਘ ਦੇ ਗਾਏ ਬੋਲ - “ਜੁਗਾਂ-ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ...” , ਅੱਜ ਮੈਦਾਨਾਂ ਵਿੱਚ ਕਬੱਡੀ ਦੀ ਗੂੰਜ ਤਾਂ ਸੁਣਾ ਰਹੇ ਹਨ, ਪਰ ਇਸ ਗੂੰਜ ਦੇ ਪਿੱਛੇ ਗੋਲੀਆਂ ਦੀ ਥਾਪ ਵੀ ਸੁਣਾਈ...
ਬਾਬੂ ਸਿੰਘ ਮਾਨ ਦੇ ਲਿਖੇ ਅਤੇ ਸੁਖਵਿੰਦਰ ਸਿੰਘ ਦੇ ਗਾਏ ਬੋਲ - “ਜੁਗਾਂ-ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ...” , ਅੱਜ ਮੈਦਾਨਾਂ ਵਿੱਚ ਕਬੱਡੀ ਦੀ ਗੂੰਜ ਤਾਂ ਸੁਣਾ ਰਹੇ ਹਨ, ਪਰ ਇਸ ਗੂੰਜ ਦੇ ਪਿੱਛੇ ਗੋਲੀਆਂ ਦੀ ਥਾਪ ਵੀ ਸੁਣਾਈ ਦੇਣ ਲੱਗੀ ਹੈ। ਜਿੱਥੇ ਕਦੇ ਜੇਤੂਆਂ ਨੂੰ ਦੇਸੀ ਘਿਓ ਦੇ ਪੀਪੇ, ਕਣਕ ਦੀਆਂ ਬੋਰੀਆਂ ਜਾਂ ਪਸ਼ੂ ਇਨਾਮ ਵਜੋਂ ਮਿਲਦੇ ਸਨ, ਉੱਥੇ ਅੱਜ ਕਰੋੜਾਂ ਦੇ ਨਕਦ ਇਨਾਮ ਅਤੇ ਬੁਲੇਟ ਮੋਟਰਸਾਈਲਾਂ ਦਾ ਮੀਂਹ ਪੈ ਰਿਹਾ ਹੈ। ਭੁਲੱਥ (ਕਪੂਰਥਲਾ) ਵਰਗੇ ਟੂਰਨਾਮੈਂਟਾਂ ਵਿੱਚ ਦੋ ਦਿਨਾਂ ’ਚ 3.5 ਕਰੋੜ ਰੁਪਏ ਖਰਚ ਦਿੱਤੇ ਜਾਂਦੇ ਹਨ। ਚੋਟੀ ਦੇ ਖਿਡਾਰੀ ਇੱਕ ਸੀਜ਼ਨ ਵਿੱਚ 1 ਕਰੋੜ ਤੱਕ ਕਮਾ ਰਹੇ ਹਨ ਪਰ ਇਸ ਸ਼ੋਹਰਤ ਦੇ ਪਿੱਛੇ ਇੱਕ ਖ਼ਤਰਨਾਕ ਸੱਚ ਲੁਕਿਆ ਹੋਇਆ ਹੈ।
ਮੈਦਾਨ ਉੱਤੇ ਗੈਂਗਸਟਰਾਂ ਦਾ ਕਬਜ਼ਾ
ਕਦੇ ਪਿੰਡਾਂ ਦੀ ਸਾਂਝੀ ਖੇਡ ਕਹਾਉਣ ਵਾਲੀ ਕਬੱਡੀ ਹੁਣ ਗੈਂਗਸਟਰਾਂ ਦਾ ਅਖਾੜਾ ਬਣ ਚੁੱਕੀ ਹੈ। ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਵਰਗੇ ਗੈਂਗ ਹੁਣ ਤੈਅ ਕਰਦੇ ਹਨ ਕਿ:
- ਕਿਹੜਾ ਖਿਡਾਰੀ ਕਿਸ ਟੀਮ ਵਿੱਚ ਖੇਡੇਗਾ?
- ਮੈਚ ਦਾ ਜੇਤੂ ਕੌਣ ਹੋਵੇਗਾ?
- ਅਤੇ ਮੁੱਖ ਮਹਿਮਾਨ, ਗਾਇਕ ਅਤੇ ਕਮੈਂਟੇਟਰ ਕੌਣ ਹੋਣਗੇ?
ਜੇਕਰ ਕੋਈ ਖਿਡਾਰੀ ਜਾਂ ਪ੍ਰਬੰਧਕ ਇਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦਾ ਫੈਸਲਾ ਅਦਾਲਤ ਵਿੱਚ ਨਹੀਂ, ਸਗੋਂ ਮੈਦਾਨ ਵਿੱਚ ਗੋਲੀਆਂ ਨਾਲ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਮੋਹਾਲੀ ਵਿੱਚ ਕਬੱਡੀ ਪ੍ਰਮੋਟਰ ਰਾਣਾ ਬਾਲਾਚੌਰੀਆ ਦਾ ਕਤਲ ਅਤੇ 2022 ਵਿੱਚ ਕੌਮਾਂਤਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਸਭ ਦੇ ਸਾਹਮਣੇ ਕੀਤਾ ਗਿਆ ਕਤਲ ਇਸ ਖੂਨੀ ਖੇਡ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।
ਪੈਸਾ, ਸੱਟਾ ਅਤੇ ਡੋਪਿੰਗ ਦਾ ਜਾਲ
ਜਾਣਕਾਰ ਦੱਸਦੇ ਹਨ ਕਿ ਖੇਡ ਦਾ ਇਹ ਵਿਗਾੜ 2010-11 ਵਿੱਚ ‘ਵਰਲਡ ਕਬੱਡੀ ਕੱਪ’ ਤੋਂ ਸ਼ੁਰੂ ਹੋਇਆ। ਵੱਡੇ ਨਕਦ ਇਨਾਮਾਂ ਅਤੇ ਗਲੈਮਰ ਨੇ ਗੈਂਗਸਟਰਾਂ ਨੂੰ ਇਸ ਖੇਤਰ ਵਿੱਚ ‘ਸੌਖੀ ਕਮਾਈ’ (Easy Money) ਦਾ ਰਸਤਾ ਦਿਖਾਇਆ। ਮੁਨਾਫ਼ੇ ਲਈ ਮੈਚ ਰਾਤ ਨੂੰ ਫਲੱਡ ਲਾਈਟਾਂ ਵਿੱਚ ਕਰਵਾਏ ਜਾਣ ਲੱਗੇ, ਜੋ ਸਵੇਰੇ 4 ਵਜੇ ਤੱਕ ਚੱਲਦੇ ਹਨ। ਅਗਲੀ ਸ਼ਾਮ ਫਿਰ ਤੋਂ ਮੈਦਾਨ ਵਿੱਚ ਉਤਰਨ ਲਈ ਕਈ ਖਿਡਾਰੀ ਨਸ਼ਿਆਂ (Doping) ਦਾ ਸਹਾਰਾ ਲੈਣ ਲਈ ਮਜਬੂਰ ਹਨ, ਕਿਉਂਕਿ ਇੱਥੇ ਕੋਈ ਚੈਕਿੰਗ ਨਹੀਂ ਹੈ। ਮਾਸਟਰਮਾਈਂਡ ਵਿਦੇਸ਼ਾਂ ਵਿੱਚ ਬੈਠੇ ਹਨ। ਹਾਲਾਤ ਇੰਨੇ ਮਾੜੇ ਹਨ ਕਿ ਕੈਨੇਡਾ (ਬ੍ਰਿਟਿਸ਼ ਕੋਲੰਬੀਆ) ਨੇ ਹਿੰਸਾ ਕਾਰਨ ਕਬੱਡੀ ’ਤੇ ਦੋ ਸਾਲ ਦੀ ਪਾਬੰਦੀ ਤੱਕ ਲਗਾ ਦਿੱਤੀ ਸੀ।
ਕੀ ਬਚੇਗੀ ‘ਮਾਂ ਖੇਡ’?
ਅੱਜ ਪੰਜਾਬ ਦੀ ਕਬੱਡੀ ਤਿੰਨ ਸੰਸਥਾਵਾਂ (Federations) ਵਿੱਚ ਵੰਡੀ ਹੋਈ ਹੈ, ਜਿਨ੍ਹਾਂ ਦਾ ਆਪਸੀ ਤਾਲਮੇਲ ਜ਼ੀਰੋ ਹੈ। ਪ੍ਰਬੰਧਕ ਹੁਣ ਟੂਰਨਾਮੈਂਟ ਕਰਵਾਉਣ ਤੋਂ ਡਰਨ ਲੱਗੇ ਹਨ। ਖਿਡਾਰੀ ਆਪਣੀ ਜਾਨ ਬਚਾਉਣ ਲਈ ਵਿਦੇਸ਼ਾਂ ਨੂੰ ਭੱਜ ਰਹੇ ਹਨ, ਪਰ ਉੱਥੇ ਵੀ ਗੈਂਗਸਟਰ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ।
ਜੇਕਰ ਸਰਕਾਰ ਨੇ ਸਿੱਧਾ ਕੰਟਰੋਲ ਨਾ ਕੀਤਾ ਅਤੇ ਇਸ ਖੇਡ ਨੂੰ ਗੈਂਗਸਟਰਾਂ ਦੇ ਚੁੰਗਲ ਵਿੱਚੋਂ ਨਾ ਛੁਡਾਇਆ ਤਾਂ ਪੰਜਾਬ ਦੀ ਇਹ ਵਿਰਾਸਤੀ ਖੇਡ ਮੈਦਾਨਾਂ ਦੀ ਬਜਾਏ ਸਿਰਫ਼ ਫਾਈਲਾਂ ਅਤੇ ਯਾਦਾਂ ਵਿੱਚ ਹੀ ਰਹਿ ਜਾਵੇਗੀ।

