DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: ਖਾੜੀ ਦੀ ਜੰਗ ਨੇ ਮੱਠੀ ਪਾਈ ਫੈਕਟਰੀਆਂ ਦੀ ਰਫ਼ਤਾਰ; ਜਾਣੋ ਉਦਯੋਗਾਂ ’ਤੇ ਕੀ ਪੈ ਰਿਹਾ ਅਸਰ ?

Explainer: ਦੁਨੀਆ ਦੇ ਇੱਕ ਕੋਨੇ ਵਿੱਚ ਮਿਜ਼ਾਇਲਾਂ ਚੱਲ ਰਹੀਆਂ ਹਨ, ਬੰਬ ਡਿੱਗ ਰਹੇ ਹਨ। ਪਰ ਉਸ ਦਾ ਸੇਕ ਲੁਧਿਆਣਾ ਦੀਆਂ ਟੈਕਸਟਾਈਲ ਯੂਨਿਟਾਂ, ਅੰਬਾਲਾ ਦੀ ਸਾਇੰਸ ਮਾਰਕੀਟ ਅਤੇ ਜਲੰਧਰ ਦੇ ਉਦਯੋਗਾਂ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਜੰਗ ਕੇਵਲ ਸਰਹੱਦਾਂ 'ਤੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

Explainer: ਦੁਨੀਆ ਦੇ ਇੱਕ ਕੋਨੇ ਵਿੱਚ ਮਿਜ਼ਾਇਲਾਂ ਚੱਲ ਰਹੀਆਂ ਹਨ, ਬੰਬ ਡਿੱਗ ਰਹੇ ਹਨ। ਪਰ ਉਸ ਦਾ ਸੇਕ ਲੁਧਿਆਣਾ ਦੀਆਂ ਟੈਕਸਟਾਈਲ ਯੂਨਿਟਾਂ, ਅੰਬਾਲਾ ਦੀ ਸਾਇੰਸ ਮਾਰਕੀਟ ਅਤੇ ਜਲੰਧਰ ਦੇ ਉਦਯੋਗਾਂ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਜੰਗ ਕੇਵਲ ਸਰਹੱਦਾਂ 'ਤੇ ਨਹੀਂ ਲੜੀ ਜਾਂਦੀ, ਉਸ ਦੀ ਪਹਿਲੀ ਮਾਰ ਅਰਥਵਿਵਸਥਾ 'ਤੇ ਪੈਂਦੀ ਹੈ। ਮੱਧ-ਪੂਰਬ (ਇਜ਼ਰਾਈਲ-ਇਰਾਨ) ਵਿੱਚ ਛਿੜੇ ਸੰਘਰਸ਼ ਨੇ ਭਾਰਤੀ ਅਰਥਵਿਵਸਥਾ ਦੇ ਸਭ ਤੋਂ ਮਜ਼ਬੂਤ ਸਤੰਭ 'ਨਿਰਮਾਣ ਖੇਤਰ' (Manufacturing Sector) ਦੀ ਰਫ਼ਤਾਰ ਨੂੰ ਸੁਸਤ ਕਰ ਦਿੱਤਾ ਹੈ। ਮੰਗਲਵਾਰ (24 ਮਾਰਚ, 2026) ਨੂੰ ਜਾਰੀ ਅੰਕੜਿਆਂ ਮੁਤਾਬਕ, ਮਾਰਚ ਵਿੱਚ ਭਾਰਤ ਦੇ ਉਤਪਾਦਨ ਖੇਤਰ ਦੇ ਖਰੀਦ ਪ੍ਰਬੰਧਕਾਂ ਦਾ ਸੂਚਕ ਅੰਕ (ਪੀ ਐੱਮ ਆਈ) ਡਿੱਗ ਕੇ 53.8 'ਤੇ ਆ ਗਿਆ ਹੈ। ਪਿਛਲੇ ਸਾਢੇ ਚਾਰ ਸਾਲ (54 ਮਹੀਨੇ) ਦਾ ਇਹ ਸਭ ਤੋਂ ਹੇਠਲਾ ਪੱਧਰ ਹੈ।

ਇਸ ਗਿਰਾਵਟ ਦਾ ਸਿੱਧਾ ਮਤਲਬ ਇਹ ਹੈ ਕਿ ਸਾਡੀਆਂ ਫੈਕਟਰੀਆਂ ਵਿੱਚ ਮਾਲ ਬਣਨ ਦੀ ਰਫ਼ਤਾਰ ਹੌਲੀ ਹੋ ਗਈ ਹੈ, ਨਵੇਂ ਆਰਡਰ ਘੱਟ ਮਿਲ ਰਹੇ ਹਨ ਅਤੇ ਲਾਗਤ ਲਗਾਤਾਰ ਵੱਧ ਰਹੀ ਹੈ। ਆਖਰ ਸੱਤ ਸਮੁੰਦਰ ਪਾਰ ਚੱਲ ਰਹੀ ਜੰਗ ਨੇ ਸਾਡੇ ਘਰ ਦੇ ਬਜਟ ਅਤੇ ਉਦਯੋਗਾਂ ਦਾ ਗਣਿਤ ਕਿਵੇਂ ਵਿਗਾੜ ਦਿੱਤਾ। ਆਓ, ਇਸ ਨੂੰ ਵਿਸਥਾਰ ਨਾਲ ਸਮਝਦੇ ਹਾਂ।

Advertisement

ਕੀ ਹੈ ਪੀ ਐੱਮ ਆਈ ਦਾ ਗਣਿਤ ਅਤੇ ਕਿਉਂ ਵਧੀ ਚਿੰਤਾ? 

Advertisement

ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਪੀ ਐੱਮ ਆਈ ਹੁੰਦਾ ਕੀ ਹੈ। ਸੌਖੇ ਸ਼ਬਦਾਂ ਵਿੱਚ ਇਹ ਦੇਸ਼ ਦੀਆਂ ਫੈਕਟਰੀਆਂ ਦੀ 'ਸਿਹਤ' ਦੱਸਣ ਵਾਲਾ ਥਰਮਾਮੀਟਰ ਹੈ। ਜੇ ਇਹ 50 ਤੋਂ ਉੱਪਰ ਹੈ, ਤਾਂ ਮਤਲਬ ਸਭ ਠੀਕ ਹੈ, ਵਿਕਾਸ ਹੋ ਰਿਹਾ ਹੈ ਪਰ ਜੇ ਇਹ ਹੇਠਾਂ ਵੱਲ ਡਿੱਗ ਰਿਹਾ ਹੈ, ਤਾਂ ਮਤਲਬ ਅਰਥਵਿਵਸਥਾ ਸੁਸਤ ਪੈ ਰਹੀ ਹੈ। ਫਰਵਰੀ ਵਿੱਚ ਇਹ 56.9 'ਤੇ ਸੀ, ਜੋ ਮਾਰਚ ਵਿੱਚ ਅਚਾਨਕ 53.8 'ਤੇ ਆ ਗਿਆ।

ਇੰਨੀ ਵੱਡੀ ਗਿਰਾਵਟ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸਪਲਾਈ ਚੇਨ ਦਾ ਟੁੱਟਣਾ। ਭਾਰਤ ਦਾ ਜ਼ਿਆਦਾਤਰ ਵਪਾਰ ਲਾਲ ਸਾਗਰ ਦੇ ਰਸਤੇ ਹੁੰਦਾ ਹੈ। ਯੁੱਧ ਕਾਰਨ ਜਹਾਜ਼ਾਂ ਨੂੰ ਹੁਣ ਅਫਰੀਕਾ ਦੇ ਹੇਠਾਂ ਤੋਂ ਘੁੰਮ ਕੇ ਆਉਣਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ਼ ਮਾਲ ਪਹੁੰਚਣ ਵਿੱਚ 15 ਤੋਂ 20 ਦਿਨਾਂ ਦੀ ਦੇਰੀ ਹੋ ਰਹੀ ਹੈ, ਸਗੋਂ ਜਹਾਜ਼ਾਂ ਦਾ ਕਿਰਾਇਆ ਵੀ ਤਿੰਨ ਗੁਣਾ ਤੱਕ ਵੱਧ ਗਿਆ ਹੈ।

ਪਾਣੀਪਤ ਦੀ ਕੰਬਲ ਮਾਰਕੀਟ

ਹਰਿਆਣਾ ਦਾ ਪਾਣੀਪਤ ਜਿਸ ਨੂੰ ਬੁਣਕਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਇਸ ਸਮੇਂ ਦੋਹਰੀ ਮਾਰ ਝੱਲ ਰਿਹਾ ਹੈ। ਇੱਥੋਂ ਦੇ ਕੰਬਲ ਅਤੇ ਦਰੀਆਂ ਪੂਰੀ ਦੁਨੀਆ ਵਿੱਚ ਬਰਾਮਦ ਹੁੰਦੀਆਂ ਹਨ, ਜਿਸ ਵਿੱਚ ਖਾੜੀ ਦੇਸ਼ ਇੱਕ ਵੱਡਾ ਹਿੱਸਾ ਹਨ।

ਕੰਟੇਨਰਾਂ ਦਾ ਸੰਕਟ: ਯੁੱਧ ਦੇ ਕਾਰਨ ਪਾਣੀਪਤ ਦੇ ਕਾਰੋਬੀਆਂ ਦੇ ਕਰੋੜਾਂ ਰੁਪਏ ਦੇ ਕੰਟੇਨਰ ਬੰਦਰਗਾਹਾਂ 'ਤੇ ਅਟਕੇ ਹੋਏ ਹਨ। ਸ਼ਿਪਿੰਗ ਲਾਈਨਾਂ ਨੇ 1500-2000 ਡਾਲਰ ਦੇ ਬੇਸ ਰੇਟ ਨੂੰ ਵਧਾ ਕੇ 5000 ਡਾਲਰ ਪਾਰ ਕਰ ਦਿੱਤਾ ਹੈ, ਜਿਸ ਨਾਲ ਕਾਰੋਬਾਰੀਆਂ ਦਾ ਮੁਨਾਫਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ।

ਭੁਗਤਾਨ ਅਟਕਣਾ: ਇਰਾਨ ਅਤੇ ਇਰਾਕ ਵਰਗੇ ਦੇਸ਼ਾਂ ਨੂੰ ਮਾਲ ਭੇਜਣ ਵਾਲੇ ਕਾਰੋਬਾਰੀਆਂ ਦਾ ਭੁਗਤਾਨ ਵੀ ਅਟਕ ਗਿਆ ਹੈ। ਕੌਮਾਂਤਰੀ ਬੈਂਕਿੰਗ ਗੇਟਵੇਅ ਵਿੱਚ ਅਸਥਿਰਤਾ ਦੇ ਕਾਰਨ ਪੈਸਾ ਆਉਣ ਵਿੱਚ ਦੇਰੀ ਹੋ ਰਹੀ ਹੈ, ਜਿਸ ਨਾਲ ਛੋਟੀਆਂ ਇਕਾਈਆਂ ਕੋਲ ਅੱਗੇ ਲਈ ਕੱਚਾ ਮਾਲ ਖਰੀਦਣ ਤੱਕ ਦੇ ਪੈਸੇ ਨਹੀਂ ਬਚੇ ਹਨ।

ਰਾਈਸ ਮਿਲਰਾਂ ਦਾ ਨੁਕਸਾਨ

ਹਰਿਆਣਾ ਅਤੇ ਪੰਜਾਬ ਭਾਰਤ ਦੇ ਬਾਸਮਤੀ ਬੈਲਟ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਬਾਸਮਤੀ ਬਰਾਮਦ ਕਰਨ ਵਾਲਾ ਦੇਸ਼ ਹੈ ਅਤੇ ਸਾਡੇ 70% ਤੋਂ ਜ਼ਿਆਦਾ ਚੌਲ ਮੱਧ-ਪੂਰਬੀ ਦੇਸ਼ਾਂ (ਇਰਾਨ, ਸਾਊਦੀ ਅਰਬ, ਇਰਾਕ, ਯੂਏਈ) ਨੂੰ ਜਾਂਦੇ ਹਨ।

ਇਰਾਨ ਭਾਰਤੀ ਬਾਸਮਤੀ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਯੁੱਧ ਦੇ ਡਰ ਨਾਲ ਇਰਾਨ ਦੇ ਵਪਾਰੀਆਂ ਨੇ ਫਿਲਹਾਲ ਨਵੇਂ ਸੌਦੇ ਰੋਕ ਦਿੱਤੇ ਹਨ। ਕੁਰੂਕਸ਼ੇਤਰ ਅਤੇ ਕਰਨਾਲ ਦੀਆਂ ਮੰਡੀਆਂ ਵਿੱਚ ਰਾਈਸ ਮਿਲਰਾਂ ਕੋਲ ਸਟਾਕ ਜਮ੍ਹਾਂ ਹੈ ਪਰ ਖਰੀਦਦਾਰ ਗਾਇਬ ਹਨ।

ਗੁਣਵੱਤਾ ਦਾ ਜੋਖਮ: ਚੌਲਾਂ ਨੂੰ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਨਹੀਂ ਰੱਖਿਆ ਜਾ ਸਕਦਾ। ਲੰਬੇ ਰਸਤੇ ਕਰਕੇ ਚੌਲ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ, ਜਿਸ ਕਰਕੇ ਇਨ੍ਹਾਂ ਵਿੱਚ ਨਮੀ ਅਤੇ ਕੀੜਾ ਲੱਗਣ ਦਾ ਖਤਰਾ ਵੱਧ ਗਿਆ ਹੈ। ਜੇਕਰ ਇਹੀ ਸਥਿਤੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਵੀ ਝੋਨੇ ਦੇ ਵਾਜਬ ਭਾਅ ਮਿਲਣ ਵਿੱਚ ਮੁਸ਼ਕਲ ਹੋ ਸਕਦੀ ਹੈ।

ਅੰਬਾਲਾ ਦੀ ਸਾਇੰਸ ਮਾਰਕੀਟ: ਕੱਚ ਅਤੇ ਗੈਸ ਦਾ ਸੰਕਟ

ਅੰਬਾਲਾ ਕੈਂਟ ਦੀ ਵਿਗਿਆਨਕ ਉਪਕਰਣ ਮਾਰਕੀਟ ਵੀ ਇਸ ਆਲਮੀ ਸੰਕਟ ਦੀ ਲਪੇਟ ਤੋਂ ਬਚ ਨਹੀਂ ਪਾਈ ਹੈ। ਇੱਥੋਂ ਦੀਆਂ ਕਰੀਬ 2,000 ਇਕਾਈਆਂ ਹੁਣ ਹੋਂਦ ਦੇ ਸੰਕਟ ਨਾਲ ਜੂਝ ਰਹੀਆਂ ਹਨ।

ਗੈਸ ਦੀ ਕਿੱਲਤ ਅਤੇ ਭੱਠੀਆਂ: ਅੰਬਾਲਾ ਦਾ ਕੱਚ ਦੇ ਸਮਾਨ ਬਣਾਉਣ ਵਾਲਾ ਉਦਯੋਗ ਪੂਰੀ ਤਰ੍ਹਾਂ ਕਮਰਸ਼ੀਅਲ ਗੈਸ ਸਿਲੰਡਰਾਂ 'ਤੇ ਨਿਰਭਰ ਹੈ। ਯੁੱਧ ਦੇ ਕਾਰਨ ਕੁਦਰਤੀ ਗੈਸ ਦੀ ਆਲਮੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਗੈਸ ਦੀਆਂ ਕੀਮਤਾਂ 20% ਤੱਕ ਵੱਧ ਗਈਆਂ ਹਨ। ਇੱਥੋਂ ਦੇ ਉੱਦਮੀ ਹੁਣ ਆਪਣੀਆਂ ਭੱਠੀਆਂ ਪੂਰੀ ਸਮਰੱਥਾ ਨਾਲ ਨਹੀਂ ਚਲਾ ਪਾ ਰਹੇ ਹਨ।

ਲਾਗਤ ਵਿੱਚ ਭਾਰੀ ਵਾਧਾ:ਕੱਚ, ਪਿੱਤਲ ਅਤੇ ਸਟੀਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਪਿਛਲੇ 15 ਦਿਨਾਂ ਵਿੱਚ ਤੇਜ਼ੀ ਨਾਲ ਵਧੀਆਂ ਹਨ। ਲਾਗਤ ਵਧਣ ਦੇ ਕਾਰਨ ਅੰਬਾਲਾ ਦੇ ਨਿਰਮਾਤਾ ਪੁਰਾਣੇ ਰੇਟ 'ਤੇ ਸਪਲਾਈ ਦੇਣ ਵਿੱਚ ਅਸਮਰੱਥ ਹਨ, ਜਿਸ ਨਾਲ ਉਨ੍ਹਾਂ ਦੇ ਕੌਮਾਂਤਰੀ ਪੱਧਰ ਉੱਤੇ ਹੋਏ ਸਮਝੌਤੇ ਖਤਰੇ ਵਿੱਚ ਪੈ ਗਏ ਹਨ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ

ਇਸ ਸੰਕਟ ਦਾ ਦੂਜਾ ਗੰਭੀਰ ਪਹਿਲੂ ਕੱਚੇ ਤੇਲ ਦੀਆਂ ਕੀਮਤਾਂ ਹਨ। ਮੱਧ-ਪੂਰਬ ਤਣਾਅ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 95 ਡਾਲਰ ਪ੍ਰਤੀ ਬੈਰਲ ਦੇ ਪਾਰ ਜਾਣ ਨੂੰ ਤਿਆਰ ਹਨ। ਭਾਰਤ ਆਪਣੀ ਜ਼ਰੂਰਤ ਦਾ 80% ਤੇਲ ਦਰਾਮਦ ਕਰਦਾ ਹੈ। ਜਦੋਂ ਤੇਲ ਮਹਿੰਗਾ ਹੁੰਦਾ ਹੈ ਤਾਂ ਮਾਲ ਨੂੰ ਫੈਕਟਰੀ ਤੋਂ ਬੰਦਰਗਾਹ ਜਾਂ ਬਾਜ਼ਾਰ ਤੱਕ ਲਿਆਉਣ ਦਾ ਆਵਾਜਾਈ ਦਾ ਖਰਚਾ ਵੱਧ ਜਾਂਦਾ ਹੈ। ਇਹੀ ਕਾਰਨ ਹੈ ਕਿ ਉਤਪਾਦਕਾਂ ਦੀ ਲਾਗਤ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

ਪੰਜਾਬ: ਲੁਧਿਆਣਾ ਅਤੇ ਜਲੰਧਰ ਦੇ 'ਬਰਾਮਦ' 'ਤੇ ਬਰੇਕ 

ਪੰਜਾਬ ਭਾਰਤ ਦਾ ਪ੍ਰਮੁੱਖ ਉਦਯੋਗਿਕ ਸੂਬਾ ਹੈ, ਜਿੱਥੇ ਲੁਧਿਆਣਾ ਦਾ ਹੋਜ਼ਰੀ ਅਤੇ ਜਲੰਧਰ ਦਾ ਸਪੋਰਟਸ ਤੇ ਹੈਂਡ ਟੂਲਸ ਉਦਯੋਗ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਯੁੱਧ ਨੇ ਪੰਜਾਬ ਦੇ ਉੱਦਮੀਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।

ਲੁਧਿਆਣਾ (ਹੋਜ਼ਰੀ ਅਤੇ ਟੈਕਸਟਾਈਲ): ਲੁਧਿਆਣਾ ਤੋਂ ਭਾਰੀ ਮਾਤਰਾ ਵਿੱਚ ਊਨੀ ਅਤੇ ਸੂਤੀ ਕੱਪੜੇ ਖਾੜੀ ਦੇਸ਼ਾਂ ਅਤੇ ਯੂਰਪ ਨੂੰ ਜਾਂਦੇ ਹਨ। ਯੁੱਧ ਦੇ ਕਾਰਨ ਉੱਥੋਂ ਮਿਲਣ ਵਾਲੇ ਨਵੇਂ ਆਰਡਰਾਂ ਵਿੱਚ 30% ਦੀ ਕਮੀ ਆਈ ਹੈ। ਕਾਰੋਬਾਰੀਆਂ ਦੇ ਕਰੋੜਾਂ ਰੁਪਏ ਦੇ ਭੁਗਤਾਨ ਅਟਕੇ ਹੋਏ ਹਨ ਕਿਉਂਕਿ ਕੌਮਾਂਤਰੀ ਬੈਂਕਿੰਗ ਚੈਨਲ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ।

ਜਲੰਧਰ (ਹੈਂਡ ਟੂਲਸ ਅਤੇ ਸਪੋਰਟਸ): ਜਲੰਧਰ ਦੇ ਹੈਂਡ ਟੂਲ ਉਦਯੋਗ ਦਾ ਸਾਲਾਨਾ ਟਰਨਓਵਰ ਲਗਪਗ 3,000 ਕਰੋੜ ਰੁਪਏ ਹੈ। ਕੱਚੇ ਮਾਲ (ਸਟੀਲ ਅਤੇ ਲੋਹਾ) ਦੀਆਂ ਕੀਮਤਾਂ ਵਿੱਚ 20-25% ਦੇ ਵਾਧੇ ਨੇ ਨਫ਼ੇ ਦੇ ਹਿੱਸੇ ਨੂੰ ਖਤਮ ਕਰ ਦਿੱਤਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੋ ਮਾਲ 30 ਦਿਨਾਂ ਵਿੱਚ ਪਹੁੰਚਦਾ ਸੀ, ਉਸ ਨੂੰ ਹੁਣ 50 ਦਿਨ ਲੱਗ ਰਹੇ ਹਨ।

ਸਾਈਕਲ ਉਦਯੋਗ: ਲੁਧਿਆਣਾ ਦਾ ਸਾਈਕਲ ਉਦਯੋਗ ਵੀ ਕੱਚੇ ਮਾਲ ਦੀ ਕਮੀ ਅਤੇ ਰਬੜ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਿਹਾ ਹੈ। ਸਥਾਨਕ ਐਸੋਸੀਏਸ਼ਨ ਮੁਤਾਬਕ, ਜੇਕਰ ਯੁੱਧ ਅਪਰੈਲ ਤੱਕ ਖਿੱਚਿਆ ਗਿਆ ਤਾਂ ਕਈ ਯੂਨਿਟਾਂ ਨੂੰ ਅਸਥਾਈ ਤੌਰ ’ਤੇ ਕੰਮ ਬੰਦ ਕਰਨਾ ਪੈ ਸਕਦਾ ਹੈ।

ਹਿਮਾਚਲ: 'ਦੁਨੀਆ ਦੀ ਫਾਰਮਾ ਰਾਜਧਾਨੀ' 'ਤੇ ਲਾਗਤ ਦਾ ਬੋਝ

ਹਿਮਾਚਲ ਪ੍ਰਦੇਸ਼ ਦਾ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਉਦਯੋਗਿਕ ਖੇਤਰ ਭਾਰਤ ਦੀ ਦਵਾਈ ਸਪਲਾਈ ਦੀ ਰੀੜ੍ਹ ਦੀ ਹੱਡੀ ਹੈ। ਇੱਥੇ ਬਣੀਆਂ ਦਵਾਈਆਂ ਪੂਰੀ ਦੁਨੀਆ ਵਿੱਚ ਜਾਂਦੀਆਂ ਹਨ ਪਰ ਹੁਣ ਉਤਪਾਦਨ ਲਾਗਤ ਦਾ ਸੰਕਟ ਖੜ੍ਹਾ ਹੋ ਗਿਆ ਹੈ।

ਦਵਾਈਆਂ ਨੂੰ ਬਣਾਉਣ ਲਈ ਜ਼ਰੂਰੀ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਦਰਾਮਦ ਹੁੰਦਾ ਹੈ। ਸਪਲਾਈ ਚੇਨ ਟੁੱਟਣ ਨਾਲ ਪੈਰਾਸੀਟਾਮੋਲ ਤੋਂ ਲੈ ਕੇ ਐਂਟੀਬਾਇਓਟਿਕਸ ਤੱਕ ਦਾ ਕੱਚਾ ਮਾਲ 40% ਤੱਕ ਮਹਿੰਗਾ ਹੋ ਗਿਆ ਹੈ।

ਸਮਾਨ ਦੀ ਪੈਕਿੰਗ ਅਤੇ ਆਵਾਜਾਈ ਪ੍ਰਬੰਧ: ਦਵਾਈਆਂ ਨੂੰ ਪੈਕ ਕਰਨ ਵਿੱਚ ਵਰਤੇ ਜਾਣ ਵਾਲੇ ਪਲਾਸਟਿਕ ਅਤੇ ਫੋਇਲ ਦੀਆਂ ਕੀਮਤਾਂ ਵੱਧ ਗਈਆਂ ਹਨ। ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਸਰਕਾਰ ਦੀ ਕੀਮਤਾਂ ‘ਤੇ ਨਿਯੰਤਰਣ ਕਰਨ ਦੀ ਨੀਤੀ ਕਾਰਨ ਦਵਾਈ ਕੰਪਨੀਆਂ ਆਪਣੀ ਮਰਜ਼ੀ ਨਾਲ ਕੀਮਤਾਂ ਵਧਾ ਨਹੀਂ ਸਕਦੀਆਂ, ਜਿਸ ਕਰਕੇ ਉਨ੍ਹਾਂ ਦਾ ਘਾਟਾ ਲਗਾਤਾਰ ਵੱਧ ਰਿਹਾ ਹੈ।

ਬਰਾਮਦ ਵਿੱਚ ਦੇਰੀ: ਬੱਦੀ ਦੀਆਂ ਕਰੀਬ 1,000 ਛੋਟੀਆਂ-ਵੱਡੀਆਂ ਫਾਰਮਾ ਕੰਪਨੀਆਂ ਦੇ ਕੰਟੇਨਰ ਬੰਦਰਗਾਹਾਂ 'ਤੇ ਅਟਕੇ ਹੋਏ ਹਨ, ਜਿਸ ਕਾਰਨ ਜਾਨ ਬਚਾਉਣ ਵਾਲੀਆਂ ਦਵਾਈਆਂ ਦੀ ਦੁਨੀਆ ਭਰ ਵਿੱਚ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਚੰਡੀਗੜ੍ਹ: ਸਮਾਨ ਦੀ ਆਵਾਜਾਈ ਤੇ ਪ੍ਰਬੰਧ ਅਤੇ ਸਰਵਿਸ ਸੈਕਟਰ 'ਤੇ ਅਸਰ

ਚੰਡੀਗੜ੍ਹ ਕੋਈ ਉਦਯੋਗਿਕ ਹੱਬ ਨਹੀਂ ਹੈ ਪਰ ਇਹ ਉੱਤਰ ਭਾਰਤ ਦਾ ਸਭ ਤੋਂ ਵੱਡਾ ਸਰਵਿਸ ਅਤੇ ਸਮਾਨ ਦੀ ਆਵਾਜਾਈ ਤੇ ਪ੍ਰਬੰਧ ਦਾ ਕੇਂਦਰ ਹੈ। ਇੱਥੋਂ ਪੂਰੇ ਖੇਤਰ ਦੇ ਵਪਾਰ ਦਾ ਸੰਚਾਲਨ ਅਤੇ ਵਿੱਤੀ ਪੋਸ਼ਣ (Financing) ਹੁੰਦਾ ਹੈ।

ਆਈ ਟੀ ਅਤੇ ਬੈਂਕਿੰਗ: ਚੰਡੀਗੜ੍ਹ ਅਤੇ ਮੋਹਾਲੀ ਦੇ ਆਈ ਟੀ ਹੱਬ 'ਤੇ ਇਸ ਯੁੱਧ ਦਾ ਮਨੋਵਿਗਿਆਨਕ ਅਸਰ ਪਿਆ ਹੈ। ਵਿਦੇਸ਼ੀ ਗ੍ਰਾਹਕਾਂ ਨੇ ਪ੍ਰੋਜੈਕਟਾਂ ਦੇ ਵਿਸਤਾਰ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।

ਲੌਜਿਸਟਿਕਸ ਅਤੇ ਟ੍ਰਾਂਸਪੋਰਟ: ਚੰਡੀਗੜ੍ਹ ਸਥਿਤ ਵੱਡੀਆਂ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਕੰਪਨੀਆਂ ਦੇ ਲਈ ਤੇਲ ਦੀਆਂ ਵਧਦੀਆਂ ਕੀਮਤਾਂ ਸਿਰਦਰਦ ਬਣ ਗਈਆਂ ਹਨ। ਸ਼ਹਿਰ ਵਿੱਚ ਮਾਲ ਢੋਆ-ਢੁਆਈ ਦੇ ਰੇਟਾਂ ਵਿੱਚ 10-12% ਦਾ ਵਾਧਾ ਦੇਖਿਆ ਗਿਆ ਹੈ, ਜਿਸ ਦਾ ਅਸਰ ਫਲ, ਸਬਜ਼ੀ ਅਤੇ ਰਾਸ਼ਨ ਦੀਆਂ ਕੀਮਤਾਂ 'ਤੇ ਪੈਣਾ ਤੈਅ ਹੈ।

ਆਲਮੀ ਸ਼ਾਂਤੀ ਹੀ ਹੁਣ ਉੱਤਰ ਭਾਰਤ ਦੇ ਇਨ੍ਹਾਂ ਉਦਯੋਗਾਂ ਦੀ ਜਾਨ ਬਚਾ ਸਕਦੀ ਹੈ। ਜੇਕਰ ਯੁੱਧ ਲੰਬਾ ਖਿੱਚਿਆ ਗਿਆ ਤਾਂ ਇਸ ਦਾ ਅਸਰ ਸਿੱਧਾ ਲੋਕਾਂ ਦੀ ਜੇਬ 'ਤੇ ਮਹਿੰਗਾਈ ਦੇ ਰੂਪ ਵਿੱਚ ਪਵੇਗਾ।

Advertisement
×