Explainer: ਵਧਦੀ ਗਰਮੀ ਤੇ ਲੂ ਦੀ ਤਪਸ਼ ਕਾਰਨ ਜਾਣੋਂ ਦੇਸ਼ ਵਿੱਚ ਬਿਜਲੀ ਦੀ ਮੰਗ ਕਿਵੇਂ ਤੋੜ ਰਹੀ ਹੈ ਪਿਛਲੇ ਰਿਕਾਰਡ
ਬਿਜਲੀ ਮੰਤਰਾਲੇ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਵਧਦੀ ਗਰਮੀ ਅਤੇ ਲੂ ਦੀ ਤਪਸ਼ ਕਾਰਨ ਸ਼ਨਿੱਚਰਵਾਰ ਨੂੰ ਭਾਰਤ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਵੱਧ ਤੋਂ ਵੱਧ ਮੰਗ 256.11 ਗੀਗਾਵਾਟ ਤੱਕ ਜਾ ਪਹੁੰਚੀ...
ਬਿਜਲੀ ਮੰਤਰਾਲੇ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਵਧਦੀ ਗਰਮੀ ਅਤੇ ਲੂ ਦੀ ਤਪਸ਼ ਕਾਰਨ ਸ਼ਨਿੱਚਰਵਾਰ ਨੂੰ ਭਾਰਤ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਵੱਧ ਤੋਂ ਵੱਧ ਮੰਗ 256.11 ਗੀਗਾਵਾਟ ਤੱਕ ਜਾ ਪਹੁੰਚੀ ਹੈ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਗਰਮੀ ਤੋਂ ਬਚਣ ਲਈ ਲੋਕਾਂ ਵੱਲੋਂ ਏਅਰ ਕੰਡੀਸ਼ਨਰ (ਏ ਸੀ) ਅਤੇ ਕੂਲਰਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਕਰਕੇ ਬਿਜਲੀ ਦੀ ਮੰਗ ਵਿੱਚ ਇਹ ਵੱਡਾ ਉਛਾਲ ਆਇਆ ਹੈ।
ਸ਼ਨਿੱਚਰਵਾਰ ਨੂੰ ਬਿਜਲੀ ਦੀ ਮੰਗ ਨੇ 252.07 ਗੀਗਾਵਾਟ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਪੁਰਾਣਾ ਰਿਕਾਰਡ ਸਿਰਫ਼ ਇੱਕ ਦਿਨ ਪਹਿਲਾਂ, ਯਾਨੀ ਸ਼ੁੱਕਰਵਾਰ 24 ਅਪਰੈਲ ਨੂੰ ਦੁਪਹਿਰ 3:48 ਵਜੇ ਦਰਜ ਕੀਤਾ ਗਿਆ ਸੀ।
ਬਿਜਲੀ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਸ਼ਨਿੱਚਰਵਾਰ ਦੁਪਹਿਰ 3:38 ਵਜੇ ਬਿਜਲੀ ਦੀ ਸਭ ਤੋਂ ਵੱਧ (ਪੀਕ) ਮੰਗ 256.11 ਗੀਗਾਵਾਟ ਤੱਕ ਪਹੁੰਚ ਗਈ, ਜਿਸ ਨੇ ਇੱਕ ਨਵਾਂ ਰਿਕਾਰਡ ਬਣਾਇਆ। ਖ਼ਾਸ ਗੱਲ ਇਹ ਰਹੀ ਕਿ ਬਿਜਲੀ ਦੀ ਇਸ ਭਾਰੀ ਮੰਗ ਨੂੰ ਬਿਨਾਂ ਕਿਸੇ ਕਮੀ ਦੇ ਪੂਰੀ ਤਰ੍ਹਾਂ ਪੂਰਾ ਕੀਤਾ ਗਿਆ।
ਮਾਹਰਾਂ ਮੁਤਾਬਕ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਉੱਪਰ ਜਾ ਰਹੀ ਹੈ। ਇਹ ਮੰਗ ਹੁਣ ਬਿਜਲੀ ਮੰਤਰਾਲੇ ਦੇ ਉਸ ਅੰਦਾਜ਼ੇ ਵੱਲ ਵਧ ਰਹੀ ਹੈ, ਜਿਸ ਵਿੱਚ ਇਸ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਵਰਤੋਂ 270 ਗੀਗਾਵਾਟ ਤੱਕ ਪਹੁੰਚਣ ਦੀ ਉਮੀਦ ਜਤਾਈ ਗਈ ਸੀ।
ਮੌਸਮ ਵਿਭਾਗ ਦੇ ਅਨੁਸਾਰ, ਕਈ ਇਲਾਕਿਆਂ ਵਿੱਚ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਜ਼ਿਆਦਾ ਦਰਜ ਕੀਤਾ ਗਿਆ ਹੈ। ਇਹ ਵਧਦਾ ਤਾਪਮਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੇ ਵਧਦੇ ਕਹਿਰ ਅਤੇ ਦਬਾਅ (ਹੀਟ ਸਟ੍ਰੈੱਸ) ਦੀ ਸਥਿਤੀ ਨੂੰ ਸਾਫ਼ ਦਰਸਾਉਂਦਾ ਹੈ।
ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਇਸ ਸਾਲ ਦੀ ਸਭ ਤੋਂ ਭਾਰੀ ਗਰਮੀ ਪਈ ਅਤੇ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਲ 2022 ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ, ਇਸ ਤੋਂ ਪਹਿਲਾਂ 28 ਅਪਰੈਲ 2022 ਨੂੰ ਪਾਰਾ 43.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਸੀ।
ਮੌਸਮ ਵਿਭਾਗ ਦੇ ਮੁਤਾਬਕ ਸ਼ਨਿੱਚਰਵਾਰ ਲੂ (ਹੀਟਵੇਵ) ਦਾ ਲਗਾਤਾਰ ਤੀਜਾ ਦਿਨ ਸੀ।
ਦੇਸ਼ ਵਿੱਚ ਅਪਰੈਲ ਦੌਰਾਨ ਵਧਦੀ ਗਰਮੀ ਦੇ ਨਾਲ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ। 22 ਅਪਰੈਲ ਨੂੰ ਬਿਜਲੀ ਦੀ ਸਭ ਤੋਂ ਵੱਧ ਸਪਲਾਈ 239.70 ਗੀਗਾਵਾਟ ਸੀ, ਜੋ 23 ਅਪਰੈਲ 2026 ਨੂੰ ਵਧ ਕੇ 240.12 ਗੀਗਾਵਾਟ ਤੱਕ ਪਹੁੰਚ ਗਈ। ਜੇਕਰ ਇਸ ਮਹੀਨੇ ਦੇ ਪਹਿਲੇ 15 ਦਿਨਾਂ ਦੀ ਗੱਲ ਕਰੀਏ, ਤਾਂ ਬਿਜਲੀ ਦੀ ਵੱਧ ਤੋਂ ਵੱਧ ਸਪਲਾਈ ਅਪਰੈਲ 2025 ਵਿੱਚ ਦਰਜ ਕੀਤੀ ਗਈ 235.32 ਗੀਗਾਵਾਟ ਦੀ ਮੰਗ ਨਾਲੋਂ ਘੱਟ ਰਹੀ ਸੀ।
ਮਾਹਰਾਂ ਦਾ ਮੰਨਣਾ ਹੈ ਕਿ ਲੂ ਦੀ ਤਪਸ਼ ਕਰਕੇ ਬਿਜਲੀ ਦੀ ਮੰਗ ਅਤੇ ਵਰਤੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਲੋਕ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ (ਏ ਸੀ), ਕੂਲਰਾਂ ਅਤੇ ਬਿਜਲੀ ਨਾਲ ਚੱਲਣ ਵਾਲੇ ਹੋਰ ਯੰਤਰਾਂ ਦੀ ਵਰਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਰਨਗੇ।
ਮੌਸਮ ਵਿਭਾਗ ਨੇ ਇਸ ਸਾਲ ਭਿਆਨਕ ਗਰਮੀ ਦੀ ਪੇਸ਼ੀਨਗੋਈ ਕੀਤੀ ਹੈ।
ਪਿਛਲੀਆਂ ਗਰਮੀਆਂ ਦੌਰਾਨ, ਜੂਨ 2025 ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 242.77 ਗੀਗਾਵਾਟ ਦਰਜ ਕੀਤੀ ਗਈ ਸੀ, ਪਰ ਇਹ ਸਰਕਾਰ ਵੱਲੋਂ ਲਗਾਏ ਗਏ 277 ਗੀਗਾਵਾਟ ਦੇ ਅੰਦਾਜ਼ੇ ਤੋਂ ਘੱਟ ਰਹੀ।
ਇਸੇ ਤਰ੍ਹਾਂ ਮਈ 2024 ਵਿੱਚ ਬਿਜਲੀ ਦੀ ਮੰਗ 250 ਗੀਗਾਵਾਟ ਤੱਕ ਪਹੁੰਚ ਗਈ ਸੀ, ਜਿਸ ਨੇ ਉਸ ਸਮੇਂ ਇੱਕ ਨਵਾਂ ਰਿਕਾਰਡ ਬਣਾਇਆ ਸੀ ਅਤੇ ਸਤੰਬਰ 2023 ਵਿੱਚ ਬਣੇ 243.27 ਗੀਗਾਵਾਟ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਸੀ।

