Explainer: ਚੰਡੀਗੜ੍ਹ ’ਚ 1 ਅਪਰੈਲ ਤੋਂ ਮਹਿੰਗਾਈ ਦਾ ‘ਕਰੰਟ’: ਪਾਣੀ ਦੀ ਬੂੰਦ ਤੋਂ ਲੈ ਕੇ ਆਸ਼ਿਆਨਾ ਬਣਾਉਣਾ ਹੋਇਆ ਮਹਿੰਗਾ
ਨਵੇਂ ਵਿੱਤੀ ਵਰ੍ਹੇ ਤੋਂ ਜਨਤਾ ’ਤੇ ਚੌਤਰਫ਼ਾ ਮਾਰ; ਪ੍ਰਾਪਰਟੀ ਟੈਕਸ ’ਚ 300% ਤੇ ਕਲੈਕਟਰ ਰੇਟਾਂ ’ਚ 55% ਤੱਕ ਦਾ ਭਾਰੀ ਵਾਧਾ
Chandigarh April Inflation: ਸਿਟੀ ਬਿਊਟੀਫੁੱਲ ਦੇ ਵਸਨੀਕਾਂ ਲਈ ਨਵਾਂ ਵਿੱਤੀ ਵਰ੍ਹਾ (2026-27) ਜੇਬ੍ਹਾਂ ’ਤੇ ਭਾਰੀ ਪੈਣ ਵਾਲਾ ਹੈ। ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨਾਂ ਅਨੁਸਾਰ, 1 ਅਪਰੈਲ ਤੋਂ ਪਾਣੀ ਦੇ ਬਿੱਲਾਂ, ਪ੍ਰਾਪਰਟੀ ਟੈਕਸ, ਕੂੜਾ ਚੁੱਕਣ ਦੀ ਫੀਸ ਅਤੇ ਜਾਇਦਾਦ ਦੀਆਂ ਰਜਿਸਟਰੀਆਂ ਦੇ ਰੇਟਾਂ ਵਿੱਚ ਵੱਡਾ ਵਾਧਾ ਲਾਗੂ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਰਾਬ, ਫਾਇਰ ਐਨਓਸੀ ਅਤੇ ਹਾਊਸਿੰਗ ਬੋਰਡ ਦੇ ਚਾਰਜਿਜ਼ ਵੀ ਮਹਿੰਗੇ ਕਰ ਦਿੱਤੇ ਗਏ ਹਨ।
ਪਰਟੀ ਟੈਕਸ: ਰਿਹਾਇਸ਼ੀ ਖੇਤਰਾਂ ’ਚ ਤਿੰਨ ਗੁਣਾ ਵਾਧਾ
ਪ੍ਰਸ਼ਾਸਨ ਨੇ ਸਾਲ 2020 ਤੋਂ ਬਾਅਦ ਪਹਿਲੀ ਵਾਰ ਪ੍ਰਾਪਰਟੀ ਟੈਕਸ ਦੇ ਢਾਂਚੇ ਵਿੱਚ ਵੱਡੀ ਤਬਦੀਲੀ ਕੀਤੀ ਹੈ। ਨਿਗਮ ਦੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਰਿਹਾਇਸ਼ੀ ਜਾਇਦਾਦਾਂ ’ਤੇ ਟੈਕਸ 3 ਫੀਸਦੀ ਤੋਂ ਵਧਾ ਕੇ ਸਿੱਧਾ 9 ਫੀਸਦੀ ਕਰ ਦਿੱਤਾ ਗਿਆ ਹੈ। ਵਪਾਰਕ (Commercial) ਅਤੇ ਉਦਯੋਗਿਕ ਇਕਾਈਆਂ ਲਈ ਇਹ ਦਰ 3 ਫੀਸਦੀ ਤੋਂ ਵਧਾ ਕੇ 6 ਫੀਸਦੀ ਕੀਤੀ ਗਈ ਹੈ।
ਆਸ਼ਿਆਨਾ ਖਰੀਦਣਾ ਹੋਇਆ ਸੁਪਨਾ: ਕਲੈਕਟਰ ਰੇਟਾਂ ’ਚ ਵਾਧਾ
ਸ਼ਹਿਰ ਵਿੱਚ ਆਪਣਾ ਘਰ ਖਰੀਦਣਾ ਹੁਣ ਹੋਰ ਵੀ ਮਹਿੰਗਾ ਹੋ ਜਾਵੇਗਾ। ਪ੍ਰਸ਼ਾਸਨ ਨੇ ਕਲੈਕਟਰ ਰੇਟਾਂ ਵਿੱਚ 55 ਫੀਸਦੀ ਤੱਕ ਦਾ ਵਾਧਾ ਕੀਤਾ ਹੈ।
- ਪ੍ਰੀਮੀਅਮ ਸੈਕਟਰ (1 ਤੋਂ 12): ਇੱਥੇ ਰੇਟ 1.78 ਲੱਖ ਤੋਂ ਵਧ ਕੇ 2.37 ਲੱਖ ਰੁਪਏ ਪ੍ਰਤੀ ਵਰਗ ਗਜ਼ ਹੋ ਗਏ ਹਨ।
- ਮੱਧ ਵਰਗੀ ਸੈਕਟਰ (14 ਤੋਂ 37): ਰੇਟ 1.47 ਲੱਖ ਤੋਂ ਵਧ ਕੇ 1.81 ਲੱਖ ਰੁਪਏ ਕੀਤੇ ਗਏ ਹਨ।
- ਵਪਾਰਕ ਜਾਇਦਾਦ: ਇਲਾਂਤੇ ਮਾਲ ਵਰਗੇ ਖੇਤਰਾਂ ਵਿੱਚ ਗਰਾਊਂਡ ਫਲੋਰ ਦੇ ਰੇਟ ਸਿੱਧੇ ਦੁੱਗਣੇ (15,600 ਤੋਂ 31,200 ਰੁਪਏ ਪ੍ਰਤੀ ਵਰਗ ਫੁੱਟ) ਕਰ ਦਿੱਤੇ ਗਏ ਹਨ।
- CHB ਚਾਰਜਿਜ਼: ਚੰਡੀਗੜ੍ਹ ਹਾਊਸਿੰਗ ਬੋਰਡ ਨੇ ਵੀ ਰੀਸਟੋਰੇਸ਼ਨ ਚਾਰਜਿਜ਼ ਵਿੱਚ 7 ਫੀਸਦੀ (ਕਰੀਬ 1 ਤੋਂ 3 ਲੱਖ ਰੁਪਏ) ਦਾ ਵਾਧਾ ਕੀਤਾ ਹੈ।
ਪਾਣੀ ਅਤੇ ਕੂੜਾ ਚੁੱਕਣ ਦੀ ਫੀਸ ’ਚ ‘ਆਟੋਮੈਟਿਕ’ ਵਾਧਾ
ਨਿਗਮ ਦੇ ਨਿਯਮਾਂ ਮੁਤਾਬਕ ਹਰ ਸਾਲ 1 ਅਪਰੈਲ ਨੂੰ ਪਾਣੀ ਅਤੇ ਕੂੜੇ ਦੇ ਬਿੱਲਾਂ ਵਿੱਚ 5 ਫੀਸਦੀ ਸਾਲਾਨਾ ਵਾਧਾ ਆਪਣੇ-ਆਪ ਲਾਗੂ ਹੋ ਜਾਂਦਾ ਹੈ।
- ਪਾਣੀ: ਘਰੇਲੂ ਵਰਤੋਂ ਲਈ ਹੁਣ 3.47 ਦੀ ਬਜਾਏ 3.64 ਰੁਪਏ ਪ੍ਰਤੀ ਕਿਲੋਲੀਟਰ (0-15 ਗਰੁੱਪ) ਦੇਣੇ ਪੈਣਗੇ। ਵਪਾਰਕ ਦਰਾਂ 34.73 ਤੋਂ ਵਧ ਕੇ 36.47 ਰੁਪਏ ਹੋ ਜਾਣਗੀਆਂ।
- ਜੁਰਮਾਨਾ: 15 ਅਪਰੈਲ ਤੋਂ 15 ਜੂਨ ਤੱਕ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ 5,788 ਰੁਪਏ ਦਾ ਮੌਕੇ ’ਤੇ ਜੁਰਮਾਨਾ ਭਰਨਾ ਪਵੇਗਾ।
- ਕੂੜਾ: 2 ਮਰਲੇ ਦੇ ਘਰਾਂ ਲਈ ਫੀਸ ਕਰੀਬ 58 ਰੁਪਏ ਅਤੇ 1 ਕਨਾਲ ਤੱਕ ਦੇ ਘਰਾਂ ਲਈ 243 ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ।
ਸ਼ਰਾਬ ਅਤੇ ਹੋਰ ਸੇਵਾਵਾਂ
ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਦੀ ਬੋਤਲ ’ਤੇ 10 ਰੁਪਏ ਤੋਂ ਲੈ ਕੇ 40 ਰੁਪਏ ਤੱਕ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਅਤੇ ਫਾਇਰ ਸੇਫਟੀ ਸਰਟੀਫਿਕੇਟ ਦੀ ਫੀਸ ਵੀ ਵਧਾ ਦਿੱਤੀ ਗਈ ਹੈ।
ਜਨਤਾ ਵਿੱਚ ਭਾਰੀ ਰੋਸ
ਸ਼ਹਿਰ ਦੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (RWA) ਅਤੇ ਕਾਰੋਬਾਰੀਆਂ ਨੇ ਇਸ ਵਾਧੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਇੱਕ ਪਾਸੇ ਜਨਤਾ ਨੂੰ ਬੁਨਿਆਦੀ ਸਹੂਲਤਾਂ ਪੂਰੀ ਤਰ੍ਹਾਂ ਨਹੀਂ ਮਿਲ ਰਹੀਆਂ, ਦੂਜੇ ਪਾਸੇ ਟੈਕਸਾਂ ਦਾ ਬੋਝ ਲਗਾਤਾਰ ਵਧਾਇਆ ਜਾ ਰਿਹਾ ਹੈ। ਰੀਅਲ ਐਸਟੇਟ ਮਾਹਿਰਾਂ ਅਨੁਸਾਰ, ਕਲੈਕਟਰ ਰੇਟ ਵਧਣ ਨਾਲ ਪ੍ਰਾਪਰਟੀ ਬਾਜ਼ਾਰ ਵਿੱਚ ਮੰਦੀ ਆ ਸਕਦੀ ਹੈ।

