Explainer: Income Tax ਵਿਭਾਗ ਨੇ TDS ਬਚਾਉਣ ਲਈ ਪੇਸ਼ ਕੀਤਾ ਫਾਰਮ 121: ਜਾਣੋ ਫਾਰਮ ਭਰਨ ਦਾ ਤਰੀਕਾ
ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਲਈ ਇੱਕ ਵੱਡੀ ਸਹੂਲਤ ਦਿੰਦਿਆਂ ਫਾਰਮ ਨੰਬਰ 121 ਪੇਸ਼ ਕੀਤਾ ਹੈ। ਇਹ ਇੱਕ ਨਵਾਂ ਸਿੰਗਲ ਫਾਰਮ ਹੈ ਜਿਸ ਨੇ ਪੁਰਾਣੇ ਫਾਰਮ 15G ਅਤੇ ਫਾਰਮ 15H ਦੀ ਜਗ੍ਹਾ ਲੈ ਲਈ ਹੈ। ਇਸ ਦਾ ਮੁੱਖ ਮਕਸਦ ਵਿਆਜ,...
ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਲਈ ਇੱਕ ਵੱਡੀ ਸਹੂਲਤ ਦਿੰਦਿਆਂ ਫਾਰਮ ਨੰਬਰ 121 ਪੇਸ਼ ਕੀਤਾ ਹੈ। ਇਹ ਇੱਕ ਨਵਾਂ ਸਿੰਗਲ ਫਾਰਮ ਹੈ ਜਿਸ ਨੇ ਪੁਰਾਣੇ ਫਾਰਮ 15G ਅਤੇ ਫਾਰਮ 15H ਦੀ ਜਗ੍ਹਾ ਲੈ ਲਈ ਹੈ। ਇਸ ਦਾ ਮੁੱਖ ਮਕਸਦ ਵਿਆਜ, ਲਾਭਅੰਸ਼ (dividend) ਅਤੇ ਹੋਰ ਆਮਦਨ 'ਤੇ ਕੱਟੇ ਜਾਣ ਵਾਲੇ TDS (Tax Deducted at Source) ਨੂੰ ਰੋਕਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।
ਪੁਰਾਣੇ ਸਿਸਟਮ ਵਿੱਚ 60 ਸਾਲ ਤੋਂ ਘੱਟ ਉਮਰ ਦੇ ਲੋਕ ਫਾਰਮ 15G ਭਰਦੇ ਸਨ ਅਤੇ ਸੀਨੀਅਰ ਸਿਟੀਜ਼ਨ ਫਾਰਮ 15H ਦੀ ਵਰਤੋਂ ਕਰਦੇ ਸਨ। ਪਰ ਇੱਕ ਅਪਰੈਲ, 2026 ਤੋਂ ਇਹ ਦੋਵੇਂ ਫਾਰਮ ਖਤਮ ਕਰ ਦਿੱਤੇ ਗਏ ਹਨ ਅਤੇ ਹੁਣ ਸਿਰਫ ਇੱਕੋ ਫਾਰਮ, ਫਾਰਮ 121 ਲਾਗੂ ਹੋਵੇਗਾ।
ਫਾਰਮ ਨੰਬਰ 121 ਕੀ ਹੈ ਅਤੇ ਇਸ ਦਾ ਮਕਸਦ ਕੀ ਹੈ ?
ਇਹ ਟੈਕਸਦਾਤਾ ਵੱਲੋਂ ਦਿੱਤੀ ਜਾਣ ਵਾਲੀ ਇੱਕ ਸਵੈ-ਘੋਸ਼ਣਾ (declaration) ਹੈ ਕਿ ਟੈਕਸ ਸਾਲ ਲਈ ਉਸ ਦੀ ਅਨੁਮਾਨਿਤ ਕੁੱਲ ਆਮਦਨ 'ਤੇ ਟੈਕਸ 'ਜ਼ੀਰੋ' (NIL) ਹੋਵੇਗਾ। ਇਸ ਦਾ ਮਕਸਦ TDS ਦੀ ਕਟੌਤੀ ਨੂੰ ਰੋਕਣਾ ਹੈ। ਇਹ ਫਾਰਮ ਉਸ ਅਦਾਰੇ (ਜਿਵੇਂ ਬੈਂਕ) ਨੂੰ ਜਮ੍ਹਾਂ ਕਰਵਾਉਣਾ ਪੈਂਦਾ ਹੈ ਜੋ ਤੁਹਾਨੂੰ ਭੁਗਤਾਨ ਕਰ ਰਿਹਾ ਹੈ।
ਕੀ ਫਾਰਮ 121 ਨੇ ਪੁਰਾਣੇ ਫਾਰਮਾਂ ਦੀ ਜਗ੍ਹਾ ਲੈ ਲਈ ਹੈ ?
ਹੁਣ 60 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਅਤੇ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗ, ਦੋਵੇਂ ਹੀ TDS ਤੋਂ ਬਚਣ ਲਈ ਸਿਰਫ਼ ਫਾਰਮ ਨੰਬਰ 121 ਦੀ ਵਰਤੋਂ ਕਰਨਗੇ।
ਇਸ ਫਾਰਮ ਰਾਹੀਂ ਕਿਹੜੀ-ਕਿਹੜੀ ਆਮਦਨ 'ਤੇ TDS ਬਚਾਇਆ ਜਾ ਸਕਦਾ ਹੈ?
ਫਾਰਮ 121 ਹੇਠ ਲਿਖੀਆਂ ਆਮਦਨਾਂ ਲਈ ਵਰਤਿਆ ਜਾ ਸਕਦਾ ਹੈ:
PF ਕਢਵਾਉਣ ਅਤੇ ਪੈਨਸ਼ਨ 'ਤੇ।
ਬੈਂਕ ਜਮ੍ਹਾਂ ਰਾਸ਼ੀ 'ਤੇ ਵਿਆਜ।
ਬੀਮਾ ਕਮਿਸ਼ਨ ਅਤੇ ਜੀਵਨ ਬੀਮਾ ਪਾਲਿਸੀ ਦੇ ਭੁਗਤਾਨ।
ਮਿਊਚਲ ਫੰਡ ਤੋਂ ਆਮਦਨ ਅਤੇ ਲਾਭਅੰਸ਼ (Dividend)।
ਕਿਰਾਇਆ (Rent) ਆਦਿ।
ਕੀ ਫਾਰਮ 121 ਭਰਨਾ ਲਾਜ਼ਮੀ ਹੈ?
ਇਹ ਸਿਰਫ਼ ਉਨ੍ਹਾਂ ਟੈਕਸਦਾਤਾਵਾਂ ਲਈ ਹੈ ਜੋ TDS ਕਟਵਾਉਣਾ ਨਹੀਂ ਚਾਹੁੰਦੇ ਅਤੇ ਜਿਨ੍ਹਾਂ ਦੀ ਕੁੱਲ ਸਾਲਾਨਾ ਆਮਦਨ ਟੈਕਸਯੋਗ ਸੀਮਾ ਤੋਂ ਘੱਟ ਹੈ। ਇਹ ਫਾਰਮ ਹਰ ਟੈਕਸ ਸਾਲ ਲਈ ਵੱਖਰੇ ਤੌਰ 'ਤੇ ਭਰਨਾ ਪਵੇਗਾ।
ਕੌਣ ਇਸ ਫਾਰਮ ਨੂੰ ਭਰ ਸਕਦਾ ਹੈ?
ਭਾਰਤ ਦੇ ਨਿਵਾਸੀ ਵਿਅਕਤੀ (60 ਸਾਲ ਤੋਂ ਘੱਟ ਅਤੇ ਵੱਧ ਉਮਰ ਦੇ)।
HUF (ਹਿੰਦੂ ਅਨਵਿਭਾਜਿਤ ਪਰਿਵਾਰ) ਅਤੇ ਹੋਰ ਨਿਰਧਾਰਿਤ ਇਕਾਈਆਂ।
ਨੋਟ: ਕੰਪਨੀਆਂ, ਫਰਮਾਂ ਅਤੇ ਗੈਰ-ਨਿਵਾਸੀ (Non-residents) ਇਹ ਫਾਰਮ ਨਹੀਂ ਭਰ ਸਕਦੇ।
ਕੀ PAN ਕਾਰਡ ਜ਼ਰੂਰੀ ਹੈ?
ਫਾਰਮ 121 ਭਰਨ ਲਈ PAN (ਪੈਨ ਕਾਰਡ ਨੰਬਰ) ਦੇਣਾ ਲਾਜ਼ਮੀ ਹੈ। ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਇਹ ਘੋਸ਼ਣਾ ਅਵੈਧ ਮੰਨੀ ਜਾਵੇਗੀ ਅਤੇ ਭੁਗਤਾਨ ਕਰਨ ਵਾਲਾ ਅਦਾਰਾ ਇਨਕਮ ਟੈਕਸ ਐਕਟ, 2025 ਦੇ ਨਿਯਮਾਂ ਅਨੁਸਾਰ TDS ਕੱਟ ਲਵੇਗਾ।
ਜੇਕਰ ਤੁਸੀਂ TDS ਕਟਵਾਉਣ ਤੋਂ ਬਚਣਾ ਚਾਹੁੰਦੇ ਹੋ, ਤਾਂ ਇਹ ਫਾਰਮ ਆਪਣੇ ਬੈਂਕ ਜਾਂ ਸਬੰਧਿਤ ਅਦਾਰੇ ਨੂੰ ਸਮੇਂ ਸਿਰ ਜਮ੍ਹਾਂ ਕਰਵਾ ਦਿਓ।

